ਵੱਖ-ਵੱਖ ਪਾਰਟੀਆਂ ਤੋਂ ਬੀਜੇਪੀ ਵਿਚ ਸਾਮਿਲ ਹੋ ਰਹੇ ਆਗੂ ਅਸਲੀਅਤ ਵਿਚ ਉਨ੍ਹਾਂ ਪਾਰਟੀਆਂ ਦਾ ਕੂੜਾ-ਕਰਕਟ : ਮਾਨ
ਫ਼ਤਹਿਗੜ੍ਹ ਸਾਹਿਬ, 16 ਮਾਰਚ ( ) “ਜੋ ਲੋਕ ਸਭਾ ਚੋਣਾਂ ਦੇ ਮੱਦੇਨਜਰ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸੰਬੰਧਤ ਆਗੂ ਜੋ ਬੀਜੇਪੀ ਪਾਰਟੀ ਵਿਚ ਸਾਮਿਲ ਹੋ ਰਹੇ ਹਨ, ਉਹ ਕਿਉਂਕਿ ਵੱਡੇ-ਵੱਡੇ ਘਪਲਿਆ ਤੇ ਰਿਸਵਤਾਂ ਲੈਣ ਦੇ ਦੋਸ਼ੀ ਹਨ । ਜਿਨ੍ਹਾਂ ਉਤੇ ਬੀਜੇਪੀ-ਆਰ.ਐਸ.ਐਸ. ਸਰਕਾਰ, ਈ.ਡੀ, ਸੀ.ਬੀ.ਆਈ ਅਤੇ ਇਨਕਮ ਟੈਕਸ ਦੇ ਛਾਪੇ ਮਰਵਾਕੇ ਉਨ੍ਹਾਂ ਦੀ ਘਬਰਾਹਟ ਵਿਚ ਵਾਧਾ ਕਰ ਰਹੀ ਹੈ, ਫਿਰ ਉਹ ਆਪਣੀ ਕਾਨੂੰਨ ਤੋ ਖੱਲ ਬਚਾਉਣ ਹਿੱਤ ਬੀਜੇਪ ਵਿਚ ਸਾਮਿਲ ਹੋ ਰਹੇ ਹਨ । ਜਦੋ ਉਹ ਕਾਨੂੰਨੀ ਤੇ ਸਮਾਜਿਕ ਤੌਰ ਤੇ ਦੋਸ਼ੀ ਹਨ, ਦਾਗੀ ਹਨ ਤਾਂ ਉਹ ਬੀਜੇਪੀ ਵਿਚ ਸਾਮਿਲ ਹੋ ਕੇ ਦੁੱਧ ਧੋਤੇ ਕਿਵੇ ਹੋ ਜਾਂਦੇ ਹਨ ? ਜਿਨ੍ਹਾਂ ਦੇ ਆਪੋ ਆਪਣੇ ਸਮੇ ਵਿਚ ਵੱਡੀਆਂ ਰਿਸਵਤਾਂ, ਘਪਲੇ ਕੀਤੇ, ਗੈਰ ਕਾਨੂੰਨੀ ਜਾਇਦਾਦਾਂ ਬਣਾਈਆ। ਇਨ੍ਹਾਂ ਲੋਕਾਂ ਨੂੰ ਬੀਜੇਪੀ ਆਪਣੇ ਵਿਚ ਸਾਮਿਲ ਕਰਕੇ ਪਹਿਲੋ ਹੀ ਗੰਧਲੀ ਹੋਈ ਸਿਆਸਤ ਨੂੰ ਹੋਰ ਗੰਧਲਾ ਕਰ ਰਹੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਸਮੇ ਵਿਚ ਇੰਡੀਆਂ ਉਤੇ ਹਕੂਮਤ ਕਰ ਰਹੀ ਬੀਜੇਪੀ-ਆਰ.ਐਸ.