ਮੂਸੇਵਾਲਾ ਪਰਿਵਾਰ ਦੇ ਘਰ ਆਏ ਨਵੇ ਬੱਚੇ ਦੀ ਸੁਰੱਖਿਆ ਦਾ ਸੈਟਰ ਦੀ ਮੋਦੀ-ਸ਼ਾਹ ਹਕੂਮਤ, ਪੰਜਾਬ ਸਰਕਾਰ ਉਚੇਚੇ ਤੌਰ ਤੇ ਪ੍ਰਬੰਧ ਕਰੇ : ਮਾਨ
ਫ਼ਤਹਿਗੜ੍ਹ ਸਾਹਿਬ, 18 ਮਾਰਚ ( ) “ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਦੀ ਕੁੱਖੋ ਇਕ ਨਵੇ ਬੱਚੇ ਨੇ ਜਨਮ ਲਿਆ ਹੈ । ਜੋ ਸਮੁੱਚੇ ਪੰਜਾਬੀਆਂ, ਸਿੱਖ ਕੌਮ ਅਤੇ ਹੋਰ ਬਹੁਤ ਸਾਰੇ ਮੁਲਕ ਨਿਵਾਸੀਆਂ ਲਈ ਅਥਾਂਹ ਖੁਸੀ ਅਤੇ ਉਸ ਪ੍ਰਮਾਤਮਾ ਦਾ ਸੁਕਰਾਨਾ ਕਰਨ ਵਾਲਾ ਸਮਾਂ ਹੈ । ਜਦੋ ਅਕਾਲ ਪੁਰਖ ਨੇ ਮੂਸੇਵਾਲਾ ਪਰਿਵਾਰ ਉਤੇ ਇਹ ਕਿਰਪਾ ਕੀਤੀ ਹੈ ਅਤੇ ਉਨ੍ਹਾਂ ਦੇ ਵੇਹੜੇ ਵਿਚ ਖੁਸੀਆਂ ਦੀ ਬਖਸਿ਼ਸ਼ ਕੀਤੀ ਹੈ ਤਾਂ ਹੁਣ ਸੈਟਰ ਦੀ ਮੋਦੀ-ਸ਼ਾਹ ਸਰਕਾਰ, ਕੌਮੀ ਸੁਰੱਖਿਆ ਸਲਾਹਕਾਰ, ਰਾਅ-ਆਈ.ਬੀ. ਅਤੇ ਪੰਜਾਬ ਸਰਕਾਰ ਦੀ ਇਹ ਸਾਂਝੀ ਜਿੰਮੇਵਾਰੀ ਬਣ ਜਾਂਦੀ ਹੈ ਕਿ ਮੂਸੇਵਾਲਾ ਪਰਿਵਾਰ ਦੇ ਦੁਸਮਣ ਫਿਰ ਕੋਈ ਉਸ ਤਰ੍ਹਾਂ ਦੀ ਅਣਹੋਣੀ ਗੱਲ ਨਾ ਕਰ ਦੇਣ ਉਸ ਲਈ ਉਸ ਪਰਿਵਾਰ ਨੂੰ ਹਰ ਤਰ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਉਪਰੋਕਤ ਦੋਵੇ ਸਰਕਾਰਾਂ ਤੇ ਏਜੰਸੀਆਂ ਦੀ ਜਿੰਮੇਵਾਰੀ ਬਣਦੀ ਹੈ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਜਦੋਂ ਭਾਈ ਸੁਭਦੀਪ ਸਿੰਘ ਮੂਸੇਵਾਲਾ ਦੀ ਜਾਨ ਦੀ ਸੁਰੱਖਿਆ ਲਈ ਉਸਦੀ ਹਕੂਮਤ ਵੱਲੋ ਵਿਸੇਸ ਤੌਰ ਤੇ ਸੁਰੱਖਿਆ ਦੀ ਲੋੜ ਸੀ, ਤਾਂ ਪੰਜਾਬ ਸਰਕਾਰ ਨੇ ਉਸ ਖਤਰੇ ਵਾਲੇ ਸਮੇ ਵਿਚ ਉਸਦੀ ਸੁਰੱਖਿਆ ਘਟਾ ਵੀ ਦਿੱਤੀ ਅਤੇ ਉਸਨੂੰ ਮੀਡੀਏ ਵਿਚ ਉਜਾਗਰ ਕਰਕੇ ਸ. ਸੁਭਦੀਪ ਸਿੰਘ ਮੂਸੇਵਾਲਾ ਦੇ ਦੁਸਮਣਾਂ ਨੂੰ, ਉਨ੍ਹਾਂ ਨੂੰ ਨਿਸ਼ਾਨਾਂ ਬਣਾਉਣ ਲਈ ਖਾਲੀ ਹੱਥ ਵੀ ਦੇ ਦਿੱਤਾ । ਜਿਸ ਕਾਰਨ ਕਾਤਲਾਂ ਦਾ ਹੌਸਲਾ ਇਹ ਕੁਕਰਮ ਕਰਨ ਲਈ ਵੱਧਿਆ । ਇਸ ਲਈ ਹੁਣ ਜਦੋ ਇਸ ਘਰ ਨੂੰ ਫਿਰ ਖੁਸੀ ਬਖਸਿਸ ਹੋਈ ਹੈ ਤਾਂ ਹੁਣ ਇਹ ਸੁਰੱਖਿਆ ਉਚੇਚੇ ਤੌਰ ਤੇ ਸਰਕਾਰਾਂ ਅਤੇ ਪ੍ਰਸਾਸਨ ਦੀ ਜਿੰਮੇਵਾਰੀ ਕਰਨਾ ਬਣਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਬਲਕੌਰ ਸਿੰਘ ਅਤੇ ਉਨ੍ਹਾਂ ਦੀ ਸਪਤਨੀ ਦੇ ਵੇਹੜੇ ਵਿਚ ਇਕ ਨਵੇ ਬੱਚੇ ਦੇ ਆਉਣ ਉਤੇ ਉਸਦੀ ਹਰ ਤਰ੍ਹਾਂ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਸੈਟਰ ਅਤੇ ਪੰਜਾਬ ਦੀਆਂ ਸਰਕਾਰਾਂ ਨੂੰ ਸੰਜ਼ੀਦਾ ਤੌਰ ਤੇ ਗੁਜਾਰਿਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਗੱਲ ਤੋ ਵੀ ਇਨਕਾਰ ਨਹੀ ਕੀਤਾ ਜਾ ਸਕਦਾ ਕਿ ਕਈ ਵਾਰੀ ਹਕੂਮਤੀ ਪੱਧਰ ਉਤੇ ਵੀ ਸਿੱਖਾਂ ਨੂੰ ਨਿਸ਼ਾਨਾਂ ਬਣਾਉਣ ਤੇ ਕਤਲ ਕਰਨ ਦੇ ਅਮਲ ਹੋਏ ਹਨ । ਜਿਵੇਕਿ ਹਰਦੀਪ ਸਿੰਘ ਨਿੱਝਰ, ਰਿਪਦੁਮਨ ਸਿੰਘ ਮਲਿਕ, ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੱਧੂ ਹਰਿਆਣਾ ਅਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਨੂੰ ਸਾਜਿਸ ਅਧੀਨ ਸਾਡੀਆਂ ਹਕੂਮਤੀ ਏਜੰਸੀਆ ਆਈ.ਬੀ, ਰਾਅ, ਸੁਰੱਖਿਆ ਸਲਾਹਕਾਰ ਵੱਲੋ ਹੀ ਨਿਸਾਨਾਂ ਬਣਾਕੇ ਕਤਲੇਆਮ ਕੀਤਾ ਗਿਆ । ਜਿਸਦੇ ਸੱਚ ਨੂੰ ਅਮਰੀਕਾ ਤੇ ਕੈਨੇਡਾ ਨੇ ਕੌਮਾਂਤਰੀ ਪੱਧਰ ਤੇ ਉਜਾਗਰ ਕਰਕੇ ਹੁਕਮਰਾਨਾਂ ਵੱਲੋ ਸਿੱਖਾਂ ਨਾਲ ਅਣਮਨੁੱਖੀ, ਗੈਰ ਵਿਧਾਨਿਕ ਹੋ ਰਹੇ ਅਮਲਾਂ ਦੀ ਰੋਕਥਾਮ ਲਈ ਉਚੇਚੇ ਤੌਰ ਤੇ ਅਮਲ ਸੁਰੂ ਕੀਤੇ ਹਨ । ਇਥੋ ਤੱਕ ਕਿ ਗੁਰਪਤਵੰਤ ਸਿੰਘ ਪੰਨੂੰ ਐਡਵੋਕੇਟ ਅਮਰੀਕਨ ਨਿਵਾਸੀ ਨੂੰ ਵੀ ਇਨ੍ਹਾਂ ਏਜੰਸੀਆਂ ਨੇ ਨਿਸ਼ਾਨਾਂ ਬਣਾਉਣ ਦੀ ਸਾਜਿਸ ਰਚੀ ਸੀ । ਜਿਸ ਨੂੰ ਅਮਰੀਕਨ ਏਜੰਸੀਆਂ ਤੇ ਸਰਕਾਰ ਨੇ ਅਸਫਲ ਬਣਾਕੇ ਮਨੁੱਖਤਾ ਪੱਖੀ ਜਿੰਮੇਵਾਰੀ ਨਿਭਾਈ ਅਤੇ ਇਨ੍ਹਾਂ ਦੇ ਕਾਤਲ ਚੇਹਰੇ ਨੂੰ ਨੰਗਾਂ ਕੀਤਾ । ਇਸ ਲਈ ਹੁਣ ਮੂਸੇਵਾਲਾ ਪਰਿਵਾਰ ਉਤੇ ਕੋਈ ਸਾਜਿਸ ਨਾ ਰਚੀ ਜਾਵੇ । ਉਸ ਲਈ ਸਟੇਟ ਪੁਲਿਸ, ਹੋਮ ਵਿਭਾਗ ਅਤੇ ਮੁਲਕ ਦੀਆਂ ਏਜੰਸੀਆਂ ਤੇ ਸਰਕਾਰਾਂ ਨੂੰ ਉਚੇਚੇ ਤੌਰ ਤੇ ਜਿੰਮੇਵਾਰੀ ਨਿਭਾਉਣੀ ਪਵੇਗੀ ।
ਉਨ੍ਹਾਂ ਕਿਹਾ ਕਿ ਜੋ ਮੋਦੀ ਦੀ ਹਿੰਦੂਤਵ ਹਕੂਮਤ ਅਤੇ ਏਜੰਸੀਆਂ ਵੱਲੋ ਮੀਡੀਏ ਤੇ ਬਿਜਲਈ ਮੀਡੀਏ ਉਤੇ ਇਹ ਮੰਦਭਾਵਨਾ ਅਧੀਨ ਪ੍ਰਚਾਰ ਸੁਰੂ ਕਰ ਦਿੱਤਾ ਗਿਆ ਹੈ ਕਿ ਪੰਜਾਬ ਵਿਚ ਕਾਨੂੰਨੀ ਵਿਵਸਥਾਂ ਵਿਗੜਦੀ ਜਾ ਰਹੀ ਹੈ । ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਪਾਰਲੀਮੈਟ ਚੋਣਾਂ ਵਿਚ ਬੀਜੇਪੀ-ਆਰ.ਐਸ.ਐਸ, ਮੋਦੀ ਆਦਿ ਨੂੰ ਇਹ ਚੋਣਾਂ ਜਿੱਤਣ ਲਈ ਕਿਸੇ ਤਰ੍ਹਾਂ ਦਾ ਝੂਠਾਂ ਸਰਜੀਕਲ ਸਟ੍ਰਾਈਕ ਕਰਨ ਅਤੇ ਇਥੋ ਦੇ ਨਿਵਾਸੀਆ ਨੂੰ ਗੁੰਮਰਾਹ ਕਰਨ ਦਾ ਮੌਕਾ ਨਹੀ ਮਿਲ ਰਿਹਾ । ਇਸੇ ਲਈ ਹੀ ਪੰਜਾਬ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ । ਪੰਜਾਬ ਦੇ ਨਿਵਾਸੀਆਂ ਵੱਲੋ ਪੰਜਾਬ ਵਿਚ ਕੁਝ ਗੈਰ ਵਿਧਾਨਿਕ ਜਾਂ ਗੈਰ ਸਮਾਜਿਕ ਨਹੀ ਹੋ ਰਿਹਾ, ਲੇਕਿਨ ਸਟੇਟ ਪੁਲਿਸ ਵੱਲੋ ਗੈਗਸਟਰਾਂ ਅਤੇ ਹੋਰਨਾਂ ਪੰਜਾਬੀਆਂ ਨੂੰ ਨਿਸ਼ਾਨਾਂ ਬਣਾਕੇ ਝੂਠੇ ਪੁਲਿਸ ਮੁਕਾਬਲੇ ਬਣਾਉਣੇ ਸੁਰੂ ਕੀਤੇ ਹੋਏ ਹਨ । ਜਿਨ੍ਹਾਂ ਵਿਚ ਜੰਡਿਆਲਾ ਗੁਰੂ, ਤਰਨਤਾਰਨ, ਜੀਰਾ, ਫਿਰੋਜ਼ਪੁਰ, ਧਨੌਲਾ ਵਿਖੇ ਹੁਣ ਹੀ ਗੁਰਮੀਤ ਸਿੰਘ ਮਾਨ ਉਰਫ ਕਾਲਾ ਧਨੌਲਾ ਝੂਠੇ ਪੁਲਿਸ ਮੁਕਾਬਲਿਆ ਵਿਚ ਮਾਰ ਦਿੱਤੇ ਹਨ । ਇਸੇ ਸਟੇਟ ਪੁਲਿਸ ਦੇ ਜ਼ਬਰ ਨੂੰ ਪੰਜਾਬ ਦੀ ਕਾਨੂੰਨੀ ਵਿਵਸਥਾਂ ਨਾਲ ਜੋੜਕੇ ਬਦਨਾਮ ਕਰਨ ਅਤੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਨ ਦੀ ਅਸਫਲ ਕੋਸਿ਼ਸ਼ ਕਰ ਰਹੇ ਹਨ । ਪੰਜਾਬ ਦੇ ਨਿਵਾਸੀ ਅਤੇ ਵੋਟਰ ਸੈਟਰ ਦੀ ਬੀਜੇਪੀ-ਆਰ.ਐਸ.ਐਸ ਦੇ ਹੁਕਮਰਾਨਾਂ ਦੇ ਗੁੰਮਰਾਹਕੁੰਨ ਪ੍ਰਚਾਰ ਵਿਚ ਕਤਈ ਨਹੀ ਆਉਣਗੇ ਅਤੇ ਨਾ ਹੀ ਪੰਜਾਬੀਆਂ, ਸਿੱਖਾਂ ਨੂੰ ਨਿਸ਼ਾਨਾਂ ਬਣਾਉਣ ਜਾਂ ਸੂਬੇ ਨੂੰ ਬਦਨਾਮ ਕਰਨ ਦੀ ਇਜਾਜਤ ਦੇਣਗੇ । ਸ. ਮਾਨ ਨੇ ਇਨ੍ਹਾਂ ਝੂਠੇ ਪੁਲਿਸ ਮੁਕਾਬਲਿਆ ਦੀ ਜਿਥੇ ਨਿਰਪੱਖਤਾ ਨਾਲ ਜਾਂਚ ਦੀ ਮੰਗ ਕੀਤੀ, ਉਥੇ ਮਾਲਖਾਨਿਆ ਵਿਚ ਸਮੱਗਲਰਾਂ ਜਾਂ ਗੈਰ ਕਾਨੂੰਨੀ ਲੋਕਾਂ ਤੋ ਫੜੇ ਜਾਣ ਵਾਲੇ ਹਥਿਆਰ, ਚਿੱਟਾ, ਅਫੀਮ, ਸਰਾਬ ਆਦਿ ਦੇ ਸਟਾਕ ਦੀ ਜੱਜਾਂ ਵੱਲੋ ਕਿਸੇ ਤਰ੍ਹਾਂ ਦੀ ਜਾਂਚ ਨਾ ਕਰਨ ਅਤੇ ਮਾਲਖਾਨਿਆ ਦੇ ਰਿਕਾਰਡ ਬਾਰੇ ਜਾਣਕਾਰੀ ਨਾ ਦੇਣ ਉਤੇ ਵੀ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਕਿਹਾ ਕਿ ਸਟੇਟ ਦੇ ਸਮੁੱਚੇ ਨਿਵਾਸੀਆ ਨੂੰ ਇਹ ਜਨਤਕ ਤੌਰ ਤੇ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਕਿਹੜੇ ਮਾਲਖਾਨੇ ਵਿਚ ਕਿੰਨੇ ਹਥਿਆਰ, ਅਫੀਮ, ਹੈਰੋਇਨ ਅਤੇ ਹੋਰ ਗੈਰ ਕਾਨੂੰਨੀ ਵਸਤਾਂ ਜਮ੍ਹਾ ਹਨ ਤਾਂ ਕਿ ਪੁਲਿਸ ਤੇ ਸਰਕਾਰ ਇਨ੍ਹਾਂ ਗੈਰ ਰਿਕਾਰਡ ਵਸਤਾਂ ਦੀ ਦੁਰਵਰਤੋ ਕਰਕੇ ਪੰਜਾਬ ਦੇ ਮਾਹੌਲ ਨੂੰ ਗੰਧਲਾ ਨਾ ਕਰ ਸਕੇ ਅਤੇ ਪੰਜਾਬੀਆਂ ਨੂੰ ਬਦਨਾਮ ਨਾ ਕਰ ਸਕੇ ।