ਸਿੱਖ ਕੌਮ ਇਕੱਲੀ ਮਹਿਸੂਸ ਨਾ ਕਰੇ! ਕਿਉਂਕਿ ਵੱਡੇ ਮੁਲਕਾਂ ਦੀਆਂ ਸਕਾਟਲੈਂਡ ਵਰਗੀਆਂ ਪਾਰਲੀਮੈਂਟਾ ਸਿੱਖਾਂ ਉਤੇ ਹੋ ਰਹੇ ਜ਼ਬਰ-ਕਤਲ ਵਿਰੁੱਧ ਮਤੇ ਪਾਸ ਕਰ ਰਹੀਆ ਹਨ : ਮਾਨ
ਫ਼ਤਹਿਗੜ੍ਹ ਸਾਹਿਬ, 17 ਜੁਲਾਈ ( ) “ਜਦੋਂ 1984 ਵਿਚ ਸਿੱਖਾਂ ਦੇ ਹੋਏ ਗੈਰ ਇਨਸਾਨੀਅਤ ਕਤਲੇਆਮ, ਜ਼ਬਰ-ਜੁਲਮ ਵਿਰੁੱਧ ਸਕਾਟਲੈਂਡ, ਕੈਨੇਡਾ, ਅਮਰੀਕਾ ਅਤੇ ਹੋਰ ਮੁਲਕਾਂ ਵਿਚ ਲਿਖਤੀ ਮਤੇ ਪਾਸ ਕਰਕੇ ਇੰਡੀਅਨ ਹੁਕਮਰਾਨਾਂ ਦੇ ਮਨੁੱਖਤਾ ਵਿਰੋਧੀ ਅਮਲਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰ ਰਹੀਆ ਹਨ ਤਾਂ ਸਿੱਖ ਕੌਮ ਨੂੰ ਅਜਿਹੀ ਔਖੀ ਘੜੀ ਵਿਚ ਬਿਲਕੁਲ ਵੀ ਇਕੱਲੇ ਮਹਿਸੂਸ ਨਹੀ ਕਰਨਾ ਚਾਹੀਦਾ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਸਿੱਖ ਤਾਂ ਉਸ ਸਮੇ ਵੀ ਕਦੀ ਨਹੀ ਘਬਰਾਏ ਜਦੋ ਮੁਗਲਾਂ ਵੱਲੋ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਸਨ । ਉਸ ਸਮੇ ਵੀ ਭਾਈ ਬੋਤਾ ਸਿੰਘ, ਭਾਈ ਗਰਜਾ ਸਿੰਘ ਨੇ ਲਾਹੌਰ ਜਾਣ ਵਾਲੀ ਜੀ.ਟੀ ਰੋਡ ਤੇ ਟੈਕਸ ਲਗਾਕੇ ਪ੍ਰਤੱਖ ਕਰ ਦਿੱਤਾ ਸੀ ਕਿ ਸਿੱਖ ਕੌਮ ਨੂੰ ਕੋਈ ਵੀ ਵੱਡੇ ਤੋ ਵੱਡਾ ਹੁਕਮਰਾਨ ਜਾਂ ਦੁਸਮਣ ਖਤਮ ਨਹੀ ਕਰ ਸਕਦਾ ਅਤੇ ਨਾ ਹੀ ਸਿੱਖ ਕੌਮ ਅਜਿਹੇ ਜ਼ਬਰ ਕਤਲੇਆਮ ਅੱਗੇ ਕਦੀ ਈਂਨ ਮੰਨਦੀ ਹੈ । ਹੁਣ ਤਾਂ ਵੱਡੇ ਮੁਲਕ ਸਿੱਖ ਕੌਮ ਨਾਲ ਇਨਸਾਨੀਅਤ ਤੇ ਮਨੁੱਖਤਾ ਦੇ ਬਿਨ੍ਹਾਂ ਤੇ ਖੜ੍ਹੇ ਹਨ । ਇਸ ਲਈ ਸਿੱਖ ਕੌਮ ਨੂੰ ਆਪਣੀ ਆਜਾਦੀ ਦੀ ਜੰਗ ਵਿਚ ਕਿਸੇ ਤਰ੍ਹਾਂ ਦੀ ਵੀ ਢਿੱਲ ਨਹੀ ਆਉਣ ਦੇਣੀ ਚਾਹੀਦੀ । ਬਲਕਿ ਪਹਿਲੇ ਨਾਲੋ ਵੀ ਵਧੇਰੇ ਦ੍ਰਿੜਤਾ ਅਤੇ ਦੂਰਅੰਦੇਸ਼ੀ ਨਾਲ ਆਪਣੀ ਕੌਮੀ ਮੰਜਿਲ ਵੱਲ ਵੱਧਣਾ ਚਾਹੀਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 1984 ਵਿਚ, ਉਸ ਤੋ ਬਾਅਦ ਅਤੇ ਅਜੋਕੇ ਸਮੇ ਵਿਚ ਹਿੰਦੂਤਵ ਹੁਕਮਰਾਨਾਂ ਵੱਲੋ ਸਿੱਖ ਕੌਮ ਦੇ ਗੈਰ ਕਾਨੂੰਨੀ, ਗੈਰ ਇਨਸਾਨੀ ਢੰਗਾਂ ਰਾਹੀ ਕੀਤੇ ਜਾਣ ਵਾਲੇ ਕਤਲਾਂ ਵਿਰੁੱਧ ਸਕਾਟਲੈਡ ਦੀ ਪਾਰਲੀਮੈਟ ਵਿਚ ਬਾਦਲੀਲ ਢੰਗ ਨਾਲ ਮਤਾ ਪਾਸ ਕਰਨ ਦਾ ਧੰਨਵਾਦ ਕਰਦੇ ਹੋਏ ਅਤੇ ਸਿੱਖ ਕੌਮ ਨੂੰ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਾ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਅਸੀ ਸਕਾਟਲੈਡ ਦੀ ਪਾਰਲੀਮੈਟ ਨੂੰ ਜਾਣਕਾਰੀ ਦੇਣਾ ਚਾਹਵਾਂਗੇ ਕਿ ਸ੍ਰੀ ਮੋਦੀ ਦੀ ਅਗਵਾਈ ਹੇਠ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਦੇ ਮੁੱਖੀ ਰਵੀ ਸਿਨ੍ਹਾ ਅਤੇ ਰਾਅ ਦੇ ਸਾਬਕਾ ਮੁੱਖੀ ਸੰਮਤ ਗੋਇਲ ਨੇ ਆਜਾਦੀ ਮੰਗਣ ਵਾਲੇ ਸਿੱਖਾਂ ਨੂੰ ਬਾਹਰਲੇ ਮੁਲਕਾਂ ਅਤੇ ਇੰਡੀਆਂ ਵਿਚ ਕਤਲੇਆਮ ਕਰਨ ਦੀ ਨੀਤੀ ਅਪਣਾਈ ਹੋਈ ਹੈ । ਇਸੇ ਸੋਚ ਅਧੀਨ ਕੈਨੇਡਾ ਵਿਚ ਸ. ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ ਅਤੇ ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਉਪਰੋਕਤ ਹੁਕਮਰਾਨਾਂ ਨੇ ਕੀਤੇ ਹਨ ਅਤੇ ਸਿੱਖ ਕੌਮ ਦੇ ਖੂਨ ਨਾਲ ਇਨ੍ਹਾਂ ਦੇ ਹੱਥ ਤੇ ਚੇਹਰੇ ਰੰਗੇ ਹੋਏ ਹਨ । ਇਥੋ ਤੱਕ ਕਿ ਅਮਰੀਕਨ ਨਾਗਰਿਕ ਸ. ਗੁਰਪਤਵੰਤ ਸਿੰਘ ਪੰਨੂੰ ਨੂੰ ਵੀ ਇਨ੍ਹਾਂ ਨੇ ਮਰਵਾਉਣ ਦੀ ਸਾਜਿਸ ਰਚੀ ਸੀ ਜਿਸਦੇ ਦੋਸ਼ੀ ਨਿਖਿਲ ਗੁਪਤਾ ਨੂੰ ਅਮਰੀਕਾ ਨੇ ਗ੍ਰਿਫਤਾਰ ਕਰਕੇ ਉਸਦੀ ਟ੍ਰਾਈਲ ਸੁਰੂ ਕਰ ਦਿੱਤੀ ਹੈ ।
ਸਕਾਟਲੈਡ ਦੀ ਪਾਰਲੀਮੈਟ ਵਿਚ ਜੋ ਸਿੱਖਾਂ ਨੂੰ 1984 ਵਿਚ ਮਾਰੇ ਜਾਣ ਦੇ ਵਿਰੁੱਧ ਮਤਾ ਪਾਸ ਕੀਤਾ ਗਿਆ ਹੈ ਅਤੇ ਇਹ ਮਤਾ ਕਾਊਕਾਵ ਸਟੀਵਾਰਟ, ਗਲਾਸਗੋ ਕੈਲਵਿਨ ਸਕਾਟਲੈਡ ਦੀ ਨੈਸਨਲ ਪਾਰਟੀ ਨੇ 02 ਅਕਤੂਬਰ 2023 ਨੂੰ ਪਾਰਲੀਮੈਟ ਵਿਚ ਪੇਸ ਕੀਤਾ ਸੀ । ਜਿਸਦਾ ਮੋਸਨ ਰੈਫਰੈਸ ਨੰਬਰ ਐਸ6ਐਮ-10590 ਹੈ ਦੇ ਲਈ ਅਸੀ ਸਮੁੱਚੇ ਸਕਾਟਲੈਡ ਦੀ ਸਰਕਾਰ ਦਾ ਸਵਾਗਤ ਕਰਦੇ ਹਾਂ । ਜਿਨ੍ਹਾਂ ਨੇ ਸਿੱਖ ਮਰਦਾਂ, ਔਰਤਾਂ, ਬੱਚਿਆਂ ਨੂੰ 31 ਅਕਤੂਬਰ 1984 ਤੋ ਲੈਕੇ 04 ਨਵੰਬਰ 1984 ਤੱਕ ਕਤਲੇਆਮ ਕਰਨ ਸੰਬੰਧੀ ਸਮੁੱਚੇ ਇੰਡੀਆ ਵਿਚ 3000 ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਕਤਲ ਕੀਤਾ ਸੀ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪੰਜਾਬ ਸੂਬੇ ਦੀ ਖੇਤਰੀ ਪਾਰਟੀ ਸਿੱਖ ਕੌਮ ਦੇ ਬਿਨ੍ਹਾਂ ਤੇ ਸਕਾਟਲੈਡ ਦੀ ਪਾਰਲੀਮੈਟ ਦਾ ਜਿਥੇ ਇਸ ਕੀਤੇ ਗਏ ਮਨੁੱਖਤਾ ਪੱਖੀ ਉੱਦਮ ਲਈ ਤਹਿ ਦਿਲੋ ਧੰਨਵਾਦ ਕਰਦੀ ਹੈ, ਉਥੇ ਉਨ੍ਹਾਂ ਨੂੰ ਇਹ ਵਿਸਵਾਸ ਵੀ ਦਿਵਾਉਦੀ ਹੈ ਕਿ ਅਸੀ ਆਪਣੀ ਕੌਮੀ ਆਜਾਦੀ ਦੀ ਲੜਾਈ ਨੂੰ ਕੌਮਾਂਤਰੀ ਮਨੁੱਖਤਾ ਪੱਖੀ ਕਾਨੂੰਨਾਂ, ਨਿਯਮਾਂ ਅਧੀਨ ਅਮਨਮਈ ਤੇ ਜਮਹੂਰੀਅਤ ਢੰਗਾਂ ਨਾਲ ਨਿਸ਼ਾਨੇ ਵੱਲ ਲਿਜਾਵਾਂਗੇ ਅਤੇ ਸਾਡੀ ਪਾਰਟੀ ਰੌਬਟ ਬਰੂਸ ਤੋ ਹਮੇਸ਼ਾਂ ਅਗਵਾਈ ਲੈਦੀ ਰਹੇਗੀ ਜਿਨ੍ਹਾਂ ਨੇ ਕਦੀ ਵੀ ਔਖੀ ਤੋ ਔਖੀ ਘੜੀ ਵਿਚ ਵੀ ਆਪਣਾ ਹੌਸਲਾ ਨਹੀ ਸੀ ਛੱਡਿਆ । ਕਿਉਂਕਿ ਬਰਤਾਨੀਆ ਦੇ ਸੰਸਾਰ ਪ੍ਰਸਿੱਧ ਇਤਿਹਾਸਕਾਰ ਕਨਿੰਘਮ ਸਿੱਖਾਂ ਸੰਬੰਧੀ ਲਿਖਦੇ ਹਨ ਕਿ “ਸਿੱਖ ਹਮੇਸ਼ਾਂ ਹਿੰਮਤ ਕਰਦੇ ਹਨ ਅਤੇ ਹੌਸਲਾ ਰੱਖਦੇ ਹਨ ਪਰ ਕਦੀ ਵੀ ਹਾਰ ਨੂੰ ਪ੍ਰਵਾਨ ਨਹੀ ਕਰਦੇ”।