ਮੁਲਕ ਦੇ ਹੁਕਮਰਾਨ ਬਲਾਤਕਾਰ ਅਤੇ ਕਤਲਾਂ ਦੇ ਕਿਵੇ ਵਿਰੁੱਧ ਹਨ, ਜਦੋਂ ਸਿਰਸੇਵਾਲੇ ਅਤੇ ਆਸਾਰਾਮ ਬਾਪੂ ਵਰਗਿਆ ਨੂੰ ਕਾਨੂੰਨੀ ਛੋਟ ਦੇ ਰਹੇ ਹਨ ? : ਮਾਨ
ਫ਼ਤਹਿਗੜ੍ਹ ਸਾਹਿਬ, 14 ਅਗਸਤ ( ) “ਮੁਲਕ ਦੇ ਹੁਕਮਰਾਨ ਅਤੇ ਅਦਾਲਤਾਂ ਅਕਸਰ ਇਹ ਪ੍ਰਚਾਰ ਕਰਦੇ ਹਨ ਕਿ ਇਥੋ ਦੇ ਵੱਸਣ ਵਾਲੇ ਸਭ ਨਿਵਾਸੀ ਵਿਧਾਨਿਕ ਨਿਯਮਾਂ ਅਤੇ ਅਸੂਲਾਂ ਦੇ ਅਧੀਨ ਹਨ ਅਤੇ ਕਾਨੂੰਨ ਦੀ ਨਜਰ ਵਿਚ ਸਭ ਬਰਾਬਰ ਹਨ । ਇਹ ਵੀ ਪ੍ਰਚਾਰ ਕਰਦੇ ਹਨ ਕਿ ਵੱਡੇ ਜੁਰਮ ਬਲਾਤਕਾਰ ਅਤੇ ਕਤਲਾਂ ਦੇ ਅਸੀਂ ਸਖਤ ਵਿਰੁੱਧ ਹਾਂ । ਪਰ ਜਦੋ ਸਿਰਸੇਵਾਲੇ ਸਾਧ ਵਰਗੇ ਬਲਾਤਕਾਰੀ ਅਤੇ ਕਾਤਲ ਸਾਧ ਨੂੰ ਅਤੇ ਬਾਬੂ ਆਸਾਰਾਮ ਵਰਗੇ ਵੱਡੇ ਬਲਾਤਕਾਰੀਆਂ ਨੂੰ ਇਹ ਹੁਕਮਰਾਨ ਤੇ ਅਦਾਲਤਾਂ ਚੋਰ ਦਰਵਾਜਿਓ ਰਾਹੀ ਪੈਰੋਲ ਤੇ ਵੀ ਛੱਡ ਦਿੰਦੀਆਂ ਹਨ ਅਤੇ ਜੇਲ੍ਹਾਂ ਵਿਚੋਂ ਉਨ੍ਹਾਂ ਦੀ ਵੱਡੀ ਬਿਮਾਰੀ ਹੋਣ ਦਾ ਬਹਾਨਾ ਬਣਾਕੇ ਛੱਡ ਦਿੰਦੀਆਂ ਹਨ । ਤਾਂ ਕਿਵੇ ਕਿਹਾ ਜਾ ਸਕਦਾ ਹੈ ਕਿ ਇਥੋ ਦਾ ਹੁਕਮਰਾਨ ਅਤੇ ਕਾਨੂੰਨ ਬਲਾਤਕਾਰੀਆਂ ਅਤੇ ਕਾਤਲਾਂ ਨਾਲ ਕਾਨੂੰਨ ਦੀ ਨਜਰ ਵਿਚ ਬਰਾਬਰ ਵਰਤਾਅ ਕਰ ਰਿਹਾ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਡੇਰਿਆਂ ਦੇ ਨਾਮ ਉਤੇ ਇਥੋ ਦੇ ਨਿਵਾਸੀਆ ਦੀਆਂ ਧੀਆਂ ਭੈਣਾਂ ਨਾਲ ਵੱਡੇ ਪੱਧਰ ਤੇ ਸੋਸਣ ਕਰਦੇ ਹੋਏ ਜਦੋ ਵੱਡੇ ਬਲਾਤਕਾਰੀ ਕੇਸਾਂ ਵਿਚ ਸਾਹਮਣੇ ਆ ਰਹੇ ਹਨ, ਉਨ੍ਹਾਂ ਨੂੰ ਕਾਨੂੰਨ ਦੀ ਨਜ਼ਰ ਵਿਚ ਬਚਾਉਣ ਅਤੇ ਥੋੜੇ-ਥੋੜੇ ਸਮੇ ਬਾਅਦ ਪੈਰੋਲ ਦੇਣ ਜਾਂ ਬਿਮਾਰੀ ਦਾ ਬਹਾਨਾ ਬਣਾਕੇ ਜੇਲ੍ਹਾਂ ਵਿਚੋ ਛੱਡ ਦੇਣ ਦੀਆਂ ਕਾਰਵਾਈਆ ਨੂੰ ਇਨ੍ਹਾਂ ਅਪਰਾਧੀਆ ਦੀ ਸਰਪ੍ਰਸਤੀ ਕਰਨ ਵਾਲੇ ਅਤੇ ਇਥੇ ਦੋਹਰੇ ਮਾਪਦੰਡ ਅਪਣਾਉਣ ਵਾਲੀਆ ਕਾਰਵਾਈਆ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਕ ਪਾਸੇ ਹੁਕਮਰਾਨ ਕੱਲਕੱਤੇ ਵਿਖੇ ਜੂਨੀਅਰ ਡਾਕਟਰ ਦਾ ਰੇਪ ਅਤੇ ਕਤਲ ਹੋਣ ਉਤੇ ਇਨਸਾਫ ਦੀ ਗੱਲ ਕਰ ਰਹੇ ਹਨ ਅਤੇ ਦੂਜੇ ਪਾਸੇ ਸਿਰਸੇਵਾਲੇ ਸਾਧ ਰਾਮ ਰਹੀਮ ਨੂੰ ਵਾਰ-ਵਾਰ ਜੇਲ੍ਹ ਵਿਚੋ ਫਰਲੋ ਦੇ ਕੇ ਬਲਾਤਕਾਰੀ ਅਤੇ ਕਾਤਲਾਂ ਦੀ ਸਰਪ੍ਰਸਤੀ ਕਰ ਰਹੇ ਹਨ । ਇਸੇ ਤਰ੍ਹਾਂ ਬਾਬੂ ਆਸਾਰਾਮ ਨੂੰ ਰਾਜਸਥਾਂਨ ਦੀ ਹਾਈਕੋਰਟ ਨੇ ਬਿਮਾਰੀ ਦਾ ਬਹਾਨਾ ਬਣਾਕੇ ਰਿਹਾਅ ਕਰ ਦਿੱਤਾ ਜਦੋਕਿ ਉਹ ਮੁਲਕ ਵਿਚ ਇਕ ਵੱਡਾ ਬਲਾਤਕਾਰੀ ਸਾਬਤ ਹੋ ਚੁੱਕਾ ਹੈ । ਫਿਰ ਅਜਿਹੇ ਮਾਹੌਲ ਵਿਚ ਹੁਕਮਰਾਨ ਅਤੇ ਅਦਾਲਤਾਂ ਦੀਆਂ ਕਾਰਵਾਈਆ ਨੂੰ ਨਿਰਪੱਖਤਾ ਅਤੇ ਇਨਸਾਫ ਵਾਲੀਆ ਕਿਵੇ ਕਰਾਰ ਦਿੱਤਾ ਜਾ ਸਕਦਾ ਹੈ ?