ਇੰਡੀਆਂ ਦੀ ਕੁੱਲ ਧਨ-ਦੌਲਤ ਦਾ 40% ਹਿੱਸਾ 1% ਕਾਰਪੋਰੇਟ ਘਰਾਣਿਆ ਦੀਆਂ ਤਿਜੋਰੀਆ ਵਿਚ ਹੋਣਾ ਹੀ ਰਾਜ ਪ੍ਰਬੰਧ ਨੂੰ ਦੋਸ਼ਪੂਰਨ ਸਾਬਤ ਕਰਦਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 22 ਮਾਰਚ ( ) “ਇੰਡੀਆਂ ਇਕ ਜਮਹੂਰੀਅਤ ਪਸ਼ੰਦ ਵਿਧਾਨ ਦੇ ਅਧੀਨ ਚੱਲ ਰਿਹਾ ਹੈ, ਜਿਸ ਵਿਚ ਵਿਧਾਨ ਦੀ ਧਾਰਾ 14 ਇਥੋ ਦੇ ਸਭ ਨਾਗਰਿਕਾਂ ਨੂੰ ਹਰ ਖੇਤਰ ਵਿਚ ਬਰਾਬਰਤਾ ਦੇ ਹੱਕ ਤੇ ਅਧਿਕਾਰ ਪ੍ਰਦਾਨ ਕਰਦੀ ਹੈ । ਲੇਕਿਨ ਜਦੋਂ ਇਸ ਮੁਲਕ ਦੀ ਕੁੱਲ ਧਨ-ਦੌਲਤ ਦਾ 40% ਹਿੱਸਾ 1% ਧਨਾਢਾਂ ਕੋਲ ਜਮ੍ਹਾ ਹੈ, ਫਿਰ ਇਹ ਗੱਲ ਤਾਂ ਇਥੋ ਦੇ ਨਿਜਾਮ ਵਿਚ ਵੱਡੇ ਵਿਤਕਰੇ ਅਤੇ ਬੇਇਨਸਾਫ਼ੀ ਹੋਣ ਨੂੰ ਖੁਦ ਹੀ ਪ੍ਰਤੱਖ ਕਰਦੀ ਹੈ । ਫਿਰ ਇਥੇ ਬਰਾਬਰਤਾ ਦੀ ਸੋਚ ਵਾਲੇ ਵਿਧਾਨ ਦਾ ਕੀ ਮਹੱਤਵ ਰਹਿ ਜਾਂਦਾ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਦੇ ਅਖਬਾਰਾਂ ਵਿਚ ਵਰਲਡ ਇਨਇਕੁਐਲਿਟੀ ਲੈਬ ਵੱਲੋ ਦਿੱਤੀ ਗਈ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਅਤੇ ਇਥੋ ਦੀ ਅਸਲ ਸਥਿਤੀ ਬਾਰੀ ਜਾਣਕਾਰੀ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੇਸੱਕ ਮੋਦੀ ਹਕੂਮਤ ਅਤੇ ਉਨ੍ਹਾਂ ਦੇ ਪੱਖ ਵਿਚ ਪ੍ਰਚਾਰ ਕਰ ਰਿਹਾ ਮੀਡੀਆਂ ਇਥੇ ਹਰ ਤਰ੍ਹਾਂ ਦੀਆਂ ਦਰਪੇਸ਼ ਆਉਣ ਵਾਲੀਆ ਮੁਸਕਿਲਾਂ ਨੂੰ ਨਜਰਅੰਦਾਜ ਕਰਕੇ ਸਮੁੱਚੇ ਮੁਲਕ ਨਿਵਾਸੀਆ ਦੀ ਤਰੱਕੀ ਅਤੇ ਅੱਛੇ ਜੀਵਨ ਦਾ ਪ੍ਰਚਾਰ ਕਰ ਰਹੇ ਹਨ । ਲੇਕਿਨ ਅਸਲੀਅਤ ਵਿਚ ਸਥਿਤੀ ਬਿਲਕੁਲ ਉਲਟ ਹੈ । ਬਹੁਤੇ ਲੋਕਾਂ ਕੋਲ ਆਪਣੇ ਰਹਿਣ ਲਈ ਮਕਾਨ, ਰੋਜੀ ਰੋਟੀ, ਪਹਿਨਣ ਲਈ ਕੱਪੜਾ ਆਦਿ ਦੀਆਂ ਮੁੱਢਲੀਆਂ ਸਹੂਲਤਾਂ ਵੀ ਪ੍ਰਾਪਤ ਨਹੀ ਹਨ । ਇਸ ਸੰਬੰਧੀ ਅਸੀ ਸਮੇ-ਸਮੇ ਤੇ ਮੁਲਕ ਦੇ ਵੱਖ-ਵੱਖ ਹਿੱਸਿਆ ਵਿਚੋਂ ਝੂੰਗੀਆਂ, ਝੋਪੜੀਆਂ ਅਤੇ ਬਹੁਤ ਹੀ ਤਰਸਯੋਗ ਸਥਿਤੀ ਵਿਚ ਜੀਵਨ ਬਤੀਤ ਕਰ ਰਹੇ ਨਿਵਾਸੀਆਂ ਦੀਆਂ ਤਸਵੀਰਾਂ ਵੀ ਪ੍ਰਕਾਸਿਤ ਕਰਦੇ ਰਹਿੰਦੇ ਹਾਂ । ਲੇਕਿਨ ਸਰਕਾਰ ਆਪਣੀਆ ਪ੍ਰਾਪਤੀਆਂ ਅਤੇ ਮੁਲਕ ਦੀ ਤਰੱਕੀ ਦਾ ਗੁੰਮਰਾਹਕੁੰਨ ਪ੍ਰਚਾਰ ਕਰਕੇ ਝੂਠ ਦਾ ਪਸਾਰਾ ਕਰ ਰਹੀ ਹੈ । ਕਿਉਂਕਿ ਜੋ ਇਥੋ ਦੇ ਨਿਵਾਸੀਆਂ ਦੇ ਪੀਣ ਯੋਗ ਸਾਫ ਪਾਣੀ ਦੀ ਸਥਿਤੀ ਹੈ ਉਹ ਹੋਰ ਵੀ ਅਤਿ ਖਰਾਬ ਹੈ । ਜਿਸ ਨਾਲ ਇਥੋ ਦੇ ਨਿਵਾਸੀਆਂ ਦੀਆਂ ਜਿੰਦਗਾਨੀਆਂ ਨਾਲ ਖਿਲਵਾੜ ਹੋ ਰਿਹਾ ਹੈ । ਵਾਤਾਵਰਣ, ਪ੍ਰਦੂਸ਼ਣ, ਗੰਦਗੀ ਦੀ ਸਥਿਤੀ ਹੋਰ ਵੀ ਗੰਭੀਰ ਬਣੀ ਹੋਈ ਹੈ । ਇਥੋ ਦੀਆਂ ਨਦੀਆਂ, ਨਹਿਰਾਂ ਅਤੇ ਦਰਿਆਵਾ ਦੇ ਪਾਣੀਆਂ ਵਿਚ ਵੱਡੇ ਸ਼ਹਿਰਾਂ ਦਾ ਕੂੜਾ ਕਰਕਟ, ਗੰਦ, ਮਲਮੂਤਰ, ਫੈਕਟਰੀਆਂ ਦੇ ਤੇਜਾਬੀ ਪਾਣੀ ਸੁੱਟਕੇ ਸਮੁੱਚੇ ਵਾਤਾਵਰਣ ਅਤੇ ਫਸਲਾਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ । ਕਹਿਣ ਤੋਂ ਭਾਵ ਹੈ ਕਿ ਬੀਤੇ 10 ਸਾਲਾਂ ਤੋਂ ਜਦੋਂ ਤੋਂ ਸੈਂਟਰ ਵਿਚ ਮੋਦੀ ਹਕੂਮਤ ਆਈ ਹੈ, ਸਭ ਪਾਸੇ ਅਫਰਾ-ਤਫਰੀ, ਬੇਇਨਸਾਫ਼ੀ, ਬੇਰੁਜਗਾਰੀ, ਅਰਾਜਕਤਾ, ਮਹਿੰਗਾਈ ਫੈਲ ਚੁੱਕੀ ਹੈ ਅਤੇ ਇਹ ਸਰਕਾਰ ਹਰ ਖੇਤਰ ਵਿਚ ਫੇਲ੍ਹ ਸਾਬਤ ਹੋ ਚੁੱਕੀ ਹੈ । ਜੋ ਬੀਤੇ ਸਮੇਂ ਵਿਚ ਚਰਚਲ ਨੇ ਇੰਡੀਆਂ ਦੇ ਰਾਜ ਭਾਗ ਬਾਰੇ ਭਵਿੱਖਬਾਣੀ ਕੀਤੀ ਸੀ ਕਿ ਇਥੋ ਦਾ ਪ੍ਰਬੰਧ ਐਨਾ ਦੋਸ਼ਪੂਰਨ ਤੇ ਗੰਦਾ ਹੈ ਜੇਕਰ ਇੰਡੀਆਂ ਨੂੰ ਆਜਾਦ ਕਰ ਦਿੱਤਾ ਗਿਆ ਤਾਂ ਇਸਦੀ ਹਕੂਮਤ ਬਦਮਾਸਾਂ, ਧੋਖੇਬਾਜਾਂ, ਬੇਈਮਾਨਾਂ, ਠੱਗਾਂ ਤੇ ਕਾਤਲਾਂ ਦੇ ਹੱਥਾਂ ਵਿਚ ਚਲੇ ਜਾਵੇਗੀ । ਸਭ ਆਗੂ ਘੱਟ ਯੋਗਤਾ ਅਤੇ ਨਾਂਹਵਾਚਕ ਇਖਲਾਕ ਵਾਲੇ ਹੋਣਗੇ । ਉਨ੍ਹਾਂ ਕੋਲ ਬੇਸੱਕ ਜੀਭਾ ਤੇ ਜੁਬਾਨ ਮਿੱਠੀ ਹੋਵੇ, ਪਰ ਉਹ ਸਿਰੇ ਦੇ ਮੂਰਖ ਹੋਣਗੇ । ਸਤ੍ਹਾ ਦੀ ਪ੍ਰਾਪਤੀ ਲਈ ਲੜਦੇ ਹੋਏ ਰਾਜਨੀਤਿਕ ਝਗੜਿਆ ਵਿਚ ਗੁਆਚ ਜਾਣਗੇ ਅਤੇ ਇੰਡੀਆਂ ਵਿਚ ਉਹ ਦਿਨ ਆ ਜਾਵੇਗਾ ਜਿਸ ਰਾਹੀ ਇਥੇ ਹਵਾ ਤੇ ਪਾਣੀ ਉਤੇ ਵੀ ਟੈਕਸ ਲੱਗੇਗਾ । ਇਹ ਭਵਿੱਖਬਾਣੀ ਅੱਜ ਸੱਚੀ ਸਾਬਤ ਹੋ ਚੁੱਕੀ ਹੈ ।
