ਨਰਿੰਦਰ ਮੋਦੀ ਵੱਲੋਂ ਸੁਆਮੀ ਵਿਵੇਕਾਨੰਦ ਦਾ ਚੇਲਾ ਕਹਾਉਣ ਦੇ ਬਾਵਜੂਦ, ਮੋਦੀ-ਬੀਜੇਪੀ-ਆਰ.ਐਸ.ਐਸ ਵੱਲੋਂ ਉਨ੍ਹਾਂ ਦੇ ਸਿਧਾਤਾਂ-ਸੋਚ ਉਤੇ ਪਹਿਰਾ ਨਾ ਦੇਣਾ ‘ਵਿਚਾਰਣਯੋਗ’ : ਮਾਨ
ਫ਼ਤਹਿਗੜ੍ਹ ਸਾਹਿਬ, 10 ਜੂਨ ( ) “ਸੁਆਮੀ ਵਿਵੇਕਾਨੰਦ ਨੇ 1892 ਵਿਚ ਅਮਰੀਕਾ ਦੇ ਸਿਕਾਗੋ ਵਿਖੇ ਹੋਏ ਧਾਰਮਿਕ ਸੰਮੇਲਨ ਵਿਚ ਆਪਣੇ ਵਿਚਾਰ ਜਾਹਰ ਕਰਦੇ ਹੋਏ ਕਿਹਾ ਸੀ ਕਿ ਸਾਡਾ ਹਿੰਦੂ ਧਰਮ ਸਹਿਣਸੀਲਤਾਂ ਨੂੰ ਮੁੱਖ ਰੱਖਦਾ ਹੈ । ਇਸ ਲਈ ਇਨਸਾਨ ਵਿਚ ਸਹਿਣਸੀਲਤਾਂ ਅਵੱਸ ਹੋਣੀ ਚਾਹੀਦੀ ਹੈ । ਉਨ੍ਹਾਂ ਇਹ ਵੀ ਕਿਹਾ ਸੀ ਕਿ ਜੋ ਸਤਾਏ ਹੋਏ ਵਰਗ ਅਤੇ ਰੀਫੂਜੀ ਹਨ ਉਨ੍ਹਾਂ ਨੂੰ ਆਪਣੇ ਵਿਚ ਸਹਿਣਸੀਲਤਾਂ ਰਾਹੀ ਸਮਾਅ ਲੈਣ, ਉਨ੍ਹਾਂ ਦੀ ਜਿੰਦਗੀ ਨੂੰ ਬਿਹਤਰ ਬਣਾਉਣਾ ਸਾਡੇ ਫਰਜ ਹਨ । ਫਿਰ ਜਦੋਂ ਸੰਪ੍ਰਦਾਇਕਤਾ ਅਤੇ ਕੱਟੜਵਾਦ ਦੀ ਸੋਚ ਵਿਚੋ ਮਨੁੱਖਤਾ ਵਿਰੋਧੀ ਜ਼ਬਰ ਜੁਲਮ ਨਿਕਲਦਾ ਹੈ । ਇਨ੍ਹਾਂ ਕਰਕੇ ਹੀ ਇਸ ਧਰਤੀ ਉਤੇ ਹਿੰਸਾ ਵਿਚ ਵਾਧਾ ਹੁੰਦਾ ਹੈ। ਇਸ ਕਰਕੇ ਸਾਨੂੰ ਵੱਡੀ ਨਿਰਾਸਾ ਵੀ ਹੁੰਦੀ ਹੈ । ਜੋ ਇਥੋ ਦੇ ਮੁਸਲਮਾਨ ਅਤੇ ਹੋਰ ਘੱਟ ਗਿਣਤੀ ਕੌਮਾਂ ਤੇ ਕਬੀਲੇ ਹਨ, ਉਹ ਹੁਕਮਰਾਨਾਂ ਵੱਲੋ ਸਤਾਏ ਜਾ ਰਹੇ ਹਨ । ਬੇਸੱਕ ਸ੍ਰੀ ਮੋਦੀ ਸੁਆਮੀ ਵਿਵੇਕਾਨੰਦ ਨੂੰ ਆਪਣਾ ਗੁਰੂ ਮੰਨਦੇ ਹਨ । ਪਰ ਇਨ੍ਹਾਂ ਚੋਣਾਂ ਵਿਚ ਬੀਜੇਪੀ-ਆਰ.ਐਸ.