ਸਪੋਕਸਮੈਨ ਅਦਾਰੇ ਦੇ ਮੁੱਖ ਸੰਪਾਦਕ ਸ. ਜੋਗਿੰਦਰ ਸਿੰਘ ਦੇ ਚਲੇ ਜਾਣ ਤੇ ਸ. ਮਾਨ ਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ
ਫ਼ਤਹਿਗੜ੍ਹ ਸਾਹਿਬ, 05 ਅਗਸਤ ( ) “ਸ. ਜੋਗਿੰਦਰ ਸਿੰਘ ਮੁੱਖ ਸੰਪਾਦਕ ਅਦਾਰਾ ਸਪੋਕਸਮੈਨ ਇਕ ਬਹੁਤ ਹੀ ਦੂਰ ਅੰਦੇਸ਼ੀ, ਦ੍ਰਿੜਤਾ ਵਾਲੇ ਉਹ ਕੌਮੀ ਤੇ ਪੰਥ ਦਰਦੀ ਇਨਸਾਨ ਸਨ ਜਿਨ੍ਹਾਂ ਨੇ ਬਹੁਤ ਲੰਮਾਂ ਸਮਾਂ ਪਹਿਲੇ ਆਪਣੇ ਪਰਿਵਾਰਿਕ ਜਾਇਦਾਦਾਂ ਨੂੰ ਵੇਚਕੇ ਆਪਣੇ ਸਪੋਕਸਮੈਨ ਦੇ ਮੈਗਜੀਨ ਰਾਹੀ ਮਨੁੱਖਤਾ ਦੀ, ਪੰਜਾਬ ਸੂਬੇ, ਨਿਵਾਸੀਆ ਤੇ ਸਿੱਖ ਕੌਮ ਦੀ ਆਪਣੀਆ ਲਿਖਤਾ ਰਾਹੀ ਸੇਵਾ ਸੁਰੂ ਕੀਤੀ । ਲੰਮੇ ਔਕੜਮਈ ਸੰਘਰਸ ਤੋ ਬਾਅਦ ਸਪੋਸਕਮੈਨ ਅਖਬਾਰ ਕੱਢਣ ਦਾ ਉਦਮ ਕੀਤਾ । ਜਿਸ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵੀ ਇਸ ਅਖਬਾਰ ਦੀ ਹਰਮਨ ਪਿਆਰਤਾ ਵਧਾਉਣ ਲਈ ਸਮੁੱਚੇ ਪੰਜਾਬ, ਹਰਿਆਣਾ ਤੇ ਦੂਜੇ ਸੂਬਿਆਂ ਵਿਚ ਆਪਣੇ ਫਰਜਾ ਨੂੰ ਪੂਰਨ ਕੀਤਾ । ਉਸ ਅਖਬਾਰ ਤੇ ਮੈਗਜੀਨ ਦੇ ਬਾਨੀ ਸ. ਜੋਗਿੰਦਰ ਸਿੰਘ ਜੋ ਬੀਤੇ ਦਿਨੀ ਆਪਣੇ ਮਿਲੇ ਸਵਾਸਾਂ ਦੀ ਪੂੰਜੀ ਨੂੰ ਪੂਰਨ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ, ਉਸ ਨਾਲ ਸ. ਜੋਗਿੰਦਰ ਸਿੰਘ ਦੇ ਸਪਤਨੀ ਬੀਬੀ ਜਗਜੀਤ ਕੌਰ, ਬੀਬਾ ਨਿਮਰਤ ਕੌਰ ਸਮੁੱਚੇ ਪਰਿਵਾਰ ਤੇ ਸੰਬੰਧੀਆਂ ਨੂੰ ਤਾਂ ਇਕ ਵੱਡਾ ਘਾਟਾ ਪਿਆ ਹੀ ਹੈ । ਲੇਕਿਨ ਪੰਜਾਬੀਆ ਤੇ ਖ਼ਾਲਸਾ ਪੰਥ ਤੋ ਵੀ ਇਕ ਦ੍ਰਿੜ ਇਰਾਦੇ ਨਾਲ ਆਪਣੀਆ ਲਿਖਤਾ ਰਾਹੀ ਅਗਵਾਈ ਦੇਣ ਵਾਲੇ ਅਤੇ ਉਸਾਰੂ ਸੋਚ ਨੂੰ ਪ੍ਰਚਾਰਨ ਵਾਲੀ ਸਖਸ਼ੀਅਤ ਸਾਥੋ ਵੀ ਦੂਰ ਹੋ ਗਈ ਹੈ । ਇਹ ਘਾਟਾ ਕਦੀ ਵੀ ਪੂਰਾ ਨਹੀ ਹੋ ਸਕਦਾ। ਉਨ੍ਹਾਂ ਨੇ ਆਪਣੇ ਦਿਮਾਗ ਦੀ ਕਾਡ ਰਾਹੀ ਸੰਭੂ ਸਰਹੱਦ ਦੇ ਕੋਲ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਟਰੱਸਟ ਮਿਸਨ ਰਾਹੀ ਗੁਰੂ ਨਾਨਕ ਸਾਹਿਬ ਅਤੇ ਖ਼ਾਲਸਾ ਪੰਥ ਦੀ ਸੋਚ ਨੂੰ ਪ੍ਰਚਾਰਨ ਤੇ ਪ੍ਰਸਾਰਨ ਲਈ ਵੀ ਡੂੰਘਾਂ ਯੋਗਦਾਨ ਪਾਇਆ। ਜਿਸ ਵਿਚ ਬਹੁਤ ਹੀ ਅੱਛੇ ਢੰਗ ਨਾਲ ਸਿੱਖੀ ਸੋਚ ਤੇ ਪ੍ਰੇਰਿਤ ਫਿਲਮਾਂ ਰਾਹੀ ਉਥੇ ਆਉਣ ਜਾਣ ਵਾਲਿਆ ਨੂੰ ਸਿੱਖੀ ਨਾਲ ਜੋੜਨ ਅਤੇ ਇਨਸਾਨੀ ਕਦਰਾਂ ਕੀਮਤਾ ਤੇ ਪਹਿਰਾ ਦੇਣ ਲਈ ਪ੍ਰੇਰਣ ਲਈ ਵੀ ਬਹੁਤ ਸਲਾਘਾਯੋਗ ਉਦਮ ਕੀਤਾ ਹੈ । ਜਿਨ੍ਹਾਂ ਦੇ ਚਲੇ ਜਾਣ ਨਾਲ ਸਮੁੱਚੀ ਮਨੁੱਖਤਾ ਨੂੰ ਅਸਹਿ ਤੇ ਅਕਹਿ ਘਾਟਾ ਪਿਆ ਹੈ । ਇਸ ਦੁੱਖ ਦੀ ਘੜੀ ਵਿਚ ਪਰਿਵਾਰ ਤੇ ਸਿੱਖ ਕੌਮ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਜਿਥੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਜੋਈ ਕਰਦੇ ਹਾਂ, ਉਥੇ ਸਮੁੱਚੇ ਪਰਿਵਾਰ ਦੇ ਮੈਬਰਾਂ, ਪੰਥਕ ਸਖਸੀਅਤਾਂ ਅਤੇ ਉਨ੍ਹਾਂ ਨਾਲ ਜੁੜੇ ਹੋਏ ਵੱਡੀ ਗਿਣਤੀ ਵਿਚ ਪਾਠਕਾਂ ਤੇ ਪੰਜਾਬ ਨਿਵਾਸੀਆ ਨੂੰ ਗੁਰੂ ਦੇ ਭਾਣੇ ਵਿਚ ਵਿਚਰਣ ਦੀ ਸ਼ਕਤੀ ਦੀ ਬਖਸਿਸ ਕਰਨ ਦੀ ਅਰਜੋਈ ਵੀ ਕਰਦੇ ਹਾਂ ।”
ਇਹ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਕੁਲਦੀਪ ਸਿੰਘ ਭਾਗੋਵਾਲ, ਹਰਪਾਲ ਸਿੰਘ ਬਲੇਰ, ਅਵਤਾਰ ਸਿੰਘ ਖੱਖ, ਉਪਕਾਰ ਸਿੰਘ ਸੰਧੂ, ਅੰਮ੍ਰਿਤਪਾਲ ਸਿੰਘ ਛੰਦੜਾ, ਗੁਰਜੰਟ ਸਿੰਘ ਕੱਟੂ (ਸਾਰੇ ਜਰਨਲ ਸਕੱਤਰ), ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਗੋਬਿੰਦ ਸਿੰਘ ਸੰਧੂ ਜਥੇਬੰਦਕ ਸਕੱਤਰ ਆਦਿ ਆਗੂਆਂ ਨੇ ਸ. ਜੋਗਿੰਦਰ ਸਿੰਘ ਪਰਿਵਾਰ ਨਾਲ ਸਾਂਝਾ ਕਰਦੇ ਹੋਏ ਕੀਤਾ ।