ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਉਤੇ ਫਿਰ ਐਨ.ਐਸ.ਏ. ਲਗਾਉਣ ਦੀ ਕਾਰਵਾਈ, ਆਮ ਆਦਮੀ ਪਾਰਟੀ ਵੱਲੋਂ ਬੀਜੇਪੀ ਦੀ ਬੀ-ਟੀਮ ਹੋਣ ਨੂੰ ਪ੍ਰਤੱਖ ਕਰਦੀ ਹੈ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 20 ਮਾਰਚ ( ) “ਜਦੋਂ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆ ਨੇ ਕਿਸੇ ਤਰ੍ਹਾਂ ਕਾਨੂੰਨ ਵੀ ਅਵੱਗਿਆ ਹੀ ਨਹੀ ਕੀਤੀ ਅਤੇ ਨਾ ਹੀ ਕੋਈ ਅਪਰਾਧ ਕੀਤਾ ਹੈ । ਫਿਰ ਸੈਟਰ ਦੀ ਬੀਜੇਪੀ-ਆਰ.ਐਸ.ਐਸ ਦੀ ਮੋਦੀ ਹਕੂਮਤ ਨੇ ਪੰਜਾਬ ਸਰਕਾਰ ਨਾਲ ਆਪਣੀ ਗੁਪਤ ਸਾਂਝ ਦਾ ਫਾਇਦਾ ਉਠਾਉਦੇ ਹੋਏ ਇਕ ਸਾਲ ਪਹਿਲੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆ ਉਤੇ ਬਿਨ੍ਹਾਂ ਕਿਸੇ ਆਧਾਰ ਤੇ ਐਨ.ਐਸ.ਏ. ਦਾ ਕੇਸ ਦਰਜ ਕਰਕੇ ਅਤੇ ਉਨ੍ਹਾਂ ਨੂੰ ਪੰਜਾਬ ਤੋ 1000 ਕਿਲੋਮੀਟਰ ਦੂਰ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਵਿਚ ਬੰਦੀ ਬਣਾਉਣ ਦੇ ਅਮਲ ਕਰਕੇ ਜਮਹੂਰੀਅਤ, ਇਨਸਾਫ ਪੱਖੀ ਲੀਹਾਂ ਦਾ ਜਨਾਜ਼ਾਂ ਕੱਢਿਆ ਅਤੇ ਆਪਣੀ ਮੋਦੀ ਹਕੂਮਤ ਦੇ ਤਾਨਾਸਾਹੀ ਹੋਣ ਦਾ ਸੰਸਾਰ ਨੂੰ ਪ੍ਰਤੱਖ ਸਬੂਤ ਦੇ ਦਿੱਤਾ ਸੀ । ਲੇਕਿਨ ਹੁਣ ਫਿਰ ਜਦੋਂ ਸਮੁੱਚੀ ਸਿੱਖ ਕੌਮ ਤੇ ਪੰਜਾਬੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਪੰਜਾਬ ਵਿਚ ਜੇਲ੍ਹ ਤਬਦੀਲੀ ਅਤੇ ਬਾਇੱਜਤ ਰਿਹਾਈ ਦੀ ਜੋਰਦਾਰ ਮੰਗ ਕਰ ਰਹੀਆ ਹਨ ਤਾਂ ਫਿਰ ਪੰਜਾਬ ਸਰਕਾਰ ਵੱਲੋ ਸੈਟਰ ਦੀ ਮੋਦੀ ਹਕੂਮਤ ਦੇ ਗੁਪਤ ਆਦੇਸ਼ਾਂ ਉਤੇ ਇਕ ਸਾਲ ਲਈ ਫਿਰ ਐਨ.ਐਸ.ਏ. ਵਰਗੇ ਜਾਬਰ ਕਾਨੂੰਨ ਨੂੰ ਵਧਾ ਦੇਣ ਦੀ ਕਾਰਵਾਈ ਜਿਥੇ ਪੰਜਾਬ ਦੀ ਭਗਵੰਤ ਸਿੰਘ ਮਾਨ ਹਕੂਮਤ ਅਤੇ ਆਮ ਆਦਮੀ ਪਾਰਟੀ ਵੱਲੋ ਬੀਜੇਪੀ ਤੇ ਆਰ.ਐਸ.ਐਸ. ਵਰਗੀਆ ਜਮਾਤਾਂ ਦੀ ਬੀ ਟੀਮ ਹੋਣ ਦੇ ਅਮਲਾਂ ਨੂੰ ਪ੍ਰਤੱਖ ਕਰਦੀ ਹੈ, ਉਥੇ ਇਹ ਗੈਰ ਵਿਧਾਨਿਕ ਅਤੇ ਅਣਮਨੁੱਖੀ ਹਕੂਮਤੀ ਵਰਤਾਰਾ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਜੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੈ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਸਰਕਾਰ ਵੱਲੋ ਨਿਰਦੋਸ਼ ਅਤੇ ਧਰਮੀ ਸੋਚ ਦੇ ਮਾਲਕ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆ ਉਤੇ ਮੰਦਭਾਵਨਾ ਅਧੀਨ ਅਤੇ ਸੈਟਰ ਦੀ ਬੀਜੇਪੀ-ਆਰ.ਐਸ.ਐਸ. ਦੀ ਸਿੱਖ ਕੌਮ ਵਿਰੋਧੀ ਇੱਛਾ ਪੂਰਤੀ ਕਰਨ ਹਿੱਤ ਇਕ ਸਾਲ ਲਈ ਹੋਰ ਐਨ.ਐਸ.ਏ. ਨੂੰ ਵਧਾ ਦੇਣ ਦੇ ਅਮਲਾਂ ਨੂੰ ਜਮਹੂਰੀਅਤ ਅਤੇ ਮਨੁੱਖਤਾ ਵਿਰੋਧੀ ਕਰਾਰ ਦਿੰਦੇ ਹੋਏ ਅਤੇ ਸਿੱਖ ਕੌਮ ਦੇ ਮਨਾਂ ਤੇ ਆਤਮਾਵਾ ਨੂੰ ਵਲੂੰਧਰਣ ਦੀ ਜੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਜਦੋ ਆਮ ਆਦਮੀ ਪਾਰਟੀ ਦੀ ਸਰਕਾਰ ਹੋਦ ਵਿਚ ਆਈ ਸੀ, ਤਾਂ ਇਸਦੇ ਸਾਰੇ ਕੰਮ ਉਸੇ ਤਰ੍ਹਾਂ ਦੇ ਸਨ ਜਿਵੇ ਬੀਤੇ ਸਮੇ ਦੀਆਂ ਕਾਂਗਰਸ, ਬੀਜੇਪੀ, ਪੰਜਾਬ ਸੂਬੇ ਅਤੇ ਇਥੋ ਦੇ ਨਿਵਾਸੀਆਂ ਨਾਲ ਅਣਮਨੁੱਖੀ ਤੇ ਗੈਰ ਕਾਨੂੰਨੀ ਅਮਲ ਕਰਦੇ ਰਹੇ ਹਨ । ਤਾਂ ਉਸ ਸਮੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਚੇਚੇ ਤੌਰ ਤੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਆਮ ਆਦਮੀ ਪਾਰਟੀ ਵੱਲੋ ਬੀਜੇਪੀ-ਆਰ.ਐਸ.ਐਸ ਕੱਟੜਵਾਦੀ ਲੋਕਾਂ ਦੀ ਬਤੌਰ ਬੀ ਟੀਮ ਵੱਜੋ ਵਿਚਰਣ ਸੰਬੰਧੀ ਬਾਦਲੀਲ ਢੰਗ ਨਾਲ ਇਥੋ ਦੇ ਨਿਵਾਸੀਆ ਨੂੰ ਜਾਣੂ ਕਰਵਾਇਆ ਸੀ । ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਉਸ ਸਮੇ ਸਰਕਾਰ ਬਦਲਣ ਦੀ ਸੋਚ ਨੂੰ ਲੈਕੇ ਬਹੁਗਿਣਤੀ ਪੰਜਾਬੀਆਂ ਨੇ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਦੀ ਵੱਡੀ ਗੁਸਤਾਖੀ ਕੀਤੀ ਸੀ ਅਤੇ ਜੋ ਇਥੋ ਦੇ ਰਾਜ ਪ੍ਰਬੰਧ ਦੇ ਹੱਕਦਾਰ ਸਨ, ਉਨ੍ਹਾਂ ਨੂੰ ਫਤਵਾ ਨਹੀ ਸੀ ਦਿੱਤਾ । ਲੇਕਿਨ ਅੱਜ ਆਮ ਆਦਮੀ ਪਾਰਟੀ ਦੀਆਂ ਪੰਜਾਬ ਸੂਬੇ ਅਤੇ ਸਿੱਖ ਕੌਮ ਵਿਰੋਧੀ ਕਾਰਵਾਈਆ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਇਹ ਲੋਕ ਪੰਜਾਬ ਸੂਬੇ ਦੇ ਅਮਨ ਚੈਨ ਤੇ ਜਮਹੂਰੀਅਤ ਨੂੰ ਕਾਇਮ ਰੱਖਣ ਵਿਚ ਵਿਸਵਾਸ ਨਾ ਰੱਖਕੇ ਗੰਧਲੀ ਸਿਆਸਤ ਦੇ ਗੁਲਾਮ ਬਣ ਚੁੱਕੇ ਹਨ । ਇਹੀ ਵਜਹ ਹੈ ਕਿ ਬੀਜੇਪੀ-ਆਰ.ਐਸ.ਐਸ ਦੀ ਸੋਚ ਦੇ ਪੈਰ ਵਿਚ ਪੈਰ ਧਰਦਿਆ ਪੰਜਾਬੀਆਂ ਤੇ ਸਿੱਖ ਕੌਮ ਦੀਆਂ ਭਾਵਨਾਵਾ ਦੇ ਵਿਰੁੱਧ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆ ਉਤੇ ਇਕ ਸਾਲ ਲਈ ਹੋਰ ਐਨ.ਐਸ.ਏ. ਲਗਾ ਦਿੱਤੀ ਹੈ । ਜਿਸ ਤੋ ਸਾਬਤ ਹੋ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਸੈਟਰ ਦੀ ਕੱਟੜਵਾਦੀ ਸੋਚ ਦੀ ਹੀ ਹਾਮੀ ਹੈ । ਇਸ ਲਈ ਪੰਜਾਬ ਨਿਵਾਸੀਆ ਨੂੰ ਚਾਹੀਦਾ ਹੈ ਕਿ ਆਉਣ ਵਾਲੇ ਸਮੇ ਵਿਚ ਹੋਣ ਜਾ ਰਹੀਆ ਲੋਕ ਸਭਾ ਚੋਣਾਂ ਵਿਚ ਇਨ੍ਹਾਂ ਸਭ ਪੰਜਾਬ ਵਿਰੋਧੀ ਪਾਰਟੀਆ ਤੇ ਆਗੂਆ ਨੂੰ ਕਰਾਰੀ ਹਾਰ ਦੇ ਕੇ ਪੰਜਾਬ ਸੂਬੇ ਪੱਖੀ ਸਖਸ਼ੀਅਤਾਂ ਨੂੰ ਆਪਣੇ ਐਮ.ਪੀ ਬਣਾਉਣ ਤੇ ਆਉਣ ਵਾਲੇ ਸਮੇ ਵਿਚ ਪੰਜਾਬ ਦੀ ਵਾਂਗਡੋਰ ਇਥੋ ਦੇ ਅਮਨ ਚੈਨ ਤੇ ਜਮਹੂਰੀਅਤ ਦੇ ਹਾਮੀ ਸਖਸੀਅਤਾਂ ਦੇ ਹੱਥ ਵਿਚ ਫੜਾਉਣ ।