ਅਮਰੀਕਾ ਦਾ ਮੁਲਕ ਕਦੀ ਨਹੀਂ ਬਰਦਾਸਤ ਕਰੇਗਾ ਕਿ ਅਮਰੀਕਾ ਦੀ ਖੁਦਮੁਖਤਿਆਰੀ ਨੂੰ ਕੋਈ ਮੁਲਕ ਚੁਣੋਤੀ ਦੇ ਕੇ ਉਥੇ ਕਤਲ ਜਾਂ ਦੰਗੇ ਕਰਵਾਏ : ਮਾਨ
ਫ਼ਤਹਿਗੜ੍ਹ ਸਾਹਿਬ, 08 ਜੂਨ ( ) “ਅਮਰੀਕਾ ਦੇ ਮੋਨਰੋ ਡੌਕਟਰੀਨ ਦਾ ਸਿਧਾਂਤ ਪ੍ਰਤੱਖ ਕਰਦਾ ਹੈ ਕਿ ਕੋਈ ਹੋਰ ਮੁਲਕ ਅਮਰੀਕਾ ਦੀ ਖੁਦਮੁਖਤਿਆਰੀ ਵਿਚ ਦਖਲ ਦੇ ਕੇ ਉਥੇ ਕੋਈ ਦੰਗੇ-ਫਸਾਦ ਜਾਂ ਕਤਲ ਕਰਵਾਏ। ਇੰਡੀਆਂ ਦੀਆਂ ਖੂਫੀਆ ਏਜੰਸੀਆ ਆਈ.ਬੀ, ਰਾਅ, ਮਿਲਟਰੀ ਇੰਟਨੈਲੀਜੈਸ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਗ੍ਰਹਿ ਵਜੀਰ ਅਮਿਤ ਸ਼ਾਹ, ਰੱਖਿਆ ਵਜੀਰ ਜੈਸੰਕਰ ਵੱਲੋਂ ਕੁਝ ਸਮੇ ਤੋਂ ਬਾਹਰਲੇ ਮੁਲਕਾਂ ਅਤੇ ਇੰਡੀਆਂ ਵਿਚ ਸਿੱਖ ਕੌਮ ਦੀ ਆਜ਼ਾਦੀ ਦੀ ਗੱਲ ਕਰਨ ਵਾਲੇ ਸਿੱਖਾਂ ਨੂੰ ਸਾਜਸੀ ਢੰਗਾਂ ਨਾਲ ਕਤਲ ਕਰਵਾਇਆ ਗਿਆ । ਜਿਸ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ ਅਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਕਤਲ ਕੀਤੇ ਗਏ । ਇਸੇ ਸੋਚ ਅਧੀਨ ਇੰਡੀਅਨ ਏਜੰਸੀਆ ਨੇ ਅਮਰੀਕਨ ਨਿਵਾਸੀ ਗੁਰਪਤਵੰਤ ਸਿੰਘ ਪੰਨੂ ਉਤੇ ਜਾਨ ਲੈਣ ਲਈ ਸਾਜਿਸ ਘੜੀ ਸੀ । ਜਿਸ ਨੂੰ ਅਮਰੀਕਾ ਨੇ ਸਫਲ ਨਹੀ ਹੋਣ ਦਿੱਤਾ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਓਸਾਮਾ ਬਿਨ ਲਾਦੇਨ ਨੇ ਅਮਰੀਕਾ ਦੇ ਨਿਊਯਾਰਕ ਟਾਵਰ ਅਤੇ ਪੈਟਾਗਨ ਤੇ ਹਮਲਾ ਕੀਤਾ ਸੀ ਜਿਸ ਨੂੰ ਅਮਰੀਕਾ ਨੇ ਪਾਕਿਸਤਾਨ ਵਿਚ ਮਾਰ ਮੁਕਾਇਆ । ਇਸੇ ਤਰ੍ਹਾਂ 1941 ਵਿਚ ਜਪਾਨ ਨੇ ਅਮਰੀਕਾ ਤੇ ਹਮਲਾ ਕੀਤਾ ਸੀ, ਜਿਸਦਾ ਜੁਆਬ ਅਮਰੀਕਾ ਨੇ ਜਪਾਨ ਦੇ ਹੀਰੋਸੀਮਾ ਤੇ ਨਾਗਾਸਾਕੀ ਸਹਿਰਾਂ ਨੂੰ ਪ੍ਰਮਾਣੂ ਬੰਬਾਂ ਰਾਹੀ ਤਬਾਹ ਕਰਕੇ ਲਿਆ । ਇੰਡੀਆਂ ਨੇ ਸ. ਪੰਨੂ ਸੰਬੰਧੀ ਸਾਜਿਸ ਰਚਕੇ ਸ਼ੇਰ ਦੀ ਪੂੰਛ ਨੂੰ ਹੱਥ ਲਗਾਇਆ ਹੈ, ਜਿਸਦੇ ਨਤੀਜੇ ਇੰਡੀਆਂ ਨੂੰ ਹਰ ਕੀਮਤ ਤੇ ਭੁਗਤਣੇ ਪੈਣਗੇ । ਲੇਕਿਨ ਸਾਇਦ ਇੰਡੀਆਂ ਨੂੰ ਅਮਰੀਕਾ ਦੇ ਇਸ ਇਤਿਹਾਸ ਬਾਰੇ ਜਾਣਕਾਰੀ ਨਹੀਂ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਦੀਆਂ ਖੂਫੀਆ ਏਜੰਸੀਆ ਅਤੇ ਉਪਰੋਕਤ ਇੰਡੀਆਂ ਦੇ ਗ੍ਰਹਿ, ਰੱਖਿਆ, ਸੁਰੱਖਿਆ ਸਲਾਹਕਾਰ ਵੱਲੋਂ ਸਾਂਝੇ ਤੌਰ ਤੇ ਬਾਹਰਲੇ ਮੁਲਕਾਂ ਵਿਚ ਅਤੇ ਇੰਡੀਆਂ ਵਿਚ ਆਜਾਦੀ ਮੰਗਣ ਵਾਲੇ ਸਿੱਖਾਂ ਨੂੰ ਨਿਸ਼ਾਨਾਂ ਬਣਾਉਣ ਅਤੇ ਅਮਰੀਕਾ ਵਿਚ ਵੱਸਦੇ ਸ. ਗੁਰਪਤਵੰਤ ਸਿੰਘ ਪੰਨੂ ਉਤੇ ਰਚੀ ਸਾਜਿਸ ਲਈ ਅਮਰੀਕਾ ਦੇ ਕਾਰਨਾਮਿਆ ਤੋ ਖਬਰਦਾਰ ਕਰਦੇ ਹੋਏ ਅਤੇ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇੰਡੀਆਂ ਆਪਣੇ ਆਪ ਨੂੰ ਜਮਹੂਰੀਅਤ ਪਸ਼ੰਦ ਮੁਲਕ ਅਖਵਾਉਦਾ ਹੈ । ਪਰ ਜੋ ਇੰਡੀਅਨ ਹੁਕਮਰਾਨਾਂ ਦੇ ਗੁਪਤ ਸਰਵਿਸ ਫੰਡ ਹਨ, ਜੋ ਕਰੋੜਾਂ-ਅਰਬਾਂ ਰੁਪਇਆ ਵਿਚ ਹਨ, ਉਨ੍ਹਾਂ ਦੀ ਦੁਰਵਰਤੋਂ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਅਮਲਾਂ ਲਈ ਕਰਦਾ ਆ ਰਿਹਾ ਹੈ । ਜਿਸਦਾ ਕਿਸੇ ਵੀ ਸਥਾਂਨ ਤੇ ਕਿਸੇ ਵੀ ਏਜੰਸੀ ਵੱਲੋ ਕੋਈ ਆਡਿਟ ਨਹੀ ਹੁੰਦਾ । ਇਹ ਇੰਡੀਆਂ ਦੇ ਸਿਸਟਮ ਵਿਚ ਵੱਡੀ ਖਾਮੀ ਹੈ । ਇਸ ਲਈ ਵਜੀਰ ਏ ਆਜਮ ਸ੍ਰੀ ਮੋਦੀ ਇਹ ਗੈਰ ਦਲੀਲ ਢੰਗ ਨਾਲ ਜਮਹੂਰੀਅਤ ਦੀ ਗੱਲ ਕਰ ਰਹੇ ਹਨ । ਜਦੋਕਿ ਇਥੋ ਦੇ ਸਭ ਉਪਰੋਕਤ ਏਜੰਸੀਆ ਇਥੋ ਦੀ ਪਾਰਲੀਮੈਟ ਨੂੰ ਜੁਆਬਦੇਹ ਤੇ ਜਿੰਮੇਵਾਰ ਨਹੀ ਹਨ । ਜੋ ਜਮਹੂਰੀਅਤ ਨਿਯਮਾਂ ਤੇ ਅਸੂਲਾਂ ਦਾ ਘਾਣ ਹੈ । ਹੁਣ ਜਦੋਂ ਅਮਰੀਕਾ ਵਿਚ ਚੋਣਾਂ ਆ ਰਹੀਆ ਹਨ ਤਾਂ ਸ੍ਰੀ ਮੋਦੀ ਸ੍ਰੀ ਟਰੰਪ ਲਈ ਪ੍ਰਚਾਰ ਕਰਨਗੇ ਅਤੇ ਆਪਣੇ ਗੁਪਤ ਫੰਡਾਂ ਦੀ ਦੁਰਵਰਤੋ ਕਰਨਗੇ । ਇਸੇ ਤਰ੍ਹਾਂ ਪੰਜਾਬ ਦੇ ਅੰਮ੍ਰਿਤਸਰ ਲੋਕ ਸਭਾ ਹਲਕੇ ਅਤੇ ਹੋਰਨਾਂ ਹਲਕਿਆ ਉਤੇ ਕਰੋੜਾਂ ਰੁਪਏ ਬੀਜੇਪੀ ਨੇ ਆਪਣੇ ਉਮੀਦਵਾਰਾਂ ਉਤੇ ਖਰਚ ਕੀਤੇ ਹਨ । ਐਨੀਆ ਵੱਡੀਆ ਰਕਮਾਂ ਦੇ ਖਰਚ ਕਿਥੋਂ ਆਏ ਹਨ ? ਉਨ੍ਹਾਂ ਕਿਹਾ ਕਿ 14 ਸਾਲਾਂ ਤੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੀ ਨਹੀ ਕਰਵਾਈਆ ਜਾ ਰਹੀਆ । ਫਿਰ ਸ੍ਰੀ ਮੋਦੀ ਆਪਣੇ ਆਪ ਨੂੰ ਜਮਹੂਰੀਅਤ ਪੱਖੀ ਹੋਣ ਦਾ ਪ੍ਰਚਾਰ ਕਿਵੇ ਕਰ ਰਹੇ ਹਨ ?