ਸ੍ਰੀ ਅਕਾਲ ਤਖ਼ਤ ਸਾਹਿਬ, ਐਸ.ਜੀ.ਪੀ.ਸੀ. ਅਤੇ ਸ਼੍ਰੋਮਣੀ ਅਕਾਲੀ ਦਲ ਕੌਮੀ ਸੰਸਥਾਵਾਂ, ਕਿਸੇ ਇਕ ਪਾਰਟੀ ਜਾਂ ਪਰਿਵਾਰ ਦੀਆਂ ਮਲਕੀਅਤ ਨਹੀਂ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 16 ਜੁਲਾਈ ( ) “ਇਹ ਬਹੁਤ ਹੀ ਦੁੱਖ ਤੇ ਅਫਸੋਸ ਵਾਲੀਆ ਕਾਰਵਾਈਆ ਲੰਮੇ ਸਮੇ ਤੋ ਹੁੰਦੀਆਂ ਆ ਰਹੀਆ ਹਨ ਕਿ ਜਿਸ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਹਾਨ ਸਥਾਂਨ ਨੂੰ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੇ ਸਿਧਾਂਤ ਨੂੰ ਉਜਾਗਰ ਤੇ ਮਜਬੂਤ ਕਰਨ ਹਿੱਤ ਹੋਦ ਵਿਚ ਲਿਆਂਦਾ ਸੀ ਅਤੇ ਸਿੱਖ ਕੌਮ ਦੀ ਨਿਵੇਕਲੀ ਤੇ ਅਣਖੀਲੀ ਪਹਿਚਾਣ ਨੂੰ ਕਾਇਮ ਰੱਖਣ ਵਾਲੀ ਸੰਸਥਾਂ ਹੈ, ਉਸਦੀ ਬਾਦਲ ਪਰਿਵਾਰ ਵੱਲੋ ਆਪਣੇ ਸਿਆਸੀ, ਮਾਲੀ ਅਤੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਦੁਰਵਰਤੋ ਕਰਕੇ ਇਸਦੇ ਵੱਡੇ ਮਾਣ-ਸਨਮਾਨ ਨੂੰ ਡੂੰਘੀ ਠੇਸ ਹੀ ਨਹੀ ਪਹੁੰਚਾਉਦੇ ਆ ਰਹੇ ਬਲਕਿ ਜਿਥੋ ਹੋਣ ਵਾਲੇ ਹੁਕਮਨਾਮਿਆ ਨੂੰ ਸਿੱਖ ਕੌਮ ਉਸ ਅਕਾਲ ਪੁਰਖ ਦਾ ਹੁਕਮ ਪ੍ਰਵਾਨ ਕਰਦੀ ਹੈ, ਉਸ ਸਥਾਂਨ ਦੀ ਸਰਬਉੱਚਤਾਂ, ਮਰਿਯਾਦਾਵਾਂ ਤੇ ਨਿਯਮਾਂ ਦਾ ਘਾਣ ਕਰਦੇ ਹੋਏ ਬਾਦਲ ਪਰਿਵਾਰ ਮੁਲੀਨ ਹੋਇਆ ਪਿਆ ਹੈ । ਜਦੋਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾਂ, ਐਸ.ਜੀ.ਪੀ.ਸੀ ਅਤੇ ਸ਼੍ਰੋਮਣੀ ਅਕਾਲੀ ਦਲ ਕੌਮੀ ਸੰਸਥਾਵਾਂ ਹਨ ਨਾ ਕਿ ਕਿਸੇ ਇਕ ਪਰਿਵਾਰ ਜਾਂ ਵਿਅਕਤੀ ਦੀ ਨਿੱਜੀ ਮਲਕੀਅਤ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਦੀ ਸਰਬਉੱਚ ਮਹਾਨ ਸੰਸਥਾਂ ਸ੍ਰੀ ਅਕਾਲ ਤਖ਼ਤ ਸਾਹਿਬ, ਐਸ.ਜੀ.ਪੀ.ਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਲੰਮੇ ਸਮੇ ਤੋ ਬਾਦਲ ਪਰਿਵਾਰ ਅਤੇ ਸਿਆਸਤਦਾਨਾਂ ਵੱਲੋ ਕੀਤੀ ਜਾਂਦੀ ਆ ਰਹੀ ਦੁਰਵਰਤੋ ਲਈ ਦੋਸ਼ੀ ਠਹਿਰਾਉਦੇ ਹੋਏ ਅਤੇ ਇਸ ਹੋ ਰਹੇ ਕੌਮ ਵਿਰੋਧੀ ਅਮਲ ਦਾ ਅੰਤ ਕਰਨ ਲਈ ਮੌਜੂਦਾ ਤਖ਼ਤਾਂ ਤੇ ਬਿਰਾਜਮਾਨ ਸਿੰਘ ਸਾਹਿਬਾਨਾਂ ਨੂੰ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਅੱਜ ਸ. ਸੁਖਬੀਰ ਸਿੰਘ ਬਾਦਲ ਦੀ ਸਿਆਸੀ ਪ੍ਰਧਾਨਗੀ ਨੂੰ ਖਤਰਾ ਪੈਦਾ ਹੋਇਆ ਹੈ ਜਾਂ ਇਨ੍ਹਾਂ ਵਿਚੋ ਨਿਕਲੇ ਬਾਗੀ ਆਗੂਆ ਦੇ ਸਿਆਸੀ ਰੁਤਬੇ ਢੇਰ ਹੁੰਦੇ ਨਜਰ ਆ ਰਹੇ ਹਨ ਤਾਂ ਇਹ ਲੋਕ ਆਪਣੀਆ ਨਿੱਜੀ ਜਾਇਦਾਦ ਸਮਝਕੇ ਹੀ ਫਿਰ ਦੁਰਵਰਤੋ ਕਰਨ ਦੇ ਅਮਲ ਕਰਨ ਜਾ ਰਹੇ ਹਨ । ਇਨ੍ਹਾਂ ਮਹਾਨ ਸੰਸਥਾਵਾਂ ਦੀ ਜਾਂ ਸਿੱਖੀ ਉੱਚ ਮਰਿਯਾਦਾਵਾਂ, ਨਿਯਮਾਂ ਦੀ ਉਲੰਘਣਾ ਕਰਨ ਦੀ ਇਨ੍ਹਾਂ ਵਿਚੋ ਕਿਸੇ ਨੂੰ ਵੀ ਇਜਾਜਤ ਨਹੀ ਹੈ । ਭਾਵੇ ਉਹ ਸ. ਸੁਖਬੀਰ ਸਿੰਘ ਬਾਦਲ ਹੋਣ, ਸ. ਢੀਂਡਸਾ ਹੋਵੇ, ਸ. ਚੰਦੂਮਾਜਰਾ ਆਦਿ ਕੋਈ ਵੀ ਹੋਵੇ । ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨ ਸੰਸਥਾਂ ਦੇ ਮਾਲਕ ਉਹ ਅਕਾਲ ਪੁਰਖ ਹਨ ਅਤੇ ਦੁਨਿਆਵੀ ਮਾਲਕ ਸਮੁੱਚੀ ਸਿੱਖ ਕੌਮ ਹੈ ਨਾ ਕਿ ਦਾਗੋ ਦਾਗ ਹੋਏ ਇਨ੍ਹਾਂ ਦੋਵਾਂ ਧਿਰਾਂ ਦੇ ਆਗੂ । ਇਸ ਲਈ ਬਾਦਲ ਪਰਿਵਾਰ ਤੇ ਦੁਰਕਾਰੇ ਜਾ ਚੁੱਕੇ ਆਗੂਆ ਨੂੰ ਕੋਈ ਹੱਕ ਨਹੀ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ, ਐਸ.ਜੀ.ਪੀ.ਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਕੁਰਬਾਨੀਆ ਉਪਰੰਤ ਹੋਦ ਵਿਚ ਆਈਆ ਸੰਸਥਾਵਾਂ ਦੇ ਨਾਮ ਦੀ ਦੁਰਵਰਤੋ ਕਰਕੇ ਆਪੋ ਆਪਣੇ ਸਿਆਸੀ ਰੁਤਬਿਆ ਤੇ ਚੌਧਰਾਂ ਨੂੰ ਕਾਇਮ ਰੱਖਣ । ਜਦੋ ਸਿੱਖ ਕੌਮ ਨੇ ਦੋਵਾਂ ਧਿਰਾਂ ਦੇ ਆਗੂਆਂ ਨੂੰ ਆਪਣੀ ਵੋਟ ਸ਼ਕਤੀ ਰਾਹੀ ਦੁਰਕਾਰ ਦਿੱਤਾ ਹੈ, ਤਾਂ ਇਨ੍ਹਾਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਮਹਾਨ ਤਿੰਨੇ ਕੌਮੀ ਸੰਸਥਾਵਾਂ ਉਤੇ ਦਿਸ਼ਾਹੀਣ ਨਿਰਾਰਥਕ ਸੋਚ ਅਧੀਨ ਕਬਜੇ ਕਰਨ ਦੀ ਖ਼ਾਲਸਾ ਪੰਥ ਵਿਰੋਧੀ ਸੋਚ ਨੂੰ ਅਲਵਿਦਾ ਕਹਿਕੇ ‘ਮੈਂ ਮਰਾਂ ਪੰਥ ਜੀਵੈ’ ਦੀ ਵੱਡਮੁੱਲੀ ਸੋਚ ਅਧੀਨ ਸਿੱਖ ਕੌਮ ਦੀ ਮੰਝਧਾਰ ਵਿਚ ਡਿੱਕ ਡੋਲੇ ਖਾਂਦੀ ਬੇੜੀ ਨੂੰ ਕਿਨਾਰੇ ਤੇ ਲਗਾਉਣ ਲਈ ਖੁਦ ਹੀ ਵੱਡਾ ਦਿਲ ਕਰਕੇ, ਹਊਮੈ ਤਿਆਗਕੇ ਉਸ ਅਕਾਲ ਪੁਰਖ ਦੇ ਹੁਕਮ ਨੂੰ ਪ੍ਰਵਾਨ ਕਰਕੇ ਪਾਸੇ ਹੋ ਜਾਣ । ਨਵੀ ਨਿਰੋਈ ਪੰਥਕ ਸੋਚ, ਮਰਿਯਾਦਾਵਾ ਉਤੇ ਪਹਿਰਾ ਦੇਣ ਵਾਲੀ ਸੋਚ ਦੀ ਮਾਲਕ ਲੀਡਰਸਿਪ ਨੂੰ ਇਨ੍ਹਾਂ ਸੰਸਥਾਵਾਂ ਲਈ ਕੌਮ ਦੇ ਹਿੱਤ ਵਿਚ ਕੰਮ ਕਰਨ ਲਈ ਤਿਆਗ ਦੀ ਭਾਵਨਾ ਅਧੀਨ ਭੂਮਿਕਾ ਨਿਭਾਉਣ ਦਾ ਸਬੂਤ ਦੇਣ, ਤਦ ਹੀ ਇਨ੍ਹਾਂ ਉਪਰੋਕਤ ਆਗੂਆ ਦੀ ਬਦੌਲਤ ਵਿਗੜੀ ਸਥਿਤੀ ਵਿਚ ਸੁਧਾਰ ਹੋ ਸਕੇਗਾ।
