ਵੱਡੇ ਪੱਧਰ ਤੇ ਮਨੁੱਖੀ ਅਧਿਕਾਰਾਂ ਦਾ ਹਣਨ ਅਤੇ ਵਿਧਾਨਿਕ ਲੀਹਾਂ ਦਾ ਘਾਣ ਹੋਣ ਦੀ ਬਦੌਲਤ ਭਾਜਪਾ-ਐਨ.ਡੀ.ਏ. 200 ਦਾ ਅੰਕੜਾ ਵੀ ਪਾਰ ਨਹੀ ਕਰ ਸਕੇਗਾ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 09 ਅਪ੍ਰੈਲ ( ) “ਬੇਸ਼ੱਕ ਮੋਦੀ-ਸ਼ਾਹ ਦੀ ਜਾਲਮ ਮਨੁੱਖਤਾ ਵਿਰੋਧੀ ਅਤੇ ਇੰਡੀਅਨ ਵਿਧਾਨ ਦੇ ਮੁੱਢਲੇ ਮੌਲਿਕ ਅਧਿਕਾਰਾਂ, ਨਿਯਮਾਂ ਦਾ ਵੱਡੇ ਪੱਧਰ ਤੇ ਘਾਣ ਕਰਨ ਵਾਲੀ ਜੋੜੀ ਅਤੇ ਉਨ੍ਹਾਂ ਦੇ ਸਮਰੱਥਕ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈਕੇ ਆਪਣੇ ਗੁਲਾਮ ਬਣੇ ਗੋਦੀ ਮੀਡੀਏ ਅਤੇ ਪ੍ਰਚਾਰ ਸਾਧਨਾਂ ਉਤੇ ਸਮੁੱਚੇ ਇੰਡੀਆਂ ਵਿਚ 400 ਸੀਟਾਂ ਜਿੱਤਣ ਦਾ ਦਾਅਵਾ ਕਰਦੇ ਨਜਰ ਆ ਰਹੇ ਹਨ । ਪਰ ਅਸਲੀਅਤ ਵਿਚ ਮੁਲਕ ਵਿਚ ਮੋਦੀ ਹਕੂਮਤ ਵੱਲੋ ਬੀਤੇ 10 ਸਾਲਾਂ ਤੋ ਹਰ ਵਿਰੋਧੀ ਪਾਰਟੀ ਦੇ ਰਾਜ ਭਾਗ ਵਾਲੇ ਸੂਬੇ ਅਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਮਨੁੱਖੀ ਅਧਿਕਾਰਾਂ ਦੇ ਵੱਡੇ ਪੱਧਰ ਤੇ ਕੀਤੇ ਜਾ ਰਹੇ ਉਲੰਘਣ ਅਤੇ ਵਿਧਾਨਿਕ ਲੀਹਾਂ ਦਾ ਕੀਤਾ ਜਾ ਰਿਹਾ ਘਾਣ ਇਸ ਗੱਲ ਨੂੰ ਸਪੱਸਟ ਰੂਪ ਵਿਚ ਪ੍ਰਤੱਖ ਕਰਦੇ ਹਨ ਕਿ ਬੀਜੇਪੀ-ਐਨ.ਡੀ.ਏ. 200 ਦਾ ਅੰਕੜਾ ਵੀ ਪਾਰ ਨਹੀ ਕਰ ਸਕੇਗੀ । ਕਿਉਂਕਿ ਇੰਡੀਅਨ ਨਿਵਾਸੀ ਇਨ੍ਹਾਂ ਦੀ ‘ਪਾੜੋ ਅਤੇ ਰਾਜ ਕਰੋ’ ਦੀ ਅੰਗਰੇਜ਼ਾਂ ਦੀ ਨੀਤੀ ਉਤੇ ਅਮਲ ਕਰਕੇ ਵੱਖ-ਵੱਖ ਕੌਮਾਂ, ਧਰਮਾਂ, ਫਿਰਕਿਆ, ਕਬੀਲਿਆ ਵਿਚ ਧਰਮੀ-ਕੌਮੀ ਪਾੜਾ ਪਾ ਕੇ ਨਫਰਤ ਉਤਪੰਨ ਕਰਨ ਦੇ ਗੈਰ-ਸਮਾਜਿਕ ਅਮਲਾਂ ਨੂੰ ਸਮਝ ਚੁੱਕੇ ਹਨ ਅਤੇ 2024 ਵਿਚ ਇਨ੍ਹਾਂ ਜਾਬਰਾਂ, ਕਾਤਲਾਂ, ਬਲਾਤਕਾਰੀਆਂ, ਕਰੋੜਾਂ-ਅਰਬਾਂ ਰੁਪਏ ਦੇ ਘਪਲੇ ਕਰਕੇ ਆਪਣੇ ਅਡਾਨੀ, ਅੰਬਾਨੀ ਵਰਗੇ ਧਨਾਢਾਂ ਨੂੰ ਹੋਰ ਅਮੀਰ ਕਰਨ ਦੀਆਂ ਸਮਾਜ ਵਿਰੋਧੀ ਕਾਰਵਾਈਆਂ ਨੂੰ ਅੱਛੀ ਤਰ੍ਹਾਂ ਸਮਝ ਚੁੱਕੇ ਹਨ । ਇਸ ਲਈ ਗੋਦੀ ਮੀਡੀਏ ਤੇ ਸਰਕਾਰ ਪੱਖੀ ਪ੍ਰਚਾਰਕ, ਪੱਤਰਕਾਰ, ਅਖਬਾਰ, ਮੀਡੀਆ ਕਿੰਨੇ ਵੀ ਝੂਠ ਤੇ ਅਧਾਰਿਤ ਪ੍ਰਚਾਰ ਕਰ ਲੈਣ, ਇਹ ਗੱਠਜੋੜ ਗੁੰਮਰਾਹਕੁੰਨ ਪ੍ਰਚਾਰ ਕਰਨ ਅਤੇ ਸੰਘ ਪਾੜ-ਪਾੜ ਕੇ ਹਿੰਦੂਸਤਾਨ ਦੀ ਤੇ ਹਿੰਦੂਸਤਾਨ ਨਿਵਾਸੀਆ ਦੀ ਤਰੱਕੀ ਕਰਨ ਦੇ ਝੂਠੇ ਦਾਅਵੇ ਕਰਨ ਦੇ ਬਾਵਜੂਦ ਵੀ 200 ਤੋ ਵੱਧ ਸੀਟਾਂ ਪ੍ਰਾਪਤ ਨਹੀ ਕਰ ਸਕਣਗੇ । ਇਸਦਾ ਅਸਰ ਵੱਖ-ਵੱਖ ਸੂਬਿਆਂ ਵਿਚ ਬੀਜੇਪੀ-ਐਨ.ਡੀ.ਏ. ਦੇ ਹੁਕਮਰਾਨਾਂ ਵਿਰੁੱਧ ਉੱਠੇ ਵਾਵਰੋਲੇ ਤੇ ਤੁਫਾਨੀ ਹਵਾਵਾਂ ਦਾ ਅਸਰ ਸਪੱਸਟ ਰੂਪ ਵਿਚ ਸਾਹਮਣੇ ਆ ਰਿਹਾ ਹੈ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਦੇ ਮੌਜੂਦਾ ਮੁਤੱਸਵੀ ਮੋਦੀ-ਸ਼ਾਹ ਹਕੂਮਤ ਦੇ ਆਗੂਆਂ ਵੱਲੋ ਝੂਠ ਤੇ ਅਧਾਰਿਤ ਅਤੇ ਆਪਣੀਆਂ ਪ੍ਰਾਪਤੀਆਂ ਦੇ ਝੂਠੇ ਗੁਣਗਾਣ ਕਰਨ ਸੰਬੰਧੀ ਅਤੇ ਇਥੋ ਦੇ ਨਿਵਾਸੀਆਂ ਵਿਚ ਧਰਮੀ ਤੇ ਕੌਮੀ ਨਫਰਤ ਪੈਦਾ ਕਰਕੇ ਆਪਣੇ ਵੋਟ ਬੈਕ ਨੂੰ ਵਧਾਉਣ ਦੀ ਸਾਜਿਸ ਦੇ ਪੂਰਨ ਰੂਪ ਵਿਚ ਨੰਗਾ ਹੋਣ ਤੇ ਇਨ੍ਹਾਂ ਦੇ 400 ਸੀਟਾਂ ਦੇ ਦਾਅਵੇ ਦਾ ਜਨਾਜ਼ਾਂ ਨਿਕਲਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਇਮਾਨਦਾਰ ਕਹਾਉਣ, ਰਿਸਵਤਖੋਰੀ ਖਤਮ ਕਰਨ ਅਤੇ ਇਥੇ ਹਰ ਸਾਲ 2 ਲੱਖ ਨੌਕਰੀਆਂ ਦੇਣ ਅਤੇ ਹੋਰ ਮੁਲਕ ਦੀ ਤਰੱਕੀ ਕਰਨ ਦੇ ਕੀਤੇ ਜਾ ਰਹੇ ਦਾਅਵਿਆ ਦੀ ਪੋਲ ਉਸ ਸਮੇ ਸਾਹਮਣੇ ਆ ਜਾਂਦੀ ਹੈ ਜਦੋ ਇਨ੍ਹਾਂ ਦੇ ਵੱਡੇ-ਵੱਡੇ ਆਗੂ ਅਤੇ ਅਡਾਨੀ, ਅੰਬਾਨੀ ਵਰਗੇ ਧਨਾਢ ਦੋਸਤ ਗੈਰ ਕਾਨੂੰਨੀ ਢੰਗ ਨਾਲ ਇਨ੍ਹਾਂ ਨੂੰ ਗੁਪਤ ਰੂਪ ਵਿਚ ਚੋਣ ਬਾਊਡਾਂ ਰਾਹੀ ਕਰੋੜਾਂ-ਅਰਬਾਂ ਦੇ ਫੰਡ ਦਿੰਦੇ ਹਨ ਅਤੇ ਉਸਨੂੰ ਸੁਪਰੀਮ ਕੋਰਟ ਵੱਲੋ ਆਦੇਸ਼ ਹੋਣ ਦੇ ਬਾਵਜੂਦ ਵੀ ਜਾਹਰ ਕਰਨ ਤੋ ਆਪਣੇ ਬੈਂਕ ਅਧਿਕਾਰੀਆਂ ਨੂੰ ਰੋਕਣ ਦੀਆਂ ਸਾਜਿਸਾਂ ਰਚਦੇ ਹਨ । ਜਦੋਕਿ ਸੁਪਰੀਮ ਕੋਰਟ ਇੰਡੀਆਂ ਨੇ ਜਦੋ ਇਨ੍ਹਾਂ ਚੋਣ ਬਾਊਡਾਂ ਰਾਹੀ ਦਿੱਤੀ ਗਈ ਮਾਇਆ ਦਾ ਵੇਰਵਾ ਬੈਕਾਂ ਤੋ ਮੰਗਿਆ ਤਾਂ 4 ਮਹੀਨੇ ਦਾ ਸਮਾਂ ਦੇਣ ਦੀ ਮੰਗ ਕੀਤੀ ਗਈ । ਉਪਰੰਤ ਸੁਪਰੀਮ ਕੋਰਟ ਨੇ ਫਿਰ 2 ਦਿਨ ਵਿਚ ਇਸ ਸੱਚ ਨੂੰ ਜਾਹਰ ਕਰਨ ਦੇ ਹੁਕਮ ਕੀਤੇ ਤਾਂ ਸਭ ਕੁਝ ਚੋਰ ਦਰਵਾਜਿਓ ਵੱਡੀਆਂ ਰਕਮਾਂ ਵਿਚ ਪ੍ਰਾਪਤ ਕੀਤੇ ਗਏ ਫੰਡਾਂ ਦਾ ਵੇਰਵਾ ਇੰਡੀਆਂ ਦੀ ਜਨਤਾ ਸਾਹਮਣੇ ਆ ਗਿਆ । ਇਸੇ ਤਰ੍ਹਾਂ ਇਨ੍ਹਾਂ ਹੁਕਮਰਾਨਾਂ ਵੱਲੋ ਮੁਲਕ ਦੇ ਹਵਾਈ ਅੱਡਿਆ, ਰੇਲਵੇ ਵਿਭਾਗ, ਬਿਜਲੀ ਪੈਦਾ ਕਰਨ ਵਾਲੇ ਸਰਕਾਰੀ ਥਰਮਲ ਪਲਾਂਟ ਇਥੋ ਤੱਕ ਸਰਕਾਰੀ ਵਿਭਾਗਾਂ ਦਾ ਵੀ ਨਿੱਜੀਕਰਨ ਕਰਕੇ ਆਪਣੇ ਅਮੀਰ ਦੋਸਤਾਂ ਨੂੰ ਅਮੀਰ ਬਣਾਉਣ ਅਤੇ ਜਨਤਾ ਦਾ ਕੰਚੂਮਰ ਕੱਢਣ ਦੇ ਅਮਲ ਕੀਤੇ ਤਾਂ ਉਹ ਵੀ ਸਾਹਮਣੇ ਆ ਗਏ ।
ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਇਮਾਨਦਾਰੀ ਅਤੇ ਰਿਸਵਤਖੋਰੀ ਨੂੰ ਖਤਮ ਕਰਨ ਦੇ ਦਾਅਵੇ ਖੋਖਲੇ ਸਾਬਤ ਹੋ ਗਏ, ਜਦੋ ਮੋਦੀ ਹਕੂਮਤ ਨੇ ਆਪਣੀਆਂ ਏਜੰਸੀਆਂ ਈ.ਡੀ, ਸੀ.ਬੀ.ਆਈ, ਐਨ.ਆਈ.ਏ, ਇਨਕਮ ਟੈਕਸ ਵਿਭਾਗ ਦੀ ਦੁਰਵਰਤੋ ਕਰਕੇ ਵਿਰੋਧੀ ਪਾਰਟੀਆਂ ਵਿਚ ਬੈਠੇ ਆਗੂਆਂ ਨੂੰ ਜਾ ਤਾਂ ਕਾਨੂੰਨ ਦੇ ਸਿਕੰਜੇ ਦਾ ਸਾਹਮਣਾ ਕਰਨ ਲਈ ਮਜਬੂਰ ਕੀਤਾ ਜਾਂ ਫਿਰ ਆਪਣੀਆ ਪਾਰਟੀਆ ਬਦਲਕੇ ਬੀਜੇਪੀ ਵਿਚ ਸਾਮਿਲ ਹੋਣ ਲਈ ਮਜਬੂਰ ਕੀਤਾ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਇਮਾਨਦਾਰੀ ਤੇ ਰਿਸਵਤਖੋਰ ਦੀ ਗੱਲ ਦਾ ਸੱਚ ਉਦੋ ਹੋਰ ਵੀ ਨਿੱਖਰ ਗਿਆ ਜਦੋ ਦਾਗੋਦਾਗੀ ਹੋਏ ਵਿਰੋਧੀ ਪਾਰਟੀਆਂ ਦੇ ਆਗੂ ਕਾਨੂੰਨ ਦੇ ਡਰ ਤੋ ਧੜਾਧੜ ਬੀਜੇਪੀ ਵਿਚ ਸਾਮਿਲ ਹੋਣ ਲੱਗੇ । ਜੋ ਬੀਜੇਪੀ ਦੇ ਜ਼ਬਰ ਜੁਲਮ ਤੇ ਬੇਇਨਸਾਫ਼ੀਆਂ ਅੱਗੇ ਨਹੀ ਝੁੱਕੇ ਜਿਵੇ ਸ੍ਰੀ ਅਰਵਿੰਦ ਕੇਜਰੀਵਾਲ, ਸ੍ਰੀ ਸਰੇਨ ਵਰਗੇ ਵਿਰੋਧੀ ਮੁੱਖ ਮੰਤਰੀਆਂ ਤੇ ਆਗੂਆਂ ਨੂੰ ਵਿਧਾਨਿਕ ਲੀਹਾਂ ਤੇ ਕਾਨੂੰਨ ਦਾ ਘਾਣ ਕਰਕੇ, ਗ੍ਰਿਫਤਾਰੀਆਂ ਕਰਕੇ, ਤਾਨਾਸਾਹੀ ਅਮਲਾਂ ਰਾਹੀ ਮੋਦੀ ਸਿੱਕਾ ਚਲਾਉਣ ਦੀ ਵੱਡੇ ਪੱਧਰ ਤੇ ਗੁਸਤਾਖੀ ਕੀਤੀ ਗਈ ਤਾਂ ਇਸਦਾ ਜੋ ਬੁਰਾ ਪ੍ਰਭਾਵ ਇੰਡੀਅਨ ਨਿਵਾਸੀਆ ਉਤੇ ਪਿਆ ਉਸਦੇ ਨਤੀਜੇ ਆਉਣ ਵਾਲੀਆ 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਸਮੇ ਪ੍ਰਤੱਖ ਰੂਪ ਵਿਚ ਦਿਖਣਗੇ । ਉਨ੍ਹਾਂ ਕਿਹਾ ਕਿ ਇਸ ਮੋਦੀ-ਸਾਹ ਦੇ ਤਾਨਾਸਾਹੀ, ਨਾਦਰਸਾਹੀ ਫੁਰਮਾਨਾਂ ਤੋ ਡਰਕੇ ਜਿਹੜੀਆਂ ਸਿਆਸੀ ਪਾਰਟੀਆਂ ਦੇ ਦਾਗੋ ਦਾਗ ਹੋਏ ਆਗੂ ਦਲ ਬਦਲੀ ਕਰਕੇ ਬੀਜੇਪੀ ਵਿਚ ਸਾਮਿਲ ਹੋ ਰਹੇ ਹਨ, ਉਨ੍ਹਾਂ ਦਾ ਸਮਾਜ ਵਿਰੋਧੀ ਚੇਹਰਾ ਅਤੇ ਰਿਸਵਤ ਤੇ ਹੋਰ ਘਪਲਿਆ ਰਾਹੀ ਬਦਨਾਮ ਹੋਏ ਚੇਹਰੇ ਹੋਰ ਨਿਖਰਕੇ ਸਾਹਮਣੇ ਆ ਗਏ । ਇਸ ਲਈ ਮੁਲਕ ਦੇ ਨਿਵਾਸੀਆਂ ਤੇ ਸੂਝਵਾਨ ਵੋਟਰਾਂ ਨੂੰ ਨਿਰਪੱਖਤਾ ਅਤੇ ਬਿਨ੍ਹਾਂ ਕਿਸੇ ਸਵਾਰਥ ਤੋ ਅਜਿਹੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਕਿ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ, ਲਾਲਚ ਲਈ ਜਾਂ ਡਰ ਦੇ ਭੈ ਤੋ ਜੋ ਲੋਕ ਆਪਣੇ ਇਖਲਾਕ ਤੇ ਸਿਧਾਤ ਨੂੰ ਪਿੱਠ ਦੇ ਚੁੱਕੇ ਹਨ ਤੇ ਆਪਣੀਆ ਮਾਤ ਪਾਰਟੀਆਂ ਨੂੰ ਧੋਖਾ ਦੇ ਕੇ ਹਕੂਮਤ ਪਾਰਟੀ ਵਿਚ ਸਾਮਿਲ ਹੋ ਰਹੇ ਹਨ, ਅਜਿਹੇ ਉਮੀਦਵਾਰਾਂ ਨੂੰ ਮੁਲਕ ਨਿਵਾਸੀ ਬਿਲਕੁਲ ਵੀ ਮੂੰਹ ਨਾ ਲਗਾਉਣ । ਕਿਉਂਕਿ ਇਨ੍ਹਾਂ ਵਿਚ ਸਮਾਜ ਨੂੰ ਬਿਹਤਰ ਬਣਾਉਣ, ਹਰ ਤਰ੍ਹਾਂ ਦੀ ਬੁਰਾਈ ਨੂੰ ਖਤਮ ਕਰਨ, ਔਕੜਾ ਤੇ ਮੁਸਕਿਲਾਂ ਦਾ ਸਾਹਮਣਾ ਕਰਨ ਦੀ ਸਮਰੱਥਾਂ ਨਹੀ ਹੈ । ਜੋ ਮੁਲਕ ਨਿਵਾਸੀਆਂ ਦਾ ਕਦੀ ਵੀ ਕੁਝ ਨਹੀ ਸਵਾਰ ਸਕਣਗੇ ਅਤੇ ਨਾ ਹੀ ਪਾਰਲੀਮੈਟ ਵਿਚ ਜਾ ਕੇ ਆਪਣੀ ਹਕੂਮਤ ਜਾਬਰ ਪਾਰਟੀ ਦੀਆਂ ਸਮਾਜ ਤੇ ਮੁਲਕ ਵਿਰੋਧੀ ਗਤੀਵਿਧੀਆ ਦੀ ਵਿਰੋਧਤਾ ਕਰ ਸਕਣਗੇ । ਇਸ ਲਈ ਅਜਿਹੇ ਗੈਰ ਸਿਧਾਤਿਕ ਅਤੇ ਗੈਰ ਇਖਲਾਕੀ ਸਵਾਰਥੀ ਉਮੀਦਵਾਰਾਂ ਨੂੰ ਮੁਲਕ ਨਿਵਾਸੀਆਂ ਵੱਲੋ ਵੋਟ ਸ਼ਕਤੀ ਰਾਹੀ ਹਰਾਉਣਾ ਅਤੇ ਉੱਚੇ ਇਖਲਾਕ ਵਾਲੀਆ ਸਖਸੀਅਤਾਂ ਨੂੰ ਜਿਤਾਉਣਾ ਪਰਮ-ਧਰਮ ਫਰਜ ਬਣ ਜਾਂਦਾ ਹੈ । ਜੇਕਰ ਮੁਲਕ ਨਿਵਾਸੀਆ ਨੇ ਉਪਰੋਕਤ ਬੀਜੇਪੀ-ਐਨ.