ਰੂਸ ਦੇ ਪ੍ਰੈਜੀਡੈਟ ਮਿਸਟਰ ਪੁਤਿਨ ਵੱਲੋ ਨਿਊਕਲਰ ਸ਼ਕਤੀ ਦੀ ਵਰਤੋਂ ਕਰਨ ਦੀ ਗੱਲ ਸੰਸਾਰ ਦੇ ਅਮਨ ਚੈਨ ਲਈ ਵੱਡਾ ਖ਼ਤਰਾ : ਮਾਨ
ਫ਼ਤਹਿਗੜ੍ਹ ਸਾਹਿਬ, 14 ਮਾਰਚ ( ) “ਰੂਸ ਦੇ ਪ੍ਰੈਜੀਡੈਟ ਸ੍ਰੀ ਵਾਲਦਮੀਰ ਪੁਤਿਨ ਵੱਲੋ ਨਿਊਕਲਰ ਸ਼ਕਤੀ ਦੀ ਵਰਤੋ ਕਰਨ, ਸਮੁੱਚੇ ਸੰਸਾਰ ਨੂੰ ਫਿਰ ਤੋ ਹੀਰੋਸੀਮਾ ਤੇ ਨਾਗਾਸਾਕੀ ਦੀ ਤਰ੍ਹਾਂ ਸੰਸਾਰ ਜੰਗ ਵੱਲ ਧਕੇਲਣ ਦੀ ਕਾਰਵਾਈ ਸਮੁੱਚੇ ਸੰਸਾਰ ਨਿਵਾਸੀਆ ਲਈ ਵੱਡੇ ਖਤਰੇ ਦੀ ਘੰਟੀ ਹੈ । ਇਸ ਨਾਲ ਤਾਂ ਸਮੁੱਚੇ ਸੰਸਾਰ ਦੀ ਜਮਹੂਰੀਅਤ ਅਤੇ ਅਮਨ ਚੈਨ ਉਤੇ ਵੱਡਾ ਪ੍ਰਸ਼ਨ ਚਿੰਨ੍ਹ ਲੱਗ ਸਕਦਾ ਹੈ । ਜੇਕਰ ਇਸ ਹੋ ਰਹੇ ਮਨੁੱਖਤਾ ਵਿਰੋਧੀ ਵਰਤਾਰੇ ਨੂੰ ਸਹਿਜ ਅਤੇ ਦੂਰਅੰਦੇਸ਼ੀ ਢੰਗ ਨਾਲ ਸਮੂਹਿਕ ਤੌਰ ਤੇ ਰੋਕਣ ਦੀ ਕੋਸਿਸ ਨਾ ਕੀਤੀ ਗਈ ਤਾਂ ਮਨੁੱਖਤਾ ਦਾ ਫਿਰ ਵੱਡਾ ਨੁਕਸਾਨ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਇਸ ਲਈ ਸ੍ਰੀ ਪੁਤਿਨ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਾਟੋ ਅਤੇ ਪੱਛਮੀ ਮੁਲਕਾਂ ਨੂੰ ਅਪੀਲ ਕਰਦਾ ਹੈ ਕਿ ਇਸ ਖਤਰਨਾਕ ਸੁਪਨੇ ਨੂੰ ਅਮਲੀ ਰੂਪ ਦੇਣ ਤੋ ਰੋਕਣ ਲਈ ਉਹ ਅੱਗੇ ਆਉਣ ਤਾਂ ਕਿ ਸਮੁੱਚੇ ਸੰਸਾਰ ਵਿਚ ਜਮਹੂਰੀਅਤ ਅਤੇ ਅਮਨ ਚੈਨ ਕਾਇਮ ਰਹਿ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਪੁਤਿਨ ਵੱਲੋ ਨਿਊਕਲਰ ਪਾਵਰ ਦੀ ਵਰਤੋ ਕਰਨ ਦੇ ਪ੍ਰਗਟਾਏ ਵਿਚਾਰਾਂ ਤੋਂ ਉਤਪੰਨ ਹੋਈ ਸੰਸਾਰ ਦੀ ਗੁੰਝਲਦਾਰ ਸਥਿਤੀ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ, ਨਾਟੋ ਅਤੇ ਪੱਛਮੀ ਮੁਲਕਾਂ ਨੂੰ ਇਸ ਗੰਭੀਰ ਵਿਸੇ ਉਤੇ ਸਹਿਜ ਨਾਲ ਅਮਲ ਕਰਕੇ ਆਉਣ ਵਾਲੇ ਸਮੇ ਵਿਚ ਸਮਸਾਰ ਨੂੰ ਨਿਊਕਲਰ ਜੰਗ ਤੋ ਬਚਾਉਣ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।