ਸਿੱਧੂ ਮੂਸੇਵਾਲਾ ਦੇ ਸੰਬੰਧ ਵਿਚ ਆਵਾਜ਼ ਉਠਾਉਣ ਵਾਲਿਆ ਦਾ ਤਾਂ ਸ. ਬਲਕੌਰ ਸਿੰਘ ਵਿਰੋਧ ਕਰ ਰਹੇ ਹਨ, ਲੇਕਿਨ ਹੁਣ 13 ਐਮ.ਪੀਜ ਨੂੰ ਇਹ ਗੱਲ ਕਹਿਣ ਦੀ ਤੁੱਕ ਰਹਿ ਜਾਂਦੀ ਹੈ ? : ਮਾਨ
ਫਤਹਿਗੜ੍ਹ ਸਾਹਿਬ, 25 ਜੁਲਾਈ ( ) “ਸ. ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਹੋਏ ਕਤਲ ਦਾ ਹਰ ਆਤਮਾ ਨੂੰ ਡੂੰਘਾਂ ਦੁੱਖ ਹੈ । ਲੇਕਿਨ ਅਸੀਂ ਆਪਣੀ ਕੌਮੀ ਦਰਦ ਅਤੇ ਫਰਜਾਂ ਨੂੰ ਪਹਿਚਾਣਦੇ ਹੋਏ ਸਿੱਧੂ ਮੂਸੇਵਾਲਾ ਦੇ ਹੋਏ ਕਤਲ ਦੀ ਜਾਂਚ ਲਈ ਪਾਰਲੀਮੈਂਟ ਵਿਚ ਬਾਦਲੀਲ ਢੰਗ ਨਾਲ ਬੋਲੇ ਵੀ ਹਾਂ ਅਤੇ ਨਿਰੰਤਰ ਬੋਲਦੇ ਵੀ ਆ ਰਹੇ ਹਾਂ । ਜਿਸਦਾ ਸਬੂਤ ਇਸ ਪ੍ਰੈਸ ਰੀਲੀਜ ਨਾਲ ਭੇਜੀਆ ਜਾਣ ਵਾਲੀਆ ਪਾਰਲੀਮੈਟ ਦੀਆਂ ਵੀਡੀਓਜ਼ ਵੀ ਨੱਥੀ ਕੀਤੀਆ ਜਾ ਰਹੀਆ ਹਨ । ਪਰ ਦੁੱਖ ਅਤੇ ਅਫਸੋਸ ਹੈ ਕਿ ਜਿਨ੍ਹਾਂ ਨੇ ਆਪਣੇ ਕੌਮੀ ਫਰਜਾਂ ਦੀ ਪੂਰਤੀ ਕਰਦੇ ਹੋਏ ਪਾਰਲੀਮੈਟ ਵਿਚ ਸ. ਸਿੱਧੂ ਮੂਸੇਵਾਲਾ, ਦੀਪ ਸਿੰਘ ਸਿੱਧੂ ਅਤੇ ਬਾਹਰਲੇ ਮੁਲਕਾਂ ਵਿਚ ਹੁਕਮਰਾਨਾਂ ਵੱਲੋ ਕਤਲ ਕੀਤੇ ਗਏ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ ਦੇ ਕਤਲਾਂ ਦੀ ਜਾਂਚ ਲਈ ਜੋਰਦਾਰ ਆਵਾਜ ਉਠਾਈ, ਉਨ੍ਹਾਂ ਦਾ, ਸਿੱਧੂ ਮੂਸੇਵਾਲਾ ਦੇ ਸਤਿਕਾਰਯੋਗ ਪਿਤਾ ਸ. ਬਲਕੌਰ ਸਿੰਘ ਵੱਲੋ ਬਰਨਾਲੇ ਵਿਚ ਆ ਕੇ ਚੋਣਾਂ ਵਿਚ ਵਿਰੋਧ ਕੀਤਾ ਗਿਆ ਅਤੇ ਕਾਂਗਰਸ ਦੀ ਮਦਦ ਕਰਨ ਦਾ ਐਲਾਨ ਕੀਤਾ ਗਿਆ । ਹੁਣ ਉਨ੍ਹਾਂ ਵੱਲੋਂ ਪੰਜਾਬ ਦੇ 13 ਪਾਰਲੀਮੈਟ ਮੈਬਰਾਂ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਦੀ ਗੱਲ ਪਾਰਲੀਮੈਟ ਵਿਚ ਉਠਾਉਣ ਦੀ ਕੀ ਦਲੀਲ ਤੇ ਤੁੱਕ ਬਣਦੀ ਹੈ ? ਜਦੋਕਿ ਇਨ੍ਹਾਂ ਵਿਚ ਅਜਿਹੇ ਗੰਭੀਰ ਮਸਲਿਆ ਤੇ ਸਿੱਖ ਕੌਮ ਨਾਲ ਹੋਈਆ ਬੇਇਨਸਾਫ਼ੀਆਂ ਦੀ ਆਵਾਜ ਉਠਾਉਣ ਦਾ ਮੁੱਦਾ ਹੀ ਨਹੀ । ਹੁਣ ਅਜਿਹੀ ਅਪੀਲ ਕਰਨ ਵਿਚ ਕੋਈ ਵਜਨ ਨਹੀ ਰਹਿ ਜਾਂਦਾ ਕਿਉਂਕਿ ਜਿਸ (ਦਾਸ) ਨੇ ਇਹ ਗੱਲ ਉਠਾਈ ਵੀ ਸੀ ਅਤੇ ਨਤੀਜੇ ਤੱਕ ਅੱਗੇ ਪਹੁੰਚਣਾ ਸੀ, ਉਸਦੀ ਆਪ ਜੀ ਨੇ ਵਿਰੋਧਤਾ ਕਰਕੇ ਖੁਦ ਹੀ ਆਪਣੇ ਆਪ ਨੂੰ ਨਮੋਸੀ ਵੱਲ ਧਕੇਲ ਲਿਆ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਧੂ ਮੂਸੇਵਾਲਾ ਦੇ ਪਿਤਾ ਸ. ਬਲਕੌਰ ਸਿੰਘ ਵੱਲੋ ਆਪਣੇ ਕਤਲ ਹੋਏ ਪੁੱਤਰ ਦੀ ਪਾਰਲੀਮੈਟ ਵਿਚ ਨਵੇ ਬਣੇ 13 ਮੈਬਰਾਂ ਨੂੰ ਆਵਾਜ ਉਠਾਉਣ ਤੇ ਇਨਸਾਫ਼ ਮੰਗਣ ਦੇ ਹੋਏ ਵਰਤਾਰੇ ਉਤੇ ਆਪਣਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਆਪਣੀਆ ਕੌਮੀ ਜਿੰਮੇਵਾਰੀਆਂ ਨੂੰ ਪੰਜਾਬੀਆਂ ਤੇ ਸਿੱਖ ਕੌਮ ਦੀ ਕਚਹਿਰੀ ਵਿਚ ਪੇਸ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਭਾਵੇ ਸਾਨੂੰ ਕੋਈ ਅਪੀਲ-ਬੇਨਤੀ ਕਰੇ ਜਾਂ ਨਾ ਕਰੇ, ਜਦੋ ਵੀ ਕਿਸੇ ਪੰਜਾਬੀ ਜਾਂ ਨਿਰਦੋਸ਼ ਸਿੱਖ ਨਾਲ ਹੁਕਮਰਾਨਾਂ ਵੱਲੋ ਜਾਂ ਏਜੰਸੀਆ ਵੱਲੋ ਅਣਮਨੁੱਖੀ ਜਿਆਦਤੀ ਜਾਂ ਕਤਲੇਆਮ ਹੁੰਦਾ ਹੈ ਤਾਂ ਅਸੀ ਆਪਣਾ ਇਖਲਾਕੀ ਫਰਜ ਸਮਝਕੇ ਉਸ ਵਿਰੁੱਧ ਆਵਾਜ ਵੀ ਉਠਾਉਦੇ ਹਾਂ ਅਤੇ ਅਜਿਹੇ ਕਾਤਲਾਂ ਦੇ ਦੋਸ਼ੀਆਂ ਨੂੰ ਕੌਮਾਂਤਰੀ ਕਾਨੂੰਨਾਂ ਰਾਹੀ ਸਜ਼ਾ ਦਿਵਾਉਣ ਲਈ ਸੁਹਿਰਦਤਾ ਨਾਲ ਆਪਣੀਆ ਜਿੰਮੇਵਾਰੀਆ ਪੂਰਨ ਵੀ ਕਰਦੇ ਹਾਂ । ਜਿਸ ਨੂੰ ਅਸੀ ਆਪਣੇ ਰਹਿੰਦੇ ਸਵਾਸਾਂ ਤੱਕ ਕਰਦੇ ਰਹਾਂਗੇ । ਲੇਕਿਨ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੋ ਇਨਸਾਨ ਕੌਮ ਅਤੇ ਪੰਜਾਬ ਦੀਆਂ ਤੇ ਹੱਕ ਹਕੂਕਾ ਨੂੰ ਬਹਾਲ ਕਰਵਾਉਣ ਲਈ ਅਤੇ ਉਨ੍ਹਾਂ ਦੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜਾਵਾਂ ਦਿਵਾਉਣ ਲਈ ਬੀਤੇ 40 ਸਾਲਾਂ ਤੋ ਦ੍ਰਿੜਤਾ ਤੇ ਸੰਜ਼ੀਦਗੀ ਨਾਲ ਆਪਣੇ ਫਰਜ ਪੂਰੇ ਕਰਦਾ ਆ ਰਿਹਾ ਹੈ, ਭਾਵੇਕਿ ਕੌਮ ਉਸ ਨੂੰ ਜਿੱਤ ਬਖਸੇ ਜਾਂ ਹਾਰ, ਉਸ ਉਤੇ ਆਪਣੇ ਫਰਜਾਂ ਨੂੰ ਪੂਰਨ ਕਰਨ ਦੀ ਕਦੀ ਅਣਗਹਿਲੀ ਨਹੀ ਹੋਈ ਅਤੇ ਨਾ ਹੀ ਹੋਵੇਗੀ । ਉਸਨੂੰ ਕੌਮ ਜਾਂ ਮੂਸੇਵਾਲਾ ਦੇ ਸਤਿਕਾਰਯੋਗ ਪਿਤਾ ਨਜਰ ਅੰਦਾਜ ਕਰਨ ਇਹ ਤਾਂ ਉਨ੍ਹਾਂ ਦੀ ਆਪਣੀ ਆਤਮਾ ਦਾ ਫੈਸਲਾ ਹੈ ਕਿ ਉਹ ਸਹੀ ਕਰ ਰਹੇ ਹਨ ਜਾਂ ਗਲਤ । ਇਸਦਾ ਜੁਆਬ ਤਾਂ ਹਮੇਸ਼ਾਂ ਭਵਿੱਖ ਦੇ ਗਰਭ ਵਿਚ ਹੁੰਦਾ ਹੈ । ਜੋ ਸਮਾਂ ਆਉਣ ਤੇ ਸਭ ਨੂੰ ਮਿਲ ਜਾਂਦਾ ਹੈ ।