ਡੀ.ਏ. ਜਾਬਰ ਤੇ ਵੱਡੇ ਘਪਲੇ ਤੇ ਕਤਲੇਆਮ ਕਰਨ ਵਾਲੀ, ਘੱਟ ਗਿਣਤੀਆਂ ਤੇ ਜ਼ਬਰ ਢਾਹੁਣ ਵਾਲੀ ਜਮਾਤ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਦੀ ਗੁਸਤਾਖੀ ਕਰ ਦਿੱਤੀ, ਤਾਂ ਸਾਇਦ 2024 ਦੀਆਂ ਚੋਣਾਂ ਤੋ ਬਾਅਦ ਫਿਰ ਕਦੀ ਇੰਡੀਆ ਵਿਚ ਜਮਹੂਰੀਅਤ ਚੋਣਾਂ ਹੀ ਨਾ ਹੋਣ ਅਤੇ ਪਾਕਿਸਤਾਨ ਦੀ ਤਰ੍ਹਾਂ ਫੌ਼ਜ ਅਤੇ ਪੈਰਾ ਮਿਲਟਰੀ ਫੋਰਸਾਂ ਰਾਹੀ ਤਾਨਾਸਾਹੀ ਹਕੂਮਤ ਕਾਇਮ ਹੋ ਜਾਵੇ ਜਿਸ ਵਿਚ ਸਭ ਸੂਬਿਆਂ ਤੇ ਇੰਡੀਅਨ ਨਿਵਾਸੀਆ ਦੇ ਵਿਧਾਨਿਕ ਅਤੇ ਮਨੁੱਖੀ ਅਧਿਕਾਰਾਂ ਦੇ ਹੱਕਾਂ ਨੂੰ ਪੂਰਨ ਰੂਪ ਵਿਚ ਕੁੱਚਲਣ ਅਤੇ ਆਜਾਦੀ ਨੂੰ ਖਤਮ ਕਰਨ ਦੇ ਅਮਲ ਲਾਗੂ ਹੋ ਜਾਣਗੇ । ਇਸ ਲਈ ਇਹ 2024 ਦੀਆਂ ਚੋਣਾਂ ਇੰਡੀਆਂ ਦੇ ਹਰ ਨਾਗਰਿਕ ਵੱਲੋ ਵੋਟਾਂ ਪੈਣ ਤੱਕ ਹਰ ਪੱਖੋ ਜਾਗਰੂਕ ਹੋਣ ਅਤੇ ਆਪਣੇ ਵੋਟ ਹੱਕ ਦੀ ਕੀਮਤ ਨੂੰ ਸਮਝਣ ਅਤੇ ਪਾਰਲੀਮੈਟ ਵਿਚ ਇਖਲਾਕ ਤੇ ਪਹਿਰਾ ਦੇਣ ਵਾਲੀਆ, ਸਭ ਕੌਮਾਂ, ਧਰਮਾਂ ਤੇ ਇਨਸਾਨੀਅਤ ਕਦਰਾਂ ਕੀਮਤਾਂ ਨੂੰ ਮੰਨਣ ਵਾਲੀਆ ਸਖਸੀਅਤਾਂ ਨੂੰ ਹੀ ਜਿਤਾਕੇ ਭੇਜਣਾ ਚਾਹੀਦਾ ਹੈ ਤਾਂ ਕਿ ਇੰਡੀਆਂ ਦੇ ਨਿਵਾਸੀਆ ਨੂੰ ਪਾਕਿਸਤਾਨ ਦੇ ਨਿਵਾਸੀਆ ਦੀ ਤਰ੍ਹਾਂ ਭੁੱਖਮਰੀ, ਗਰੀਬੀ, ਬੇਰੁਜਗਾਰੀ ਅਤੇ ਹੋਰ ਵੱਡੀਆਂ ਮੁਸਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਇਥੇ ਸਦਾ ਅਮਨ ਚੈਨ ਤੇ ਜਮਹੂਰੀਅਤ ਕਾਇਮ ਰਹਿ ਸਕੇ ।