ਸਾਡੀ ਪਾਰਟੀ ਸਭ ਤਰ੍ਹਾਂ ਦੀਆਂ ਧਾਰਮਿਕ ਉੱਚ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਦੀ ਪੂਰਨ ਹਾਮੀ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 10 ਸਤੰਬਰ ( ) “ਇੰਡੀਆ ਦੇ ਹਿੰਦੂਤਵ ਸੋਚ ਵਾਲੇ ਹੁਕਮਰਾਨ 1947 ਤੋ ਹੀ ਸਿੱਖ ਕੌਮ ਨਾਲ ਸੰਬੰਧਤ ਮਹਾਨ ਪ੍ਰੰਪਰਾਵਾਂ, ਮਰਿਯਾਦਾਵਾਂ, ਨਿਯਮਾਂ ਅਤੇ ਇਤਿਹਾਸਿਕ ਯਾਦਗਰਾਂ ਨੂੰ ਇਕ-ਇਕ ਕਰਕੇ ਖਤਮ ਕਰਨ ਦੇ ਅਤਿ ਦੁੱਖਦਾਇਕ ਕਾਰਵਾਈਆ ਕਰਦੇ ਆ ਰਹੇ ਹਨ । ਇਥੋ ਤੱਕ 1984 ਵਿਚ ਬਲਿਊ ਸਟਾਰ ਦੇ ਕੀਤੇ ਗਏ ਫ਼ੌਜੀ ਹਮਲੇ ਰਾਹੀ ਹੁਕਮਰਾਨਾਂ ਨੇ ਸਾਡੇ ਸਰਬਉੱਚ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ ਨੂੰ ਢਹਿ-ਢੇਰੀ ਕਰਕੇ ਸਾਡੇ ਮਹਾਨ ਮਨੁੱਖਤਾ ਪੱਖੀ ਅਤੇ ਇਨਸਾਨੀਅਤ ਪੱਖੀ ਇਤਿਹਾਸ ਨੂੰ ਖਤਮ ਕਰਨ ਦੀ ਸਾਜਿਸ ਰਚੀ ਸੀ । ਇਹ ਹੋਰ ਵੀ ਦੁੱਖ ਤੇ ਅਫਸੋਸ ਵਾਲੀ ਕਾਰਵਾਈ ਹੈ ਕਿ ਅਜਿਹੇ ਗੈਰ ਧਾਰਮਿਕ ਅਤੇ ਗੈਰ ਸਮਾਜਿਕ ਕਾਰਵਾਈਆ ਕਰਦੇ ਹੋਏ ਕਾਂਗਰਸ, ਬੀਜੇਪੀ-ਆਰ.ਐਸ.ਐਸ ਆਦਿ ਸਭ ਹਿੰਦੂ ਸੰਗਠਨ ਘਿਓ-ਖਿਚੜੀ ਸਨ । 1992 ਵਿਚ ਇਸੇ ਮੰਦਭਾਵਨਾ ਭਰੀ ਸੋਚ ਅਧੀਨ ਬੀਜੇਪੀ-ਆਰ.ਐਸ.ਐਸ. ਆਗੂ ਐਲ.ਕੇ. ਅਡਵਾਨੀ ਦੀ ਅਗਵਾਈ ਹੇਠ ਮੁਸਲਿਮ ਕੌਮ ਦੇ ਵੱਡੇ ਧਾਰਮਿਕ ਸਥਾਂਨ ਬਾਬਰੀ ਮਸਜਿਦ ਨੂੰ ਦਿਨ-ਦਿਹਾੜੇ ਗੈਤੀਆਂ, ਹਥੌੜਿਆਂ ਨਾਲ ਜ਼ਬਰੀ ਗਿਰਾਇਆ ਗਿਆ । ਜਦੋਂ ਜਾਮੀਆ ਮੁਸਲਿਮ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਵੱਲੋ ਆਪਣੀਆ ਮੰਗਾਂ ਦੇ ਹੱਕ ਵਿਚ ਸੰਘਰਸ ਕੀਤਾ ਜਾ ਰਿਹਾ ਸੀ ਤਾਂ ਬੀਜੇਪੀ ਦੇ ਕੈਬਨਿਟ ਵਜੀਰ ਅਨੁਰਾਗ ਠਾਕੁਰ ਨੇ ਇਸੇ ਮੰਦਭਾਵਨਾ ਭਰੀ ਸੋਚ ਅਧੀਨ ਖੁੱਲ੍ਹੇਆਮ ਇਹ ਨਾਅਰਾ ਦਿੱਤਾ ਸੀ ਕਿ ‘ਦੇਸ਼ ਕੇ ਗਦਾਰੋ ਕੋ, ਗੋਲੀ ਮਾਰੋ ਸਾਲੋ ਕੋ’। ਜਿਸ ਤੋਂ ਇਨ੍ਹਾਂ ਹਿੰਦੂਤਵੀਆਂ ਦੀ ਘੱਟ ਗਿਣਤੀ ਕੌਮਾਂ ਦੇ ਧਾਰਮਿਕ ਸਥਾਨਾਂ, ਯਾਦਗਰਾਂ ਨੂੰ ਖਤਮ ਕਰਨ ਦੀ ਸਾਜਿਸ ਪ੍ਰਤੱਖ ਹੋ ਰਹੀ ਹੈ ।
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਹੁਕਮਰਾਨਾਂ ਦੀ ਘੱਟ ਗਿਣਤੀ ਕੌਮਾਂ ਦੇ ਧਾਰਮਿਕ ਸਥਾਨਾਂ ਅਤੇ ਉਨ੍ਹਾਂ ਦੀਆਂ ਇਤਿਹਾਸਿਕ ਯਾਦਗਰਾਂ ਨੂੰ ਨਸਟ ਕਰਨ ਦੀ ਮੰਦਭਾਵਨਾ ਭਰੀ ਸੋਚ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਘੱਟ ਗਿਣਤੀ ਕੌਮਾਂ ਨੂੰ ਇਸ ਵਿਸੇ ਤੇ ਸੰਜ਼ੀਦਾ ਹੋਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਭਾਵੇ ਕਾਂਗਰਸ ਹੋਵੇ, ਬੀਜੇਪੀ-ਆਰ.ਐਸ.ਐਸ ਜਾਂ ਹੋਰ ਹਿੰਦੂਤਵ ਜਮਾਤਾਂ, ਇਨ੍ਹਾਂ ਤੋ ਇਹ ਉਮੀਦ ਕਦਾਚਿਤ ਨਹੀ ਕੀਤੀ ਜਾ ਸਕਦੀ ਕਿ ਇਹ ਹੁਕਮਰਾਨ ਸਿੱਖ, ਮੁਸਲਿਮ, ਇਸਾਈ, ਰੰਘਰੇਟਿਆ ਦੇ ਧਾਰਮਿਕ ਸਥਾਨਾਂ ਤੇ ਯਾਦਗਰਾਂ ਨੂੰ ਸੁਰੱਖਿਅਤ ਰੱਖਣ ਦੀ ਜਿੰਮੇਵਾਰੀ ਨਿਭਾਉਣਗੇ । ਕਿਉਂਕਿ ਜੇਕਰ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਬਲਿਊ ਸਟਾਰ ਦੇ ਫ਼ੌਜੀ ਹਮਲੇ ਸਮੇ ਕਾਂਗਰਸ, ਬੀਜੇਪੀ-ਆਰ.