ਐਸ, ਕਾਂਗਰਸ ਨੇ ‘ਸਹਿਣਸੀਲਤਾਂ’ ਤੇ ਰੱਬ ਦੇ ਭਾਣੇ ਨੂੰ ਬਿਲਕੁਲ ਵੀ ਪ੍ਰਵਾਨ ਨਹੀਂ ਕੀਤਾ । ਇਸ ਵਿਸੇ ਉਤੇ ਇਨ੍ਹਾਂ ਜਮਾਤਾਂ ਨੇ ਇਥੋ ਦੇ ਨਿਵਾਸੀਆ ਨੂੰ ਨਿਰਾਸ ਕੀਤਾ ਹੈ । ਇਕ ਪਾਸੇ ਸੁਆਮੀ ਨੂੰ ਆਪਣਾ ਗੁਰੂ ਮੰਨਦੇ ਹਨ, ਦੂਜੇ ਪਾਸੇ ਸਭ ਪਾਰਟੀਆ ਦੇ ਆਗੂਆਂ ਲਈ ਸ੍ਰੀ ਮੋਦੀ ਵੱਲੋ ਇਨ੍ਹਾਂ ਚੋਣਾਂ ਵਿਚ ਅਸੱਭਿਅਕ, ਗੈਰ ਇਖਲਾਕੀ ਅਤੇ ਅਪਸ਼ਬਦ ਬੋਲਦੇ ਰਹੇ । ਘਟੀਆ ਇਲਜਾਮਬਾਜੀ ਕਰਦੇ ਰਹੇ ਹਨ । ਸ੍ਰੀ ਮੋਦੀ ਦੇ ਇਹ ਅਮਲ ਸਾਡੇ ਉਤੇ ਅਤੇ ਇਥੋ ਦੇ ਨਿਵਾਸੀਆ ਤੇ ਤਾਜਾ ਰਹਿਣਗੇ । ਇਨ੍ਹਾਂ ਅਮਲਾਂ ਦੀ ਬਦੌਲਤ ਇਥੋ ਦੇ ਨਿਵਾਸੀਆ ਵਿਚ ਗੁੱਸਾ ਵੱਧਦਾ ਜਾ ਰਿਹਾ ਹੈ । ਜਦੋਕਿ ਸੁਆਮੀ ਵਿਵੇਕਾਨੰਦ ਮਨੁੱਖਤਾ, ਇਨਸਾਨੀਅਤ, ਅਮਨ ਚੈਨ ਤੇ ਜਮਹੂਰੀਅਤ ਪੱਖੀ ਸੋਚ ਦੇ ਕਾਇਲ ਸਨ । ਲੇਕਿਨ ਸ੍ਰੀ ਮੋਦੀ ਨੇ ਆਪਣੇ ਬੀਤੇ 10 ਸਾਲਾਂ ਦੇ ਰਾਜ ਭਾਗ ਦੌਰਾਨ ਅਤੇ ਹੁਣ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਦੀ ਸੋਚ, ਸਿਧਾਤਾਂ ਨੂੰ ਨਜਰਅੰਦਾਜ ਕਰਕੇ, ਝੂਠ ਫਰੇਬ ਦਾ ਸਹਾਰਾ ਲੈਕੇ ਮੁਲਕ ਨਿਵਾਸੀਆ ਨੂੰ ਕੇਵਲ ਗੁੰਮਰਾਹ ਹੀ ਨਹੀ ਕਰਦੇ ਰਹੇ ਬਲਕਿ ਇਥੇ ਵੱਸਣ ਵਾਲੀਆ ਸਭ ਘੱਟ ਗਿਣਤੀ ਕੌਮਾਂ, ਕਬੀਲਿਆ ਉਤੇ ਨਿਰੰਤਰ ਜ਼ਬਰ ਜੁਲਮ ਕਰਦੇ ਰਹੇ ਹਨ । ਫਿਰ ਉਹ ਸੁਆਮੀ ਵਿਵੇਕਾਨੰਦ ਦੀ ਯਾਦਗਰ ਕੰਨਿਆਕੁਮਾਰੀ ਵਿਖੇ ਅਤੇ ਗੁਜਰਾਤ ਦੇ ਮੰਦਰਾਂ ਵਿਖੇ 48 ਘੰਟੇ ਤਪੱਸਿਆ ਕਰਨ ਦੀ ਕਾਰਵਾਈਆ ਤਾਂ ਨਿਰਾ ਪਾਖੰਡ ਹੀ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਵੱਲੋ ਮੁਲਕ ਨਿਵਾਸੀਆ ਨੂੰ ਆਪਣੇ ਆਪ ਨੂੰ ਸੁਆਮੀ ਵਿਵੇਕਾਨੰਦ ਵਰਗੀ ਮਨੁੱਖਤਾ ਪੱਖੀ ਸਖਸ਼ੀਅਤ ਦਾ ਚੇਲਾ ਅਖਵਾਉਣ ਲੇਕਿਨ ਅਮਲ ਉਨ੍ਹਾਂ ਦੀ ਸੋਚ ਤੇ ਸਿਧਾਤਾਂ ਤੋ ਉਲਟ ਕਰਨ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਮੰਦਰਾਂ ਤੇ ਧਾਰਮਿਕ ਸਥਾਨਾਂ ਵਿਚ 48 ਘੰਟੇ ਸਮੁੰਦਰ ਵਿਚ ਜਾ ਕੇ ਤਪੱਸਿਆ ਕਰਨ ਦੀਆਂ ਕਾਰਵਾਈਆ ਨੂੰ ਪਾਖੰਡ ਕਰਾਰ ਦਿੰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਜੋ ਇੰਡੀਅਨ ਵਿਧਾਨ ਦੀ ਧਾਰਾ 14 ਹੈ ਉਹ ਇਥੋ ਦੇ ਸਭ ਨਿਵਾਸੀਆ ਨੂੰ ਬਰਾਬਰਤਾ ਦੇ ਅਧਿਕਾਰ, ਹੋਰ ਮਾਣ ਸਨਮਾਨ ਪ੍ਰਦਾਨ ਕਰਦੀ ਹੈ । ਫਿਰ ਘੱਟ ਗਿਣਤੀ ਕੌਮਾਂ, ਕਸਮੀਰੀਆ, ਆਦਿਵਾਸੀਆ, ਕਬੀਲਿਆ, ਮਨੀਪੁਰ, ਛੱਤੀਸਗੜ੍ਹ ਦੇ ਇਸਾਈਆ ਅਤੇ ਸਿੱਖਾਂ ਨੂੰ ਮਾਰ ਦੇਣ ਦੇ ਜ਼ਬਰ ਜੁਲਮ ਕਿਉਂ ਕੀਤੇ ਜਾ ਰਹੇ ਹਨ ?
ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਵੱਲੋ ਸੌਹ ਚੁੱਕੀ ਗਈ ਹੈ, ਲੇਕਿਨ ਉਸ ਵਿਧਾਨ ਦੇ ਨਿਯਮਾਂ, ਅਸੂਲਾਂ ਵਿਚ ਵਿਸਵਾਸ ਬਿਲਕੁਲ ਨਹੀ ਰੱਖਦੇ । ਕਿਉਂਕਿ ਅਫਸਪਾ ਵਰਗਾਂ ਕਾਲਾ ਕਾਨੂੰਨ ਜੰਮੂ ਕਸਮੀਰ ਵਿਚ ਲਾਗੂ ਕਰਕੇ ਅੱਜ ਤੱਕ ਕਸਮੀਰੀਆ ਉਤੇ ਜ਼ਬਰ ਢਾਹੁੰਦੇ ਆ ਰਹੇ ਹਨ । ਨਾਗਰਿਕਤਾ ਸੋਧ ਬਿਲ ਦੇ ਅਧੀਨ ਮੁਸਲਮਾਨਾਂ ਨੂੰ ਕਿਉ ਨਹੀ ਰੱਖਿਆ ਜਾ ਰਿਹਾ ? ਜਦੋਕਿ ਸ੍ਰੀ ਵਿਵੇਕਾਨੰਦ ਨੇ ਤਾਂ ਬਰਾਬਰਤਾ ਤੇ ਮਨੁੱਖੀ ਇਨਸਾਨੀ ਕਦਰਾਂ ਕੀਮਤਾਂ ਦੀ ਗੱਲ ਦੇ ਨਾਲ-ਨਾਲ ਸਤਾਏ ਹੋਏ ਅਤੇ ਰੀਫੂਜੀਆ ਨੂੰ ਆਪਣੇ ਵਿਚ ਨਿਮਰਤਾ ਸਹਿਤ ਸਮਾਅ ਲੈਣ ਦੀ ਗੱਲ ਵੀ ਕੀਤੀ ਹੈ । ਲੇਕਿਨ ਗੁਜਰਾਤ ਦੇ ਸਮੁੰਦਰ ਵਿਚ ਸਕੂਬਾ ਡਾਈਵਰ ਦੇ ਸੂਟ ਪਹਿਨਕੇ ਸਮੁੰਦਰ ਵਿਚ ਡੁਬਕੀ ਮਾਰਕੇ ਪਾਠ ਪੂਜਾ ਕਰਦੇ ਰਹੇ ਹਨ । ਇਸਾਈਆ, ਮੁਸਲਮਾਨਾਂ, ਆਦਿਵਾਸੀਆ ਉਤੇ ਜ਼ਬਰ ਜੁਲਮ ਤੇ ਵਿਤਕਰੇ ਕਰਨ ਦੀ ਸੋਚ ਤਾਂ ਸ੍ਰੀ ਵਿਵੇਕਾਨੰਦ ਦੇ ਸਿਧਾਤਾਂ ਦੇ ਵਿਰੁੱਧ ਹੈ । ਇਹੀ ਵਜਹ ਹੈ ਕਿ ਅੱਜ ਸਿੱਖ ਵੀ ਦੂਸਰੇ ਮੁਲਕਾਂ ਵਿਚ ਹਿਜਰਤ ਕਰ ਰਹੇ ਹਨ । ਰੰਘਰੇਟੇ ਸਿੱਖਾਂ ਦੀ ਗਰੀਬੀ, ਭੁੱਖਮਰੀ, ਬੇਰੁਜਗਾਰੀ ਤੋ ਕੌਣ ਵਾਕਫ ਨਹੀ ? ਉਨ੍ਹਾਂ ਦੇ ਬੱਚਿਆ ਤੇ ਤਨ ਉਤੇ ਗਰਮੀ-ਸਰਦੀ ਮੌਸਮ ਅਨੁਸਾਰ ਨਾ ਤਾਂ ਕੱਪੜਾ ਹੈ ਅਤੇ ਨਾ ਹੀ 2 ਸਮੇ ਦੀ ਸਤੁਲਿਤ ਖੁਰਾਕ ਉਨ੍ਹਾਂ ਨੂੰ ਮਿਲਦੀ ਹੈ । ਉਨ੍ਹਾਂ ਦੇ ਬੱਚਿਆ ਦੀਆਂ ਲੱਤਾਂ ਬਾਹਾਂ ਸੁੱਕੀਆ ਤੇ ਕੰਮਜੋਰ ਹੋਈਆ ਪਈਆ ਹਨ, ਉਨ੍ਹਾਂ ਦੀਆਂ ਬੀਬੀਆ ਸਵੇਰੇ ਦੂਰ ਦੁਰਾਡੇ ਜਾ ਕੇ ਆਪਣੇ ਡੰਗਰਾਂ ਲਈ ਚਾਰਾਂ ਲੈਕੇ ਆਉਦੀਆ ਹਨ । ਜਿਨ੍ਹਾਂ ਨੂੰ ਪੰਡਾਂ ਚੁੱਕਿਆ ਦੇਖਿਆ ਜਾ ਸਕਦਾ ਹੈ । ਫਿਰ ਉਹ ਸ਼ਾਮ ਨੂੰ ਆਪਣੇ ਚੁੱਲੇ ਲਈ ਲੱਕੜਾ ਲੈਕੇ ਆਉਦੀਆ ਹਨ ਕਿਉਂਕਿ ਉਨ੍ਹਾਂ ਕੋਲ ਗੈਸ ਵਗੈਰਾਂ ਨਹੀ ਹੈ । ਉਨ੍ਹਾਂ ਦੇ ਰਹਿਣ ਲਈ 1 ਸੱਤ ਬਾਲਿਆ ਵਾਲਾ ਕਮਰਾ ਹੈ ਜਿਸ ਵਿਚ ਪਤੀ-ਪਤਨੀ, ਬੱਚੇ, ਨੂੰਹ, ਇਥੋ ਤੱਕ ਧੀ-ਜਵਾਈ ਦੇ ਆਉਣ ਤੇ ਵੀ ਉਥੇ ਹੀ ਉਨ੍ਹਾਂ ਨੂੰ ਸੁਲਾਉਦੇ ਹਨ । ਸਰਦੀ ਦੇ ਮੌਸਮ ਵਿਚ ਜੋ ਉਨ੍ਹਾਂ ਕੋਲ ਡੰਗਰ ਵੱਛਾ ਹੁੰਦਾ ਹੈ ਉਸ ਨੂੰ ਵੀ ਉਸੇ ਕਮਰੇ ਵਿਚ ਬੰਨਦੇ ਹਨ । ਕਈ ਵਾਰੀ ਉਨ੍ਹਾਂ ਨੂੰ ਦਿਹਾੜੀ ਲਈ ਕੰਮ ਵੀ ਨਹੀ ਮਿਲਦਾ । ਜਿਸ ਲਈ ਆਪਣੇ ਬੱਚਿਆ ਦੀ ਰੋਟੀ ਤੋ ਵੀ ਵਾਂਝੇ ਰਹਿ ਜਾਂਦੇ ਹਨ । ਮਰਹੂਮ ਇੰਦਰਾ ਗਾਂਧੀ ਨੇ ਰੋਟੀ-ਕੱਪੜਾ-ਮਕਾਨ ਦਾ ਨਾਅਰਾ ਦਿੱਤਾ ਸੀ ਜੋ ਇਨ੍ਹਾਂ ਗਰੀਬਾਂ ਲਈ ਅੱਜ ਤੱਕ ਪੂਰਾ ਨਹੀ ਹੋਇਆ । ਸ੍ਰੀ ਮੋਦੀ ਨੇ ਘਰ-ਘਰ ਨੌਕਰੀ ਦਾ ਨਾਅਰਾ ਦਿੱਤਾ ਉਹ ਵੀ ਨਾਅਰਾ ਹੀ ਰਹਿ ਗਿਆ। ਆਮ ਆਦਮੀ ਪਾਰਟੀ ਨੇ ਬੀਬੀਆ ਨੂੰ 1000 ਰੁਪਏ ਮਹੀਨਾਵਾਰ ਸਹਾਇਤਾ ਦੇਣ ਦਾ ਨਾਅਰਾ ਦਿੱਤਾ ਉਹ ਵੀ ਲਾਗੂ ਨਹੀ ਹੋ ਸਕਿਆ । ਫਿਰ ਇਨ੍ਹਾਂ ਚੋਣਾਂ ਵਿਚ ਇਨ੍ਹਾਂ ਪਰਿਵਾਰਾਂ ਨੂੰ ਟੀ.ਵੀ, ਫਰਿੱਜ, ਅਫੀਮ, ਭੁੱਕੀ, ਸਰਾਬ ਆਦਿ ਦੇ ਲਾਲਚ ਦੇ ਕੇ ਵੋਟਾਂ ਪ੍ਰਾਪਤ ਕਰਨੀਆ ਜਮਹੂਰੀਅਤ ਦਾ ਜਨਾਜ਼ਾਂ ਕੱਢ ਵਾਲੀਆ ਕਾਰਵਾਈਆ ਹਨ । ਅਜਿਹੇ ਸਭ ਗੈਰ ਸਮਾਜਿਕ ਅਮਲ ਸੁਆਮੀ ਵਿਵੇਕਾਨੰਦ ਦੀ ਸੋਚ ਨਾਲ ਮੇਲ ਨਹੀ ਖਾਂਦੇ । ਫਿਰ ਸ੍ਰੀ ਮੋਦੀ, ਬੀਜੇਪੀ-ਆਰ.ਐਸ.ਐਸ. ਜਾਂ ਕਾਂਗਰਸ ਉਨ੍ਹਾਂ ਦੀ ਹਕੂਮਤ ਦੇ ਹੋਰ ਭਾਗੀਦਾਰ ਸੁਆਮੀ ਵਿਵੇਕਾਨੰਦ ਦੀ ਸਹਿਣਸੀਲਤਾ, ਨਿਮਰਤਾ, ਸਰਬੱਤ ਦੇ ਭਲੇ ਦੇ ਕਹੇ ਹੋਏ ਸ਼ਬਦਾਂ ਰਾਹੀ ਰੀਫੂਜੀਆ ਨੂੰ ਵੱਡਾ ਦਿਲ ਕਰਕੇ ਆਪਣੇ ਵਿਚ ਸਮਾਅ ਲੈਣ ਵਾਲੇ ਉਚੇ ਸੁੱਚੇ ਸਿਧਾਤਾਂ ਤੇ ਸੋਚ ਦਾ ਪ੍ਰਚਾਰ ਕਿਵੇ ਕਰ ਸਕਦੇ ਹਨ ? ਇਹ ਤਾਂ ਮੁਲਕ ਨਿਵਾਸੀਆ ਨੂੰ ਸੁਆਮੀ ਵਿਵੇਕਾਨੰਦ ਵਰਗੀ ਸਖਸੀਅਤ ਦੇ ਨਾਮ ਤੇ ਗੁੰਮਰਾਹ ਕਰਨ ਵਾਲੀਆ ਅਤੇ ਇਨਸਾਨੀ ਕਦਰਾਂ ਕੀਮਤਾਂ ਦਾ ਜਨਾਜ਼ਾਂ ਕੱਢਣ ਵਾਲੀਆ ਗੈਰ ਸਮਾਜਿਕ ਕਾਰਵਾਈਆ ਹਨ ।