ਬਲਾਕ ਕਾਹਨੂੰਵਾਨ ਦੇ ਅਧੀਨ ਪੈਦੇ ਮੱਲ੍ਹੀਆ ਪਿੰਡ ਵਿਚ 11 ਏਕੜ ਕਣਕ ਸੜਕੇ ਸੁਆਹ ਹੋ ਜਾਣ ਦਾ ਅਫਸੋਸ, ਸਰਕਾਰ ਫੌਰੀ ਵਿੱਤੀ ਸਹਾਇਤਾ ਜਾਰੀ ਕਰੇ : ਮਾਨ
ਗੁਰਦਾਸਪੁਰ, 30 ਅਪ੍ਰੈਲ ( ) “ਬੀਤੇ ਦਿਨੀਂ ਗੁਰਦਾਸਪੁਰ ਜਿ਼ਲ੍ਹਾ ਅਧੀਨ ਕਾਹਨੂੰਵਾਨ ਬਲਾਕ ਦੇ ਪਿੰਡ ਮੱਲ੍ਹੀਆ ਵਿਖੇ ਅਚਾਨਕ ਖੇਤਾਂ ਵਿਚ ਖੜ੍ਹੀ ਪੱਕੀ ਹੋਈ ਫਸਲ ਨੂੰ ਅੱਗ ਲੱਗ ਜਾਣ ਕਾਰਨ 11 ਏਕੜ ਦੀ ਫਸਲ ਸੜਕੇ ਸੁਆਹ ਹੋ ਜਾਣ ਤੇ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਹੈ ਕਿ ਜੋ ਆਮ ਛੋਟੇ ਜਿੰਮੀਦਾਰਾਂ ਦੇ 3 ਪਰਿਵਾਰਾਂ ਦੀ ਫਸਲ ਬਿਲਕੁਲ ਖਤਮ ਹੋ ਚੁੱਕੀ ਹੈ । ਜਦੋਕਿ ਛੋਟਾ ਕਿਸਾਨ ਹਮੇਸ਼ਾਂ ਆਪਣੀ ਫਸਲ ਤੋ ਹੋਣ ਵਾਲੀ ਆਮਦਨ ਲਈ ਆਉਣ ਵਾਲੇ 6-7 ਮਹੀਨਿਆ ਲਈ ਪਰਿਵਾਰ ਦਾ ਗੁਜਾਰਾ ਕਰਦਾ ਹੈ, ਅਜਿਹਾ ਦੁੱਖਦਾਇਕ ਅਮਲ ਹੋਣ ਤੇ ਇਨ੍ਹਾਂ ਪਰਿਵਾਰਾਂ ਦੇ ਮੈਬਰਾਂ ਦੇ ਜੀਵਨ ਉਤੇ ਬਹੁਤ ਹੀ ਨਾਂਹਵਾਚਕ ਅਸਰ ਪੈਣਾ ਕੁਦਰਤੀ ਹੈ । ਇਸ ਲਈ ਸਾਡੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ਜੋਰਦਾਰ ਗੁਜਾਰਿਸ ਹੈ ਕਿ ਇਨ੍ਹਾਂ ਪਰਿਵਾਰਾਂ ਜਿਨ੍ਹਾਂ ਵਿਚ ਜਰਮਨਜੀਤ ਸਿੰਘ ਸਪੁੱਤਰ ਸ. ਰਣਧੀਰ ਸਿੰਘ ਦੀ 2 ਕਿੱਲੇ ਜਮੀਨ ਪਿੰਡ ਗਿੱਲ ਮੰਝ, ਸ. ਰਵੇਲ ਸਿੰਘ ਪਿੰਡ ਮੱਲ੍ਹੀਆ 3 ਕਿੱਲੇ ਜਮੀਨ, ਡਾਲੀ ਸਰਪੰਚ ਪਿੰਡ ਮੱਲ੍ਹੀਆ 5 ਕਿਲੇ ਜਮੀਨ ਦੀ ਫਸਲ ਤਬਾਹ ਹੋ ਗਈ ਹੈ । ਇਨ੍ਹਾਂ ਨੂੰ ਫੌਰੀ ਵਿੱਤੀ ਸਹਾਇਤਾ ਜਾਰੀ ਕੀਤੀ ਜਾਵੇ ਅਤੇ ਇਨ੍ਹਾਂ ਦੇ ਹੋਏ ਨੁਕਸਾਨ ਦੀ ਪੂਰਤੀ ਸਰਕਾਰ ਆਪਣੇ ਖਜਾਨੇ ਵਿਚੋ ਤੁਰੰਤ ਕਰੇ ਤਾਂ ਕਿ ਇਹ ਪਰਿਵਾਰ ਅਗਲੀ ਫਸਲ ਦੇ ਆਉਣ ਤੱਕ ਆਪਣੇ ਪਰਿਵਾਰਿਕ ਲੋੜਾਂ ਨੂੰ ਬਿਨ੍ਹਾਂ ਕਿਸੇ ਮੁਸਕਿਲ ਤੋ ਪੂਰਨ ਕਰ ਸਕਣ ।”
ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸ. ਭਗਵੰਤ ਸਿੰਘ ਮਾਨ ਸਰਕਾਰ ਆਪਣੇ ਮਾਲ ਵਿਭਾਗ ਤੇ ਖੇਤੀਬਾੜੀ ਵਿਭਾਗ ਦੇ ਰਾਹੀ ਤੁਰੰਤ ਜਿ਼ਲ੍ਹਾ ਪ੍ਰਸਾਸਨ ਗੁਰਦਾਸਪੁਰ ਨੂੰ ਇਨ੍ਹਾਂ ਦੀ ਉਪਰੋਕਤ ਫਸਲ ਦੇ ਹੋਏ ਨੁਕਸਾਨ ਦੀ ਫੌਰੀ ਗਰਦਾਵਰੀ ਕਰਨ ਦੇ ਹੁਕਮ ਕਰਕੇ ਜੋ ਵੀ ਨੁਕਸਾਨ ਹੋਇਆ ਹੈ, ਉਸ ਨੂੰ ਤੁਰੰਤ ਪੂਰਨ ਕਰ ਦੇਣਗੇ ।