ਜਥੇ: ਟੋਹੜਾ ਬਹੁਤ ਚਤੁਰ ਅਤੇ ਤੇਜ਼ ਦਿਮਾਗ ਸਨ, ਜੇ ਆਪਣੀ ਚਤੁਰਤਾ ਨੂੰ ਸਿੱਧੇ ਰਾਹ ਲਗਾਉਦੇ ਤਾਂ ਕੌਮ ਪੱਤਣ ਤੇ ਲਗਾ ਸਕਦੇ ਸੀ : ਮਾਨ
ਫ਼ਤਹਿਗੜ੍ਹ ਸਾਹਿਬ, 25 ਸਤੰਬਰ ( ) “ਅੱਜ ਬਾਦਲ ਦਲੀਏ ਅਤੇ ਬਾਗੀ ਆਗੂ ਦੋਵੇ ਗਰੁੱਪ ਜਥੇਦਾਰ ਟੋਹੜਾ ਦੀਆਂ ਜਨਮ ਸਤਾਬਦੀਆਂ ਮਨਾਕੇ ਪੰਜਾਬੀਆਂ ਅਤੇ ਸਿੱਖ ਕੌਮ ਵਿਚ ਮਨਫੀ ਹੋਏ ਇਹ ਆਗੂ ਆਪਣੇ ਆਪ ਨੂੰ ਜਿਊਦਾ ਰੱਖਣ ਦਾ ਢਕੌਜ ਕਰ ਰਹੇ ਹਨ । ਜਦੋਕਿ ਸਮੁੱਚੀ ਸਿੱਖ ਕੌਮ ਅਤੇ ਸਿਆਸਤਦਾਨਾਂ ਨੂੰ ਇਸ ਗੱਲ ਦੀ ਪੂਰਨ ਜਾਣਕਾਰੀ ਹੈ ਕਿ ਉਨ੍ਹਾਂ ਨੇ ਕਦੀ ਵੀ ਆਪਣੀ ਚਤੁਰਤਾ ਅਤੇ ਤੇਜਤਰਾਰ ਦੇ ਗੁਣਾਂ ਨੂੰ ਕੌਮ ਦੇ ਪੱਖ ਵਿਚ ਨਹੀ ਵਰਤਿਆ । ਬਲਕਿ ਇਹ ਚੁਸਤ ਚਲਾਕੀਆ ਕਰਕੇ ਐਸ.ਜੀ.ਪੀ.ਸੀ ਦੀ ਧਾਰਮਿਕ ਸੰਸਥਾਂ ਉਤੇ ਨਿਰੰਤਰ ਆਪਣੇ ਕਬਜੇ ਨੂੰ ਕਾਇਮ ਰੱਖਣ ਅਤੇ ਪੰਜਾਬ ਦਾ ਮੁੱਖ ਮੰਤਰੀ ਬਣਨ ਲਈ ਵਰਤਦੇ ਰਹੇ । ਜਿਸ ਵਿਚ ਉਹ ਕਾਮਯਾਬ ਨਹੀ ਹੋ ਸਕੇ । ਇਥੋ ਤੱਕ ਕਿ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਉਣ ਵਿਚ ਵੀ ਸ. ਬਾਦਲ ਤੇ ਦੂਸਰੇ ਆਗੂਆਂ ਦੀ ਤਰ੍ਹਾਂ ਉਨ੍ਹਾਂ ਦੀ ਵੀ ਭੂਮਿਕਾ ਰਹੀ ਹੈ । ਜੋ ਗੁਰੂਘਰਾਂ ਵਿਚ ਅੱਜ ਤੱਕ ਨਾਸਤਿਕ ਕਾਮਰੇਡੀ ਸੋਚ ਵਾਲਿਆ ਦਾ ਬੋਲਬਾਲਾ ਹੈ, ਇਹ ਉਨ੍ਹਾਂ ਦੀ ਹੀ ਕੌਮ ਨੂੰ ਨਾਂਹਵਾਚਕ ਦੇਣ ਸੀ । ਉਨ੍ਹਾਂ ਨੇ ਕਦੀ ਵੀ ਆਪਣੇ ਤੇਜਤਰਾਰ ਚਲਾਕ ਦਿਮਾਗ ਨੂੰ ਖਾਲਸਾ ਪੰਥ ਦੀ ਬਿਹਤਰੀ ਕਰਨ ਜਾਂ ਕੌਮ ਦੀ ਬੇੜੀ ਨੂੰ ਕਿਨਾਰੇ ਤੇ ਲਗਾਉਣ ਲਈ ਨਹੀ ਸੀ ਵਰਤਿਆ । ਜੇਕਰ ਉਹ ਆਪਣੇ ਦਿਮਾਗ ਦੀ ਇਮਾਨਦਾਰੀ ਨਾਲ ਸਹੀ ਦਿਸ਼ਾ ਵੱਲ ਵਰਤੋ ਕਰਦੇ ਤਾਂ ਕੌਮ ਅੱਜ ਪੱਤਣ ਤੇ ਲੱਗੀ ਹੋਣੀ ਸੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਦਲ ਦਲੀਆ ਅਤੇ ਉਨ੍ਹਾਂ ਤੋ ਬਾਗੀ ਹੋਏ ਪੰਜਾਬੀਆਂ ਤੇ ਸਿੱਖ ਕੌਮ ਵਿਚ ਆਪਣੇ ਕਾਰਨਾਮਿਆ ਦੀ ਬਦੌਲਤ ਮਨਫੀ ਹੋ ਚੁੱਕੇ ਦੋਵਾਂ ਗਰੁੱਪਾਂ ਦੇ ਆਗੂਆਂ ਵੱਲੋ ਜਥੇਦਾਰ ਟੋਹੜਾ ਨੂੰ ਖ਼ਾਲਸਾ ਪੰਥ ਦਾ ਨਾਇਕ ਸਾਬਤ ਕਰਨ ਅਤੇ ਆਪਣੀ ਖਤਮ ਹੋ ਚੁੱਕੀ ਸਾਖ ਨੂੰ ਬਹਾਲ ਕਰਨ ਲਈ ਕੀਤੇ ਜਾ ਰਹੇ ਨਿਰਾਰਥਕ ਅਮਲਾਂ ਉਤੇ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਹਾਨਤਾ ਦੇ ਝੂਠੇ ਸੋਹਲੇ ਗਾਉਣ ਵਾਲਿਆ ਨੂੰ ਵੀ ਪਤਾ ਹੈ ਕਿ ਉਨ੍ਹਾਂ ਨੇ ਖਾਲਸਾ ਪੰਥ ਨੂੰ ਸਹੀ ਦਿਸ਼ਾ ਵੱਲ ਅਗਵਾਈ ਕਰਨ ਲਈ ਸੁਹਿਰਦ ਅਮਲ ਨਹੀ ਕੀਤੇ । ਬਲਕਿ ਸਿਆਸੀ ਅਹੁਦਿਆ ਦੀ ਭੁੱਖ ਨੂੰ ਲੈਕੇ ਹੀ ਉਹ ਆਖਰੀ ਸਾਹਾਂ ਤੱਕ ਇਸ ਸੋਚ ਦੇ ਗੁਲਾਮ ਰਹੇ । ਪਰ ਫਿਰ ਵੀ ਜਿਵੇ ਘੁਮਿਆਰੀ ਆਪਣੇ ਘੜੇ ਨੂੰ ਹੀ ਸਲਹਾਉਦੀ ਹੈ, ਇਹ ਲੋਕ ਸੱਚ ਨੂੰ ਪ੍ਰਵਾਨ ਕਰਨ ਦੀ ਬਜਾਇ ਉਨ੍ਹਾਂ ਨੂੰ ਵੱਡਾ ਨਾਇਕ ਸਾਬਤ ਕਰਨ ਦੀ ਗੱਲ ਕਰਕੇ ਆਪੋ ਆਪਣੇ ਸਿਆਸੀ ਸਫਰ ਨੂੰ ਚੱਲਦਾ ਰੱਖਣ ਲਈ ਤਰਲੋ ਮੱਛੀ ਹੋ ਰਹੇ ਹਨ । ਜਦੋਕਿ ਸਵੈ ਸਿਆਸੀ ਗਿਣਤੀਆ ਮਿਣਤੀਆ ਦੀ ਸਤਰੰਜੀ ਖੇਡ ਖੇਡਣ ਤੋ ਇਲਾਵਾ ਅਤੇ ਸੈਟਰ ਦੇ ਹੁਕਮਰਾਨਾਂ ਨਾਲ ਸਾਂਠ ਗਾਂਠ ਰੱਖਣ ਤੋ ਇਲਾਵਾ ਉਨ੍ਹਾਂ ਨੇ ਕੌਮ ਨੂੰ ਕੁਝ ਨਹੀ ਦਿੱਤਾ ਅਤੇ ਨਾ ਹੀ ਕੌਮ ਦਾ ਸਵਾਰਣ ਵਿਚ ਕੋਈ ਯੋਗਦਾਨ ਪਾਇਆ । ਜਿਸ ਨੇ ਸਿੱਖ ਕੌਮ ਦੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ ਵਿਚ ਉਤਪੰਨ ਹੋ ਚੁੱਕੀਆ ਸਿਧਾਤਿਕ ਅਤੇ ਧਾਰਮਿਕ ਖਾਮੀਆ ਨੂੰ ਦੂਰ ਕਰਨ ਦੀ ਜਿੰਮੇਵਾਰੀ ਨਾ ਨਿਭਾਈ ਹੋਵੇ ਅਤੇ ਬਲਿਊ ਸਟਾਰ ਵਰਗੇ ਫ਼ੌਜੀ ਹਮਲਿਆ ਨੂੰ ਹਰੀ ਝੰਡੀ ਦਿੱਤੀ ਹੋਵੇ ਅਤੇ ਇਹ ਕਹਿਣਾ ਵਾਲੇ ਕਿ ਜੇਕਰ ਫ਼ੌਜ ਨੇ ਹਮਲਾ ਕੀਤਾ ਤਾਂ ਸਾਡੀਆ ਲਾਸਾਂ ਤੋ ਗੁਜਰਕੇ ਫੌਜ ਨੂੰ ਆਉਣਾ ਪਵੇਗਾ ਅਤੇ ਇਨ੍ਹਾਂ ਸਾਰੇ ਹੀ ਹੱਥ ਖੜ੍ਹੇ ਕਰਕੇ ਬਾਹਰ ਆਉਣ ਵਾਲੇ ਅਜਿਹੇ ਆਗੂ ਨੂੰ ਖ਼ਾਲਸਾ ਪੰਥ ਦਾ ਰਹਿਨੁਮਾ ਅਤੇ ਨਾਇਕ ਕਿਵੇ ਕਿਹਾ ਜਾ ਸਕਦਾ ਹੈ ?