ਜਦੋਂ ਸਿੱਖ ਦਾ ਜਾਬਰ ਨਾਲ ਸਾਹਮਣਾ ਹੁੰਦਾ ਹੈ ਜਾਂ ਮਿਲਦਾ ਹੈ ਤਾਂ ਉਹ ਆਪਣੇ ਸਿਧਾਤਾਂ ਤੇ ਸੋਚ ਅਨੁਸਾਰ ਉਸ ਅੱਗੇ ਕਦੀ ਨਹੀ ਝੁਕਦਾ : ਮਾਨ
ਫ਼ਤਹਿਗੜ੍ਹ ਸਾਹਿਬ, 11 ਅਪ੍ਰੈਲ ( ) “ਸਿੱਖ ਕੌਮ ਦਾ ਇਹ ਫਖ਼ਰ ਵਾਲਾ ਇਤਿਹਾਸ ਰਿਹਾ ਹੈ ਕਿ ਭਾਵੇ ਸਿੱਖ ਗਿਣਤੀ ਅਤੇ ਸਾਧਨਾਂ ਵਿਚ ਸਾਹਮਣੇ ਵਾਲੇ ਜਾਬਰ ਹੁਕਮਰਾਨ ਦੇ ਬਰਾਬਰ ਨਾ ਹੋਵੇ, ਲੇਕਿਨ ਸਿੱਖ ਨੇ ਹਮੇਸ਼ਾਂ ਆਪਣੀ ਅਣਖ, ਗੈਰਤ ਨੂੰ ਕਾਇਮ ਰੱਖਿਆ ਹੈ ਅਤੇ ਵੱਡੇ ਤੋ ਵੱਡੇ ਜਾਬਰ ਅੱਗੇ ਕਦੀ ਵੀ ਸੀਸ ਨਹੀ ਝੁਕਾਇਆ। ਕਿਉਂਕਿ ਸਿੱਖ ਦਾ ਸੀਸ ਕੇਵਲ ਤੇ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁਕਦਾ ਹੈ ਨਾ ਕਿ ਕਿਸੇ ਦੁਨਿਆਵੀ, ਹਕੂਮਤ ਜਾਂ ਤਾਕਤ ਅੱਗੇ । ਬਲਕਿ ਅਜਿਹੀਆ ਜਾਬਰ ਹਕੂਮਤਾਂ ਜਾਂ ਜਾਬਰਾਂ ਨਾਲ ਸਿੱਧੀ ਧੌਣ ਖੜ੍ਹੀ ਕਰਕੇ ਆਪਣੇ ਇਤਿਹਾਸ ਤੇ ਪਹਿਰਾ ਦਿੰਦੇ ਹੋਏ ਹਰ ਖੇਤਰ ਵਿਚ ਜੂਝਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੰਮੂ-ਕਸਮੀਰ ਵਿਖੇ ਉੱਤਰ ਪ੍ਰਦੇਸ ਦੇ ਮੁੱਖ ਮੰਤਰੀ ਸ੍ਰੀ ਅਦਿੱਤਿਆਨਾਥ ਜੋਗੀ ਦੇ ਪਹੁੰਚਣ ਉਤੇ ਉਥੋ ਦੇ ਕੁਝ ਸਿੱਖਾਂ ਵੱਲੋ ਜਾਬਰ ਬੀਜੇਪੀ-ਆਰ.ਐਸ.ਐਸ ਦੇ ਇਸ ਆਗੂ ਅੱਗੇ ਦੋਵੇ ਹੱਥ ਜੋੜਕੇ ਸੀਸ ਝੁਕਾ ਕੇ ਅਜਿਹੇ ਜਾਬਰਾਂ ਦਾ ਸਵਾਗਤ ਕਰਨ ਦੇ ਅਮਲਾਂ ਨੂੰ ਇਤਿਹਾਸਿਕ ਲੀਹਾਂ ਨੂੰ ਪਿੱਠ ਦੇਣ ਅਤੇ ਸਮੁੱਚੀ ਸਿੱਖ ਕੌਮ ਦੀ ਅਣਖ, ਗੈਰਤ ਵਾਲੇ ਜੀਵਨ ਪ੍ਰਤੀ ਸੰਕੇ ਪੈਦਾ ਕਰਨ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਅਤੇ ਜੰਮੂ ਕਸਮੀਰ ਦੇ ਕੁਝ ਇਤਿਹਾਸ ਤੋ ਭੁੱਲੇ ਹੋਏ ਸਿੱਖਾਂ ਨੂੰ ਇਤਿਹਾਸਿਕ ਵੇਰਵੇ ਸਹਿਤ ਸਿੱਖ ਕੌਮ ਦੇ ਇਤਿਹਾਸ ਤੋ ਜਾਣੂ ਕਰਵਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸਾਨੂੰ ਸਦੀਆ ਪਹਿਲੇ ‘ਭੈ ਕਾਹੁ ਕੋ ਦੈਤਿ ਨ, ਨਾ ਭੈ ਮਾਨਤਿ ਆਨਿ’ ਦਾ ਅਤਿ ਮਹੱਤਵਪੂਰਨ ਸੰਦੇਸ ਦੇ ਕੇ ਇਕ ਗੁਰਸਿੱਖ ਦੇ ਜੀਵਨ ਜਾਂਚ ਨੂੰ ਸਪੱਸਟ ਰੂਪ ਵਿਚ ਪ੍ਰਤੱਖ ਕਰ ਦਿੱਤਾ ਸੀ ਕਿ ਅਸੀ ਨਾ ਤਾਂ ਕਿਸੇ ਜ਼ਬਰ ਤੋ ਅਤੇ ਨਾ ਹੀ ਕਿਸੇ ਜਾਬਰ ਹੁਕਮਰਾਨ ਤੋ ਡਰ-ਭੈ ਮੰਨਿਆ ਹੈ ਅਤੇ ਨਾ ਹੀ ਕਿਸੇ ਮਜਲੂਮ ਉਤੇ ਕਿਸੇ ਤਰ੍ਹਾਂ ਦਾ ਜੁਲਮ ਕਰਨ ਦਾ ਅਮਲ ਕਰਦੇ ਹਾਂ । ਬਲਕਿ ਜਾਬਰ ਅੱਗੇ ਆਪਣੀ ਪੂਰੀ ਤਾਕਤ ਨਾਲ ਜੂਝਦੇ ਹੋਏ ਆਪਣੇ ਮਿਸਨ ਦੀ ਜਾਂ ਤਾਂ ਪ੍ਰਾਪਤੀ ਕਰਦੇ ਹਾਂ ਜਾਂ ਮੈਦਾਨ ਏ ਜੰਗ ਵਿਚ ਲੜਦੇ ਹੋਏ ਸਹਾਦਤ ਪ੍ਰਾਪਤ ਕਰਦੇ ਹਾਂ । ਇਹ ਸਾਡਾ ਅੱਜ ਤੱਕ ਦਾ ਇਤਿਹਾਸ ਰਿਹਾ ਹੈ । ਪਰ ਜੋ ਜੰਮੂ ਕਸਮੀਰ ਦੇ ਕੁਝ ਗਿਣਤੀ ਦੇ ਸਿੱਖਾਂ ਨੇ ਬੀਜੇਪੀ-ਆਰ.ਐਸ.ਐਸ ਦੇ ਕੱਟੜ ਤੇ ਜਾਬਰ ਮੁੱਖ ਮੰਤਰੀ ਅੱਗੇ ਸਿਰ ਝੁਕਾਉਣ ਦੀ ਗੱਲ ਕੀਤੀ ਹੈ ਇਹ ਸਾਡੇ ਕੌਮੀ ਇਤਿਹਾਸ ਨਾਲ ਬਿਲਕੁਲ ਮੇਲ ਨਹੀ ਖਾਂਦੀ । ਬਾਹਰਲੇ ਸੂਬਿਆ ਦੇ ਸਿੱਖਾਂ ਨੂੰ ਆਪਣੇ ਪਰਿਵਾਰਿਕ ਜਾਂ ਸਮਾਜਿਕ ਮੁਫਾਦਾਂ ਅਧੀਨ ਕਦੀ ਵੀ ਅਜਿਹਾ ਅਮਲ ਨਹੀ ਕਰਨਾ ਚਾਹੀਦਾ ਜਿਸ ਅਧੀਨ ਸਿੱਖ ਕੌਮ ਦੇ ਫਖ਼ਰ ਵਾਲੇ ਇਤਿਹਾਸ ਨੂੰ ਆਂਚ ਆਵੇ ।