ਬੀਜੇਪੀ ਅਤੇ ਕਾਂਗਰਸ ਦੋਵੇ ਜਮਾਤਾਂ ਕਿਸਾਨ-ਮਜ਼ਦੂਰ, ਛੋਟੇ ਵਪਾਰੀ ਵਿਰੋਧੀ ਸੰਗਠਨ : ਮਾਨ
ਫ਼ਤਹਿਗੜ੍ਹ ਸਾਹਿਬ, 30 ਅਪ੍ਰੈਲ ( ) “ਇੰਡੀਆਂ ਦੀ ਹਕੂਮਤ ਪਾਰਟੀ ਬੀਜੇਪੀ ਦੀਆਂ ਤਾਨਾਸਾਹੀ ਅਤੇ ਆਪਹੁਦਰੀਆਂ ਜਾਲਮਨਾਂ ਨੀਤੀਆਂ ਦੀ ਬਦੌਲਤ ਉੱਚੇ-ਸੁੱਚੇ ਇਖਲਾਕ ਵਾਲੇ ਇਮਾਨਦਾਰ ਇਨਸਾਨਾਂ ਦਾ ਬੀਜੇਪੀ ਪਾਰਟੀ ਵਿਚ ਅੱਜ ਦਮ ਘੁੱਟ ਰਿਹਾ ਹੈ। ਅਜਿਹੇ ਇਨਸਾਨ ਬੀਜੇਪੀ ਦੇ ਤਾਕਤ ਵਿਚ ਹੁੰਦਿਆ ਵੀ ਉਨ੍ਹਾਂ ਨੂੰ ਅਲਵਿਦਾ ਕਹਿਕੇ ਆਜਾਦ ਫਿਜਾਂ ਵਿਚ ਸਕੂਨ ਨਾਲ ਜਿਊਂਣ ਅਤੇ ਸਮਾਜ ਸੇਵਾ ਕਰਨ ਲਈ ਤੱਤਪਰ ਹਨ । ਦੂਸਰੇ ਪਾਸੇ ਕਾਂਗਰਸ ਪਾਰਟੀ ਨੇ ਵੀ ਆਪਣੀ ਹਕੂਮਤ ਦੌਰਾਨ ਇਥੋ ਦੇ ਨਿਵਾਸੀਆਂ ਦੇ ਜੀਵਨ ਨੂੰ ਅੱਛਾ ਬਣਾਉਣ, ਉਨ੍ਹਾਂ ਨੂੰ ਦਰਪੇਸ ਆ ਰਹੀਆ ਮੁਸਕਿਲਾਂ ਨੂੰ ਹੱਲ ਕਰਨ, ਕਿਸਾਨ, ਮਜਦੂਰ ਦੀ ਜਿੰਦਗੀ ਨੂੰ ਉੱਚਾ ਚੁੱਕਣ ਲਈ ਕੋਈ ਅਮਲ ਨਹੀ ਕੀਤਾ । ਬਲਕਿ ਕਾਂਗਰਸ ਨੇ ਕਿਸਾਨ ਮਜਦੂਰ ਪੱਖੀ ਬੀਤੇ ਸਮੇ ਦੇ ਹਰਿਆਣਾ ਤੇ ਪੰਜਾਬ ਦੀ ਅਹਿਮ ਸਖਸ਼ੀਅਤ ਚੌਧਰੀ ਛੋਟੂ ਰਾਮ ਜੋ ਕਿ ਪੁਰਾਤਨ ਪੰਜਾਬ ਦੇ ਖੇਤੀਬਾੜੀ ਵਜੀਰ 1947 ਤੋਂ ਪਹਿਲਾ ਰਹਿ ਚੁੱਕੇ ਸਨ, ਉਨ੍ਹਾਂ ਨਾਲ ਇਨਸਾਫ ਵਾਲਾ ਵਰਤਾਰਾ ਨਾ ਕਰਕੇ ਅਤੇ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਨਾ ਦੇ ਕੇ ਬਜਰ ਗੁਸਤਾਖੀ ਕੀਤੀ ਹੈ । ਇਸ ਵੱਡੀ ਗੁਸਤਾਖੀ ਦਾ ਸਿਆਸੀ ਫਿਜਾਂ ਵਿਚ ਹਮੇਸ਼ਾਂ ਬਹੁਤ ਵੱਡਾ ਪਛਤਾਵਾ ਰਹੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੁਲਕ ਦੀਆਂ ਮੁਤੱਸਵੀ ਜਮਾਤਾਂ ਬੀਜੇਪੀ-ਕਾਂਗਰਸ ਦੁਆਰਾ ਉੱਚੇ ਸੁੱਚੇ ਇਖਲਾਕ ਵਾਲੇ ਸਿਆਸਤਦਾਨਾਂ ਦੀ ਕਦਰ ਨਾ ਕਰਨ ਅਤੇ ਉਨ੍ਹਾਂ ਨਾਲ ਗੈਰ ਇਨਸਾਨੀ ਅਤੇ ਗੈਰ ਸਮਾਜਿਕ ਢੰਗ ਨਾਲ ਹਕੂਮਤੀ ਨਸ਼ੇ ਵਿਚ ਅਮਲ ਹੋਣ ਤੇ ਡੂੰਘਾਂ ਅਫਸੋਸ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਜੇਕਰ ਸ੍ਰੀ ਬਰਜਿੰਦਰਾ ਸਿੰਘ ਨੂੰ ਸਿਆਸੀ ਗਲਿਆਰਿਆ ਵਿਚ ਨਜਰ ਅੰਦਾਜ ਕੀਤਾ ਗਿਆ ਹੈ ਜਿਨ੍ਹਾਂ ਨੇ ਬੀਜੇਪੀ ਵਿਚ ਘੁਟਨ ਮਹਿਸੂਸ ਕਰਦੇ ਹੋਏ ਪਾਰਟੀ ਨੂੰ ਤਿਆਗਿਆ ਸੀ, ਉਨ੍ਹਾਂ ਨਾਲ ਹੋਇਆ ਵਰਤਾਰਾ ਵੀ ਉੱਚੇ ਸੁੱਚੇ ਇਖਲਾਕ ਵਾਲੇ ਸਿਆਸਤਦਾਨਾਂ ਲਈ ਵੱਡਾ ਪ੍ਰਸ਼ਨ ਚਿੰਨ੍ਹ ਹੈ । ਜਦੋਕਿ ਬਰਜਿੰਦਰਾ ਸਿੰਘ ਨੇ 2019 ਵਿਚ ਆਈ.ਏ.ਐਸ ਕੈਡਰ ਦੀ ਸੇਵਾ ਨੂੰ ਛੱਡਕੇ ਹਿਸਾਰ ਤੋ ਲੋਕ ਸਭਾ ਚੋਣ ਲੜੀ ਸੀ, ਪਰ ਉਹ ਜਿੱਤਕੇ ਵੀ ਕਦੀ ਆਤਮਿਕ ਸਕੂਨ ਇਸ ਲਈ ਪ੍ਰਾਪਤ ਨਹੀ ਕਰ ਸਕੇ ਕਿਉਂਕਿ ਇਨ੍ਹਾਂ ਜਮਾਤਾਂ ਵਿਚ ਉੱਚ ਕਦਰਾਂ ਕੀਮਤਾਂ ਅਤੇ ਸੱਚ ਨੂੰ ਆਗੂ ਆਪਣੇ ਸਵਾਰਥਾਂ ਦੀ ਪੂਰਤੀ ਲਈ ਪਿੱਠ ਦਿੰਦੇ ਆ ਰਹੇ ਹਨ । ਇਹੀ ਵਜਹ ਹੈ ਕਿ ਉੱਚੀ ਸੁੱਚੀ ਸੋਚ ਰੱਖਣ ਵਾਲੇ ਅਤੇ ਮਨੁੱਖਤਾ ਪੱਖੀ ਅਮਲ ਕਰਨ ਵਾਲੀਆ ਸਖਸ਼ੀਅਤਾਂ ਨੂੰ ਬੀਜੇਪੀ ਜਾਂ ਕਾਗਰਸ ਵਿਚ ਸਹੀ ਸਤਿਕਾਰਯੋਗ ਸਥਾਂਨ ਤੇ ਸਕੂਨ ਨਹੀਂ ਮਿਲਦਾ । ਜਦੋਕਿ ਸਹੀ ਦਿਸ਼ਾ ਵਾਲੀ ਸਿਆਸਤ ਇਸ ਗੱਲ ਦੀ ਮੰਗ ਕਰਦੀ ਹੈ ਕਿ ਅਜਿਹੇ ਦ੍ਰਿੜ ਵਿਚਾਰ ਰੱਖਣ ਵਾਲੀਆ ਸਖਸੀਅਤਾਂ ਤੇ ਆਗੂਆ ਨੂੰ ਪਾਰਟੀਆਂ ਵਿਚ ਬਣਦਾ ਸਤਿਕਾਰ-ਮਾਣ ਹਰ ਕੀਮਤ ਤੇ ਮਿਲਣਾ ਵੀ ਚਾਹੀਦਾ ਹੈ ਅਤੇ ਜਿਸ ਸਿਆਸੀ ਰੁਤਬੇ ਲਈ ਉਹ ਯੋਗ ਹੁੰਦੇ ਹਨ, ਉਹ ਪਾਰਟੀ ਮੁੱਖੀਆਂ ਨੂੰ ਅਜਿਹੇ ਇਨਸਾਨਾਂ ਨੂੰ ਹਰ ਕੀਮਤ ਤੇ ਦੇਣ ਵਿਚ ਕੋਈ ਹਿਚਕਚਾਹਟ ਨਹੀ ਹੋਣੀ ਚਾਹੀਦੀ । ਤਦ ਹੀ ਐਮ.ਪੀ ਜਾਂ ਐਮ.ਐਲ.ਏ ਬਣਕੇ ਇਕ ਅੱਛੇ ਸਮਾਜ ਦੀ ਸਿਰਜਣਾ ਕਰਨ ਵਿਚ ਅਜਿਹੇ ਇਨਸਾਨ ਯੋਗਦਾਨ ਪਾ ਸਕਦੇ ਹਨ ।