ਸ. ਜਸਪਾਲ ਸਿੰਘ ਹੇਰਾ ਖ਼ਾਲਸਾ ਪੰਥ ਤੇ ਮਨੁੱਖਤਾ ਨੂੰ ਦ੍ਰਿੜਤਾ ਨਾਲ ਸਹੀ ਅਗਵਾਈ ਦੇਣ ਵਾਲੇ ਸਿੱਖ ਚਿੰਤਕ ਸਨ, ਖ਼ਾਲਸਾ ਪੰਥ ਨੂੰ ਅਸਹਿ ਘਾਟਾ ਪਿਆ : ਮਾਨ
ਫ਼ਤਹਿਗੜ੍ਹ ਸਾਹਿਬ, 18 ਜੁਲਾਈ ( ) “ਰੋਜਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਅਤੇ ਮਾਲਕ ਸ. ਜਸਪਾਲ ਸਿੰਘ ਹੇਰਾ ਇਕ ਅਜਿਹੀ ਮਨੁੱਖਤਾ ਪੱਖੀ ਅਤੇ ਖ਼ਾਲਸਾ ਪੰਥ ਪੱਖੀ, ਦੂਰਅੰਦੇਸ਼ੀ ਰੱਖਣ ਵਾਲੀ ਬੁੱਧੀਜੀਵੀ ਸਖਸ਼ੀਅਤ ਸਨ । ਜਿਨ੍ਹਾਂ ਨੇ ਲੰਮੇ ਸਮੇ ਤੋ ਆਪਣੇ ਰੋਜਾਨਾ ਪਹਿਰੇਦਾਰ ਅਦਾਰੇ ਰਾਹੀ ਕੇਵਲ ਖ਼ਾਲਸਾ ਪੰਥ ਨੂੰ ਹੀ ਖ਼ਾਲਸਾਈ ਕੌਮੀ ਲੀਹਾਂ, ਮਰਿਯਾਦਾਵਾਂ, ਨਿਯਮਾਂ ਸਿਧਾਤਾਂ ਉਤੇ ਚੱਲਣ ਅਤੇ ਪਹਿਰਾ ਦੇਣ ਲਈ ਹੀ ਨਹੀ ਪ੍ਰੇਰਦੇ ਰਹੇ, ਬਲਕਿ ਦ੍ਰਿੜਤਾ ਪੂਰਵਕ ਲਿਖਤਾ ਰਾਹੀ ਖ਼ਾਲਸਾ ਪੰਥ ਵਿਚ ਵਿਚਰਣ ਵਾਲੇ ਉਨ੍ਹਾਂ ਸਵਾਰਥੀ ਆਗੂਆਂ ਨੂੰ ਬਾਦਲੀਲ ਢੰਗ ਨਾਲ ਖ਼ਬਰਦਾਰ ਵੀ ਕਰਨ ਦੀ ਜਿੰਮੇਵਾਰੀ ਨਿਰੰਤਰ ਨਿਭਾਉਦੇ ਆ ਰਹੇ ਸਨ । ਜਿਨ੍ਹਾਂ ਨੇ ਬੀਤੇ ਸਮੇ ਵਿਚ ਖ਼ਾਲਸਾ ਪੰਥ ਦੀਆਂ ਕੌਮੀ ਸੰਸਥਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੁਰਬਾਨੀ ਭਰੇ ਨਾਵਾਂ ਅਤੇ ਸੰਸਥਾਵਾਂ ਦੀ ਦੁਰਵਰਤੋ ਕਰਕੇ ਸੈਟਰ ਵਿਚ ਬੈਠੇ ਹੁਕਮਰਾਨਾਂ ਨੂੰ ਹੀ ਖੁਸ਼ ਨਹੀ ਕਰਦੇ ਰਹੇ ਹਨ ਬਲਕਿ ਸਿੱਖੀ ਮਰਿਯਾਦਾਵਾਂ, ਸਿਧਾਤਾਂ ਦਾ ਉਲੰਘਣ ਕਰਕੇ ਸਾਡੀਆ ਇਨ੍ਹਾਂ ਮਹਾਨ ਸੰਸਥਾਵਾਂ ਦੇ ਮਾਣ-ਸਨਮਾਨ ਨੂੰ ਵੀ ਡੂੰਘੀ ਠੇਸ ਪਹੁੰਚਾਉਦੇ ਰਹੇ ਹਨ । ਅਜੋਕੇ ਸਮੇ ਵਿਚ ਜਦੋ ਸਿੱਖ ਕੌਮ ਵਿਚ ਹਰ ਖੇਤਰ ਵਿਚ ਦੁਬਿਧਾ ਅਤੇ ਨਮੋਸ਼ੀ ਫੈਲੀ ਹੋਈ ਹੈ, ਉਸ ਸਮੇ ਇਤਿਹਾਸਿਕ ਅਤੇ ਧਾਰਮਿਕ ਵਿਚਾਰਾਂ ਰਾਹੀ ਉਹ ਅਕਸਰ ਹੀ ਸਹੀ ਦਿਸ਼ਾ ਵੱਲ ਸੇਧ ਦੇ ਕੇ ਸਿੱਖ ਕੌਮ ਨੂੰ ਦ੍ਰਿੜਤਾ ਭਰੇ ਵਿਚਾਰਾਂ ਰਾਹੀ ਧਾਰਮਿਕ, ਸਿਆਸੀ, ਸਮਾਜਿਕ ਅਤੇ ਇਖਲਾਕੀ ਅਗਵਾਈ ਦੇਣ ਦੀ ਵੀ ਜਿੰਮੇਵਾਰੀ ਬਾਖੂਬੀ ਨਿਭਾਉਦੇ ਆ ਰਹੇ ਸਨ । ਜੇਕਰ ਇਹ ਕਹਿ ਲਿਆ ਜਾਵੇ ਕਿ ਇਸ ਔਖੀ ਘੜੀ ਵਿਚ ਜੇਕਰ ਕੋਈ ਸਿੱਖ ਚਿੰਤਕ ਬਿਨ੍ਹਾਂ ਕਿਸੇ ਡਰ ਭੈ, ਲਾਲਚ, ਦੁਨਿਆਵੀ ਲਾਲਸਾਵਾਂ ਤੋ ਰਹਿਤ ਰਹਿਕੇ ਕੌਮੀ ਅਤੇ ਧਰਮ ਦੇ ਸੱਚ ਨੂੰ ਆਪਣੇ ਰੋਜਾਨਾ ਪਹਿਰੇਦਾਰ ਅਦਾਰੇ ਰਾਹੀ ਉਜਾਗਰ ਕਰਦੇ ਸਨ ਅਤੇ ਕੌਮੀ ਏਕਤਾ ਲਈ ਹਰ ਹੀਲਾ, ਵਸੀਲਾ, ਦਲੀਲ-ਅਪੀਲ ਵਰਤਦੇ ਹੋਏ ਇਸ ਮਿਸਨ ਨੂੰ ਪ੍ਰਾਪਤ ਕਰਨ ਲਈ ਦ੍ਰਿੜ ਸਨ, ਤਾਂ ਉਹ ਸਰਦਾਰ ਜਸਪਾਲ ਸਿੰਘ ਹੇਰਾ ਦੀ ਸਰਬੱਤ ਦਾ ਭਲਾ ਚਾਹੁੰਣ ਵਾਲੀ ਤੇ ਕੌਮ ਪੱਖੀ ਸਖਸ਼ੀਅਤ ਸਨ । ਜਿਨ੍ਹਾਂ ਦੇ ਚਲੇ ਜਾਣ ਨਾਲ ਸਮੁੱਚੀ ਮਨੁੱਖਤਾ ਨੂੰ ਅਤੇ ਸਿੱਖ ਕੌਮ ਨੂੰ ਵਿਸੇਸ ਤੌਰ ਤੇ ਕਦੀ ਵੀ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੌਮ ਦੀ ਅਤਿ ਗੰਭੀਰ ਚਿੰਤਕ ਸਖਸ਼ੀਅਤ ਸ. ਜਸਪਾਲ ਸਿੰਘ ਹੇਰਾ ਦੇ ਵੱਲੋ ਲੰਮੇ ਸਮੇ ਤੋ ਬਿਮਾਰੀ ਨਾਲ ਜੂਝਦੇ ਹੋਏ ਮੋਹਾਲੀ ਦੇ ਮੈਕਸ ਹਸਪਤਾਲ ਵਿਚ ਜੇਰੇ ਇਲਾਜ ਅਧੀਨ ਆਪਣੇ ਸਵਾਸਾਂ ਦੀ ਮਿਲੀ ਪੂੰਜੀ ਨੂੰ ਪੂਰਨ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜਨ ਉਤੇ ਵੱਡੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਅਤੇ ਉਨ੍ਹਾਂ ਦੀ ਨੇਕ ਪਵਿੱਤਰ ਬੇਦਾਗ ਸਖਸ਼ੀਅਤ ਤੇ ਆਤਮਾ ਦੀ ਸ਼ਾਤੀ ਲਈ ਅਰਦਾਸ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਬਹੁਤ ਲੰਮੇ ਸਮੇ ਦੇ ਇੰਤਜਾਰ ਤੇ ਸੰਘਰਸ ਤੋ ਬਾਅਦ ਕਿਸੇ ਕੌਮ ਨੂੰ ਅਜਿਹੀਆ ਚਿੰਤਕ ਦ੍ਰਿੜ ਵਿਚਾਰ ਰੱਖਣ ਵਾਲੀਆ ਸਖਸ਼ੀਅਤਾਂ ਮਿਲਦੀਆਂ ਹਨ ਜਿਨ੍ਹਾਂ ਦੇ ਚਲੇ ਜਾਣ ਨਾਲ ਅੱਜ ਹਰ ਮਨੁੱਖਤਾ ਪੱਖੀ ਤੇ ਇਨਸਾਨੀਅਤ ਪੱਖੀ ਆਤਮਾ ਦੀਆਂ ਅੱਖਾਂ ਨਮ ਹੋਈਆ ਪਈਆ ਹਨ । ਜਿਥੇ ਅਸੀ ਉਨ੍ਹਾਂ ਵੱਲੋ ਲੰਮਾਂ ਸਮਾਂ ਅਤਿ ਸੰਕਟ ਸਮੇ ਵਿਚ ਵੀ ਕੌਮ ਤੇ ਖ਼ਾਲਸਾ ਪੰਥ ਪ੍ਰਤੀ ਨਿਭਾਈਆ ਜਾਂਦੀਆ ਆ ਰਹੀਆ ਜਿੰਮੇਵਾਰੀਆ ਤੇ ਫਰਜਾਂ ਨੂੰ ਪੂਰਨ ਕਰਨ ਲਈ ਉਨ੍ਹਾਂ ਦੀ ਨੇਕ ਆਤਮਾ ਦੇ ਰਿਣੀ ਹਾਂ । ਉਥੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸਮੂਹਿਕ ਤੌਰ ਤੇ ਅਰਦਾਸ ਕਰਦੇ ਹੋਏ ਗੁਰੂ ਚਰਨਾਂ ਵਿਚ ਅਰਜੋਈ ਕਰਦੇ ਹਾਂ ਕਿ ਸਾਡੇ ਤੋ ਵਿਛੜੀ ਇਸ ਨੇਕ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸਣ । ਸਮੁੱਚੇ ਹੇਰਾ ਪਰਿਵਾਰ ਤੇ ਖ਼ਾਲਸਾ ਪੰਥ ਨੂੰ ਭਾਣੇ ਵਿਚ ਵਿਚਰਣ ਦੀ ਸ਼ਕਤੀ ਦੀ ਬਖਸਿਸ ਕਰਨ । ਸਮੂਹਿਕ ਤੌਰ ਤੇ ਉਨ੍ਹਾਂ ਦੀ ਆਤਮਾ ਦੀ ਹੋਣ ਵਾਲੀ ਅਰਦਾਸ ਵਿਚ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋ ਇਲਾਵਾ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਮਾਸਟਰ ਕਰਨੈਲ ਸਿੰਘ ਨਾਰੀਕੇ, ਡਾ. ਹਰਜਿੰਦਰ ਸਿੰਘ ਜੱਖੂ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਕੁਲਦੀਪ ਸਿੰਘ ਭਾਗੋਵਾਲ, ਹਰਪਾਲ ਸਿੰਘ ਬਲੇਰ, ਉਪਕਾਰ ਸਿੰਘ ਸੰਧੂ, ਅੰਮ੍ਰਿਤਪਾਲ ਸਿੰਘ ਛੰਦੜਾ, ਗੁਰਜੰਟ ਸਿੰਘ ਕੱਟੂ ਸਾਰੇ ਜਰਨਲ ਸਕੱਤਰ, ਇਮਾਨ ਸਿੰਘ ਮਾਨ, ਗੋਬਿੰਦ ਸਿੰਘ ਸੰਧੂ, ਹਰਭਜਨ ਸਿੰਘ ਕਸਮੀਰੀ, ਬਹਾਦਰ ਸਿੰਘ ਭਸੌੜ, ਗੁਰਨੈਬ ਸਿੰਘ ਰਾਮਪੁਰਾ ਆਦਿ ਆਗੂ ਹਾਜਰ ਸਨ ।