ਜਥੇਦਾਰ ਵੱਲੋਂ ਸਿਰਪਾਓ ਬਖਸਿਸ ਕਰਨ ਤੋ ਰੋਕਣ ਦੇ ਅਮਲ ਦੀ ਅਕਾਲ ਤਖਤ ਸਾਹਿਬ ਅਤੇ ਜਥੇਦਾਰ ਸਾਹਿਬਾਨ ਦਾ ਅਪਮਾਨ : ਅੰਮ੍ਰਿਤਸਰ ਦਲ
ਫ਼ਤਹਿਗੜ੍ਹ ਸਾਹਿਬ, 05 ਅਪ੍ਰੈਲ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੀਆ ਜਥੇਬੰਦੀਆਂ ਦੇ ਸਹਿਯੋਗ ਨਾਲ ਚੰਬੇ ਵਿਖੇ ਜੋ 2015 ਵਿਚ ਸਰਬੱਤ ਖਾਲਸਾ ਕਰਵਾਇਆ ਸੀ ਉਸ ਵਿਚ ਪੰਥ ਦੀਆਂ ਸਭ ਹਾਜਰੀਨ ਜਥੇਬੰਦੀਆਂ ਵੱਲੋ ਭਾਈ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸੇਵਾ ਸੌਪੀ ਗਈ ਸੀ । ਜੋ ਕਿ ਲੰਮੇ ਸਮੇ ਤੋ ਹੁਕਮਰਾਨਾਂ ਦੇ ਕਾਲੇ ਕਾਨੂੰਨਾਂ ਅਧੀਨ ਕਾਲਕੋਠੜੀਆਂ ਵਿਚ ਬੰਦੀ ਹਨ । ਇਹ ਸਰਬੱਤ ਖਾਲਸਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਬੁਲਾਇਆ ਗਿਆ ਸੀ । ਜਿਸਦਾ ਪ੍ਰਬੰਧ ਵੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਨੇ ਹੀ ਕੀਤਾ ਸੀ । ਸ. ਜਰਨੈਲ ਸਿੰਘ ਸਖੀਰਾ ਤਾਂ ਉਸ ਸਮੇ ਵੀ ਅਤੇ ਅੱਜ ਵੀ ਇਕ ਸਰਕਾਰੀ ਮੁਲਾਜਮ ਹਨ । ਉਨ੍ਹਾਂ ਦਾ ਸਰਬੱਤ ਖਾਲਸੇ ਦੇ ਪ੍ਰਬੰਧ ਨਾਲ ਕਿਵੇ ਸੰਬੰਧ ਹੋ ਸਕਦਾ ਹੈ ? ਮੌਜੂਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਬਿਰਾਜਮਾਨ ਐਕਟਿੰਗ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋ ਜੋ ਭਾਈ ਮਹਿਲ ਸਿੰਘ ਬੱਬਰ ਦੇ ਭੋਗ ਸਮਾਗਮ ਸਮੇ ਜੋ ਪਰਿਵਾਰ ਨੂੰ ਸਿਰਪਾਓ ਬਖਸਿਸ ਕਰਨ ਦੀ ਗੱਲ ਹੋਈ, ਤਾਂ ਉਸ ਸਮੇ ਉਨ੍ਹਾਂ ਨੂੰ ਸਿਰਪਾਓ ਬਖਸਿਸ ਕਰਨ ਤੋ ਰੋਕਣ ਦੇ ਅਮਲ ਅਤਿ ਦੁੱਖਾਤਿਕ ਕਾਰਵਾਈ ਹੈ । ਜਿਸ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾਂ ਅਤੇ ਜਥੇਦਾਰ ਸਾਹਿਬ ਦੇ ਰੁਤਬੇ ਦਾ ਅਪਮਾਨ ਹੋਇਆ ਹੈ । ਜੋ ਨਿੰਦਣਯੋਗ ਕਾਰਵਾਈ ਹੈ। ਅਜਿਹਾ ਕਦਾਚਿਤ ਨਹੀ ਹੋਣਾ ਚਾਹੀਦਾ ।”
ਇਹ ਵਿਚਾਰ ਸ. ਕੁਲਦੀਪ ਸਿੰਘ ਭਾਗੋਵਾਲ, ਸ. ਹਰਪਾਲ ਸਿੰਘ ਬਲੇਰ, ਡਾ. ਹਰਜਿੰਦਰ ਸਿੰਘ ਜੱਖੂ ਤਿੰਨੇ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਸਾਂਝੇ ਤੌਰ ਤੇ 2015 ਵਿਚ ਚੰਬੇ ਵਿਖੇ ਹੋਏ ਸਰਬੱਤ ਖਾਲਸਾ ਦੇ ਨਾਮ ਦੀ ਦੁਰਵਰਤੋ ਕਰਕੇ ਭਾਈ ਮਹਿਲ ਸਿੰਘ ਬੱਬਰ ਦੇ ਭੋਗ ਸਮਾਗਮ ਤੇ ਮੌਜੂਦਾ ਐਕਟਿੰਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਪਰਿਵਾਰ ਨੂੰ ਸਨਮਾਨਿਤ ਕਰਦੇ ਹੋਏ ਸਿਰਪਾਓ ਦੇਣ ਤੋ ਰੋਕਣ ਦੀ ਹੋਈ ਦੁੱਖਦਾਇਕ ਕਾਰਵਾਈ ਦੀ ਨਿੰਦਾ ਕਰਦੇ ਹੋਏ ਅਤੇ ਇਸ ਅਮਲ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾਂ ਅਤੇ ਜਥੇਦਾਰ ਸਾਹਿਬਾਨ ਦੇ ਅਹੁਦੇ ਦਾ ਅਪਮਾਨ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਆਗੂਆ ਨੇ ਕਿਹਾ ਕਿ ਅਜਿਹੇ ਸਮਿਆ ਉਤੇ ਸਿੱਖ ਕੌਮ ਵਿਚ ਵਿਚਰ ਰਹੇ ਸਭ ਆਗੂਆ ਤੇ ਪੰਥ ਦਰਦੀਆ ਨੂੰ ਕਿਸੇ ਤਰ੍ਹਾਂ ਦਾ ਵੀ ਐਕਸਨ ਕਰਦੇ ਹੋਏ ਵਿਸੇਸ ਤੌਰ ਤੇ ਸਾਡੀ ਮਹਾਨ ਸੰਸਥਾਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਉਸ ਪਦਵੀ ਉਤੇ ਬਿਰਾਜਮਾਨ ਜਥੇਦਾਰ ਸਹਿਬਾਨ ਦੇ ਮਾਣ ਸਨਮਾਨ ਤੇ ਸਤਿਕਾਰ ਨੂੰ ਪ੍ਰਤੱਖ ਤੌਰ ਤੇ ਸਾਹਮਣੇ ਰੱਖਦੇ ਹੋਏ ਕੋਈ ਅਜਿਹਾ ਅਮਲ ਬਿਲਕੁਲ ਨਹੀ ਕਰਨਾ ਚਾਹੀਦਾ ਜਿਸ ਨਾਲ ਇਨ੍ਹਾਂ ਪਦਵੀਆ ਤੇ ਸੰਸਥਾਵਾਂ ਦੇ ਮਾਣ ਸਨਮਾਨ ਨੂੰ ਠੇਸ ਪਹੁੰਚੇ । ਉਨ੍ਹਾਂ ਕਿਹਾ ਕਿ ਸਰਬੱਤ ਖਾਲਸਾ ਵੀ ਖਾਲਸਾ ਪੰਥ ਦਾ ਇਕ ਇਤਿਹਾਸਿਕ ਵਰਤਾਰਾ ਹੈ, ਉਸਦੇ ਨਾਮ ਦੀ ਵੀ ਕਿਸੇ ਇਕੱਲੇ ਦੁਕੱਲੇ ਇਨਸਾਨ ਨੂੰ ਦੁਰਵਰਤੋ ਕਰਕੇ ‘ਸਰਬੱਤ ਖਾਲਸਾ’ ਦੇ ਮਹੱਤਵ ਨੂੰ ਕਤਈ ਨਹੀ ਘਟਾਉਣਾ ਚਾਹੀਦਾ ਅਤੇ ਨਾ ਹੀ ਖਾਲਸਾ ਪੰਥ ਨੂੰ ਅਜਿਹੀ ਕਿਸੇ ਨੂੰ ਇਜਾਜਤ ਦੇਣੀ ਚਾਹੀਦੀ ਹੈ । ਆਗੂਆ ਨੇ ਇਹ ਵੀ ਜੋਰ ਦੇ ਕੇ ਕਿਹਾ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਇਜਲਾਸ ਦੌਰਾਨ ਕੌਮ ਦੀਆਂ ਅੰਤਰੀਵ ਭਾਵਨਾਵਾ ਨੂੰ ਮੱਦੇਨਜਰ ਰੱਖਦੇ ਹੋਏ ਸਾਡੇ ਤਖਤ ਸਾਹਿਬਾਨਾਂ ਦੀਆਂ ਪਦਵੀਆ ਉਤੇ ਬਿਰਾਜਮਾਨ ਹੋਣ ਵਾਲੇ ਜਥੇਦਾਰ ਸਾਹਿਬਾਨ ਦੀਆਂ ਨਿਯੁਕਤੀਆ ਅਤੇ ਸੇਵਾ ਮੁਕਤੀਆ ਲਈ ਮਤਾ ਪਾਸ ਕਰਦੇ ਹੋਏ ਨਵਾ ਨਿਰੋਆ ਕੌਮ ਦੀ ਆਨ ਸਾਨ ਨੂੰ ਕਾਇਮ ਰੱਖਣ ਵਾਲਾ, ਸਰਬਸੰਮਤੀ ਨਾਲ ਵਿਧੀ ਵਿਧਾਨ ਬਣਾਉਣ ਦੀ ਗੱਲ ਹੋਈ ਹੈ, ਅਸੀ ਜਿਥੇ ਉਸਦਾ ਜੋਰਦਾਰ ਸਵਾਗਤ ਕਰਦੇ ਹਾਂ ਉਥੇ ਇਸ ਵਿਧੀ ਵਿਧਾਨ ਬਣਾਉਣ ਦੀ ਸਮੁੱਚੀ ਪ੍ਰਕਿਰਿਆ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਜਿਸ ਵਿਚ ਸੰਸਾਰ ਪੱਧਰ ਦੀਆਂ ਖਾਲਸਾ ਪੰਥ ਨਾਲ ਸੰਬੰਧਤ ਜਥੇਬੰਦੀਆਂ ਦੀ ਪ੍ਰਵਾਨਗੀ ਹੋਵੇ ਅਤੇ ਇਨ੍ਹਾਂ ਜਥੇਦਾਰ ਸਾਹਿਬਾਨ ਨੂੰ ਨਿਯੁਕਤ ਕਰਦੇ ਹੋਏ ਅਤੇ ਸੇਵਾ ਮੁਕਤ ਕਰਦੇ ਹੋਏ ਕਿਸੇ ਵੀ 10-11 ਮੈਬਰਾਂ ਦੀ ਅਜਾਰੇਦਾਰੀ ਕਾਇਮ ਨਾ ਹੋ ਸਕੇ, ਬਲਕਿ ਇਹ ਮਹੱਤਵਪੂਰਨ ਫੈਸਲੇ ਸਮੁੱਚੇ ਖਾਲਸਾ ਪੰਥ ਦੀ ਰਾਏ ਅਨੁਸਾਰ ਹੋ ਸਕਣ । ਜਦੋ ਅਜਿਹਾ ਵਿਧੀ ਵਿਧਾਨ ਲਾਗੂ ਹੋ ਜਾਵੇਗਾ, ਤਾਂ ਕਿਸੇ ਵੀ ਪੰਥ ਵਿਰੋਧੀ ਸਕਤੀ ਜਾਂ ਪੰਥ ਵਿਚ ਵਿਚਰਣ ਵਾਲੇ ਲਾਲ ਸਿੰਘ, ਡੋਗਰਿਆ ਵੱਲੋ ਕਿਸੇ ਤਰ੍ਹਾਂ ਦੀ ਪੰਥ ਵਿਰੋਧੀ ਅਮਲ ਹੋਣ ਦੀ ਸੰਭਾਵਨਾ ਹੀ ਨਹੀ ਰਹੇਗੀ ।