ਇਨ੍ਹਾਂ ਨੇ ਕੇਵਲ ਸਮੁੱਚੇ ਮੁਲਕ ਵਿਚ ਹਿੰਦੂਵਾਦ ਅਤੇ ਕੱਟੜਤਾ ਨੂੰ ਹੀ ਉਤਸਾਹਿਤ ਕੀਤਾ ਹੈ । ਕਸਮੀਰੀਆਂ ਉਤੇ ਜ਼ਬਰ ਜੁਲਮ ਢਾਹਕੇ ਉਨ੍ਹਾਂ ਦੀ ਵਿਧਾਨਿਕ ਆਜਾਦੀ ਤਾਨਾਸਾਹੀ ਸੋਚ ਅਧੀਨ ਖਤਮ ਕਰ ਦਿੱਤੀ ਹੈ । ਚੋਣ ਕਮਿਸਨ ਦੀ ਨਿਰਪੱਖਤਾ ਵੀ ਕਾਇਮ ਨਹੀ ਰਹਿਣ ਦਿੱਤੀ । ਉਸ ਵਿਚੋਂ ਇੰਡੀਆਂ ਦੇ ਚੀਫ ਜਸਟਿਸ ਦੀ ਭੂਮਿਕਾ ਨੂੰ ਮਨਫੀ ਕਰਕੇ ਹੁਕਮਰਾਨਾਂ ਨੇ ਆਪਣੀ ਤਾਨਾਸਾਹੀ ਸੋਚ ਨੂੰ ਹੀ ਮਜਬੂਤ ਕੀਤਾ ਹੈ । ਇਥੋ ਤੱਕ ਇਥੋ ਦਾ ਮੀਡੀਆ, ਬਿਜਲਈ ਮੀਡੀਆ ਵੀ ਨਿਰਪੱਖਤਾ ਨਾਲ ਇਥੋ ਦੇ ਨਿਵਾਸੀਆ ਨੂੰ ਸਹੀ ਜਾਣਕਾਰੀ ਨਹੀ ਦੇ ਰਹੇ । ਜੋ ਸਰਕਾਰ ਚਾਹੁੰਦੀ ਹੈ ਉਹੀ ਇਥੋ ਦੇ ਨਿਵਾਸੀਆ ਨੂੰ ਪਰੋਸਿਆ ਜਾ ਰਿਹਾ ਹੈ । ਜੋ ਕਿ ਝੂਠ ਤੇ ਅਧਾਰਿਤ ਹੈ । ਅਜਿਹੀ ਸਰਕਾਰ ਵੱਲੋ ਕਤਈ ਵੀ ਸਮੁੱਚੇ ਮੁਲਕ ਦੀ ਚਹੁਪੱਖੀ ਤਰੱਕੀ, ਗਰੀਬਾਂ, ਮੱਧਵਰਗੀ ਪਰਿਵਾਰਾਂ ਦੀਆਂ ਮੁਸਕਿਲਾਂ ਨੂੰ ਹੱਲ ਕਰਨ ਦੀ ਸਮਰੱਥਾਂ ਨਹੀ । ਕੇਵਲ ਤੇ ਕੇਵਲ ਗੁੰਮਰਾਹਕੁੰਨ ਪ੍ਰਚਾਰ ਦਾ ਸਹਾਰਾ ਲੈਕੇ ਆਪਣੇ ਰਾਜ ਭਾਗ ਅਤੇ ਸਿਧਾਤਹੀਣ ਸਿਆਸਤ ਕੀਤੀ ਜਾ ਰਹੀ ਹੈ । ਜਿਸਦਾ ਮੁਲਕ ਨਿਵਾਸੀਆ ਨੂੰ ਕਿਸੇ ਵੀ ਖੇਤਰ ਵਿਚ ਕੋਈ ਫਾਇਦਾ ਨਹੀ ਮਿਲ ਰਿਹਾ । ਇਸ ਲਈ ਇਥੋ ਦੇ ਨਿਵਾਸੀਆ ਨੂੰ ਚਾਹੀਦਾ ਹੈ ਕਿ ਉਹ ਇਥੇ ਬਰਾਬਰਤਾ, ਇਨਸਾਫ਼, ਸੱਚ-ਹੱਕ ਦੇ ਸਿਧਾਤਾਂ ਅਤੇ ਨਿਯਮਾਂ ਨੂੰ ਲਾਗੂ ਕਰਨ ਲਈ ਕੱਟੜਵਾਦੀ ਲੋਕਾਂ ਨੂੰ ਹਕੂਮਤ ਤੋ ਪਾਸੇ ਕਰਕੇ ਸਮਾਜ ਪੱਖੀ ਸਖਸ਼ੀਅਤਾਂ ਅਤੇ ਪਾਰਟੀਆਂ ਦਾ ਰਾਜ ਭਾਗ ਲਿਆਂਦਾ ਜਾਵੇ ।
ਉਨ੍ਹਾਂ ਕਿਹਾ ਕਿ ਹੁਕਮਰਾਨਾਂ ਨੇ ਸਿੱਖ ਕੌਮ ਨਾਲ 1947 ਤੋਂ ਪਹਿਲੇ ਇਹ ਬਚਨ ਕੀਤਾ ਸੀ ਕਿ ਅੰਗਰੇਜ਼ਾਂ ਤੋ ਆਜਾਦੀ ਮਿਲਣ ਉਪਰੰਤ ਸਿੱਖ ਕੌਮ ਨੂੰ ਆਪਣੀ ਆਜਾਦੀ ਦਾ ਨਿੱਘ ਮਾਨਣ ਹਿੱਤ ਉੱਤਰੀ ਭਾਰਤ ਵਿਚ ਇਕ ਆਜਾਦ ਖਿੱਤਾ ਦਿੱਤਾ ਜਾਵੇਗਾ । ਜਿਥੇ ਉਨ੍ਹਾਂ ਦੀ ਇੱਛਾ ਤੇ ਮਰਜੀ ਅਨੁਸਾਰ ਪ੍ਰਬੰਧ ਹੋਵੇਗਾ । ਜਿਸ ਤੋ ਇਹ ਹੁਕਮਰਾਨ ਮੁਨਕਰ ਹੋ ਗਏ । ਅੰਗਰੇਜ਼ਾਂ ਨੇ ਵੀ ਸਿੱਖ ਕੌਮ ਨੂੰ ਆਜਾਦ ਮੁਲਕ ਨਾ ਦੇ ਕੇ ਵੱਡਾ ਧੋਖਾ ਕੀਤਾ ਜਦੋਕਿ ਅੰਗਰੇਜ਼ਾਂ ਨੇ ਸਿੱਖ ਕੌਮ ਨਾਲ 1849 ਵਿਚ ਉਨ੍ਹਾਂ ਦੇ ਮੁਲਤਵੀ ਕੀਤੇ ਗਏ ਖਾਲਸਾ ਰਾਜ ਨੂੰ ਬਹਾਲ ਕਰਨ ਦੀ ਗੱਲ ਕੀਤੀ ਸੀ । ਪਰ ਅੰਗਰੇਜ਼ਾਂ ਨੇ ਵੀ ਸਿੱਖ ਕੌਮ ਨਾਲ ਧੋਖਾ ਹੀ ਕੀਤਾ । ਇਸ ਤੋ ਅੱਗੇ ਜਦੋ ਤੋ ਇੰਡੀਆ ਦੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ 2 ਹਿੱਸੇ ਹੋਏ ਹਨ, ਇਨ੍ਹਾਂ ਹਿੰਦੂਤਵ ਹੁਕਮਰਾਨਾਂ ਨੇ ਉਸ ਸਮੇ ਤੋ ਹੀ ਸਿੱਖ ਕੌਮ ਨਾਲ ਹਰ ਖੇਤਰ ਵਿਚ ਜਿਆਦਤੀਆ ਕੀਤੀਆ । ਜਦੋਂ ਬੀਤੇ ਸਮੇਂ ਵਿਚ ਆਇਲ ਫਾਰ ਫੂਡ ਦੇ ਇੰਡੀਆ ਅਤੇ ਇਰਾਕ ਦੇ ਹੋਏ ਗੁਪਤ ਸਮਝੋਤੇ ਸਮੇਂ ਬਹੁਤ ਵੱਡਾ ਘਪਲਾ ਹੋਇਆ ਸੀ, ਉਸਦੀ ਲੰਮੇ ਸਮੇ ਤੋ ਕੋਈ ਤਫਤੀਸ ਤੇ ਜਾਂਚ ਨਹੀ ਕਰਵਾਈ ਜਾ ਰਹੀ ਅਤੇ ਸੱਚ ਨੂੰ ਸਾਹਮਣੇ ਲਿਆਉਣ ਤੋ ਰੋਕਿਆ ਜਾ ਰਿਹਾ ਹੈ । ਉਸ ਸਮੇ ਤੋ ਹੀ ਇਰਾਕ ਤੇ ਇੰਡੀਆ ਦੇ ਸੰਬੰਧ ਨਿਰੰਤਰ ਅੱਛੇ ਹਨ, ਦੋਵਾਂ ਦੀ ਹਰ ਪੱਖੋ ਡੂੰਘੀ ਗਾਂਠ-ਸਾਂਠ ਹੈ । ਇਨ੍ਹਾਂ ਸੰਬੰਧਾਂ ਦੇ ਬਾਵਜੂਦ ਇਰਾਕ ਵਿਚ ਸਦਾਮ ਹੁਸੈਨ ਦੀ ਹੋਈ ਮੌਤ ਤੋ ਬਾਅਦ ਜੋ ਉਸਦੀ ਫ਼ੌਜ ਵਿਚ ਇਕ ਵੱਡਾ ਹਿੱਸਾ ਟੁੱਟਕੇ ਆਈ.ਐਸ.ਆਈ.ਐਸ. ਬਣੀ ਹੈ, ਉਸ ਵੱਲੋਂ ਕਦੀ ਇਰਾਕ ਵਿਚ, ਅਫਗਾਨੀਸਤਾਨ ਦੇ ਗੁਰੂਘਰਾਂ ਵਿਚ, ਕਦੀ ਪੇਸ਼ਾਵਰ ਵਿਚ, ਕਦੀ ਸ੍ਰੀਨਗਰ ਵਿਚ ਸਿੱਖਾਂ ਉਤੇ ਹੀ ਹਮਲੇ ਕਿਉਂ ਕੀਤੇ ਜਾ ਰਹੇ ਹਨ ? ਇੰਡੀਆ ਸਰਕਾਰ, ਆਈ.ਬੀ, ਰਾਅ, ਵਿਦੇਸ਼ ਵਿਜਾਰਤ, ਸਿੱਖ ਕੌਮ ਨੂੰ ਜਨਤਕ ਤੌਰ ਤੇ ਇਸ ਗੱਲ ਦਾ ਜੁਆਬ ਦੇਵੇ ਕਿ ਆਈ.ਐਸ.ਆਈ.ਐਸ, ਤਹਿਰੀਕ-ਏ-ਤਾਲੀਬਾਨ ਵੱਲੋਂ ਸਿੱਖਾਂ ਉਤੇ ਹੋਣ ਵਾਲੇ ਹਮਲੇ ਕਿਉਂ ਨਹੀ ਰੋਕੇ ਗਏ ? ਜਦੋਂ 2018 ਵਿਚ ਆਈ.ਐਸ.ਆਈ.