ਓਲੰਪਿਕ ਖੇਡਾਂ ਵਿਚ ਇੰਡੀਆ ਦੀ ਹਾਕੀ ਟੀਮ ਵੱਲੋ ਕੁਆਰਟਰ ਫਾਇਨਲ ਜਿੱਤਕੇ ਅੱਗੇ ਵੱਧਣ ਦੇ ਮੁਬਾਰਕਬਾਦ : ਮਾਨ
ਫ਼ਤਹਿਗੜ੍ਹ ਸਾਹਿਬ, 05 ਅਗਸਤ ( ) “ਓਲੰਪਿਕ ਖੇਡਾਂ ਵਿਚ ਜੋ ਲੰਮੇ ਅਰਸੇ ਬਾਅਦ ਇੰਡੀਆ ਦੀ ਹਾਕੀ ਦੀ ਟੀਮ ਜਿਸ ਵਿਚ ਪੰਜਾਬੀਆਂ ਤੇ ਸਿੱਖਾਂ ਦੀ ਵੱਡੀ ਗਿਣਤੀ ਹੈ, ਵੱਲੋ ਬਰਤਾਨੀਆ ਦੀ ਟੀਮ ਨੂੰ ਹਰਾਕੇ ਕੁਆਰਟਰ ਫਾਇਨਲ ਜਿੱਤਕੇ ਜੋ ਇੰਡੀਆ ਤੇ ਪੰਜਾਬ ਦਾ ਨਾਮ ਇਕ ਵਾਰੀ ਫਿਰ ਕੌਮਾਂਤਰੀ ਪੱਧਰ ਤੇ ਉਜਾਗਰ ਹੋਇਆ ਹੈ, ਉਸ ਲਈ ਅਸੀ ਇੰਡੀਆ ਦੀ ਹਾਕੀ ਟੀਮ ਦੇ ਨਾਲ-ਨਾਲ ਪੰਜਾਬ ਤੇ ਇੰਡੀਆ ਨਿਵਾਸੀਆ ਨੂੰ ਜਿੱਥੇ ਹਾਰਦਿਕ ਮੁਬਾਰਕਬਾਦ ਭੇਜਦੇ ਹਾਂ, ਉਥੇ ਹੁਕਮਰਾਨਾਂ, ਸਪੋਰਟਸ ਬੋਰਡ ਦੇ ਅਧਿਕਾਰੀਆ ਨੂੰ ਵੀ ਮੁਬਾਰਕਬਾਦ ਭੇਜਦੇ ਹੋਏ ਇਹ ਕਹਿਣਾ ਚਾਹਵਾਂਗੇ ਕਿ ਜਿਵੇ ਬੀਤੇ ਸਮੇ ਵਿਚ ਬਿਨ੍ਹਾਂ ਕਿਸੇ ਪੱਖਪਾਤ ਤੋ ਹਾਕੀ, ਫੁੱਟਬਾਲ, ਰੱਸਾ-ਕਸੀ, ਵਾਲੀਵਾਲ ਆਦਿ ਖੇਡਾਂ ਵਿਚ ਪੰਜਾਬੀਆਂ ਤੇ ਸਿੱਖ ਖਿਡਾਰੀਆਂ ਦੀ ਮਿਹਨਤ ਅਤੇ ਯੋਗਤਾ ਨੂੰ ਮੁੱਖ ਰੱਖਦੇ ਹੋਏ ਕੌਮਾਂਤਰੀ ਪੱਧਰ ਦੀਆਂ ਟੀਮਾਂ ਵਿਚ ਲਿਆ ਜਾਂਦਾ ਸੀ ਅਤੇ ਜੋ ਹਰ ਤਰ੍ਹਾਂ ਦੀਆਂ ਖੇਡਾਂ ਵਿਚ ਇੰਡੀਆਂ ਤੇ ਪੰਜਾਬ ਦੇ ਨਾਮ ਨੂੰ ਰੁਸਨਾਉਦੇ ਰਹੇ ਹਨ, ਉਸੇ ਤਰ੍ਹਾਂ ਨਿਰਪੱਖਤਾ ਨਾਲ ਪੰਜਾਬੀ ਤੇ ਸਿੱਖ ਖਿਡਾਰੀਆ ਨੂੰ ਇਨ੍ਹਾਂ ਟੀਮਾਂ ਵਿਚ ਥਾ ਦੇਣ ਦਾ ਫਰਜ ਨਿਭਾਉਣ ਤਾਂ ਕਿ ਪਹਿਲੇ ਦੀ ਤਰ੍ਹਾਂ ਇੰਡੀਆ ਦੀਆਂ ਟੀਮਾਂ, ਸੋਨ-ਚਾਂਦੀ ਦੇ ਤਗਮੇ ਜਿੱਤਕੇ ਖੇਡਾਂ ਦੇ ਖੇਤਰ ਵਿਚ ਇੰਡੀਆ ਤੇ ਪੰਜਾਬੀਆ ਦੇ ਮਾਣ ਸਨਮਾਨ ਵਿਚ ਵਾਧਾ ਕਰਦੇ ਰਹਿਣ।”
ਇਹ ਮੁਬਾਰਕਬਾਦ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਲੰਪਿਕ ਖੇਡਾਂ ਵਿਚ ਇੰਡੀਆ ਦੀ ਹਾਕੀ ਟੀਮ ਵੱਲੋ ਕੁਆਰਟਰ ਫਾਇਨਲ ਜਿੱਤਕੇ ਅੱਗੇ ਵੱਧਣ ਦੇ ਉੱਦਮਾਂ ਉਤੇ ਸਮੁੱਚੀ ਇੰਡੀਅਨ ਹਾਕੀ ਟੀਮ, ਇੰਡੀਆ ਨਿਵਾਸੀਆ ਤੇ ਪੰਜਾਬੀਆ ਨੂੰ ਦਿੱਤੀ ।