ਇੰਡੀਆ ਨੇ ਜੋ ਅਮਰੀਕਾ ਦੀ ਪ੍ਰਭੂਸਤਾ ਅਤੇ ਮੁਨਰੋ ਡਾਕਟਰੀਨ ਦੀ ਪਾਲਸੀ ਨੂੰ ਤੋੜਿਆ ਹੈ, ਉਸ ਨਾਲ ਸ੍ਰੀ ਰਾਹੁਲ ਗਾਂਧੀ ਦਾ ਸਹਿਮਤ ਹੋਣਾ ਸਵਾਗਤਯੋਗ : ਮਾਨ
ਫ਼ਤਹਿਗੜ੍ਹ ਸਾਹਿਬ, 11 ਸਤੰਬਰ ( ) “ਇੰਡੀਆਂ ਦੀ ਮੌਜੂਦਾ ਬੀਜੇਪੀ-ਆਰ.ਐਸ.ਐਸ ਹਕੂਮਤ ਵੱਲੋ ਜੋ ਅਮਰੀਕਾ ਦੀ ਪ੍ਰਭੂਸਤਾ ਅਤੇ ਉਸਦੀ ਮੁਨਰੋ ਡਾਕਟਰੀਨ ਦੀ ਕੌਮਾਂਤਰੀ ਪਾਲਸੀ ਨੂੰ ਤੋੜਕੇ ਅਮਰੀਕਨ ਅਤੇ ਦੂਸਰੇ ਮੁਲਕਾਂ ਦੇ ਸਿੱਖ ਨਾਗਰਿਕਾਂ ਦੇ ਕਤਲ ਕਰਨ ਜਾਂ ਉਨ੍ਹਾਂ ਨੂੰ ਨਿਸ਼ਾਨਾਂ ਬਣਾਉਣ ਦੇ ਮਨੁੱਖਤਾ ਵਿਰੋਧੀ ਅਮਲ ਹੋਏ ਹਨ, ਉਸ ਨਾਲ ਰਾਹੁਲ ਗਾਂਧੀ ਨੇ ਸਹਿਮਤੀ ਪ੍ਰਗਟਾਈ ਹੈ ਇਹ ਕਦਮ ਮਨੁੱਖੀ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਲਈ ਬਿਲਕੁਲ ਦਰੁਸਤ ਹੈ । ਜਿਸਦਾ ਅਸੀ ਸਵਾਗਤ ਕਰਦੇ ਹਾਂ । ਪਰ ਜਦੋ ਵੀ ਇੰਡੀਆਂ ਵਿਚ ਸਿੱਖਾਂ ਉਤੇ ਜ਼ਬਰ ਜੁਲਮ, ਕਤਲੇਆਮ ਹੋਇਆ, ਉਸ ਵਿਚ ਬੀਜੇਪੀ-ਆਰ.ਐਸ.ਐਸ, ਕਾਂਗਰਸ ਤੇ ਹੋਰ ਹਿੰਦੂਤਵ ਜਮਾਤਾਂ ਘਿਓ ਖਿਚੜੀ ਹੀ ਰਹਿੰਦੀਆ ਰਹੀਆ ਹਨ । ਇਸ ਗੱਲ ਤੋ ਕੋਈ ਵੀ ਇਨਕਾਰ ਨਹੀ ਕਰ ਸਕਦਾ । ਕਿਉਂਕਿ ਜਦੋਂ ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ ਗਈ ਉਸ ਸਮੇ ਇਹ ਜਮਾਤਾਂ ਇਕਮਿਕ ਹੀ ਸਨ । ਜਦੋ ਬਲਿਊ ਸਟਾਰ ਦਾ ਫ਼ੌਜੀ ਹਮਲਾ ਹੋਇਆ ਤਾਂ ਮਰਹੂਮ ਇੰਦਰਾ ਗਾਂਧੀ ਨੂੰ ਸ੍ਰੀ ਵਾਜਪਾਈ ਵੱਲੋ ਦੁਰਗਾ ਮਾਤਾ ਦਾ ਖਿਤਾਬ ਦੇ ਕੇ ਸਨਮਾਨਿਆ ਗਿਆ ਅਤੇ ਸ੍ਰੀ ਅਡਵਾਨੀ ਨੇ ਕਿਹਾ ਸੀ ਕਿ ਇਹ ਹਮਲਾ 6 ਮਹੀਨੇ ਪਹਿਲਾ ਹੋਣਾ ਚਾਹੀਦਾ ਸੀ । ਜਿਸ ਤੋ ਸਿੱਖਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਮਾਰਨ ਦੀ ਪਾਲਸੀ ਵਿਚ ਇਕਮਿਕ ਹੋਣ ਦੀ ਗੱਲ ਪ੍ਰਤੱਖ ਨਜਰ ਆ ਰਹੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਾਂਗਰਸੀ ਆਗੂ ਸ੍ਰੀ ਰਾਹੁਲ ਗਾਂਧੀ ਵੱਲੋ ਆਪਣੇ ਅਮਰੀਕਾ ਦੌਰੇ ਸਮੇ ਮੌਜੂਦਾ ਬੀਜੇਪੀ-ਆਰ.ਐਸ.ਐਸ ਦੀ ਮੋਦੀ ਹਕੂਮਤ ਦੀਆਂ ਸਾਜਿਸਾਂ ਰਾਹੀ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਮਾਰਨ ਦੇ ਵਿਰੁੱਧ ਉਠਾਈ ਗਈ ਆਵਾਜ ਅਤੇ ਅਮਰੀਕਾ ਦੀ ਪ੍ਰਭੂਸਤਾ-ਮੁਨਰੋ ਡਾਕਟਰੀਨ ਨੂੰ ਤੋੜਨ ਵਿਰੁੱਧ ਲਏ ਸਟੈਂਡ ਦਾ ਸਵਾਗਤ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਦੋ ਮੈਂ ਪਿਛਲੀ ਪਾਰਲੀਮੈਟ ਵਿਚ ਮੈਬਰ ਸੀ, ਤਾਂ ਉਸ ਸਮੇ ਮੈਂ ਕਾਂਗਰਸ ਜਮਾਤ ਦੀ ਆਗੂ ਬੀਬੀ ਸੋਨੀਆ ਗਾਂਧੀ ਨੂੰ ਕਿਹਾ ਸੀ ਕਿ ਸਿੱਖਾਂ ਦੇ ਹੋ ਰਹੇ ਕਤਲੇਆਮ ਵਿਰੁੱਧ, ਵਿਰੋਧੀ ਧਿਰ ਦੇ ਨੇਤਾ ਹੋਣ ਵੱਜੋ ਇਹ ਮੁੱਦਾ ਉਠਾਇਆ ਜਾਵੇ, ਉਹ ਮੇਰੇ ਨਾਲ ਸਹਿਮਤ ਨਹੀ ਸਨ ਹੋਏ । ਲੇਕਿਨ ਹੁਣ ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ ਨੇ ਅਮਰੀਕਾ ਵਿਚ ਜਾ ਕੇ ਇਸ ਸੰਜੀਦਾ ਮਸਲੇ ਨੂੰ ਜਿਸ ਦ੍ਰਿੜਤਾ ਨਾਲ ਉਠਾਇਆ ਹੈ ਉਸਦਾ ਅਸੀ ਸਵਾਗਤ ਕਰਦੇ ਹਾਂ ਅਤੇ ਇਹ ਰਾਏ ਦੇਣੀ ਚਾਹਵਾਂਗੇ ਕਿ ਉਹ ਅਮਰੀਕਾ, ਕੈਨੇਡਾ ਅਤੇ ਹੋਰ ਮੁਲਕਾਂ ਵਿਚ ਸਿੱਖਾਂ ਦੇ ਹੋਏ ਕਤਲੇਆਮ ਸੰਬੰਧੀ ਲਿਖਤੀ ਤੌਰ ਤੇ ਮੌਜੂਦਾ ਮੋਦੀ ਸਰਕਾਰ ਕੋਲ ਸਿਕਾਇਤ ਦਰਜ ਕਰਕੇ ਅਗਲੇਰੀ ਕਾਰਵਾਈ ਕਰਦੇ ਹੋਏ ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਦੀ ਜਿੰਮੇਵਾਰੀ ਨਿਭਾਉਣ । ਪਰ ਦੁੱਖ ਅਤੇ ਅਫਸੋਸ ਹੈ ਕਿ ਸਿੱਖਾਂ ਦੇ ਬੀਤੇ ਸਮੇ ਵਿਚ ਅਤੇ ਮੌਜੂਦਾ ਸਮੇ ਵਿਚ ਹੋਏ ਕਤਲੇਆਮ ਦੇ ਦੋਸ਼ੀ ਕਾਤਲਾਂ ਨੂੰ ਸਜਾ ਦਿਵਾਉਣ ਦੀ ਆਵਾਜ ਉਠਾਉਣ ਦੇ ਨਾਲ-ਨਾਲ ਸ੍ਰੀ ਹਰਦੀਪ ਸਿੰਘ ਪੁਰੀ ਨੂੰ ਚਾਹੀਦਾ ਹੈ ਕਿ ਉਹ ਮਰਹੂਮ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਸਮੇ ਹੋਏ ਸਿੱਖ ਜ਼ਬਰ ਸੰਬੰਧੀ ਇਨਸਾਫ ਦਿਵਾਉਣ ਲਈ ਅਮਲ ਕਰਨ ।
ਸ. ਮਾਨ ਨੇ ਕਿਹਾ ਕਿ ਅਸੀ ਜਾਨਣਾ ਚਾਹਵਾਂਗੇ ਕਿ ਹਿੰਦੂ ਇੰਡੀਆ ਪ੍ਰੈਸ ਤੇ ਸ. ਹਰਦੀਪ ਸਿੰਘ ਪੁਰੀ ਸਿੱਖਾਂ ਉਤੇ ਹੋਏ ਜ਼ਬਰ ਜੁਲਮ, ਕਤਲੇਆਮ, ਨਸਲੀ ਸਫਾਈ, ਯਾਦਗਰਾਂ ਆਦਿ ਨੂੰ ਜਾਣਬੁੱਝ ਕੇ ਘਟਾਕੇ ਜਾਂ ਦਰਸਾਉਣ ਦੇ ਕਿਉਂ ਅਮਲ ਕਰ ਰਹੇ ਹਨ ? ਜੋ ਮਰਹੂਮ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਨੇ ਗੈਰ ਇਨਸਾਨੀਅਤ ਢੰਗ ਨਾਲ ਮਨੁੱਖਤਾ ਦਾ ਕਤਲੇਆਮ ਕੀਤਾ ਹੈ, ਸ. ਪੁਰੀ ਤੇ ਉਨ੍ਹਾਂ ਦੀ ਬੀਜੇਪੀ-ਆਰ.ਐਸ.ਐਸ ਸਰਕਾਰ ਜੋ 10 ਸਾਲਾਂ ਤੋ ਚੱਲਦੀ ਆ ਰਹੀ ਹੈ, ਉਹ ਉਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਸਜਾਵਾਂ ਦਿਵਾਉਣ ਦੇ ਅਮਲ ਕਿਉਂ ਨਹੀ ਕਰ ਰਹੇ ? ਸ. ਮਾਨ ਨੇ ਉਮੀਦ ਪ੍ਰਗਟ ਕਰਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਸਿੱਖਾਂ ਤੇ ਹੋਏ ਜ਼ਬਰ ਦੇ ਗੰਭੀਰ ਮੁੱਦੇ ਨੂੰ ਦ੍ਰਿੜਤਾ ਤੇ ਸੰਜੀਦਗੀ ਨਾਲ ਬੀਜੇਪੀ ਹਕੂਮਤ ਵਿਚ ਉਠਾਉਣਗੇ । ਸੋਨੀਆ ਗਾਂਧੀ ਨੇ ਮੈਨੂੰ ਪਾਰਲੀਮੈਟ ਵਿਚ ਸਿੱਖਾਂ ਦੇ ਜ਼ਬਰ ਦੇ ਮੁੱਦੇ ਉਠਾਉਣ ਬਾਰੇ ਕਿਹਾ ਸੀ, ਜੇਕਰ ਉਹ ਇਸ ਜਿੰਮੇਵਾਰੀ ਨੂੰ ਪੂਰਨ ਕਰਨ ਤਾਂ ਸਿੱਖ ਕੌਮ ਇਸਦਾ ਭਰਪੂਰ ਸਵਾਗਤ ਕਰੇਗੀ।