ਮੋਦੀ ਸਰਕਾਰ ਦੇ ਸਭ ਝੂਠ ਦੇ ਪਾਏ ਪਰਦੇ ਸਾਹਮਣੇ ਆ ਰਹੇ ਹਨ : ਮਾਨ
ਫ਼ਤਹਿਗੜ੍ਹ ਸਾਹਿਬ, 21 ਮਾਰਚ ( ) “ਇੰਡੀਆਂ ਮੁਲਕ ਵਿਚ ਜੋ ਆਮ ਜਨਤਾ ਵਿਚ ਪ੍ਰਚੱਲਿਤ ਪੂੰਜੀ ਹੈ, ਉਸਦਾ ਵੱਡਾ ਹਿੱਸਾ ਮੁਲਕ ਦੇ ਕੁਝ ਗਿਣਤੀ ਦੇ ਧਨਾਢਾਂ ਦੀਆਂ ਤਿਜੌਰੀਆਂ ਵਿਚ ਜਾ ਤਾਂ ਬੰਦ ਹੈ ਜਾਂ ਫਿਰ ਉਨ੍ਹਾਂ ਦੇ ਕਾਰੋਬਾਰਾਂ ਵਿਚ ਲੱਗਿਆ ਹੋਇਆ ਹੈ । 1% ਲੋਕ ਬਹੁਤ ਵੱਡੀ ਅਮੀਰੀ ਵਿਚ ਜਿੰਦਗੀ ਬਤੀਤ ਕਰ ਰਹੇ ਹਨ, ਜਦੋਕਿ 99% ਨਿਵਾਸੀ ਗਰੀਬੀ ਅਤੇ ਮੱਧਵਰਗੀ ਸਥਿਤੀ ਵਿਚ ਵਿਚਰ ਰਹੇ ਹਨ । ਬੇਸੱਕ ਮੋਦੀ ਹਕੂਮਤ ਅਤੇ ਉਨ੍ਹਾਂ ਦੇ ਪੱਖ ਵਿਚ ਪ੍ਰਚਾਰ ਕਰ ਰਿਹਾ ਮੀਡੀਆਂ ਇਥੇ ਹਰ ਤਰ੍ਹਾਂ ਦੀਆਂ ਦਰਪੇਸ਼ ਆਉਣ ਵਾਲੀਆ ਮੁਸਕਿਲਾਂ ਨੂੰ ਨਜਰਅੰਦਾਜ ਕਰਕੇ ਸਮੁੱਚੇ ਮੁਲਕ ਨਿਵਾਸੀਆ ਦੀ ਤਰੱਕੀ ਅਤੇ ਅੱਛੇ ਜੀਵਨ ਦਾ ਪ੍ਰਚਾਰ ਕਰ ਰਹੇ ਹਨ । ਲੇਕਿਨ ਅਸਲੀਅਤ ਵਿਚ ਸਥਿਤੀ ਬਿਲਕੁਲ ਉਲਟ ਹੈ । ਬਹੁਤੇ ਲੋਕਾਂ ਕੋਲ ਆਪਣੇ ਰਹਿਣ ਲਈ ਮਕਾਨ, ਰੋਜੀ ਰੋਟੀ, ਪਹਿਨਣ ਲਈ ਕੱਪੜਾ ਆਦਿ ਦੀਆਂ ਮੁੱਢਲੀਆਂ ਸਹੂਲਤਾਂ ਵੀ ਪ੍ਰਾਪਤ ਨਹੀ ਹਨ । ਇਸ ਸੰਬੰਧੀ ਅਸੀ ਸਮੇ-ਸਮੇ ਤੇ ਮੁਲਕ ਦੇ ਵੱਖ-ਵੱਖ ਹਿੱਸਿਆ ਵਿਚੋਂ ਝੂੰਗੀਆਂ, ਝੋਪੜੀਆਂ ਅਤੇ ਬਹੁਤ ਹੀ ਤਰਸਯੋਗ ਸਥਿਤੀ ਵਿਚ ਜੀਵਨ ਬਤੀਤ ਕਰ ਰਹੇ ਨਿਵਾਸੀਆਂ ਦੀਆਂ ਤਸਵੀਰਾਂ ਵੀ ਪ੍ਰਕਾਸਿਤ ਕਰਦੇ ਰਹਿੰਦੇ ਹਾਂ । ਲੇਕਿਨ ਸਰਕਾਰ ਆਪਣੀਆ ਪ੍ਰਾਪਤੀਆਂ ਅਤੇ ਮੁਲਕ ਦੀ ਤਰੱਕੀ ਦਾ ਗੁੰਮਰਾਹਕੁੰਨ ਪ੍ਰਚਾਰ ਕਰਕੇ ਝੂਠ ਦਾ ਪਸਾਰਾ ਕਰ ਰਹੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਦੇ ਅਖਬਾਰਾਂ ਵਿਚ ਵਰਲਡ ਇਨਇਕੁਐਲਿਟੀ ਲੈਬ ਵੱਲੋ ਦਿੱਤੀ ਗਈ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਅਤੇ ਇਥੋ ਦੀ ਅਸਲ ਸਥਿਤੀ ਬਾਰੀ ਜਾਣਕਾਰੀ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਇੰਡੀਆਂ ਵਿਚ ਵੱਸਣ ਵਾਲੇ ਨਿਵਾਸੀਆਂ ਦੀ ਸਮਾਜਿਕ, ਮਾਲੀ ਹਾਲਤ ਅਤਿ ਤਰਸਯੋਗ ਹੈ । ਕਿਉਂਕਿ ਜੋ ਇਥੋ ਦੇ ਨਿਵਾਸੀਆਂ ਦੇ ਪੀਣ ਯੋਗ ਸਾਫ ਪਾਣੀ ਦੀ ਸਥਿਤੀ ਹੈ ਉਹ ਹੋਰ ਵੀ ਅਤਿ ਖਰਾਬ ਹੈ । ਜਿਸ ਨਾਲ ਇਥੋ ਦੇ ਨਿਵਾਸੀਆਂ ਦੀਆਂ ਜਿੰਦਗਾਨੀਆਂ ਨਾਲ ਖਿਲਵਾੜ ਹੋ ਰਿਹਾ ਹੈ । ਵਾਤਾਵਰਣ, ਪ੍ਰਦੂਸ਼ਣ, ਗੰਦਗੀ ਦੀ ਸਥਿਤੀ ਹੋਰ ਵੀ ਗੰਭੀਰ ਬਣੀ ਹੋਈ ਹੈ । ਇਥੋ ਦੀਆਂ ਨਦੀਆਂ, ਨਹਿਰਾਂ ਅਤੇ ਦਰਿਆਵਾ ਦੇ ਪਾਣੀਆਂ ਵਿਚ ਵੱਡੇ ਸ਼ਹਿਰਾਂ ਦਾ ਕੂੜਾ ਕਰਕਟ, ਗੰਦ, ਮਲਮੂਤਰ, ਫੈਕਟਰੀਆਂ ਦੇ ਤੇਜਾਬੀ ਪਾਣੀ ਸੁੱਟਕੇ ਸਮੁੱਚੇ ਵਾਤਾਵਰਣ ਅਤੇ ਫਸਲਾਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ । ਕਹਿਣ ਤੋਂ ਭਾਵ ਹੈ ਕਿ ਬੀਤੇ 10 ਸਾਲਾਂ ਤੋਂ ਜਦੋਂ ਤੋਂ ਸੈਂਟਰ ਵਿਚ ਮੋਦੀ ਹਕੂਮਤ ਆਈ ਹੈ, ਸਭ ਪਾਸੇ ਅਫਰਾ-ਤਫਰੀ, ਬੇਇਨਸਾਫ਼ੀ, ਬੇਰੁਜਗਾਰੀ, ਅਰਾਜਕਤਾ, ਮਹਿੰਗਾਈ ਫੈਲ ਚੁੱਕੀ ਹੈ ਅਤੇ ਇਹ ਸਰਕਾਰ ਹਰ ਖੇਤਰ ਵਿਚ ਫੇਲ੍ਹ ਸਾਬਤ ਹੋ ਚੁੱਕੀ ਹੈ । ਇਨ੍ਹਾਂ ਨੇ ਕੇਵਲ ਸਮੁੱਚੇ ਮੁਲਕ ਵਿਚ ਹਿੰਦੂਵਾਦ ਅਤੇ ਕੱਟੜਤਾ ਨੂੰ ਹੀ ਉਤਸਾਹਿਤ ਕੀਤਾ ਹੈ । ਕਸਮੀਰੀਆਂ ਉਤੇ ਜ਼ਬਰ ਜੁਲਮ ਢਾਹਕੇ ਉਨ੍ਹਾਂ ਦੀ ਵਿਧਾਨਿਕ ਆਜਾਦੀ ਤਾਨਾਸਾਹੀ ਸੋਚ ਅਧੀਨ ਖਤਮ ਕਰ ਦਿੱਤੀ ਹੈ । ਚੋਣ ਕਮਿਸਨ ਦੀ ਨਿਰਪੱਖਤਾ ਵੀ ਕਾਇਮ ਨਹੀ ਰਹਿਣ ਦਿੱਤੀ । ਉਸ ਵਿਚੋਂ ਇੰਡੀਆਂ ਦੇ ਚੀਫ ਜਸਟਿਸ ਦੀ ਭੂਮਿਕਾ ਨੂੰ ਮਨਫੀ ਕਰਕੇ ਹੁਕਮਰਾਨਾਂ ਨੇ ਆਪਣੀ ਤਾਨਾਸਾਹੀ ਸੋਚ ਨੂੰ ਹੀ ਮਜਬੂਤ ਕੀਤਾ ਹੈ । ਇਥੋ ਤੱਕ ਇਥੋ ਦਾ ਮੀਡੀਆ, ਬਿਜਲਈ ਮੀਡੀਆ ਵੀ ਨਿਰਪੱਖਤਾ ਨਾਲ ਇਥੋ ਦੇ ਨਿਵਾਸੀਆ ਨੂੰ ਸਹੀ ਜਾਣਕਾਰੀ ਨਹੀ ਦੇ ਰਹੇ । ਜੋ ਸਰਕਾਰ ਚਾਹੁੰਦੀ ਹੈ ਉਹੀ ਇਥੋ ਦੇ ਨਿਵਾਸੀਆ ਨੂੰ ਪਰੋਸਿਆ ਜਾ ਰਿਹਾ ਹੈ । ਜੋ ਕਿ ਝੂਠ ਤੇ ਅਧਾਰਿਤ ਹੈ । ਅਜਿਹੀ ਸਰਕਾਰ ਵੱਲੋ ਕਤਈ ਵੀ ਸਮੁੱਚੇ ਮੁਲਕ ਦੀ ਚਹੁਪੱਖੀ ਤਰੱਕੀ, ਗਰੀਬਾਂ, ਮੱਧਵਰਗੀ ਪਰਿਵਾਰਾਂ ਦੀਆਂ ਮੁਸਕਿਲਾਂ ਨੂੰ ਹੱਲ ਕਰਨ ਦੀ ਸਮਰੱਥਾਂ ਨਹੀ । ਕੇਵਲ ਤੇ ਕੇਵਲ ਗੁੰਮਰਾਹਕੁੰਨ ਪ੍ਰਚਾਰ ਦਾ ਸਹਾਰਾ ਲੈਕੇ ਆਪਣੇ ਰਾਜ ਭਾਗ ਅਤੇ ਸਿਧਾਤਹੀਣ ਸਿਆਸਤ ਕੀਤੀ ਜਾ ਰਹੀ ਹੈ । ਜਿਸਦਾ ਮੁਲਕ ਨਿਵਾਸੀਆ ਨੂੰ ਕਿਸੇ ਵੀ ਖੇਤਰ ਵਿਚ ਕੋਈ ਫਾਇਦਾ ਨਹੀ ਮਿਲ ਰਿਹਾ । ਇਸ ਲਈ ਇਥੋ ਦੇ ਨਿਵਾਸੀਆ ਨੂੰ ਚਾਹੀਦਾ ਹੈ ਕਿ ਉਹ ਇਥੇ ਬਰਾਬਰਤਾ, ਇਨਸਾਫ਼, ਸੱਚ-ਹੱਕ ਦੇ ਸਿਧਾਤਾਂ ਅਤੇ ਨਿਯਮਾਂ ਨੂੰ ਲਾਗੂ ਕਰਨ ਲਈ ਕੱਟੜਵਾਦੀ ਲੋਕਾਂ ਨੂੰ ਹਕੂਮਤ ਤੋ ਪਾਸੇ ਕਰਕੇ ਸਮਾਜ ਪੱਖੀ ਸਖਸ਼ੀਅਤਾਂ ਅਤੇ ਪਾਰਟੀਆਂ ਦਾ ਰਾਜ ਭਾਗ ਲਿਆਂਦਾ ਜਾਵੇ ।