ਇੰਡੀਆਂ ਵਿਚ ਪੁਰਾਤਨ ਮਸਜਿਦਾਂ ਨੂੰ ਢਾਹਕੇ ਜ਼ਬਰੀ ਬਣਾਏ ਜਾ ਰਹੇ ਮੰਦਰਾਂ ਵਿਰੁੱਧ ਅਮਲ ਵਿਚ ਓ.ਆਈ.ਸੀ. ਸਾਮਿਲ ਹੋਵੇ ਅਤੇ ਮੁਸਲਿਮ ਕੌਮ ਦ੍ਰਿੜ ਸਟੈਂਡ ਲਵੇ : ਮਾਨ
ਫ਼ਤਹਿਗੜ੍ਹ ਸਾਹਿਬ, 16 ਜੁਲਾਈ ( ) “ਇਹ ਬਹੁਤ ਹੀ ਸ਼ਰਮਨਾਕ, ਪੱਖਪਾਤੀ ਅਤੇ ਘੱਟ ਗਿਣਤੀ ਮੁਸਲਿਮ ਕੌਮ ਦੇ ਮਨ-ਆਤਮਾਵਾ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੀ ਅਤਿ ਦੁੱਖਦਾਇਕ ਅਮਲ ਹੋ ਰਿਹਾ ਹੈ ਕਿ ਇੰਡੀਆਂ ਵਿਚ ਜਿਥੇ ਵੀ ਪੁਰਾਤਨ 100-100 ਸਾਲ ਪੁਰਾਣੀਆਂ ਮਸਜਿਦਾਂ ਹਨ, ਉਥੇ ਮੌਜੂਦਾ ਇੰਡੀਅਨ ਹੁਕਮਰਾਨ ਮੁਤੱਸਵੀ ਸੋਚ ਅਧੀਨ ਆਪਣੇ ਹਿੰਦੂ ਮੰਦਰ ਹੋਣ ਦਾ ਪ੍ਰਚਾਰ ਤੇ ਦਾਅਵਾ ਕਰਕੇ ਉਨ੍ਹਾਂ ਨੂੰ ਜ਼ਬਰੀ ਬੁਲਡੋਜਰਾਂ ਨਾਲ ਢਾਹੁਣ ਅਤੇ ਆਪਣੇ ਅਯੁੱਧਿਆ ਦੀ ਤਰ੍ਹਾਂ ਮੰਦਰ ਬਣਾਉਣ ਦੇ ਫਿਰਕੂ ਅਮਲ ਕਰ ਰਹੀਆ ਹਨ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖ਼ਤ ਸ਼ਬਦਾਂ ਵਿਚ ਜਿਥੇ ਨਿੰਦਾ ਕਰਦਾ ਹੈ, ਉਥੇ ਸਮੁੱਚੀ ਮੁਸਲਿਮ ਕੌਮ ਅਤੇ ਆਰਗੇਨਾਈਜੇਸ਼ਨ ਆਫ਼ ਇਸਲਾਮਿਕ ਕੰਟਰੀ ਦੀ ਸੰਸਾਰ ਪੱਧਰ ਦੀ ਸੰਸਥਾਂ ਨੂੰ ਇਹ ਅਪੀਲ ਕਰਦਾ ਹੈ ਕਿ ਉਹ ਆਪਣੀਆ ਮਸਜਿਦਾਂ ਨੂੰ ਬਚਾਉਣ ਲਈ ਅਤੇ ਆਪਣੇ ਧਰਮ ਦੇ ਆਸਥਾ ਨੂੰ ਕਾਇਮ ਰੱਖਣ ਲਈ ਇਸ ਹੋ ਰਹੇ ਫਿਰਕੂ ਅਮਲ ਵਿਰੁੱਧ ਇਕਜੁੱਟ ਹੋ ਕੇ ਸੰਸਾਰ ਪੱਧਰ ਤੇ ਆਵਾਜ ਵੀ ਉਠਾਉਣ ਅਤੇ ਆਪਣਾ ਰੋਸ ਵੀ ਦਰਜ ਕਰਨ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਹੁਕਮਰਾਨਾਂ ਵੱਲੋ ਫਿਰਕੂ ਮੰਦਭਾਵਨਾ ਭਰੀ ਸੋਚ ਅਧੀਨ ਘੱਟ ਗਿਣਤੀ ਕੌਮਾਂ ਨਾਲ ਸੰਬੰਧਤ ਵਿਸੇਸ ਤੌਰ ਤੇ ਮੁਸਲਿਮ ਕੌਮ ਦੀਆਂ 100-100 ਸਾਲ ਪੁਰਾਣੀਆ ਮਸਜਿਦਾਂ ਨੂੰ ਮੰਦਰ ਦਾ ਸਥਾਂਨ ਕਹਿਕੇ ਤੋੜਨ ਅਤੇ ਉਥੇ ਜ਼ਬਰੀ ਮੰਦਰ ਸਥਾਪਿਤ ਕਰਨ ਦੀਆਂ ਕਾਰਵਾਈਆ ਨੂੰ ਇੰਡੀਆ ਵਿਚ ਅਤਿ ਵਿਸਫੋਟਕ ਹਾਲਾਤ ਪੈਦਾ ਕਰਨ ਵਾਲੀਆ, ਬਹੁਗਿਣਤੀ ਅਤੇ ਘੱਟ ਗਿਣਤੀ ਕੌਮਾਂ ਵਿਚ ਨਫਰਤ ਪੈਦਾ ਕਰਨ ਵਾਲੀਆ ਕਰਾਰ ਦਿੰਦੇ ਹੋਏ ਇਸ ਵਿਰੁੱਧ ਆਰਗੇਨਾਈਜੇਸਨ ਆਫ ਇਸਲਾਮਿਕ ਕੰਟਰੀ ਨੂੰ ਸਖਤ ਸਟੈਂਡ ਲੈਣ ਤੇ ਘੱਟ ਗਿਣਤੀਆ ਨੂੰ ਇਕੱਤਰ ਹੋਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਕੇਵਲ ਇਕ ਮੁਸਲਿਮ ਕੌਮ ਤੱਕ ਹੀ ਸੀਮਤ ਨਹੀ ਹਨ, ਬਲਕਿ ਸਾਡੇ ਸਦੀਆ ਪੁਰਾਣੇ ਇਤਿਹਾਸਿਕ ਅਸਥਾਂਨ ਜਿਸਦੀ ਨੀਹ ਸ੍ਰੀ ਗੁਰੂ ਰਾਮ ਦਾਸ ਜੀ ਨੇ ਇਕ ਮੁਸਲਿਮ ਪੀਰ ਮੀਆ ਮੀਰ ਤੋ ਰਖਵਾਕੇ ਸਰਬਸਾਂਝੇ ਮਨੁੱਖਤਾ ਪੱਖੀ ਸ੍ਰੀ ਦਰਬਾਰ ਸਾਹਿਬ ਦੇ ਮਹਾਨ ਅਸਥਾਂਨ ਨੂੰ ਬਣਵਾਇਆ ਸੀ ਅਤੇ ਜਿਥੋ ਸਮੁੱਚੀ ਸਿੱਖ ਕੌਮ ਅਗਵਾਈ ਲੈਕੇ ਆਪਣੀ ਧਾਰਮਿਕ, ਸਮਾਜਿਕ ਜਿੰਦਗੀ ਬਤੀਤ ਕਰਦੀ ਹੈ, ਉਥੇ ਵੀ ਇਨ੍ਹਾਂ ਹੁਕਮਰਾਨਾਂ ਵੱਲੋ ਲਵ-ਕੁਸ ਦੇ ਸਥਾਂਨ ਦਾ ਗੁੰਮਰਾਹਕੁੰਨ ਪ੍ਰਚਾਰ ਕਰਕੇ ਅਸਲੀਅਤ ਵਿਚ ਇਹ ਘੱਟ ਗਿਣਤੀ ਕੌਮਾਂ ਦੇ ਵੱਡੇ ਧਾਰਮਿਕ ਸਥਾਨਾਂ ਨੂੰ ਤਹਿਸ-ਨਹਿਸ ਕਰਨ, ਆਪਣੇ-ਆਪਣੇ ਹਿੰਦੂਤਵ ਰਾਸਟਰ ਨੂੰ ਮਜਬੂਤ ਕਰਨ ਵੱਲ ਵੱਧਣ ਦੀਆਂ ਖਤਰਨਾਕ ਕਾਰਵਾਈਆ ਕਰ ਰਹੇ ਹਨ । ਇਸੇ ਸੋਚ ਅਧੀਨ ਦੱਖਣੀ ਸੂਬਿਆਂ ਵਿਚ ਇਸਾਈਆ ਦੇ ਚਰਚਾਂ ਤੇ ਗਿਰਜਾਘਰਾਂ ਨੂੰ ਇਸੇ ਨਫਰਤ ਅਧੀਨ ਬਹੁਤ ਪਹਿਲੇ ਅਗਨਭੇਟ ਕੀਤਾ ਗਿਆ, ਉਨ੍ਹਾਂ ਦੀਆਂ ਨਨਜਾਂ ਨਾਲ ਬਲਾਤਕਾਰ ਕੀਤੇ ਗਏ ਅਤੇ ਚਰਚਾਂ ਨੂੰ ਤਬਾਹ ਕੀਤਾ ਗਿਆ । ਇਥੋ ਤੱਕ ਇਕ ਆਸਟ੍ਰੇਲੀਅਨ ਇਸਾਈ ਪ੍ਰਚਾਰਕ ਗ੍ਰਾਹਮ ਸਟੇਨਜ ਅਤੇ ਉਸਦੇ 2 ਮਾਸੂਮ ਬੱਚਿਆਂ ਨੂੰ ਇਕ ਗੱਡੀ ਵਿਚ ਸਫਰ ਕਰਦੇ ਘੇਰਕੇ ਪੈਟਰੋਲ ਛਿੜਕ ਕੇ ਅੱਗ ਲਗਾਕੇ ਕਤਲ ਕਰ ਦਿੱਤੇ ਗਏ ਸਨ । ਇਨ੍ਹਾਂ ਸਭ ਕਾਰਵਾਈਆ ਪਿੱਛੇ ਇਨ੍ਹਾਂ ਦੀ ਕੱਟੜਵਾਦੀ ਹਿੰਦੂਤਵ ਸੋਚ ਭਾਰੂ ਹੈ । ਜੋ ਇਨਸਾਨੀਅਤ ਕਦਰਾਂ ਕੀਮਤਾਂ ਅਤੇ ਸਮਾਜਿਕ ਨਿਯਮਾਂ ਦਾ ਘੋਰ ਉਲੰਘਣ ਕਰਨ ਦੇ ਤੁੱਲ ਕਾਰਵਾਈਆ ਹਨ । ਦੂਸਰਾ ਇੰਡੀਅਨ ਵਿਧਾਨ ਦੀ ਧਾਰਾ 14 ਜੋ ਇਥੇ ਵੱਸਣ ਵਾਲੀਆ ਸਭ ਕੌਮਾਂ, ਧਰਮਾਂ, ਕਬੀਲਿਆ ਆਦਿ ਨੂੰ ਹਰ ਖੇਤਰ ਵਿਚ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਦੀ ਹੈ, ਉਸਦਾ ਜਨਾਜ਼ਾਂ ਕੱਢਣ ਦੇ ਤੁੱਲ ਦੁੱਖਦਾਇਕ ਕਾਰਵਾਈਆ ਹਨ । ਇਸ ਲਈ ਮੁਸਲਿਮ ਕੌਮ ਤੇ ਸਮੁੱਚੀਆ ਘੱਟ ਗਿਣਤੀ ਕੌਮਾਂ ਨੂੰ ਹਿੰਦੂਤਵ ਹੁਕਮਰਾਨਾਂ ਦੇ ਉਹ ਅਮਲ ਜਿਨ੍ਹਾਂ ਰਾਹੀ ਘੱਟ ਗਿਣਤੀਆ ਦੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ, ਬਿਲਕੁਲ ਵੀ ਬਰਦਾਸਤ ਨਹੀ ਕਰਨਾ ਚਾਹੀਦਾ । ਬਲਕਿ ਇਕੱਤਰ ਹੋ ਕੇ ਇਨ੍ਹਾਂ ਦੀ ਜਾਲਮਨਾਂ ਨੀਤੀ ਵਿਰੁੱਧ ਡੱਟਣਾ ਚਾਹੀਦਾ ਹੈ ਤਾਂ ਕਿ ਪੁਰਾਤਨ ਮਸਜਿਦਾਂ, ਗਿਰਜਾਘਰ ਅਤੇ ਗੁਰੂਘਰਾਂ ਨੂੰ ਅਮਨਮਈ ਤੇ ਜਮਹੂਰੀਅਤ ਢੰਗਾਂ ਰਾਹੀ ਕਾਇਮ ਰੱਖਿਆ ਜਾ ਸਕੇ ਅਤੇ ਇਥੇ ਵੱਸਣ ਵਾਲੀਆ ਸਭ ਕੌਮਾਂ, ਧਰਮ ਆਪੋ ਆਪਣੇ ਧਰਮਾਂ ਵਿਚ ਵਿਸਵਾਸ ਰੱਖਦੇ ਹੋਏ ਆਸਥਾ ਰੱਖ ਸਕਣ ।