ਉਨ੍ਹਾਂ ਕਿਹਾ ਕਿ ਮੌਜੂਦਾ ਤਖਤਾਂ ਉਤੇ ਬਿਰਾਜਮਾਨ ਸਿੰਘ ਸਾਹਿਬਾਨ ਨੂੰ ਵੀ ਚਾਹੀਦਾ ਹੈ ਕਿ ਭਾਵੇ ਉਨ੍ਹਾਂ ਦੀਆਂ ਨਿਯੁਕਤੀਆਂ ਬਾਦਲ ਪਰਿਵਾਰ ਦੇ ਦੋਸ਼ਪੂਰਨ ਪ੍ਰਬੰਧ ਹੇਠ ਉਨ੍ਹਾਂ ਦੇ ਰਹਿਮੋ ਕਰਮ ਤੇ ਹੋਈਆ ਹਨ, ਪਰ ਫਿਰ ਵੀ ਉਹ ਪੁਰਾਤਨ ਸਤਿਕਾਰਿਤ ਜਥੇਦਾਰ ਅਕਾਲੀ ਫੂਲਾ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਦੇ ਪਹਿਲੇ ਹੈੱਡਗ੍ਰੰਥੀ ਬਾਬਾ ਬੁੱਢਾ ਜੀ ਦੇ ਮਨੁੱਖਤਾ ਪੱਖੀ ਮਹਾਨ ਤੇ ਦ੍ਰਿੜਤਾ ਭਰੇ ਜੀਵਨ ਤੋ ਸੇਧ ਲੈਕੇ ਮੌਜੂਦਾ ਚੱਲ ਰਹੇ ਕੌਮੀ ਪ੍ਰੰਪਰਾਵਾਂ ਤੇ ਨਿਯਮਾਂ ਦੇ ਹੋ ਰਹੇ ਉਲੰਘਣ ਵਾਲੇ ਦੁੱਖਦਾਇਕ ਅਮਲ ਦਾ ਖਾਤਮਾ ਕਰਨ ਲਈ ਉੱਦਮ ਕਰ ਸਕਣ ਤੇ ਪੁਰਾਤਨ ਦੋਵਾਂ ਧਿਰਾਂ ਵਿਚ ਭਾਰੀ ਦਾਗੀ ਲੀਡਰਸਿਪ ਨੂੰ ਲਾਂਭੇ ਕਰਕੇ, ਨਵੀ ਨਿਰੋਈ ਸਿੱਖੀ ਸੋਚ ਤੇ ਪਹਿਰਾ ਦੇਣ ਵਾਲੀ ਲੀਡਰਸਿਪ ਦੇ ਹੱਥ ਧਾਰਮਿਕ ਤੇ ਸਿਆਸੀ ਵਾਂਗਡੋਰ ਸੰਭਾਲਣ ਦੀ ਜਿੰਮੇਵਾਰੀ ਨਿਭਾਅ ਸਕਣ ਤਾਂ ਇਹ ਪੰਜੇ ਜਥੇਦਾਰ ਸਾਹਿਬਾਨ ਖ਼ਾਲਸਾ ਪੰਥ ਲਈ ਇਕ ਰਹਿੰਦੀ ਦੁਨੀਆ ਤੱਕ ਇਤਿਹਾਸਿਕ ਯਾਦ ਰੱਖਣ ਯੋਗ ਮਜਬੂਤ ਫੈਸਲਾ ਕਰਨ ਦੀ ਜਿੰਮੇਵਾਰੀ ਨਿਭਾਅ ਰਹੇ ਹੋਣਗੇ ਅਤੇ ਆਪੋ ਆਪਣੇ ਰਹਿੰਦੇ ਸਵਾਸਾਂ ਨੂੰ ਸਫਲ ਹੀ ਨਹੀ ਕਰ ਰਹੇ ਹੋਣਗੇ ਬਲਕਿ ਮੀਰੀ-ਪੀਰੀ ਦੇ ਸਿਧਾਂਤ ਸੋਚ ਨੂੰ ਇਕ ਵਾਰੀ ਫਿਰ ਸਮੁੱਚੀ ਦੁਨੀਆ ਵਿਚ ਉਜਾਗਰ ਤੇ ਮਜਬੂਤ ਕਰਨ ਦੀ ਭੂਮਿਕਾ ਨਿਭਾਅ ਜਾਣਗੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਮੌਜੂਦਾ ਸਿੰਘ ਸਾਹਿਬਾਨ ਆਪਣੇ ਉੱਚ ਰੁਤਬਿਆ ਤੇ ਸਤਿਕਾਰ ਮਾਣ ਨੂੰ ਕਾਇਮ ਰੱਖਦੇ ਹੋਏ ਇਸ ਦਿਸ਼ਾ ਵੱਲ ਕੋਈ ਠੋਸ ਕੌਮ ਪੱਖੀ ਫੈਸਲਾ ਕਰਨ ਵਿਚ ਕਾਮਯਾਬ ਹੋਣਗੇ ਅਤੇ ਸਿੱਖ ਕੌਮ ਦੀ ਡਿੱਕ ਡੋਲੇ ਖਾਂਦੀ ਬੇੜੀ ਨੂੰ ਕਿਨਾਰੇ ਲਗਾਉਣ ਵਿਚ ਸਹਾਈ ਹੋਣਗੇ ।