ਸ. ਬਲਕੌਰ ਸਿੰਘ ਮੂਸੇਵਾਲਾ ਨੂੰ ਸਰਕਾਰ ਵੱਲੋਂ ਨਵੇ ਜਨਮੇ ਬੱਚੇ ਦੇ ਸੰਬੰਧ ਵਿਚ ਸਬੂਤ ਤੇ ਕਾਗਜਾਤ ਮੰਗਣ ਦੀ ਕਾਰਵਾਈ ਅਤਿ ਸ਼ਰਮਨਾਕ ਅਤੇ ਗੈਰ ਇਨਸਾਨੀਅਤ : ਮਾਨ
ਫ਼ਤਹਿਗੜ੍ਹ ਸਾਹਿਬ, 20 ਮਾਰਚ ( ) “ਪਹਿਲਾ ਤਾਂ ਗੈਰ ਇਨਸਾਨੀਅਤ ਸੋਚ ਰੱਖਣ ਵਾਲੀ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਨੇ ਗੈਂਗਸਟਰਾਂ ਨਾਲ ਸਾਂਠ-ਗਾਂਠ ਕਰਕੇ, ਭਾਈ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਕੇ ਅਤੇ ਪ੍ਰੈਸ ਵਿਚ ਨਸਰ ਕਰਕੇ ਉਸ ਦੁੱਖਾਂਤ ਨੂੰ ਖੁਦ ਅਮਲੀ ਰੂਪ ਦਿੱਤਾ । ਹੁਣ ਜਦੋ ਉਸ ਮੂਸੇਵਾਲਾ ਪਰਿਵਾਰ ਦੇ ਵੱਡੇ ਅੰਤਰੀਵ ਦੁੱਖ ਨੂੰ, ਇਥੋ ਦੇ ਨਿਵਾਸੀਆ ਦੀਆਂ ਅਰਦਾਸਾਂ ਤੇ ਦੁਆਵਾ ਸਦਕਾ ਫਿਰ ਤੋਂ ਉਸ ਘਰ ਵਿਚ ਖੁਸ਼ੀਆਂ, ਖੇੜੇ ਲਿਆਉਣ ਦੇ ਹੁਕਮ ਕੀਤੇ ਤਾਂ ਉਹੀ ਜਾਬਰ ਤੇ ਅਣਮਨੁੱਖੀ ਸਰਕਾਰ ਆਪਣੇ ਜਿ਼ਲ੍ਹਾ ਪ੍ਰਸ਼ਾਸ਼ਨ ਰਾਹੀ ਸ. ਬਲਕੌਰ ਸਿੰਘ ਮੂਸੇਵਾਲਾ ਦੇ ਪਰਿਵਾਰ ਨੂੰ ਇਸ ਨਵੇ ਜਨਮੇ ਕਾਕਾ ਸੁਭਦੀਪ ਸਿੰਘ ਦੇ ਸਬੂਤ ਅਤੇ ਕਾਗਜਾਤ ਮੰਗਣ ਦੀ ਕਾਰਵਾਈ ਤਾਂ ਅਤਿ ਗਿਰੀ ਹੋਈ ਸ਼ਰਮਨਾਕ ਦੁੱਖਦਾਇਕ ਕਾਰਵਾਈ ਹੈ । ਜਿਸ ਨਾਲ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਉੱਚ ਅਹੁਦਿਆ ਤੇ ਬੈਠੇ ਲੋਕਾਂ ਦੀ ਸ. ਬਲਕੌਰ ਸਿੰਘ ਦੇ ਪਰਿਵਾਰ ਨਾਲ ਮੰਦਭਾਵਨਾ ਭਰੀ ਸੋਚ ਨੂੰ ਪ੍ਰਤੱਖ ਕਰਦੀ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹੋਇਆ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਖਤ ਤਾੜਨਾ ਕਰਦਾ ਹੈ ਕਿ ਜੇਕਰ ਸਰਕਾਰ ਨੇ ਅਜਿਹੇ ਜਲਾਲਤ ਭਰੀਆ ਕਾਰਵਾਈਆ ਮੂਸੇਵਾਲਾ ਪਰਿਵਾਰ ਨਾਲ ਬੰਦ ਨਾ ਕੀਤੀਆ ਤਾਂ ਇਸਦੇ ਨਤੀਜੇ ਪੰਜਾਬ ਦੇ ਅਮਨਮਈ ਮਾਹੌਲ ਲਈ ਵੱਡਾ ਖ਼ਤਰਾ ਬਣ ਜਾਣਗੇ । ਜਿਸ ਲਈ ਮੌਜੂਦਾ ਸਰਕਾਰ ਸਿੱਧੇ ਤੌਰ ਤੇ ਜਿੰਮੇਵਾਰ ਹੋਵੇਗੀ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਿਲ੍ਹਾ ਪ੍ਰਸਾਸਨ ਮਾਨਸਾ ਵੱਲੋ ਮੰਦਭਾਵਨਾ ਰੱਖਣ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਆਦੇਸ਼ਾਂ ਉਤੇ ਸ. ਬਲਕੌਰ ਸਿੰਘ ਮੂਸੇਵਾਲਾ ਦੇ ਘਰ ਆਈ ਖੁਸ਼ੀ ਨੂੰ ਹੋਰ ਵਧਾਉਣ ਦੀ ਬਜਾਇ, ਉਨ੍ਹਾਂ ਲਈ ਮੁਸਕਿਲਾਂ ਖੜ੍ਹੀਆ ਕਰਨ ਅਤੇ ਮੂਸੇਵਾਲਾ ਪਰਿਵਾਰ ਨੂੰ ਬਿਨ੍ਹਾਂ ਵਜਹ ਤੰਗ ਪ੍ਰੇਸਾਨ ਕਰਨ ਦੀਆਂ ਅਣਮਨੁੱਖੀ ਅਤਿ ਸਰਮਨਾਕ ਕਾਰਵਾਈਆ ਦੀ ਤਿੱਖੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਬੀਤੀਆ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਨੇ ਪੰਜਾਬ ਸੂਬੇ ਅਤੇ ਸਿੱਖਾਂ ਨਾਲ ਗੈਰ ਵਿਧਾਨਿਕ ਅਤੇ ਗੈਰ ਸਮਾਜਿਕ ਕਾਰਵਾਈਆ ਕਰਕੇ ਪਹਿਲੋ ਹੀ ਪੰਜਾਬੀਆਂ ਤੇ ਸਿੱਖ ਮਨਾਂ ਨੂੰ ਡੂੰਘੀ ਠੇਸ ਪਹੁੰਚਾਈ ਹੋਈ ਹੈ । ਹੁਣ ਭਾਈ ਅੰਮ੍ਰਿਤਪਾਲ ਸਿੰਘ, ਉਨ੍ਹਾਂ ਦੇ ਸਾਥੀਆ ਦੀ ਐਨ.ਐਸ.ਏ ਨੂੰ ਇਕ ਸਾਲ ਲਈ ਹੋਰ ਵਧਾਕੇ ਅਤੇ ਸ. ਬਲਕੌਰ ਸਿੰਘ ਮੂਸੇਵਾਲਾ ਦੇ ਪਹਿਲੋ ਹੀ ਪੀੜ੍ਹਤ ਪਰਿਵਾਰ ਨੂੰ ਹੋਰ ਪ੍ਰੇਸਾਨ ਕਰਕੇ ਪੰਜਾਬੀਆਂ ਦੇ ਮਨ ਵਿਚ ਉੱਠੇ ਰੋਸ ਨੂੰ ਟੀਸੀ ਤੇ ਲਿਜਾਣ ਦੀ ਗੁਸਤਾਖੀ ਨਾ ਕਰੇ ਤਾਂ ਬਿਹਤਰ ਹੋਵੇਗਾ । ਇਨਸਾਨੀਅਤ ਦੇ ਨਾਤੇ ਵੀ ਪੰਜਾਬ ਸਰਕਾਰ ਦੀਆਂ ਇਹ ਕਾਰਵਾਈਆ ਕੌਮਾਂਤਰੀ ਪੱਧਰ ਤੇ ਕਦੀ ਵੀ ਸਹੀ ਸਾਬਤ ਨਹੀ ਹੋ ਸਕਣਗੀਆਂ । ਬਲਕਿ ਹੁਕਮਰਾਨਾਂ ਨੂੰ ਆਪਣੇ ਵੱਲੋ ਕੀਤੀਆ ਜਾ ਰਹੀਆ ਗੁਸਤਾਖੀਆ ਦੀ ਸਜ਼ਾ ਉਸ ਅਕਾਲ ਪੁਰਖ ਦੀ ਕਚਹਿਰੀ ਵਿਚ ਅਵੱਸ ਮਿਲੇਗੀ । ਇਸ ਲਈ ਸਰਕਾਰ ਲਈ ਇਹ ਚੰਗਾਂ ਹੋਵੇਗਾ ਕਿ ਉਹ ਜ਼ਬਰ ਜੁਲਮ ਅਤੇ ਗੈਰ ਵਿਧਾਨਿਕ ਕਾਰਵਾਈਆ ਨੂੰ ਬੰਦ ਕਰਕੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਨਸਾਫ਼ ਦੇਵੇ ਅਤੇ ਸ. ਬਲਕੌਰ ਸਿੰਘ ਦੇ ਪਰਿਵਾਰ ਵਿਚ ਜੋ ਅਕਾਲ ਪੁਰਖ ਨੇ ਫਿਰ ਖੁਸੀਆ ਬਖਸਿਸ ਕੀਤੀਆ ਹਨ, ਉਸ ਪਰਿਵਾਰ ਦੀ ਹਰ ਤਰ੍ਹਾਂ ਹਿਫਾਜਤ ਕਰਕੇ ਆਪਣੇ ਇਨਸਾਨੀ, ਸਮਾਜਿਕ ਅਤੇ ਵਿਧਾਨਿਕ ਫਰਜਾਂ ਦੀ ਪੂਰਤੀ ਕਰਨ ਦੀ ਜਿੰਮੇਵਾਰੀ ਨਿਭਾਏ ।