ਤੜਫ-ਤੜਫਕੇ ਜੇਲ੍ਹ ਕੱਟਣ ਵਾਲੇ ਕੇਜਰੀਵਾਲ ਵਰਗੇ ਆਪਣੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਨਹੀ ਕਰ ਸਕਦੇ : ਮਾਨ
ਫ਼ਤਹਿਗੜ੍ਹ ਸਾਹਿਬ, 13 ਅਗਸਤ ( ) “ਜੇਕਰ ਕਿਸੇ ਆਗੂ ਨੇ ਆਪਣੇ ਲੋਕਾਂ ਅਤੇ ਆਪਣੇ ਸੂਬੇ ਜਾਂ ਇਲਾਕੇ ਦੀ ਸਹੀ ਮਾਇਨਿਆ ਵਿਚ ਸੇਵਾ ਕਰਦੇ ਹੋਏ ਮੁਸ਼ਕਿਲਾਂ ਨੂੰ ਹੱਲ ਕਰਨਾ ਹੁੰਦਾ ਹੈ ਜਾਂ ਉਥੋ ਦਾ ਸਹੀ ਦਿਸ਼ਾ ਵੱਲ ਵਿਕਾਸ ਕਰਨਾ ਹੁੰਦਾ ਹੈ ਅਤੇ ਆਪਣੇ ਸੂਬੇ ਤੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਨੀ ਹੁੰਦੀ ਹੈ, ਤਾਂ ਅਜਿਹਾ ਆਗੂ ਸੰਘਰਸ਼ ਕਰਦੇ ਹੋਏ ਕੇਵਲ ਜੇਲ੍ਹ ਯਾਤਰਾ ਤੋ ਹੀ ਕਦੀ ਨਹੀ ਘਬਰਾਉਦਾ । ਬਲਕਿ ਜੇਕਰ ਉਸ ਨੂੰ ਆਪਣੇ ਲੋਕਾਂ ਲਈ ਸਰੀਰਕ ਕੁਰਬਾਨੀ ਵੀ ਦੇਣੀ ਪਵੇ ਤਾਂ ਉਹ ਕਦੀ ਪਿੱਛੇ ਨਹੀ ਹੱਟਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਪੰਜਾਬ ਸਰਕਾਰ ਦੇ ਕਰਤਾ-ਧਰਤਾ ਵੱਲੋ ਜੇਲ੍ਹ ਕੱਟਣ ਦੇ ਅਮਲਾਂ ਤੇ ਤੜਫ-ਤੜਫਕੇ ਵਿਚਰਣਾ ਅਤੇ ਆਪਣੇ ਮਨ ਅਤੇ ਆਤਮਾ ਤੋ ਦੁੱਖੀ ਹੋਣ ਦਾ ਇਜਹਾਰ ਹੋਣ ਦੀ ਗੱਲ ਉਤੇ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿ ਮੈਂ 8 ਸਾਲ ਭਾਗਲਪੁਰ ਅਤੇ ਭਰਤਗੜ੍ਹ ਤਾਨਾਸਾਹੀ ਕੈਦ ਕੱਟੀ ਹੈ । ਬੰਬੇ 2 ਸਾਲ ਕੱਟੇ ਹਨ । ਲੇਕਿਨ ਕਦੀ ਵੀ ਜੇਲ੍ਹ ਦੀਆਂ ਦੁੱਖ ਤਕਲੀਫਾ ਤੋ ਨਾ ਕਦੀ ਮਨ ਡੋਲਿਆ ਬਲਕਿ ਜੇਲ੍ਹ ਵਿਚ ਰਹਿਕੇ ਕੌਮਾਂਤਰੀ ਪੱਧਰ ਦੇ ਵਿਦਵਾਨਾਂ ਦੀਆਂ ਕਿਤਾਬਾਂ ਤੇ ਵਿਚਾਰ ਪੜ੍ਹਦੇ ਹੋਏ ਪਹਿਲੇ ਨਾਲੋ ਵੀ ਵਧੇਰੇ ਮਾਨਸਿਕ ਤੇ ਆਤਮਿਕ ਮਜਬੂਰੀ ਹੁੰਦੀ ਰਹੀ । ਹੁਕਮਰਾਨਾਂ ਦੇ ਕਿਸੇ ਵੀ ਕਸਟ ਤੋ ਮਨ ਨਹੀ ਡੋਲਿਆ । ਇਸ ਲਈ ਜਦੋ ਹੁਣ ਸ੍ਰੀ ਕੇਜਰੀਵਾਲ ਨੂੰ ਜੇਲ੍ਹ ਵਿਚ ਰਹਿਣਾ ਪੈ ਰਿਹਾ ਹੈ ਤਾਂ ਉਨ੍ਹਾਂ ਨੂੰ ਮਨੁੱਖਤਾ, ਇਨਸਾਨੀਅਤ ਪੱਖੀ ਸੋਚ, ਆਜਾਦੀ ਲਈ ਮਨੁੱਖੀ ਅਧਿਕਾਰਾਂ ਦੇ ਵਿਰੁੱਧ ਦ੍ਰਿੜਤਾ ਨਾਲ ਜੇਲ੍ਹ ਵਿਚ ਰਹਿੰਦੇ ਹੋਏ ਵੀ ਸੰਘਰਸ਼ ਕਰਨਾ ਬਣਦਾ ਹੈ ਅਤੇ ਇਸ ਜੇਲ੍ਹ ਜੀਵਨ ਦੌਰਾਨ ਦੁਨੀਆਂ ਦੇ ਸੰਘਰਸ਼ੀਲ ਇਨਾਸਨਾਂ ਤੇ ਮਸੀਹਾ ਦੀਆਂ ਜੀਵਨੀਆਂ ਦੇ ਸੰਬੰਧਤ ਕਿਤਾਬਾਂ ਮੰਗਵਾਕੇ ਇਸ ਜੇਲ੍ਹ ਜੀਵਨ ਦਾ ਮਨੁੱਖਤਾ ਲਈ ਹੋਰ ਫਾਇਦਾ ਲੈਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਦੁੱਖ ਅਤੇ ਅਫਸੋਸ ਹੈ ਕਿ ਆਪਣੀ ਜੇਲ੍ਹ ਯਾਤਰਾ ਤੋ ਤੜਫ ਰਹੇ ਹਨ, ਇਥੋ ਤੱਕ ਜਦੋ ਅਸੀਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਇਲ ਤੇ ਦਸਤਖਤ ਕਰਨ ਲਈ ਸ੍ਰੀ ਕੇਜਰੀਵਾਲ ਨੂੰ ਕਿਹਾ ਤਾਂ ਉਨ੍ਹਾਂ ਨੇ ਇਨਸਾਫ ਅਤੇ ਇਨਸਾਨੀਅਤ ਦੇ ਨਾਤੇ ਉਸ ਫਾਇਲ ਉਤੇ ਦਸਤਖਤ ਹੀ ਨਹੀ ਕੀਤੇ । ਅਜਿਹੀ ਘਬਰਾਹਟ ਵਿਚ ਤਾਂ ਜਿਨ੍ਹਾਂ ਹੁਕਮਰਾਨਾਂ ਨੇ ਜੇਲ੍ਹ ਵਿਚ ਭੇਜਿਆ ਹੁੰਦਾ ਹੈ, ਉਹ ਹੋਰ ਖੁਸ਼ ਹੋਣਗੇ । ਦੂਸਰੇ ਪਾਸੇ ਸ੍ਰੀ ਕੇਜਰੀਵਾਲ ਨੂੰ ਗੁਰੂ ਨਾਨਕ ਸਾਹਿਬ ਵਰਗੀ ਮਹਾਨ ਆਤਮਾ ਵੱਲੋ ਬਾਬਰ ਦੀ ਜੇਲ੍ਹ ਕੱਟਣ ਦੇ ਬਿਰਤਾਤ ਨੂੰ ਅਤੇ ਪੰਜਵੀ ਪਾਤਸਾਹੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੂੰ ਤੱਤੀ ਤਵੀ ਅਤੇ ਤੱਤੀ ਰੇਤ ਨਾਲ ਸ਼ਹੀਦ ਕਰਨ ਅਤੇ ਨੌਵੀ ਪਾਤਸਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿਖੇ ਸ਼ਹੀਦ ਕਰਨ ਦੇ ਜ਼ਬਰ ਅਤੇ ਆਪਣੇ ਲੋਕਾਂ ਲਈ ਸ਼ਹਾਦਤ ਦੇਣ ਦੇ ਬਿਰਤਾਤਾਂ ਨੂੰ ਵੀ ਆਪਣੇ ਜਹਿਨ ਵਿਚ ਰੱਖਣਾ ਚਾਹੀਦਾ ਹੈ । ਕਿਉਂਕਿ ਸਾਡੇ ਮਨੁੱਖਤਾ ਪੱਖੀ ਸਿੱਖ ਧਰਮ ਵਿਚ ਉਸ ਅਕਾਲ ਪੁਰਖ ਦੇ ਭਾਣੇ ਦੀ ਰਜਾ ਵਿਚ ਵਿਚਰਣ ਨੂੰ ਬਹੁਤ ਵੱਡਾ ਮਹੱਤਵ ਹੈ । ਇਸ ਲਈ ਜੇਲ੍ਹ ਵਿਚ ਬੈਠੇ ਤੜਫਣ ਦੀ ਬਜਾਇ ਜਿਥੇ ਅੱਛੀਆ-ਅੱਛੀਆ ਕਿਤਾਬਾਂ, ਸਾਹਿਤ ਨੂੰ ਪੜ੍ਹੋ ਜਿਸ ਨਾਲ ਆਪ ਜੀ ਦੀ ਮਾਨਸਿਕ ਅਵਸਥਾਂ ਤੇ ਆਤਮਿਕ ਅਵਸਥਾਂ ਮਜਬੂਤ ਹੋਵੇਗੀ ।
ਉਨ੍ਹਾਂ ਕਿਹਾ ਕਿ ਜਿਹੜੇ ਹੁਕਮਰਾਨ ਜਾਂ ਜੱਜ ਕਾਨੂੰਨੀ ਤੇ ਇਖਲਾਕੀ ਕਦਰਾਂ ਕੀਮਤਾਂ ਦਾ ਘਾਣ ਕਰਕੇ ਵੱਡੇ ਇਵਜਾਨੇ ਜਾਂ ਅਹੁਦੇ ਪ੍ਰਾਪਤ ਕਰਦੇ ਹਨ ਉਹ ਕਦੀ ਵੀ ਨਾ ਤਾਂ ਆਪਣੀ ਆਤਮਾ ਦਾ ਸਕੂਨ ਪ੍ਰਾਪਤ ਕਰ ਸਕਦੇ ਹਨ ਅਤੇ ਨਾ ਹੀ ਆਪਣੇ ਲੋਕਾਂ ਦੇ ਮਨ ਵਿਚ ਸਤਿਕਾਰ ਮਾਣ ਨੂੰ ਵਧਾ ਸਕਦੇ ਹਨ । ਜਿਵੇਕਿ ਚੀਫ ਜਸਟਿਸ ਰੰਜਨ ਗੰਗੋਈ ਨੇ ਹੁਕਮਰਾਨਾਂ ਦੇ ਤਾਨਾਸਾਹੀ ਪ੍ਰਭਾਵ ਹੇਠ ਆ ਕੇ ਰਾਮ ਮੰਦਰ ਦੇ ਹੱਕ ਵਿਚ ਫੈਸਲਾ ਕਰਦੇ ਹੋਏ ਮੁਸਲਿਮ ਕੌਮ ਦੀ ਮਸਜਿਦ ਦੇ ਵਿਰੁੱਧ ਸੁਣਾਕੇ ਆਪਣੀ ਆਤਮਾ ਉਤੇ ਵੀ ਬੋਝ ਪਾਇਆ ਅਤੇ ਘੱਟ ਗਿਣਤੀ ਕੌਮਾਂ ਦੇ ਦੋਸ਼ੀ ਬਣੇ, ਉਸਦਾ ਉਹ ਬੋਝ ਆਖਰੀ ਸਵਾਸਾਂ ਤੱਕ ਨਹੀ ਲਾਹ ਸਕਣਗੇ । ਇਸੇ ਤਰ੍ਹਾਂ ਮੌਜੂਦਾ ਚੀਫ ਜਸਟਿਸ ਸੁਪਰੀਮ ਕੋਰਟ ਨੇ ਮੁਸਲਿਮ ਕੌਮ ਉਤੇ ਜਿਆਦਤੀ ਕਰਦੇ ਹੋਏ ਕਸਮੀਰ ਵਿਚ ਧਾਰਾ 370 ਅਤੇ 35ਏ ਖਤਮ ਕਰਕੇ ਉਨ੍ਹਾਂ ਦੀ ਖੁਦਮੁਖਤਿਆਰੀ ਦਾ ਘਾਣ ਕੀਤਾ ਅਤੇ ਉਥੋ ਦੀ ਅਸੈਬਲੀ ਭੰਗ ਕਰ ਦਿੱਤੀ ਗਈ, ਅਫਸਪਾ ਵਰਗਾਂ ਕਾਲਾ ਕਾਨੂੰਨ ਲਾਗੂ ਕਰਕੇ ਕਸਮੀਰੀਆ ਉਤੇ ਜ਼ਬਰ ਢਾਹੇ ਗਏ । ਇਸ ਲਈ ਤਾਨਾਸਾਹ ਹੁਕਮਰਾਨਾਂ ਨੂੰ ਕਾਨੂੰਨੀ ਘਾਣ ਕਰਨ ਤੋ ਰੋਕਣ ਦੀ ਬਜਾਇ ਜ਼ਾਬਰ ਅਤੇ ਜ਼ਬਰ ਢਾਹੁਣ ਲਈ ਉਤਸਾਹਿਤ ਕਰਨ ਵਾਲਾ ਕੋਈ ਵੀ ਸਖਸ ਨਾ ਤਾਂ ਉਸ ਅਕਾਲ ਪੁਰਖ ਦੀ ਨਜਰ ਵਿਚ ਅਤੇ ਨਾ ਹੀ ਆਪਣੇ ਮੁਲਕ ਨਿਵਾਸੀਆ ਦੀ ਨਜਰ ਵਿਚ ਸਤਿਕਾਰ ਪ੍ਰਾਪਤ ਕਰ ਸਕਦਾ ਹੈ । ਇਸ ਲਈ ਆਪ ਜੀ ਨੂੰ ਇਸ ਜੇਲ੍ਹ ਯਾਤਰਾ ਦੌਰਾਨ ਆਉਣ ਵਾਲੀਆ ਜੇਲ੍ਹ ਮੁਸਕਿਲਾਂ ਜਾਂ ਹਕੂਮਤੀ ਤਸੱਦਦ ਜੁਲਮ ਤੋ ਨਾ ਘਬਰਾਕੇ ਮਨੁੱਖਤਾ ਤੇ ਇਨਸਾਨੀਅਤ ਦੀ ਬਿਹਤਰੀ ਲਈ ਆਪਣੇ ਆਪ ਨੂੰ ਆਤਮਿਕ ਤੌਰ ਤੇ ਮਜਬੂਤ ਕਰਨ ਅਤੇ ਲੋਕਾਂ ਦੀ ਬਿਹਤਰੀ ਲਈ ਆਉਣ ਵਾਲੇ ਸਮੇ ਵਿਚ ਹੋਰ ਵਧੇਰੇ ਦ੍ਰਿੜਤਾ ਅਤੇ ਸੇਵਾ ਭਾਵ ਨਾਲ ਕੰਮ ਕਰਨ ਦੀ ਸਖਤ ਲੋੜ ਹੈ । ਅਜਿਹਾ ਅਮਲ ਕਰਕੇ ਹੀ ਸ੍ਰੀ ਕੇਜਰੀਵਾਲ ਕਿਸੇ ਮੁਕਾਮ ਉਤੇ ਪਹੁੰਚ ਸਕਦੇ ਹਨ, ਵਰਨਾ ਸੁਪਰੀਮ ਕੋਰਟ ਜਾਂ ਹਾਈਕੋਰਟ ਵਿਚ ਅਪੀਲਾਂ ਕਰਕੇ ਜਾਂ ਲਿਲਕੜੀਆ ਕੱਢਕੇ ਨਾ ਤਾਂ ਆਮ ਆਦਮੀ ਪਾਰਟੀ ਨੂੰ ਕੋਈ ਫਾਇਦਾ ਦੇ ਸਕਦੇ ਹਨ ਅਤੇ ਨਾ ਹੀ ਆਪਣੀ ਆਤਮਾ ਦੇ ਬੋਝ ਤੋ ਸਰੂਖਰ ਹੋ ਸਕਦੇ ਹਨ ।