ਜੋ ਮੈਂ ਇੰਡੀਅਨ ਏਜੰਸੀਆਂ ਵੱਲੋ ਸਿੱਖਾਂ ਦੇ ਕਤਲ ਬਾਰੇ ਪਾਰਲੀਮੈਟ ਵਿਚ ਸੱਚ ਪ੍ਰਗਟਾਇਆ ਸੀ, ਉਸ ਉਤੇ ਅੱਜ ਗਾਰਡੀਅਨ ਅਖਬਾਰ ਨੇ ਮੋਹਰ ਲਗਾ ਦਿੱਤੀ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 06 ਅਪ੍ਰੈਲ ( ) “ਬੀਤੇ ਦੋ ਮਹੀਨੇ ਪਹਿਲੇ ਜਦੋਂ ਇੰਡੀਅਨ ਪਾਰਲੀਮੈਂਟ ਦਾ ਬਜਟ ਸੈਸਨ ਚੱਲ ਰਿਹਾ ਸੀ, ਤਾਂ ਉਸ ਸਮੇਂ ਮੈਂ ਆਪਣੇ ਵਿਚਾਰ ਪ੍ਰਗਟਾਉਦੇ ਹੋਏ ਅਤੇ ਇੰਡੀਅਨ ਹੁਕਮਰਾਨਾਂ ਨੂੰ ਸਿੱਖ ਕੌਮ ਨਾਲ ਹੋ ਰਹੇ ਜ਼ਬਰ ਜੁਲਮ ਦੀ ਜਾਣਕਾਰੀ ਦਿੰਦੇ ਹੋਏ ਸਮੁੱਚੇ ਹਾਊਂਸ ਵਿਚ ਕਿਹਾ ਸੀ ਕਿ ਇੰਡੀਅਨ ਏਜੰਸੀਆਂ ਰਾਅ, ਆਈ.ਬੀ, ਮਿਲਟਰੀ ਇੰਨਟੈਲੀਜੈਸ, ਸੁਰੱਖਿਆ ਸਲਾਹਕਾਰ ਸ੍ਰੀ ਡੋਵਾਲ ਸਭ ਮਿਲਕੇ ਬਾਹਰਲੇ ਮੁਲਕਾਂ ਵਿਚ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਦੇ ਹੋਏ ਸਿੱਖ ਨੌਜਵਾਨੀ ਦਾ ਕਤਲੇਆਮ ਕਰ ਰਹੇ ਹਨ । ਜਿਨ੍ਹਾਂ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ ਅਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ । ਪਰ ਇੰਡੀਅਨ ਹੁਕਮਰਾਨਾਂ ਅਤੇ ਸਪੀਕਰ ਲੋਕ ਸਭਾ ਵੱਲੋ ਮੇਰੇ ਸਵਾਲਾਂ ਦਾ ਅਤੇ ਸਿੱਖ ਕੌਮ ਸੰਬੰਧੀ ਪਾਰਲੀਮੈਂਟ ਵਿਚ ਨਾ ਤਾਂ ਕੋਈ ਜੁਆਬ ਦਿੱਤਾ ਹੈ ਅਤੇ ਨਾ ਹੀ ਬਾਹਰਲੇ ਮੁਲਕਾਂ, ਇੰਡੀਆ, ਪੰਜਾਬ ਵਿਚ ਏਜੰਸੀਆਂ ਵੱਲੋ ਕਤਲ ਕੀਤੇ ਜਾ ਰਹੇ ਸਿਰਕੱਢ ਸਿੱਖਾਂ ਸੰਬੰਧੀ ਇਥੋ ਦੇ ਨਿਵਾਸੀਆ ਤੇ ਸਿੱਖ ਕੌਮ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਉਹ ਸਿੱਖ ਨੌਜਵਾਨੀ ਨੂੰ ਬਿਨ੍ਹਾਂ ਵਜਹ ਕਿਉਂ ਕਤਲ ਕਰ ਰਹੇ ਹਨ ? ਲੇਕਿਨ ਜਦੋਂ ਅੱਜ ਬਰਤਾਨੀਆ ਦੇ ਵੱਡੇ ਵਿਕਣ ਵਾਲੇ ਅਤੇ ਹਰਮਨ ਪਿਆਰੇ ‘ਦਾ ਗਾਰਡੀਅਨ’ ਵੱਲੋਂ ਤੱਥਾਂ ਸਮੇਤ ਰਿਪੋਰਟ ਪੇਸ਼ ਕਰਦੇ ਹੋਏ ਇਹ ਸੱਚਾਈ ਉਜਾਗਰ ਕੀਤੀ ਗਈ ਹੈ ਕਿ ਪਾਕਿਸਤਾਨ ਵਿਚ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਇੰਡੀਅਨ ਏਜੰਸੀਆਂ ਨੇ ਕਤਲ ਕੀਤਾ ਹੈ ਤਾਂ ਮੇਰੇ ਵੱਲੋ ਪਾਰਲੀਮੈਟ ਵਿਚ ਪ੍ਰਗਟਾਏ ਗਏ ਸਿੱਖ ਨੌਜਵਾਨੀ ਦੇ ਕਤਲਾਂ ਦੇ ਸੱਚ ਉਤੇ ਕੌਮਾਂਤਰੀ ਪੱਧਰ ਤੇ ਮੋਹਰ ਲੱਗ ਚੁੱਕੀ ਹੈ । ਜਿਸ ਵਿਰੁੱਧ ਕੌਮਾਂਤਰੀ ਕਾਨੂੰਨਾਂ ਅਨੁਸਾਰ ਕੌਮਾਂਤਰੀ ਅਦਾਲਤਾਂ ਵਿਚ ਫੌਰੀ ਕਾਨੂੰਨੀ ਅਮਲ ਹੋਣੇ ਚਾਹੀਦੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਅਨ ਏਜੰਸੀਆਂ ਵੱਲੋਂ ਸਾਜ਼ਸੀ ਢੰਗ ਨਾਲ ਬਾਹਰਲੇ ਮੁਲਕਾਂ ਵਿਚ ਸਿੱਖ ਕੌਮ ਦੀ ਜ਼ਮਹੂਰੀਅਤ ਅਤੇ ਅਮਨਮਈ ਢੰਗਾਂ ਰਾਹੀ ਆਜ਼ਾਦੀ ਪ੍ਰਾਪਤ ਕਰਨ ਦੀ ਗੱਲ ਨੂੰ ਉਠਾਉਣ ਤੇ ਪ੍ਰਚਾਰ ਕਰਨ ਵਾਲੇ ਸਿਰਕੱਢ ਸਿੱਖਾਂ ਨੂੰ ਮਾਰ ਦੇਣ ਦੇ ਦੁੱਖਦਾਇਕ ਅਮਲ ਉਤੇ ਆਪਣੇ ਵੱਲੋ ਪਾਰਲੀਮੈਟ ਵਿਚ ਦਿੱਤੀ ਗਈ ਰਿਪੋਰਟ ਉਤੇ ਇੰਡੀਅਨ ਹੁਕਮਰਾਨਾਂ ਵੱਲੋ ਕੋਈ ਵੀ ਅਮਲ ਨਾ ਕਰਨ ਅਤੇ ਜੁਆਬ ਨਾ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਹੁਣ ਦਾ ਗਾਰਡੀਅਨ ਵਰਗੇ ਕੌਮਾਂਤਰੀ ਪੱਧਰ ਦੇ ਵੱਡੇ ਅਖ਼ਬਾਰ ਵੱਲੋ ਭਾਈ ਪਰਮਜੀਤ ਸਿੰਘ ਪੰਜਵੜ ਦਾ ਪਾਕਿਸਤਾਨ ਵਿਚ ਹੋਏ ਕਤਲ ਦਾ ਸੱਚ ਤੱਥਾਂ ਸਹਿਤ ਸਾਹਮਣੇ ਲਿਆਂਦਾ ਹੈ, ਹੁਣ ਇੰਡੀਅਨ ਹੁਕਮਰਾਨ ਅਤੇ ਕਾਤਲ ਏਜੰਸੀਆਂ ਇਸ ਸੱਚ ਤੋਂ ਕਿਵੇ ਮੁਨਕਰ ਹੋ ਸਕਦੇ ਹਨ ? ਇਹ ਹੋਰ ਵੀ ਦੁੱਖ ਤੇ ਅਫਸੋਸ ਵਾਲੀ ਕਾਰਵਾਈ ਹੈ ਕਿ ਪਾਕਿਸਤਾਨ ਦੀ ਸਰਕਾਰ ਨੇ ਭਾਈ ਪਰਮਜੀਤ ਸਿੰਘ ਪੰਜਵੜ ਦੇ ਹੋਏ ਕਤਲ ਉਤੇ ਕੋਈ ਵੀ ਕਾਨੂੰਨੀ ਅਤੇ ਆਪਣੇ ਮੁਲਕ ਦੀ ਪ੍ਰਭੂਸਤਾ ਨੂੰ ਚੁਣੋਤੀ ਦੇਣ ਵਿਰੁੱਧ ਅਮਲ ਨਹੀਂ ਕੀਤਾ । ਇਸੇ ਤਰ੍ਹਾਂ ਕੈਨੇਡਾ ਦੇ ਵਜੀਰ ਏ ਆਜਮ ਮਿਸਟਰ ਜਸਟਿਨ ਟਰੂਡੋ ਵੱਲੋ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਸੰਬੰਧ ਵਿਚ ਜੋ ਤੱਥ ਪੇਸ਼ ਕੀਤੇ ਗਏ ਹਨ ਅਤੇ ਜਿਸ ਵਿਚ ਜਸਟਿਨ ਟਰੂਡੋ ਨੇ ਆਪਣੇ ਮੁਲਕ ਤਰਫੋ ਚੱਲ ਰਹੀ ਜਾਂਚ ਵਿਚ ਇੰਡੀਅਨ ਹੁਕਮਰਾਨਾਂ ਤੇ ਏਜੰਸੀਆਂ ਤੋਂ ਸਹਿਯੋਗ ਮੰਗਿਆ ਸੀ, ਉਸ ਤਰ੍ਹਾਂ ਸਹਿਯੋਗ ਨਹੀਂ ਦਿੱਤਾ ਜਾ ਰਿਹਾ । ਜਿਸ ਤੋ ਪ੍ਰਤੱਖ ਹੈ ਕਿ ਇੰਡੀਅਨ ਹੁਕਮਰਾਨ ਅਤੇ ਉਨ੍ਹਾਂ ਦੀਆਂ ਏਜੰਸੀਆਂ ਵੱਲੋ ਬਾਹਰਲੇ ਮੁਲਕਾਂ ਵਿਚ ਕੀਤੇ ਜਾਣ ਵਾਲੇ ਕਤਲਾਂ ਦੇ ਸੱਚ ਨੂੰ ਸਾਹਮਣੇ ਲਿਆਉਣ ਤੋ ਟਾਲਮਟੋਲ ਵੀ ਕਰ ਰਹੇ ਹਨ ਅਤੇ ਉਸਨੂੰ ਰੌਲੇ-ਘਚੋਲੇ ਵਿਚ ਪਾ ਕੇ ਇਸ ਸੱਚ ਨੂੰ ਦਬਾਉਣ ਦੀ ਅਸਫਲ ਕੋਸਿਸ ਕਰ ਰਹੇ ਹਨ । ਜਦੋਕਿ ਉਪਰੋਕਤ ਵਰਣਨ ਕੀਤੇ ਗਏ ਸਿੱਖਾਂ ਦੇ ਹੋਏ ਕਤਲਾਂ ਦਾ ਸੱਚ ਅੱਜ ਦੁਨੀਆ ਸਾਹਮਣੇ ਉਜਾਗਰ ਹੋ ਚੁੱਕਿਆ ਹੈ । ਇੰਡੀਅਨ ਹੁਕਮਰਾਨ ਅਤੇ ਉਨ੍ਹਾਂ ਦੀਆਂ ਏਜੰਸੀਆ ਇਸ ਘਿਣੋਨੇ ਦੋਸ ਤੋ ਕਦੀ ਵੀ ਬਚ ਨਹੀ ਸਕਣਗੀਆ ਅਤੇ ਆਪਣੇ ਵੱਲੋਂ ਕੀਤੇ ਇਸ ਕੁਕਰਮ ਨੂੰ ਪ੍ਰਵਾਨ ਕਰਨਾ ਪਵੇਗਾ ।