ਜੇਕਰ ਰੁੱਖਾਂ ਅਤੇ ਜੰਗਲਾਂ ਨੂੰ ਵੱਢੀ ਹੀ ਜਾਵਾਂਗੇ ਤਾਂ ਫਿਰ ਪਰਿੰਦੇ, ਜਾਨਵਰ ਅਤੇ ਇਨਸਾਨਾਂ ਦੀ ਆਉਣ ਵਾਲੇ ਸਮੇਂ ਵਿਚ ਸਥਿਤੀ ਕੀ ਹੋਵੇਗੀ ? : ਮਾਨ
ਫ਼ਤਹਿਗੜ੍ਹ ਸਾਹਿਬ, 25 ਜੁਲਾਈ ( ) “ਕਿਸੇ ਵੀ ਵਸੋਂ, ਭਾਵੇ ਉਹ ਇਨਸਾਨੀ ਹੋਵੇ ਜਾਂ ਪੰਛੀ-ਜਾਨਵਰਾਂ ਦੀ ਉਨ੍ਹਾਂ ਲਈ ਰੁੱਖ ਅਤੇ ਜੰਗਲ ਚੌਗਿਰਦੇ ਵਿਚ ਵੱਡੀ ਗਿਣਤੀ ਵਿਚ ਹੋਣੇ ਅਤਿ ਜਰੂਰੀ ਹਨ । ਇਨ੍ਹਾਂ ਰੁੱਖਾਂ ਤੇ ਜੰਗਲਾਂ ਨਾਲ ਹੀ ਸਭ ਇਨਸਾਨ, ਪਰਿੰਦੇ, ਜਾਨਵਰ ਆਪਣੀ ਨਸਲ ਤੇ ਜਿੰਦਗੀ ਨੂੰ ਸਹੀ ਢੰਗ ਨਾਲ ਵੱਧ-ਫੁੱਲ ਸਕਦੇ ਹਨ । ਜੇਕਰ ਬਿਨ੍ਹਾਂ ਸੋਚੇ-ਸਮਝੇ ਸਰਕਾਰਾਂ ਜਾਂ ਨਿਵਾਸੀ ਆਪਣੇ ਚੌਗਿਰਦੇ ਵਿਚ ਖੜ੍ਹੇ ਦਰੱਖਤਾਂ, ਰੁੱਖਾਂ, ਹਰਿਆਲੀ ਨੂੰ ਆਪਣੇ ਸਵਾਰਥੀ ਹਿੱਤਾ ਲਈ ਇਸੇ ਤਰ੍ਹਾਂ ਤੇਜ਼ੀ ਨਾਲ ਖਤਮ ਕਰਦੇ ਰਹਿਣਗੇ, ਤਾਂ ਆਉਣ ਵਾਲੇ ਸਮੇ ਵਿਚ ਇਨਸਾਨਾਂ, ਜਾਨਵਰਾਂ, ਪੰਛੀਆਂ ਦੇ ਜੀਵਨ ਉਤੇ ਨਾਂਹਵਾਚਕ ਪ੍ਰਭਾਵ ਪੈਣ ਅਤੇ ਇਹ ਜਿੰਦਗਾਨੀਆਂ ਨੂੰ ਜਿਊਂਣ ਲਈ ਮੁਸਕਿਲ ਪੈਦਾ ਕਰਨ ਵਿਚ ਇਹ ਵਰਤਾਰਾ ਮੁੱਖ ਤੌਰ ਤੇ ਜਿੰਮੇਵਾਰ ਹੋਵੇਗਾ । ਇਸ ਲਈ ਕੇਵਲ ਇਥੋ ਦੇ ਨਿਵਾਸੀਆ ਨੂੰ ਹੀ ਨਹੀ ਬਲਕਿ ਸਰਕਾਰਾਂ, ਪ੍ਰਸ਼ਾਸ਼ਨ ਤੇ ਸਭ ਸਮਾਜਿਕ ਜਥੇਬੰਦੀਆਂ ਨੂੰ ਇਸ ਵਿਸੇ ਉਤੇ ਸਮੂਹਿਕ ਰੂਪ ਵਿਚ ਵੱਧ ਤੋ ਵੱਧ ਦਰੱਖਤ, ਰੁੱਖ ਲਗਾਉਣੇ ਚਾਹੀਦੇ ਹਨ ਅਤੇ ਜੰਗਲਾਂ ਦੀ ਹਿਫਾਜਤ ਕਰਨੀ ਚਾਹੀਦੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰ ਪਾਸੇ ਜੰਗਲਾਂ ਦੀ ਵੱਡੇ ਪੱਧਰ ਤੇ ਕਟਾਈ ਹੋਣ, ਸਹਿਰਾਂ ਤੇ ਪਿੰਡਾਂ ਵਿਚ ਖੜ੍ਹੇ ਦਰੱਖਤਾਂ ਦੇ ਵੱਢੇ ਜਾਣ ਦੀ ਤੇਜ ਰਫਤਾਰ ਉਤੇ ਅਤਿ ਗੰਭੀਰਤਾ ਨਾਲ ਆਪਣੇ ਵਿਚਾਰ ਪੇਸ ਕਰਦੇ ਹੋਏ ਅਤੇ ਹਰ ਤਰ੍ਹਾਂ ਦੀ ਜਿੰਦਗਾਨੀ ਨੂੰ ਸਹੀ ਢੰਗ ਨਾਲ ਜਿਊਣ ਲਈ ਇਨ੍ਹਾਂ ਦਰੱਖਤਾਂ ਤੇ ਜੰਗਲਾਂ ਨੂੰ ਵਧਾਉਣ ਦੀ ਹਰ ਇਨਸਾਨ ਅਤੇ ਹਕੂਮਤਾਂ ਨੂੰ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਰੁੱਖਾਂ ਤੇ ਜੰਗਲਾਂ ਦੀ ਕਟਾਈ ਨੂੰ ਰੋਕਣ ਲਈ ਅਤੇ ਨਵੇ ਦਰੱਖਤ ਲਗਾਉਣ ਤੇ ਜੰਗਲ ਪੈਦਾ ਕਰਨ ਲਈ ਅਮਲ ਨਾ ਕੀਤੇ ਗਏ ਤਾਂ ਜਿਹੜੇ ਪੰਛੀ, ਜਾਨਵਰ ਇਨ੍ਹਾਂ ਦਰੱਖਤਾਂ ਉਤੇ ਆਪਣਾ ਆਲ੍ਹਣਾ ਬਣਾਕੇ ਆਪਣੀ ਜਿੰਦਗੀ ਬਸਰ ਕਰਦੇ ਹਨ ਅਤੇ ਜੰਗਲਾਂ ਵਿਚ ਲੱਕੜਬੱਘੇ, ਚਿੱਤੇ, ਸ਼ੇਰ ਵਰਗੀ ਨਸਲ ਖਤਮ ਹੋਣ ਵੱਲ ਵੱਧਦੀ ਜਾ ਰਹੀ ਹੈ, ਇਹ ਹੋਰ ਵੀ ਵੱਡਾ ਭਿਆਨਕ ਦੁਖਾਂਤ ਹੈ । ਜਦੋ ਇਨਸਾਨ ਆਪਣੀ ਜਿੰਦਗੀ ਤੇ ਆਪਣੀਆ ਲੋੜਾਂ ਬਾਰੇ ਸੋਚਦਾ ਤੇ ਅਮਲ ਕਰਦਾ ਹੈ, ਤਾਂ ਕੁਦਰਤ ਵੱਲੋ ਪੈਦਾ ਕੀਤੇ ਗਏ ਇਨ੍ਹਾਂ ਜਾਨਵਰਾਂ, ਪੰਛੀਆਂ ਦੇ ਜੀਵਨ ਦੀ ਤੇ ਉਨ੍ਹਾਂ ਦੀ ਨਸਲ ਦੀ ਹਿਫਾਜਤ ਕਰਨਾ ਵੀ ਸਾਡਾ ਫਰਜ ਹੈ । ਇਹ ਵੀ ਦੇਖਣ ਵਿਚ ਆਇਆ ਹੈ ਕਿ ਜਿਨ੍ਹਾਂ ਦਾ ਪਿਛੋਕੜ ਸੋਚ ਅਤੇ ਮਾਲੀ ਤੌਰ ਤੇ ਪੱਛੜਿਆ ਹੋਇਆ ਹੈ, ਉਹ ਹੀ ਇਨ੍ਹਾਂ ਰੁੱਖਾਂ ਅਤੇ ਜੰਗਲਾਂ ਨੂੰ ਖਤਮ ਕਰਨ ਵਿਚ ਲੱਗੇ ਹੋਏ ਹਨ ਅਤੇ ਸਰਕਾਰਾਂ ਵੱਲੋ ਵੀ ਇਸ ਗੰਭੀਰ ਵਿਸੇ ਉਤੇ ਕੋਈ ਧਿਆਨ ਨਾ ਦੇ ਕੇ ਵੱਡੀ ਅਣਗਹਿਲੀ ਕੀਤੀ ਜਾ ਰਹੀ ਹੈ । ਇਸ ਲਈ ਸਾਡੀ ਜਿਥੇ ਇਥੋ ਦੇ ਨਿਵਾਸੀਆ ਨੂੰ ਇਹ ਮਨੁੱਖਤਾ ਲਈ ਅਤੇ ਆਲੇ ਦੁਆਲੇ ਨੂੰ ਚੰਗਾਂ ਰੱਖਣ ਲਈ ਇਹ ਅਪੀਲ ਹੈ ਕਿ ਉਹ ਜਿਥੇ ਰੁੱਖਾਂ ਤੇ ਜੰਗਲਾਂ ਦੀ ਰੱਖਿਆ ਕਰਨ ਉਥੇ ਬੀਤੇ ਲੰਮੇ ਸਮੇ ਤੋ ਵੱਡੇ ਪੱਧਰ ਤੇ ਦਰੱਖਤਾਂ ਤੇ ਜੰਗਲਾਂ ਦੀ ਕਟਾਈ ਹੋਣ ਦੀ ਬਦੌਲਤ ਮਨੁੱਖੀ ਅਤੇ ਜਾਨਵਰਾਂ, ਪੰਛੀਆਂ ਦੇ ਜੀਵਨ ਵਿਚ ਆ ਰਹੀਆ ਵੱਡੀਆ ਮੁਸਕਿਲਾਂ ਨੂੰ ਦੂਰ ਕਰਨ ਲਈ ਉਹ ਵੱਧ ਤੋ ਵੱਧ ਦਰੱਖਤ ਲਗਾਉਣ ਅਤੇ ਜੰਗਲਾਂ ਦੀ ਆਪਣਾ ਇਨਸਾਨੀ ਫਰਜ ਸਮਝਕੇ ਹਿਫਾਜਤ ਕਰਨ ।