ਇਹ ਜ਼ਰੂਰੀ ਨਹੀ ਕਿ ਸ਼ਹੀਦ ਪਰਿਵਾਰ ਦੇ ਵਾਰਿਸ ਵੀ ਸ਼ਹੀਦਾਂ ਦੀ ਸੋਚ ਉਤੇ ਚੱਲਣ : ਮਾਨ
ਫ਼ਤਹਿਗੜ੍ਹ ਸਾਹਿਬ, 16 ਮਈ ( ) “ਇਹ ਬਹੁਤ ਦੁੱਖ ਤੇ ਅਫ਼ਸੋਸ ਵਾਲੇ ਅਮਲ ਹਨ ਕਿ ਬਹੁਤੇ ਸ਼ਹੀਦ ਪਰਿਵਾਰਾਂ ਦੇ ਮੈਬਰ ਬੀਜੇਪੀ, ਬਾਦਲ ਦਲ ਨਾਲ ਚੱਲਦੇ ਹਨ । ਇਨ੍ਹਾਂ ਵਿਚੋਂ ਬਹੁਤ ਸਾਰੇ ਮੈਬਰ ਕਦੀ ਵੀ ਬਰਗਾੜੀ ਮੋਰਚੇ ਵਿਚ ਨਹੀਂ ਆਏ । ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੀ ਸੋਚ ਤੇ ਚੱਲਣ ਵਾਲੇ ਕਈ ਆਗੂ ਪਾਰਟੀ ਨੂੰ ਛੱਡਕੇ ਚਲੇ ਗਏ ਹਨ । ਫਿਰ ਸਾਡੇ ਸਿੱਖ ਇਤਿਹਾਸ ਵਿਚ ਵੀ ਇਹ ਵਰਣਨ ਹੈ ਕਿ ਗੁਰੂ ਸਾਹਿਬਾਨ ਦੇ ਪਰਿਵਾਰਿਕ ਮੈਬਰ ਵੀ ਗੁਰਸਿੱਖੀ ਸੋਚ ਨੂੰ ਨਹੀ ਸਨ ਪ੍ਰਣਾਏ ਹੋਏ ਜਿਸਦੀ ਬਦੌਲਤ ਗੁਰੂ ਨਾਨਕ ਸਾਹਿਬ ਨੇ ਆਪਣੇ ਪੁੱਤਰਾਂ ਨੂੰ ਗੁਰਤਾਗੱਦੀ ਦੀ ਬਖਸਿਸ ਨਹੀ ਕੀਤੀ । ਇਸ ਲਈ ਇਹ ਵੀ ਜਰੂਰੀ ਨਹੀ ਕਿ ਕੋਈ ਸ਼ਹੀਦ ਪਰਿਵਾਰ ਦਾ ਮੈਬਰ ਉਸ ਮਹਾਨ ਸ਼ਹੀਦ ਦੇ ਪਾਏ ਪੂਰਨਿਆ ਅਤੇ ਸੋਚ ਉਤੇ ਦ੍ਰਿੜਤਾ ਨਾਲ ਪਹਿਰਾ ਦੇਵੇਗਾ ਜਾਂ ਨਹੀ। ਅਸੀਂ 40 ਸਾਲਾਂ ਤੋਂ ਆਪਣੀ ਸੋਚ ਜੋ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨੇ ਕੌਮ ਨੂੰ ਅਗਵਾਈ ਦਿੱਤੀ ਹੈ, ਉਸ ਉਤੇ ਨਿਰੰਤਰ ਪਹਿਰਾ ਵੀ ਦਿੰਦੇ ਆ ਰਹੇ ਹਾਂ ਅਤੇ ਉਸ ਮਿੱਥੇ ਗਏ ਨਿਸ਼ਾਨੇ ਲਈ ਹਕੂਮਤੀ ਜ਼ਬਰ ਅਤੇ ਵਖਰੇਵਿਆ ਦਾ ਸਾਹਮਣਾ ਕਰਦੇ ਹੋਏ ਆਪਣੀ ਕੌਮੀ ਜਿੰਮੇਵਾਰੀ ਨਿਭਾਅ ਰਹੇ ਹਾਂ । ਇਸ ਲਈ ਅਸੀਂ ਬਹੁਤ ਸੋਚ ਸਮਝਕੇ ਸ. ਬਲਦੇਵ ਸਿੰਘ ਗਗੜਾ ਜੋ ਇਕ ਬਹੁਤ ਹੀ ਮਿਹਨਤੀ ਤੇ ਗਰੀਬ ਪਰਿਵਾਰ ਵਿਚੋ ਪੰਥਕ ਖਿਆਲਾਂ ਦੇ ਧਾਰਨੀ ਸੋਚ ਵਾਲੇ ਹਨ, ਉਨ੍ਹਾਂ ਨੂੰ ਫਰੀਦਕੋਟ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਹੈ । ਜਦੋਕਿ ਸ. ਸਰਬਜੀਤ ਸਿੰਘ ਖ਼ਾਲਸਾ ਜੋ ਸ਼ਹੀਦ ਬੇਅੰਤ ਸਿੰਘ ਦੇ ਪੁੱਤਰ ਹਨ, ਉਨ੍ਹਾਂ ਨੂੰ 2 ਵਾਰੀ ਪਾਰਟੀ ਤੋਂ ਉਮੀਦਵਾਰ ਦੀ ਟਿਕਟ ਦਿੱਤੀ ਲੇਕਿਨ ਉਹ ਦੋਵੇ ਵਾਰੀ ਪਾਰਟੀ ਨੂੰ ਪਿੱਠ ਦੇ ਗਏ ਸਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਫਰੀਦਕੋਟ ਲੋਕ ਸਭਾ ਹਲਕੇ ਉਤੇ ਚੋਣ ਲੜ ਰਹੇ ਪਾਰਟੀ ਉਮੀਦਵਾਰ ਸ. ਬਲਦੇਵ ਸਿੰਘ ਗਗੜਾ ਦੀ ਜਿੱਤ ਨੂੰ ਯਕੀਨੀ ਬਣਾਉਣ ਹਿੱਤ ਪੰਜਾਬੀਆਂ ਤੇ ਸਿੱਖ ਕੌਮ ਨੂੰ ਅਪੀਲ ਕਰਦੇ ਹੋਏ ਅਤੇ ਸ਼ਹੀਦ ਪਰਿਵਾਰਾਂ ਵਿਚੋ ਬਹੁਤੇ ਪਰਿਵਾਰਾਂ ਦੇ ਮੈਬਰਾਂ ਵੱਲੋਂ ਖ਼ਾਲਸਾ ਪੰਥ ਵਿਰੋਧੀ ਸ਼ਕਤੀਆਂ ਨੂੰ ਸਹਿਯੋਗ ਕਰਨ ਉਤੇ ਅਫਸੋਸ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਸੀਂ ਜਦੋਂ ਤੋਂ ਖ਼ਾਲਸਾ ਪੰਥ ਦੀ ਆਜ਼ਾਦੀ ਦਾ ਸੰਘਰਸ਼ ਸੁਰੂ ਕੀਤਾ ਹੈ ਉਸ ਸਮੇਂ ਤੋਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਸ਼ਬਦ ‘ਇਨ ਗਰੀਬ ਸਿੱਖਨੁ ਕੋ ਦੇਓ ਪਾਤਸਾਹੀ’ ਦੀ ਸੋਚ ਉਤੇ ਹੀ ਪਹਿਰਾ ਦਿੱਤਾ ਹੈ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਵੱਲੋ ਕੌਮ ਲਈ ਮਿੱਥੇ ਨਿਸ਼ਾਨੇ ਦੀ ਪ੍ਰਾਪਤੀ ਲਈ ਦ੍ਰਿੜਤਾ ਨਾਲ ਹਰ ਤਰ੍ਹਾਂ ਦੇ ਡਰ ਭੈ ਅਤੇ ਦੁਨਿਆਵੀ ਲਾਲਸਾਵਾਂ ਤੋ ਉਪਰ ਉੱਠਕੇ ਕੌਮੀ ਮਿਸਨ ਨੂੰ ਸਮਰਪਿਤ ਰਹੇ ਹਾਂ ਅਤੇ ਮੰਜਿਲ ਪ੍ਰਾਪਤੀ ਤੱਕ ਰਹਾਂਗੇ ।
ਉਨ੍ਹਾਂ ਕਿਹਾ ਕਿ ਜਿਥੋ ਤੱਕ ਸ. ਸਰਬਜੀਤ ਸਿੰਘ ਖ਼ਾਲਸਾ ਨੂੰ ਪਾਰਟੀ ਉਮੀਦਵਾਰ ਬਣਾਉਣ ਵਾਰੇ ਕੁਝ ਸੱਜਣਾਂ ਦੇ ਸੁਝਾਅ ਆਏ ਹਨ, ਉਨ੍ਹਾਂ ਨੂੰ ਅਤੇ ਸ. ਖਾਲਸਾ ਨੂੰ ਇਹ ਜਾਣਕਾਰੀ ਦੇਣਾ ਅਸੀ ਆਪਣਾ ਫਰਜ ਸਮਝਦੇ ਹਾਂ ਕਿ ਅਸੀਂ ਲੰਮੇ ਸਮੇ ਤੋਂ ਜਦੋ ਤੋ ਸ. ਬੇਅੰਤ ਸਿੰਘ ਸ਼ਹੀਦ ਹੋਏ ਹਨ ਉਸ ਸਮੇ ਤੋ ਹੀ ਹਰ ਸਾਲ 31 ਅਕਤੂਬਰ ਨੂੰ ਦਿੱਲੀ ਵਿਖੇ ਉਨ੍ਹਾਂ ਦਾ ਸਾਨੋ ਸੌਕਤ ਨਾਲ ਸ਼ਹੀਦੀ ਦਿਹਾੜਾ ਮਨਾਉਦੇ ਹੋਏ ਅਰਦਾਸ ਕਰਦੇ ਆਏ ਹਾਂ । ਪਰ ਨਾ ਸਰਬਜੀਤ ਸਿੰਘ ਖ਼ਾਲਸਾ ਅਤੇ ਨਾ ਹੀ ਹੋਰ ਬਹੁਤ ਵੱਡੀ ਗਿਣਤੀ ਦੇ ਸ਼ਹੀਦ ਪਰਿਵਾਰ ਕਦੀ ਵੀ ਇਸ 31 ਅਕਤੂਬਰ ਦੇ ਸਹੀਦੀ ਦਿਹਾੜੇ ਵਿਚ ਸਾਮਿਲ ਨਹੀ ਹੋਏ ਅਤੇ ਨਾ ਹੀ ਸ. ਸਰਬਜੀਤ ਸਿੰਘ ਦੇ ਪਿੱਛੇ ਖੜ੍ਹੇ ਸਿਆਸੀ ਆਗੂ ਵੀ 31 ਅਕਤੂਬਰ ਨੂੰ ਦਿੱਲੀ ਵਿਖੇ ਕਦੇ ਹਾਜਰ ਹੋਏ । ਇਹ ਅਮਲ ਤਾਂ ਕੇਵਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਤੇ ਬਿਨ੍ਹਾਂ ਵਜਹ ਦਬਾਅ ਬਣਾਉਣ ਲਈ ਕੀਤੇ ਜਾ ਰਹੇ ਹਨ । ਅਜਿਹੇ ਦਿਸ਼ਾਹੀਣ ਅਤੇ ਬੇਨਤੀਜੇ ਦਬਾਅ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਦੀ ਵੀ ਪ੍ਰਵਾਨ ਨਹੀ ਕੀਤਾ । ਇਸ ਲਈ ਮੇਰੀ ਖ਼ਾਲਸਾ ਪੰਥ ਨੂੰ ਅਤੇ ਲੋਕ ਸਭਾ ਹਲਕਾ ਫਰੀਦਕੋਟ ਦੇ ਵੋਟਰਾਂ ਤੇ ਨਿਵਾਸੀਆਂ ਨੂੰ ਅਪੀਲ ਹੈ ਕਿ ਉਹ ਕਿਸੇ ਤਰ੍ਹਾਂ ਦੇ ਵਕਤੀ ਅਤੇ ਸਿਆਸੀ ਸਵਾਰਥਾਂ ਵਿਚ ਨਾ ਉਲਝਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਹਲਕਾ ਫਰੀਦਕੋਟ ਤੋ ਅਤੇ ਬਾਕੀ ਹੋਰ ਲੋਕ ਸਭਾ ਹਲਕਿਆ ਤੋ ਖੜ੍ਹੇ ਕੀਤੇ ਗਏ ਉਮੀਦਵਾਰਾਂ ਨੂੰ ਆਪੋ ਆਪਣੀਆ ਕੀਮਤੀ ਵੋਟਾਂ ਪਾ ਕੇ ਅਤੇ ਸਹਿਯੋਗ ਕਰਕੇ ਪਾਰਲੀਮੈਟ ਵਿਚ ਭੇਜਣ ਦੀ ਜਿੰਮੇਵਾਰੀ ਪੂਰਨ ਕੀਤੀ ਜਾਵੇ । ਅਸੀ ਇਹ ਬਚਨ ਕਰਦੇ ਹਾਂ ਕਿ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਨੂੰ ਦਰਪੇਸ ਆ ਰਹੇ ਮਸਲਿਆ ਨੂੰ ਇੰਡੀਆ ਦੀ ਪਾਰਲੀਮੈਟ ਵਿਚ ਪਹਿਲੇ ਦੀ ਤਰ੍ਹਾਂ ਬਾਦਲੀਲ ਢੰਗ ਨਾਲ ਉਠਾਉਦੇ ਹੋਏ ਹੱਲ ਵੀ ਕਰਵਾਵਾਂਗੇ ਅਤੇ ਜਮਹੂਰੀਅਤ ਤੇ ਅਮਨਮਈ ਢੰਗਾਂ ਰਾਹੀ ਕੌਮੀ ਮੰਜਿਲ ਦੀ ਪ੍ਰਾਪਤੀ ਕਰਨ ਤੱਕ ਸੰਘਰਸ ਜਾਰੀ ਰੱਖਾਂਗੇ ।