ਹਰਿਆਣਾ ਦੀ ਸ੍ਰੀ ਨਾਇਬ ਸਿੰਘ ਸੈਣੀ ਦੀ ਬਣੀ ਨਵੀ ਕੈਬਨਿਟ ਵਿਚ 1 ਵੀ ਸਿੱਖ ਨੂੰ ਵਜ਼ੀਰ ਨਾ ਬਣਾਉਣਾ ਫਿਰਕੂ ਸੋਚ : ਮਾਨ
ਫ਼ਤਹਿਗੜ੍ਹ ਸਾਹਿਬ, 20 ਮਾਰਚ ( ) “ਬੀਜੇਪੀ-ਆਰ.ਐਸ.ਐਸ. ਕੱਟੜਵਾਦੀ ਜਮਾਤਾਂ ਦੇ ਆਗੂਆਂ ਤੇ ਮੁੱਖੀਆਂ ਦੇ ਮਨ-ਆਤਮਾ ਵਿਚ ਘੱਟ ਗਿਣਤੀ ਸਿੱਖ ਕੌਮ ਪ੍ਰਤੀ ਕਿੰਨੀ ਨਫਰਤ ਹੈ, ਉਹ ਇਸ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਹੁਣੇ ਹੀ ਹਰਿਆਣੇ ਦੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਬਣੀ ਨਵੀ ਕੈਬਨਿਟ ਦੇ 8 ਵਜੀਰਾਂ ਵਿਚੋਂ ਇਕ ਵੀ ਸਿੱਖ ਵਜ਼ੀਰ ਨਹੀਂ ਲਿਆ ਗਿਆ । ਜਦੋਕਿ ਹਰਿਆਣੇ ਵਿਚ ਸਿੱਖਾਂ ਦੀ ਬਹੁਤ ਵੱਡੀ ਗਿਣਤੀ ਵੱਸਦੀ ਹੈ ਅਤੇ ਇਹ ਸੂਬਾ ਪੁਰਾਤਨ ਪੰਜਾਬ ਸੂਬੇ ਦਾ ਹੀ ਹਿੱਸਾ ਹੈ । ਅਜਿਹੇ ਨਫਰਤ ਭਰੇ ਅਮਲ ਹੁਕਮਰਾਨਾਂ ਦੀ ਸਿੱਖ ਕੌਮ ਪ੍ਰਤੀ ਸੋਚ ਅਤੇ ਅਮਲਾਂ ਨੂੰ ਪ੍ਰਤੱਖ ਜਾਹਰ ਕਰਦੇ ਹਨ ਕਿ ਜਿਸ ਨਾਲ ਇਹ ਹੁਕਮਰਾਨ ਇੰਡੀਅਨ ਵਿਧਾਨ ਦੀ ਧਾਰਾ 14 ਦੀ ਉਸ ਭਾਵਨਾ ਨੂੰ ਡੂੰਘੀ ਸੱਟ ਮਾਰ ਰਹੇ ਹਨ ਜਿਸ ਰਾਹੀ ਇਹ ਦਿਸ਼ਾ ਨਿਰਦੇਸ਼ ਹਨ ਕਿ ਇਸ ਮੁਲਕ ਵਿਚ ਵੱਸਣ ਵਾਲੀਆ ਸਭ ਕੌਮਾਂ, ਧਰਮ, ਕਬੀਲੇ ਬਰਾਬਰਤਾ ਦਾ ਹੱਕ ਰੱਖਦੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣਾ ਦੀ ਨਵੀ ਕੈਬਨਿਟ ਵਿਚ ਕਿਸੇ ਸਿੱਖ ਸਖਸ਼ੀਅਤ ਨੂੰ ਨਾ ਲੈਣ ਉਤੇ, ਬੀਜੇਪੀ-ਆਰ.ਐਸ.ਐਸ ਦੀ ਸਿੱਖ ਕੌਮ ਪ੍ਰਤੀ ਨਫਰਤ ਨੂੰ ਉਜਾਗਰ ਕਰਨ ਵਾਲੀਆ ਨੀਤੀਆ ਤੇ ਅਮਲਾਂ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿਉਂਕਿ ਹਰਿਆਣਾ ਪੁਰਾਤਨ ਪੰਜਾਬ ਸੂਬੇ ਦਾ ਹੀ ਖੇਤਰਫਲ ਹੈ । ਜਿਥੇ ਕਰਨਾਲ, ਅੰਬਾਲਾ, ਸਿਰਸਾ, ਕੁਰੂਕਸੇਤਰ, ਯਮੂਨਾਨਗਰ ਅਤੇ ਪੰਚਕੂਲਾ ਦੇ ਜਿ਼ਲ੍ਹਿਆਂ ਵਿਚ ਵੱਡੀ ਗਿਣਤੀ ਵਿਚ ਸਿੱਖ ਵੱਸਦੇ ਹਨ ਅਤੇ ਇਹ ਇਲਾਕਾ ਪੰਜਾਬੀ ਬੋਲਦਾ ਇਲਾਕਾ ਹੈ । ਇਸ ਇਲਾਕੇ ਨੂੰ ਤੁਰੰਤ ਪੰਜਾਬ ਦੇ ਵਿਚ ਸਾਮਿਲ ਕੀਤਾ ਜਾਵੇ । ਤਾਂ ਕਿ ਇਸ ਇਲਾਕੇ ਦੇ ਨਿਵਾਸੀਆ ਨਾਲ ਫਿਰਕੂ ਹਕੂਮਤ ਵੱਲੋ ਹੋ ਰਹੀਆ ਜਿਆਦਤੀਆਂ, ਵਿਤਕਰਿਆ ਨੂੰ ਬੰਦ ਕੀਤਾ ਜਾ ਸਕੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜੋ ਪੰਜਾਬ-ਹਰਿਆਣੇ ਦੇ ਗੁਆਂਢੀ ਸੂਬਿਆਂ ਦੇ ਆਪਸ ਵਿਚ ਪਾਣੀਆਂ, ਖੇਤਰਫਲ, ਪੰਜਾਬੀ ਭਾਸ਼ਾ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਆਦਿ ਮਸਲੇ ਲੰਮੇ ਸਮੇ ਤੋ ਖੜ੍ਹੇ ਹਨ, ਉਨ੍ਹਾਂ ਮਸਲਿਆ ਨੂੰ ਮੌਜੂਦਾ ਨਵੀ ਹਰਿਆਣਾ ਸਰਕਾਰ ਪਹਿਲ ਦੇ ਆਧਾਰ ਤੇ ਹੱਲ ਕਰਕੇ ਪੰਜਾਬੀਆਂ ਤੇ ਸਿੱਖ ਕੌਮ ਨਾਲ ਹੁੰਦੀ ਆ ਰਹੀ ਬੇਇਨਸਾਫ਼ੀ ਨੂੰ ਖ਼ਤਮ ਵੀ ਕਰੇਗੀ ਅਤੇ ਧਾਰਾ 14 ਅਨੁਸਾਰ ਬਰਾਬਰਤਾ ਦੀ ਸੋਚ ਨੂੰ ਅਮਲੀ ਰੂਪ ਵਿਚ ਲਾਗੂ ਵੀ ਕਰੇਗੀ ।