ਐਸ.ਐਸ ਤੇ ਸਭ ਹਿੰਦੂ ਸੰਗਠਨ ਇਕ ਸਨ, ਤਾਂ ਬਾਬਰੀ ਮਸਜਿਦ ਨੂੰ ਢਾਹੁਣ ਵੇਲੇ ਵੀ ਇਹ ਇਕ ਸਨ ।ਉਸ ਸਮੇ ਕਾਂਗਰਸ ਦੇ ਵਜੀਰ ਏ ਆਜਮ ਨਰਸਿਮਾ ਰਾਓ ਨੇ ਬਾਬਰੀ ਮਸਜਿਦ ਨੂੰ ਗਿਰਾਉਣ ਦੇ ਅਮਲ ਨੂੰ ਰੋਕਣ ਲਈ ਕੋਈ ਵੀ ਸੰਵਿਧਾਨਿਕ ਜਿੰਮੇਵਾਰੀ ਪੂਰੀ ਨਹੀ ਕੀਤੀ । ਬਲਕਿ ਇਨ੍ਹਾਂ ਤਾਕਤਾਂ ਨੂੰ ਅਪ੍ਰਤੱਖ ਰੂਪ ਵਿਚ ਸਹਿਯੋਗ ਹੀ ਦਿੰਦੇ ਰਹੇ ।
ਇਸ ਲਈ ਪੰਜਾਬ ਵਿਚ ਰਾਜ ਭਾਗ ਕਰ ਰਹੀ ਆਮ ਆਦਮੀ ਪਾਰਟੀ ਦਾ ਇਹ ਫਰਜ ਬਣ ਜਾਂਦਾ ਹੈ ਕਿ ਉਹ ਨਿਰਪੱਖਤਾ ਵਾਲੀ ਸੋਚ ਤੇ ਪਹਿਰਾ ਦਿੰਦੇ ਹੋਏ ਆਪਣੀ ਜਿੰਮੇਵਾਰੀ ਨੂੰ ਪੂਰਨ ਕਰੇ । ਜਿਨ੍ਹਾਂ ਤਾਕਤਾਂ ਵੱਲੋਂ ਇਸਾਈਆ ਦੇ ਇਤਿਹਾਸਿਕ, ਚਰਚਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ । ਉਨ੍ਹਾਂ ਕਾਨੂੰਨੀ ਮੁਜਰਿਮਾਂ ਵਿਰੁੱਧ ਫੌਰੀ ਸਖਤ ਕਾਰਵਾਈ ਕਰੇਗੀ । ਸ. ਮਾਨ ਨੇ ਕੌਮਾਂਤਰੀ ਪੱਧਰ ਦੇ ਰੋਮ ਦੇ ਅਤੇ ਆਰਚ ਬਿਸਪ ਆਫ ਕੈਂਟੇਬਰੀ ਬਰਤਾਨੀਆ ਦੇ ਪੋਪ ਸਾਹਿਬਾਨ ਨੂੰ ਅਪੀਲ ਕੀਤੀ ਹੈ ਕਿ ਉਹ ਚਰਚਾਂ ਨੂੰ ਨੁਕਸਾਨ ਪਹੁੰਚਾਉਣ ਦੇ ਅਤਿ ਸੰਜ਼ੀਦਾ ਮੁੱਦੇ ਵਿਚ ਦਖਲ ਦਿੰਦੇ ਹੋਏ ਜਲੰਧਰ (ਪੰਜਾਬ) ਵਿਚ ਹੋ ਰਹੇ ਹਕੂਮਤੀ ਧਾਰਿਮਕ ਉਪੱਧਰ ਉਤੇ ਰੋਕ ਲਗਾਉਣ ਲਈ ਆਪਣੀ ਧਾਰਮਿਕ ਅਹੁਦਿਆ ਦੀ ਵਰਤੋ ਕਰਨ ਅਤੇ ਇਨ੍ਹਾਂ ਧਾਰਮਿਕ ਸਥਾਨਾਂ ਨੂੰ ਜਬਰੀ ਗਿਰਾਉਣ ਦੇ ਹਿੰਦੂਤਵੀਆ ਦੀ ਕਾਰਵਾਈ ਨੂੰ ਬੰਦ ਕਰਵਾਉਣ ।