ਐਸ. ਸੰਗਠਨ ਨੇ 39 ਪੰਜਾਬੀਆਂ ਨੂੰ ਬੰਧਕ ਬਣਾਕੇ ਬੇਰਹਿੰਮੀ ਨਾਲ ਮਾਰ ਦਿੱਤਾ ਸੀ ਤਾਂ ਸਾਡੇ ਵੱਲੋ ਇਸ ਵਿਸੇ ਤੇ ਜੋਰਦਾਰ ਆਵਾਜ ਉਠਾਉਣ ਅਤੇ ਇਨ੍ਹਾਂ ਪੰਜਾਬੀਆਂ ਨੂੰ ਬਚਾਉਣ ਦੀ ਗੱਲ ਕਰਨ ਉਤੇ ਵੀ ਇੰਡੀਆ ਦੀ ਉਸ ਸਮੇ ਦੀ ਵਿਦੇਸ਼ ਵਜੀਰ ਬੀਬੀ ਸੁਸਮਾ ਸਿਵਰਾਜ ਵੱਲੋ ਕੋਈ ਕਾਰਵਾਈ ਨਾ ਕਰਨਾ ਮੁਤੱਸਵੀ ਹੁਕਮਰਾਨਾਂ ਦੀ ਸਿੱਖ ਤੇ ਪੰਜਾਬ ਸੂਬੇ ਵਿਰੋਧੀ ਸੋਚ ਨੂੰ ਪ੍ਰਤੱਖ ਕਰਦਾ ਹੈ । ਇਸੇ ਤਰ੍ਹਾਂ ਪਾਕਿਸਤਾਨ ਦੇ ਸ਼ਹਿਰ ਪੇਸਾਵਰ ਵਿਖੇ ਇਕ ਸਿੱਖ ਹਕੀਮ ਨੂੰ ਮਾਰ ਦੇਣ, ਫਿਰ ਸ੍ਰੀਨਗਰ ਵਿਚ ਇਕ ਸਿੱਖ ਪ੍ਰਿੰਸੀਪਲ ਨਿਰਦੋਸ਼ ਬੀਬੀ ਨੂੰ ਮਾਰ ਦੇਣ ਦੀਆਂ ਮਨੁੱਖਤਾ ਵਿਰੋਧੀ ਕਾਰਵਾਈਆ ਉਤੇ ਇੰਡੀਆ ਦੇ ਹੁਕਮਰਾਨਾਂ ਨੇ ਸਿੱਖ ਕੌਮ ਨੂੰ ਇਨਸਾਫ਼ ਦੇਣ ਲਈ ਅੱਜ ਤੱਕ ਕੋਈ ਜਿੰਮੇਵਾਰੀ ਨਹੀ ਨਿਭਾਈ । ਜਦੋਕਿ ਅਸੀ ਨਿਰੰਤਰ ਇੰਡੀਆ ਦੇ ਹੁਕਮਰਾਨਾਂ ਨੂੰ ਉਪਰੋਕਤ ਸਭ ਵਾਪਰੇ ਦੁਖਾਤਾਂ ਸਮੇ ਅਤੇ ਬਾਅਦ ਵਿਚ ਲਿਖਤੀ ਰੂਪ ਵਿਚ ਵੀ ਬੇਨਤੀਆ ਕਰਦੇ ਰਹੇ ਹਾਂ ਅਤੇ ਮੀਡੀਏ ਵਿਚ ਵੀ ਆਵਾਜ ਉਠਾਉਦੇ ਰਹੇ ਹਾਂ । ਫਿਰ ਵੀ ਇੰਡੀਅਨ ਹੁਕਮਰਾਨਾਂ ਅਤੇ ਵਿਦੇਸ਼ ਵਿਭਾਗ ਵੱਲੋ ਜਾਂ ਐਨ.ਆਈ.ਏ. ਵਰਗੀ ਏਜੰਸੀ ਵੱਲੋ ਕਿਸੇ ਤਰ੍ਹਾਂ ਦੀ ਜਾਂਚ ਨਾ ਕਰਵਾਉਣ ਦੀ ਕਾਰਵਾਈ ਹੁਕਮਰਾਨਾਂ ਦੀ ਪੰਜਾਬੀਆਂ ਤੇ ਸਿੱਖ ਕੌਮ ਪ੍ਰਤੀ ਅਪਣਾਈ ਨੀਤੀ ਨੂੰ ਖੁਦ-ਬ-ਖੁਦ ਪ੍ਰਤੱਖ ਕਰਦੀ ਹੈ ।