ਸਿੱਖ ਨੌਜਵਾਨ ਰਤਨਦੀਪ ਸਿੰਘ ਵਿਰਕ ਨੂੰ ਨਵਾਂਸ਼ਹਿਰ ਵਿਖੇ ਸਾਜਸੀ ਢੰਗ ਨਾਲ ਮਾਰ ਦੇਣ ਦੀ ਕਾਰਵਾਈ, ਸਿੱਖਾਂ ਨੂੰ ਨਿਸ਼ਾਨਾਂ ਬਣਾਉਣ ਦੇ ਅਮਲ : ਮਾਨ
ਫ਼ਤਹਿਗੜ੍ਹ ਸਾਹਿਬ, 04 ਅਪ੍ਰੈਲ ( ) “ਜਿਵੇਂ ਬੀਤੇ ਸਮੇ ਵਿਚ ਇੰਡੀਅਨ ਏਜੰਸੀਆਂ ਆਈ.ਬੀ, ਰਾਅ, ਮਿਲਟਰੀ ਇੰਨਟੈਲੀਜੈਸ, ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ ਦੀ ਸਾਂਝੀ ਸਾਜਿਸ ਅਧੀਨ ਕੈਨੇਡਾ ਵਿਖੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਖੇ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਖੇ ਦੀਪ ਸਿੰਘ ਸਿੱਧੂ, ਪੰਜਾਬ ਦੇ ਮਾਨਸਾ ਵਿਖੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਕੱਟੜਵਾਦੀ ਸੋਚ ਅਧੀਨ ਨਿਸ਼ਾਨਾਂ ਬਣਾਕੇ ਉਪਰੋਕਤ ਇੰਡੀਅਨ ਏਜੰਸੀਆਂ ਨੇ ਸਿਰਕੱਢ ਸਿੱਖਾਂ ਦੇ ਕਤਲ ਕਰਵਾਏ ਹਨ । ਉਸੇ ਤਰ੍ਹਾਂ ਦੀ ਦੁੱਖਦਾਇਕ ਕਾਰਵਾਈ ਬੀਤੇ ਦਿਨੀਂ ਹਰਿਆਣਾ ਦੇ ਕਰਨਾਲ ਜਿ਼ਲ੍ਹੇ ਦੇ ਨੌਜਵਾਨ ਰਤਨਦੀਪ ਸਿੰਘ ਵਿਰਕ ਨੂੰ ਨਵਾਂਸ਼ਹਿਰ ਵਿਖੇ ਕਤਲ ਕਰਵਾ ਦਿੱਤਾ ਗਿਆ ਹੈ । ਜਿਸ ਤੋ ਪ੍ਰਤੱਖ ਹੈ ਕਿ ਕੈਨੇਡਾ ਤੇ ਅਮਰੀਕਾ ਦੀਆਂ ਸਰਕਾਰਾਂ ਵੱਲੋਂ ਸਿੱਖ ਕਤਲੇਆਮ ਦੇ ਗੰਭੀਰ ਵਿਸੇ ਉਤੇ ਇੰਡੀਆਂ ਨੂੰ ਕੌਮਾਂਤਰੀ ਪੱਧਰ ਤੇ ਦੋਸ਼ੀ ਠਹਿਰਾਉਣ ਉਪਰੰਤ ਵੀ ਇੰਡੀਅਨ ਏਜੰਸੀਆਂ ਅਤੇ ਹੁਕਮਰਾਨ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ ਤੋ ਬਾਜ ਨਹੀ ਆ ਰਹੇ । ਜਦੋਕਿ ਸਿੱਖ ਕੌਮ ਅਜਿਹੇ ਜ਼ਬਰ ਨੂੰ ਹੁਣ ਸਹਿਣ ਨਹੀ ਕਰੇਗੀ । ਜਿਸਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਮੌਜੂਦਾ ਮੋਦੀ ਹਕੂਮਤ ਸਿੱਧੇ ਤੌਰ ਤੇ ਜਿੰਮੇਵਾਰ ਹੋਵੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਨਵਾਂਸ਼ਹਿਰ ਵਿਖੇ ਕਰਨਾਲ ਦੇ ਸਿੱਖ ਨੌਜਵਾਨ ਰਤਨਦੀਪ ਸਿੰਘ ਵਿਰਕ ਦੇ ਹੋਏ ਦੁਖਾਤਿਕ ਕਤਲ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਸਿੱਖ ਕੌਮ ਨੂੰ ਬਿਨ੍ਹਾਂ ਵਜਹ ਨਿਸਾਨਾਂ ਬਣਾਉਣ ਦੀਆਂ ਗੈਰ ਇਨਸਾਨੀ ਕਾਰਵਾਈਆ ਦਾ ਸਖਤ ਨੋਟਿਸ ਲੈਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਰਾਨਾਂ ਨੂੰ ਇਸ ਗੱਲ ਤੋ ਭਲੀਭਾਂਤ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਬੀਤੇ ਸਮੇ ਵਿਚ ਮੰਨੂ ਨਾਮ ਦਾ ਦੁਸਟ ਹੁਕਮਰਾਨ ਸਿੱਖਾਂ ਦੇ ਸਿਰਾਂ ਦੇ ਮੁਲ ਪਾਉਦਾ ਸੀ ਅਤੇ ਬਹੁਤ ਜ਼ਬਰ ਜੁਲਮ ਕਰਦਾ ਸੀ, ਉਸ ਸਮੇ ਸਿੱਖ ਕੌਮ ਵੱਲੋ ਅਜਿਹੇ ਤਾਨਾਸਾਹ ਤੇ ਜਾਲਮ ਹੁਕਮਰਾਨਾਂ ਨੂੰ ਚੁਣੋਤੀ ਦਿੰਦੇ ਹੋਏ ਇਹ ਕਿਹਾ ਗਿਆ ਸੀ ਕਿ ‘ਮੰਨੂ ਸਾਡੀ ਦਾਤਰੀ ਅਸੀ ਮੰਨੂ ਦੇ ਸੋਏ, ਜਿਊ-ਜਿਊ ਮੰਨੂ ਸਾਨੂੰ ਵੱਢਦਾ ਅਸੀ ਦੂਣ ਸਵਾਣੇ ਹੋਏ॥’ ਇਸ ਲਈ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ ਵਾਲੇ ਅਤੇ ਖਤਮ ਕਰਨ ਦੀ ਮੰਦਭਾਵਨਾ ਰੱਖਣ ਵਾਲੇ ਇਨ੍ਹਾਂ ਹੁਕਮਰਾਨਾਂ ਨੂੰ ਇਤਿਹਾਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਅੱਜ ਉਨ੍ਹਾਂ ਜਾਬਰ ਤੇ ਜਾਲਮ ਹੁਕਮਰਾਨਾਂ ਦਾ ਕਿਤੇ ਵੀ ਨਾਮੋ ਨਿਸਾਨ ਨਹੀ । ਲੇਕਿਨ ਸਿੱਖ ਕੌਮ ਕੌਮਾਂਤਰੀ ਪੱਧਰ ਤੇ ਆਨ-ਸਾਨ ਨਾਲ ਜੀ ਵੀ ਰਹੀ ਹੈ ਅਤੇ ਆਪਣੀ ਮੰਜਿਲ ਵੱਲ ਅਡੋਲ ਵੱਧ ਵੀ ਰਹੀ ਹੈ । ਇਸ ਲਈ ਤੁਹਾਡੇ ਜ਼ਬਰ ਜੁਲਮ ਸਾਨੂੰ ਆਪਣੇ ਕੌਮੀ ਨਿਸ਼ਾਨਿਆ ਤੋ ਨਹੀ ਥਿੜਕਾ ਸਕਦੇ । ਕਿਉਂਕਿ ਸਿੱਖ ਨੂੰ ਹੁਕਮ ਹੈ ‘ਭੈ ਕਾਹੂ ਕੋ ਦੇਤਿ ਨ, ਨਾ ਭੈ ਮਾਨਤਿ ਆਨਿ’ ਅਸੀ ਨਾ ਤਾਂ ਕਿਸੇ ਕੰਮਜੋਰ ਜਾਂ ਤਕੜੇ ਨੂੰ ਡਰਾਉਦੇ ਹਾਂ ਅਤੇ ਨਾ ਹੀ ਕਿਸੇ ਜਾਬਰ ਤੇ ਜ਼ਬਰ ਕਰਨ ਵਾਲੇ ਤੋ ਸਿੱਖ ਕੌਮ ਕਦੀ ਡਰਦੀ ਹੈ । ਬਿਹਤਰ ਇਹੀ ਹੋਵੇਗਾ ਕਿ ਹੁਕਮਰਾਨ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਕਤਲ ਕਰਨ ਦੇ ਗੈਰ ਵਿਧਾਨਿਕ ਤੇ ਗੈਰ ਇਨਸਾਨੀ ਅਮਲਾਂ ਤੋ ਤੋਬਾ ਕਰਕੇ ਸਿੱਖ ਕੌਮ ਨੂੰ ਆਪਣੇ ਖਿੱਤੇ ਵਿਚ ਆਜਾਦੀ ਤੇ ਅਣਖ ਨਾਲ ਜਿਊਣ ਦਾ ਇਮਾਨਦਾਰੀ ਨਾਲ ਪ੍ਰਬੰਧ ਕਰੇ ।
ਉਨ੍ਹਾਂ ਮੰਗ ਕੀਤੀ ਕਿ ਨਵਾਂਸਹਿਰ ਵਿਖੇ ਕਤਲ ਕੀਤੇ ਗਏ ਸਿੱਖ ਨੌਜਵਾਨ ਦੀ ਨਿਰਪੱਖਤਾ ਤੇ ਆਜਾਦੀ ਨਾਲ ਕਿਸੇ ਨਿਰਪੱਖ ਏਜੰਸੀ ਤੋ ਛਾਣਬੀਨ ਕਰਵਾਕੇ ਇਸ ਪਿੱਛੇ ਸਾਜਿਸ ਨੂੰ ਨੰਗਾਂ ਕੀਤਾ ਜਾਵੇ ਅਤੇ ਜੋ ਵੀ ਜਿੰਮੇਵਾਰ ਸਿਆਸਤਦਾਨ ਜਾਂ ਅਫਸਰਾਨ ਹੋਣ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਫੋਰੀ ਬਣਦੀ ਸਜਾਂ ਦੇਣ ਦਾ ਪ੍ਰਬੰਧ ਕੀਤਾ ਜਾਵੇ । ਇਸਦੀ ਸਮੁੱਚੀ ਨਿਖੇਧੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਪਲਵਿੰਦਰ ਸਿੰਘ ਤਲਵਾੜਾ ਅਤੇ ਹੋਰ ਸਿੰਘਾਂ ਨੇ ਵੀ ਸਖਤ ਸ਼ਬਦਾਂ ਵਿਚ ਕੀਤੀ ।