ਮੇਘਾਲਿਆ ਸੂਬੇ ਦੇ ਸਿਲਾਂਗ ਦੇ ਇਤਿਹਾਸਿਕ ਗੁਰੂਘਰ ਨੂੰ ਢਾਹੁਣ ਦੀ ਕੀਤੀ ਜਾ ਰਹੀ ਸਰਕਾਰੀ ਤਿਆਰੀ ਸਿੱਖ ਕੌਮ ਕਤਈ ਬਰਦਾਸਤ ਨਹੀਂ ਕਰੇਗੀ : ਮਾਨ
ਫ਼ਤਹਿਗੜ੍ਹ ਸਾਹਿਬ, 26 ਸਤੰਬਰ ( ) “ਇਹ ਬਹੁਤ ਦੁੱਖ ਅਤੇ ਅਫ਼ਸੋਸ ਵਾਲੇ ਹਕੂਮਤੀ ਅਮਲ ਹੋ ਰਹੇ ਹਨ ਕਿ ਜੋ ਸਿੱਖ ਕੌਮ ਦੇ ਪੁਰਾਤਨ ਇਤਿਹਾਸ, ਵਿਰਸੇ-ਵਿਰਾਸਤ ਨਾਲ ਸੰਬੰਧਤ ਗੁਰੂਘਰ ਜਾਂ ਯਾਦਗਰਾਂ ਹਨ, ਉਨ੍ਹਾਂ ਨੂੰ ਹੁਕਮਰਾਨ ਕਿਸੇ ਨਾ ਕਿਸੇ ਘਿਸੇ ਪਿੱਟੇ ਬਹਾਨੇ ਦੀ ਆੜ ਲੈਕੇ ਢਾਹੁਣ ਦੀਆਂ ਯੋਜਨਾਵਾਂ ਬਣਾਕੇ ਸਮੁੱਚੇ ਸੰਸਾਰ ਵਿਚ ਵੱਸਣ ਵਾਲੀ ਸਿੱਖ ਕੌਮ ਦੇ ਮਨਾਂ ਤੇ ਆਤਮਾਵਾ ਨੂੰ ਵਲੂੰਧਰਨ ਦੀਆਂ ਅਸਹਿ ਕਾਰਵਾਈਆ ਕਰ ਰਹੇ ਹਨ । ਜਿਸ ਨੂੰ ਸਿੱਖ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਦਾਚਿੱਤ ਬਰਦਾਸਤ ਨਹੀ ਕਰੇਗੀ । ਕਿਉਂਕਿ ਸਾਡੇ ਇਤਿਹਾਸ ਨਾਲ ਸੰਬੰਧਤ ਅਜਿਹੀਆ ਯਾਦਗਰਾਂ ਦੇ ਪਿੱਛੇ ਖ਼ਾਲਸਾ ਪੰਥ ਦਾ ਬਹੁਤ ਵੱਡਾ ਮਹਾਨ ਕੁਰਬਾਨੀ ਭਰਿਆ ਸੱਚ ਹੱਕ ਤੇ ਪਹਿਰਾ ਦੇਣ ਵਾਲਾ ਅਤੇ ਹਰ ਤਰ੍ਹਾਂ ਦੇ ਜ਼ਬਰ ਜੁਲਮ ਵਿਰੁੱਧ ਦ੍ਰਿੜਤਾ ਨਾਲ ਲੜਦੇ ਹੋਏ ਫ਼ਤਹਿ ਪ੍ਰਾਪਤ ਕਰਨ ਵਾਲਾ ਫਖਰ ਵਾਲਾ ਇਤਿਹਾਸ ਜੁੜਿਆ ਹੋਇਆ ਹੈ । ਜਿਸ ਨੂੰ ਹੁਕਮਰਾਨ ਹੌਲੀ-ਹੌਲੀ ਖਤਮ ਕਰਨ ਅਤੇ ਸਾਡੇ ਮਹਾਨ ਵਿਰਸੇ-ਵਿਰਾਸਤ ਨੂੰ ਨੁਕਸਾਨ ਪਹੁੰਚਾਉਣ ਦੇ ਅਮਲ ਕਰ ਰਹੇ ਹ ਨ। ਜੋ ਕਿ ਇਖਲਾਕੀ, ਸਮਾਜਿਕ, ਕਾਨੂੰਨੀ ਅਤੇ ਧਾਰਮਿਕ ਤੌਰ ਤੇ ਵੀ ਅਤਿ ਨਿੰਦਣਯੋਗ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੇਘਾਲਿਆ ਦੀ ਸਰਕਾਰ ਵੱਲੋ ਸਿਲਾਂਗ ਵਿਚ ਜਿਥੇ ਕਾਫੀ ਸਿੱਖ ਵਸੋਂ ਹੈ ਅਤੇ ਜਿਥੇ ਸਿੱਖ ਕੌਮ ਦਾ ਗੁਰੂ ਨਾਨਕ ਦਰਬਾਰ ਦੇ ਨਾਮ ਤੇ ਇਤਿਹਾਸਿਕ ਗੁਰਦੁਆਰਾ ਪੁਰਾਤਨ ਸਮੇ ਤੋ ਕਾਇਮ ਹੈ, ਨੂੰ ਇਕ ਵਿਕਾਸ ਦੀ ਯੋਜਨਾ ਅਧੀਨ ਢਾਹੁਣ ਦੀ ਜੋ ਹਕੂਮਤੀ ਸਾਜਿਸ ਕੀਤੀ ਜਾ ਰਹੀ ਹੈ, ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਇਸ ਸਿੱਖ ਵਿਰੋਧੀ ਅਮਲ ਨੂੰ ਕਿਸੇ ਵੀ ਕੀਮਤ ਤੇ ਬਰਦਾਸਤ ਨਾ ਕਰਨ, ਨਿਕਲਣ ਵਾਲੇ ਭਿਆਨਕ ਨਤੀਜਿਆ ਤੋ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਖ਼ਾਲਸਾ ਪੰਥ ਦੀ ਸਿੱਖ ਪਾਰਲੀਮੈਟ ਹੈ, ਉਸ ਵੱਲੋ ਮੇਘਾਲਿਆ ਦੀ ਹਕੂਮਤ ਨੂੰ ਇਸ ਵਿਸੇ ਉਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਵੱਡਾ ਰੋਸ ਜਾਹਰ ਕਰਦੇ ਹੋਏ ਯਾਦ ਪੱਤਰ ਦਿੱਤਾ ਗਿਆ ਹੈ ਅਤੇ ਸਿੱਖ ਕੌਮ ਦੀਆਂ ਭਾਵਨਾਵਾ ਤੋ ਹੁਕਮਰਾਨਾਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ । ਜੇਕਰ ਇਸਦੇ ਬਾਵਜੂਦ ਵੀ ਮੰਦਭਾਵਨਾ ਜਾਂ ਮੁਤੱਸਵੀ ਸੋਚ ਅਧੀਨ ਹੁਕਮਰਾਨਾਂ ਨੇ ਸਾਡੇ ਇਸ ਇਤਿਹਾਸਿਕ ਗੁਰੂਘਰ ਨੂੰ ਕਿਸੇ ਤਰ੍ਹਾਂ ਜ਼ਬਰੀ ਢਾਹੁਣ ਜਾਂ ਨੁਕਸਾਨ ਪਹੁੰਚਾਉਣ ਲਈ ਕੋਈ ਅਮਲ ਕਰਨ ਦੀ ਕੋਸਿਸ ਕੀਤੀ ਤਾਂ ਸਿੱਖ ਕੌਮ ਚੁੱਪ ਕਰਕੇ ਨਹੀ ਬੈਠੇਗੀ ਅਤੇ ਕਿਸੇ ਵੀ ਹੁਕਮਰਾਨ ਨੂੰ ਅਜਿਹਾ ਕਰਨ ਦੀ ਬਿਲਕੁਲ ਇਜਾਜਤ ਨਹੀ ਦੇਵੇਗੀ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਮੇਘਾਲਿਆ ਸਰਕਾਰ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਮੁੱਖ ਰੱਖਦੇ ਹੋਏ ਅਤੇ ਸਾਡੇ ਇਤਿਹਾਸਿਕ ਗੁਰੂਘਰ ਦੀ ਮਹਾਨ ਯਾਦਗਰ ਦੇ ਵੱਡੇ ਮਹੱਤਵ ਨੂੰ ਮੁੱਖ ਰੱਖਦੇ ਹੋਏ ਇਸ ਗੁਰੂਘਰ ਨੂੰ ਢਾਹੁਣ ਜਾਂ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਦੀ ਗੁਸਤਾਖੀ ਨਹੀ ਕਰੇਗੀ ਅਤੇ ਸਮੁੱਚੇ ਮੁਲਕ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਤੋ ਗੁਰੇਜ ਕਰੇਗੀ ।