ਜਦੋਂ ਤੱਕ ਸਿੱਖ ਬੁੱਧੀਜੀਵੀ ਜਾਂ ਕੌਮੀ ਆਗੂ ਸਿੱਖ ਕੌਮ ਦੇ ਆਜਾਦੀ ਦੇ ਮਿਸ਼ਨ ਲਈ ਸੰਜ਼ੀਦਾ ਨਹੀਂ ਹੁੰਦੇ, ਉਸ ਸਮੇਂ ਤੱਕ ਅਹੁਦਿਆ ਦੀ ਲੜਾਈ ਕੌਮ ਨੂੰ ਕੁਝ ਨਹੀਂ ਦੇ ਸਕਦੀ : ਮਾਨ
ਫ਼ਤਹਿਗੜ੍ਹ ਸਾਹਿਬ, 05 ਅਗਸਤ ( ) “ਬਾਦਲ ਅਕਾਲੀ ਦਲ ਅਤੇ ਬਾਗੀ ਦਲ ਦੀ ਗੈਰ ਸਿਧਾਤਿਕ ਅਤੇ ਗੈਰ ਇਖਲਾਕੀ ਲੜਾਈ ਸੁਰੂ ਹੋਣ ਉਪਰੰਤ ਜੋ ਕੌਮ ਦੇ ਵੱਖ-ਵੱਖ ਆਗੂਆਂ ਅਤੇ ਬੁੱਧੀਜੀਵੀਆਂ ਵੱਲੋਂ ਤਖ਼ਤ ਸਾਹਿਬਾਨਾਂ ਦੇ ਸਿੰਘ ਸਾਹਿਬਾਨ ਨੂੰ ਸੁਬੋਧਿਤ ਹੁੰਦੇ ਹੋਏ ਇਸਦਾ ਹੱਲ ਕੱਢਣ ਲਈ ਚਾਰਜੋਈ ਹੋ ਰਹੀ ਹੈ, ਇਹ ਕਸਮਕਸ ਦਾ ਉਸ ਸਮੇ ਤੱਕ ਕੋਈ ਕੌਮੀ ਪ੍ਰਾਪਤੀ ਜਾਂ ਫਾਇਦਾ ਨਹੀ ਹੋ ਸਕੇਗਾ, ਜਦੋ ਤੱਕ ਆਪੋਧਾਪੀ ਵਿਚ ਆਪਣੇ ਅਹੁਦੇ ਪ੍ਰਾਪਤੀ ਦੀ ਲੜਾਈ ਨੂੰ ਅਲਵਿਦਾ ਕਹਿਕੇ ਇਹ ਤਖ਼ਤ ਸਾਹਿਬਾਨਾਂ ਦੇ ਜਥੇਦਾਰ, ਕੌਮੀ ਆਗੂ ਅਤੇ ਬੁੱਧੀਜੀਵੀ ਆਪਣੀ ਕੌਮ ਦੀ ਸੰਪੂਰਨ ਆਜਾਦੀ ਦੇ ਮਿੱਥੇ ਨਿਸ਼ਾਨੇ ਨੂੰ ਪ੍ਰਾਪਤ ਕਰਨ ਲਈ ਸੁਹਿਰਦ ਨਹੀ ਹੁੰਦੇ ਅਤੇ ਇਕ ਤਾਕਤ ਹੋ ਕੇ ਆਪਣੇ ਏਜੰਡੇ ਤੇ ਕੇਦਰਿਤ ਨਹੀ ਹੁੰਦੇ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਪੈਦਾ ਹੋਏ ਪੰਥਕ ਹਾਲਾਤਾਂ ਉਪਰੰਤ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ, ਵੱਖ-ਵੱਖ ਸਿਆਸੀ ਆਗੂਆਂ ਅਤੇ ਕੌਮੀ ਬੁੱਧੀਜੀਵੀਆਂ ਵੱਲੋਂ ਇਸ ਵਿਸੇ ਉਤੇ ਹੋ ਰਹੀਆ ਸਿਆਸੀ ਸਰਗਰਮੀਆਂ ਉਤੇ ਆਪਣਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਕੌਮ ਦੀ ਆਜਾਦੀ ਦੀ ਮੰਜਿਲ ਨੂੰ ਸਮੂਹਿਕ ਰੂਪ ਵਿਚ ਏਜੰਡਾ ਬਣਾਕੇ ਸਮੂਹਿਕ ਤੌਰ ਤੇ ਸੰਜ਼ੀਦਗੀ ਨਾਲ ਅਗਲੇ ਸੰਘਰਸ਼ ਵੱਲ ਵੱਧਣ ਦੀ ਗੁਜਾਰਿਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਵਿਸੇਸ ਤੌਰ ਤੇ ਸੈਟਰ ਵਿਚ ਕਾਬਜ ਰਾਜ ਕਰਨ ਵਾਲੀ ਜੁੰਡਲੀ ਜਿਨ੍ਹਾਂ ਵਿਚ ਵਜੀਰ ਏ ਆਜਮ ਸ੍ਰੀ ਨਰਿੰਦਰ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਰੱਖਿਆ ਵਜੀਰ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਵੱਲੋਂ ਇੰਡੀਆਂ ਵਿਚ ਅਤੇ ਬਾਹਰਲੇ ਮੁਲਕਾਂ ਵਿਚ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਜੋ ਕਤਲ ਕਰਨ ਦੀ ਸਾਜਿਸ ਉਤੇ ਅਮਲ ਕੀਤਾ ਜਾ ਰਿਹਾ ਹੈ, ਜਿਸ ਸੰਬੰਧੀ ਅਮਰੀਕਾ ਤੇ ਕੈਨੇਡਾ ਦੀਆਂ ਸਰਕਾਰਾਂ ਨੇ ਆਪੋ ਆਪਣੇ ਮੁਲਕਾਂ ਵਿਚ ਕੇਸ ਰਜਿਸਟਰਡ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ । ਫਿਰ ਇਸ ਉਪਰੰਤ ਬਾਕੀ ਕਿਹੜੇ ਸਬੂਤ ਦੀ ਲੋੜ ਹੈ ਜਾਂ ਇੰਤਜਾਰ ਕੀਤਾ ਜਾ ਰਿਹਾ ਹੈ ਕਿ ਸਮੁੱਚੀ ਸਿੱਖ ਕੌਮ ਅਤੇ ਲੀਡਰਸਿਪ ਹੁਣ ਸੈਟਰ ਦੇ ਸਿੱਖ ਕੌਮ ਦੇ ਕਾਤਲ ਹੁਕਮਰਾਨਾਂ ਵਿਰੁੱਧ ਇਸ ਅਤਿ ਗੰਭੀਰ ਵਿਸੇ ਉਤੇ ਸਮੂਹਿਕ ਰੂਪ ਵਿਚ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਸੰਘਰਸ਼ ਕਰਨ ਤੋ ਕਿਉਂ ਡਰ ਰਹੇ ਹਨ ? ਜਦੋਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਮਨੁੱਖਤਾ ਪੱਖੀ ਕੌਮੀ ਆਜਾਦੀ ਦੇ ਮਿਸਨ ਨੂੰ ਪ੍ਰਾਪਤ ਕਰਨ ਲਈ ਬਹੁਤ ਪਹਿਲੇ ਆਪਣੇ ਮੁਖਾਰਬਿੰਦ ਤੋ ਉਚਾਰ ਦਿੱਤਾ ਸੀ ਕਿ ‘ਕੋਊ ਕਿਸੀ ਕੋ ਰਾਜ ਨਾ ਦੇਹਿ ਹੈ॥ ਜੋ ਲੇਹਿ ਹੈ ਨਿਜ ਬਲ ਸੇ ਲੇਹਿ ਹੈ॥ ਅਤੇ ਰਾਜ ਬਿਨਾ ਨਹਿ ਧਰਮ ਚਲੇ ਹੈਂ॥ ਧਰਮ ਬਿਨ੍ਹਾ ਸਭ ਦਲੇ ਮਲੇ ਹੈ॥ ਦੇ ਅਨੁਸਾਰ ਅਜਿਹੇ ਸਮਿਆ ਤੇ ਸਮੁੱਚੀ ਕੌਮ ਤੇ ਲੀਡਰਸਿਪ ਨੂੰ ਮੈਦਾਨ ਵਿਚ ਉੱਤਰਣਾ ਪੈਦਾ ਹੈ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨੇ ਗੁਰੂ ਨਾਨਕ ਸਾਹਿਬ ਤੋ ਲੈਕੇ ਦਸਵੇ ਪਾਤਸਾਹੀ ਤੱਕ ਦੀ ਇਨਸਾਨੀਅਤ ਅਤੇ ਮਨੁੱਖਤਾ ਪੱਖੀ ਸਥਾਈ ਤੌਰ ਤੇ ਅਮਨ ਚੈਨ ਨੂੰ ਕਾਇਮ ਰੱਖਣ ਵਾਲੀ ਇਹ ਸੋਚ ਸਾਨੂੰ ਆਪਣੀਆ ਕੁਰਬਾਨੀਆ ਤੇ ਸਹਾਦਤਾਂ ਦੇ ਕੇ ਹੀ ਅਗਲੇ ਮਿਸਨ ਦੀ ਪ੍ਰਾਪਤੀ ਲਈ ਸਹੀ ਰਾਹ ਦਿਖਾਕੇ ਗਏ ਹਨ । ਕੌਮੀ ਬੁੱਧੀਜੀਵੀ ਇਸ ਦਿਸ਼ਾ ਵੱਲ ਉੱਦਮ ਕਰ ਰਹੇ ਹਨ ਚੰਗੀ ਗੱਲ ਹੈ । ਪਰ ਹੁਣ ਇਸ ਮਿਸਨ ਦੀ ਪ੍ਰਾਪਤੀ ਅਖਬਾਰੀ, ਸੋਸਲ ਮੀਡੀਆ, ਇੰਟਰਨੈਟ ਆਦਿ ਤੇ ਬਿਆਨਬਾਜੀ ਤੱਕ ਸੀਮਤ ਰਹਿਕੇ ਪ੍ਰਾਪਤੀ ਨਹੀ ਹੋ ਸਕੇਗੀ, ਬਲਕਿ ਅਮਲੀ ਰੂਪ ਵਿਚ ਮੈਦਾਨ ਏ ਜੰਗ ਵਿਚ ਕੁੱਦਣਾ ਪਵੇਗਾ ਅਤੇ ਸਮੂਹਿਕ ਤੌਰ ਤੇ ਹਿੰਦੂਤਵ ਦੀ ਪੰਜਾਬ ਸੂਬੇ ਤੇ ਸਿੱਖ ਵਿਰੋਧੀ ਸੋਚ ਦਾ ਟਾਕਰਾ ਕਰਨ ਲਈ ਦ੍ਰਿੜ ਹੋਣਾ ਪਵੇਗਾ । ਸਾਡਾ ਮਤਲਬ ਇਸ ਵਿਸੇ ਉਤੇ ਕਿਸੇ ਤਰ੍ਹਾਂ ਦੀ ਹਥਿਆਰਬੰਦ ਲੜਾਈ ਵੱਲ ਨਹੀ ਹੈ, ਪਰ ਜਮਹੂਰੀਅਤ ਤੇ ਕੌਮਾਂਤਰੀ ਵਿਧਾਨਿਕ ਢੰਗਾਂ ਦੀ ਵਰਤੋ ਕਰਕੇ ਸੰਘਰਸ਼ ਤਾਂ ਵਿੱਢਣਾ ਹੀ ਪਵੇਗਾ ।
ਜੋ ਸਿੰਘ ਸਾਹਿਬਾਨ, ਸਖਸ਼ੀਅਤਾਂ, ਆਗੂ, ਬੁੱਧੀਜੀਵੀ ਇਸ ਵਿਸੇ ਉਤੇ ਚਿੰਤਤ ਹਨ ਉਨ੍ਹਾਂ ਨੂੰ ਸਭ ਤੋ ਪਹਿਲੇ ਆਪਣੇ ਕੌਮੀ ਏਜੰਡੇ ਦੀ ਮੰਜਿਲ ਤਹਿ ਕਰਨ ਅਤੇ ਸਮੂਹਿਕ ਰੂਪ ਵਿਚ ਪੁਰਾਤਨ ਰਵਾਇਤਾ ਅਨੁਸਾਰ ਸੰਘਰਸ਼ ਵਿੱਢਣ ਦੀ ਅੱਜ ਸਖਤ ਲੋੜ ਹੈ । ਕਿਉਂਕਿ ਮੰਜਿਲਾਂ ਜੱਦੋ-ਜਹਿਦ ਰਾਹੀ ਪ੍ਰਾਪਤ ਹੁੰਦੀਆਂ ਹਨ ਅਤੇ ਲੀਡਰਸਿਪ ਵੀ ਜੱਦੋ-ਜਹਿਦ ਵਿਚੋ ਹੀ ਨਿਕਲਦੀ ਹੈ । ਅੱਜ ਆਗੂਆਂ ਤੇ ਸਖਸ਼ੀਅਤਾਂ ਕੋਲ ਕੁਝ ਪੱਲੇ ਨਹੀ ਦਿਖਾਈ ਦੇ ਰਿਹਾ ਅਤੇ ਨਾ ਹੀ ਸਾਡੇ ਪੱਲੇ ਕੁਝ ਹੈ । ਮੈਨੂੰ ਇਹ ਗੱਲ ਪ੍ਰਵਾਨ ਕਰਨ ਵਿਚ ਕੋਈ ਹਰਜ ਨਹੀ ਪਰ ਮੰਜਿਲ ਤੇ ਪਹੁੰਚਣ ਲਈ ਆਪਸੀ ਸਮੂਹਿਕ ਵਿਚਾਰ ਵਟਾਂਦਰੇ ਨੂੰ ਆਖਰੀ ਰੂਪ ਦੇ ਕੇ ਅਮਲੀ ਰੂਪ ਵਿਚ ਉੱਦਮ ਕਰਨੇ ਪੈਣਗੇ ਕੇਵਲ ਸਰਦਾਰੀਆਂ ਤੇ ਅਹੁਦੇਦਾਰੀਆਂ ਪ੍ਰਾਪਤ ਕਰਕੇ ਕੁਝ ਨਹੀ ਮਿਲਣ ਵਾਲਾ । ਬਲਕਿ ਕੌਮ ਦੀ ਮੰਝਧਾਰ ਵਿਚ ਡਿੱਕ ਡੋਲੇ ਖਾਂਦੀ ਬੇੜੀ ਨੂੰ ਸਿਧਾਤਾਂ, ਕੌਮੀ ਪ੍ਰੰਪਰਾਵਾ ਅਤੇ ਸੋਚ ਤੇ ਪਹਿਰਾ ਦਿੰਦੇ ਹੋਏ ਕਿਨਾਰੇ ਤੇ ਹਰ ਕੀਮਤ ਤੇ ਲਗਾਉਣਾ ਪਵੇਗਾ । ਜਦੋਂ ਸੈਂਟਰ ਦੇ ਹੁਕਮਰਾਨ ਪੰਜਾਬੀਆਂ ਤੇ ਸਿੱਖਾਂ ਨੂੰ ਹਰ ਖੇਤਰ ਵਿਚ ਨੀਵਾ ਦਿਖਾਉਦੇ ਹਨ ਅਤੇ ਜਲੀਲ ਕਰਦੇ ਹਨ ਤਾਂ ਸਾਨੂੰ ਇਸ ਜਲਾਲਤ ਨੂੰ ਮੁੱਢੋ ਹੀ ਖਤਮ ਕਰਨ ਲਈ ਕੌਮੀ ਆਜਾਦੀ ਦੇ ਮਿਸਨ ਨੂੰ ਪ੍ਰਣਾਉਣਾ ਹੀ ਪਵੇਗਾ । ਇਸੇ ਤਰ੍ਹਾਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨੂੰ ਜੇਕਰ ਮੰਦਭਾਵਨਾ ਅਧੀਨ ਮੁਤੱਸਵੀ ਹੁਕਮਰਾਨ ਫਰਾਂਸ ਵਰਗੇ ਬਾਹਰਲੇ ਮੁਲਕਾਂ ਵਿਚ ਜਾਣ ਦੀ ਇਜਾਜਤ ਨਹੀ ਦਿੰਦੇ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਪਾਕਿਸਤਾਨ ਦੀ ਸਰਹੱਦ ਪਾਰ ਕਰਨ ਅਤੇ ਪਾਕਿਸਤਾਨ ਰਾਹੀ ਉਹ ਪੈਰਿਸ ਵਿਚ ਜਾਣ । ਇਸੇ ਤਰ੍ਹਾਂ ਕੌਮਾਂਤਰੀ ਲੀਹਾਂ ਤੇ ਕੌਮੀ ਲੀਹਾਂ ਉਤੇ ਦ੍ਰਿੜਤਾ ਨਾਲ ਪਹਿਰਾ ਦੇ ਕੇ ਹੀ, ਸਭ ਛੋਟੇ-ਮੋਟੇ ਵਿਚਾਰਕ ਵਖਰੇਵਿਆ ਤੋ ਉਪਰ ਉੱਠਕੇ ਸਾਨੂੰ ਆਪਣੇ ਕੌਮੀ ਨਿਸ਼ਾਨੇ ਦੀ ਮੰਜਿਲ ਲਈ ਸੁਹਿਰਦ ਤੇ ਦ੍ਰਿੜ ਹੋ ਕੇ ਮੈਦਾਨ ਏ ਜੰਗ ਵਿਚ ਕੁੱਦ ਦੇ ਹੋਏ ਮੰਜਿਲ ਵੱਲ ਵੱਧਣਾ ਪਵੇਗਾ ।