ਐਸ. ਦੀ ਜਮਾਤ ਵੱਲੋ ਵੱਡੀਆ ਰਿਸਵਤਾਂ ਅਤੇ ਘਪਲੇ ਕਰਨ ਵਾਲੇ ਵੱਖ-ਵੱਖ ਪਾਰਟੀਆ ਤੇ ਸਿਆਸੀ ਜਮਾਤਾਂ ਵਿਚ ਕੰਮ ਕਰਨ ਵਾਲੇ ਆਗੂਆ ਉਤੇ ਆਪਣੀਆ ਏਜੰਸੀਆ ਦੇ ਛਾਪੇ ਮਰਵਾਕੇ ਡਰਾਉਣ ਅਤੇ ਫਿਰ ਆਪਣੀ ਪਾਰਟੀ ਵਿਚ ਸਾਮਿਲ ਕਰਨ ਦੀਆਂ ਦਿਸ਼ਾਹੀਣ ਕਾਰਵਾਈਆ ਉਤੇ ਸਖਤ ਨੁਕਤਾ-ਚੀਨੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਉਹ ਲੋਕ ਹਨ ਜਿਨ੍ਹਾਂ ਨੇ ਫ਼ੌਜ, ਨੇਵੀ ਅਤੇ ਏਅਰਫੋਰਸ ਦੇ ਜੰਗੀ ਹਥਿਆਰਾਂ, ਜਹਾਜ ਅਤੇ ਹੋਰ ਉਪਕਰਨ ਖਰੀਦਣ ਵਿਚ ਬਾਹਰਲੀਆ ਕੰਪਨੀਆਂ ਨਾਲ ਮਿਲੀਭੁਗਤ ਕਰਕੇ ਵੱਡੇ ਘਪਲੇ ਕੀਤੇ ਹਨ ਅਤੇ ਆਪਣੀਆਂ ਫ਼ੌਜਾਂ ਨੂੰ ਹੇਠਲੇ ਦਰਜੇ ਦੇ ਹਥਿਆਰ ਪ੍ਰਦਾਨ ਕਰਕੇ ਮੁਲਕ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਮੇਜਰ ਜਰਨਲ ਬੈਨਿਟ ਈ. ਮੇਅਰਜ ਨੇ ਲੁਫਤਵੇਅ ਬੰਬਰਜ ਅਤੇ ਲੜਾਕੂ ਜਹਾਜ ਖਰੀਦੇ ਸਨ ਜਿਸਨੇ ਇਸ ਵਿਸ ਬਹੁਤ ਵੱਡਾ ਘਪਲਾ ਕੀਤਾ ਸੀ । ਇਸੇ ਤਰ੍ਹਾਂ ਅਗਸਤਾ ਵੈਸਟਲੈਡ ਹੈਲੀਕਪਟਰ ਸੌਦੇ ਵਿਚ ਵੀ ਬਹੁਤ ਵੱਡੀ ਘਪਲੇਬਾਜੀ ਕੀਤੀ ਗਈ । ਇਹ ਜਹਾਜ ਸਮੁੰਦਰੀ ਤੱਟ ਤੋ 14 ਹਜਾਰ ਫੁੱਟ ਤੋ ਜਿਆਦਾ ਉਪਰ ਨਹੀ ਉੱਡ ਸਕਦੇ । ਇਥੋ ਤੱਕ ਸ੍ਰੀ ਬ੍ਰਿਜੇਸ ਮਿਸਰਾ ਜੋ ਸ੍ਰੀ ਵਾਜਪਾਈ ਦੇ ਸਕੱਤਰ ਸਨ ਉਨ੍ਹਾਂ ਦੇ ਇਕ ਰਿਸਤੇਦਾਰ ਵੀ ਇਟਲੀ ਵਿਚ ਇਸ ਘਪਲੇ ਵਿਚ ਸਾਮਿਲ ਹੈ । ਪਰ ਕਦੇ ਵੀ ਨਾ ਤਾਂ ਇਨ੍ਹਾਂ ਦੀ ਪੁੱਛਤਾਛ ਕੀਤੀ ਗਈ ਅਤੇ ਨਾ ਹੀ ਗ੍ਰਿਫਤਾਰ ਕੀਤੇ ਗਏ ਹਨ । ਜੋ ਕਿ ਇਥੋ ਦੇ ਨਿਵਾਸੀਆ ਤੇ ਮੁਲਕ ਨਾਲ ਹੋਰ ਵੀ ਵੱਡੀ ਗਦਾਰੀ ਹੈ । ਇਸ ਅਗਸਤਾ ਵੈਸਟਲੈਡ ਹੈਲੀਕਪਟਰ ਸੌਦੇ ਵਿਚ ਏਅਰ ਚੀਫ ਮਾਰਸਲ ਸ੍ਰੀ ਤਿਆਗੀ, ਆਈ.ਬੀ. ਦੇ ਡਾਈਰੈਕਟਰ ਅਤੇ ਬੰਗਾਲ ਦੇ ਰਹਿ ਚੁੱਕੇ ਗਵਰਨਰ ਮਿਸਟਰ ਐਮ.ਕੇ. ਨਰਾਈਨਣ ਅਤੇ ਐਸ.ਪੀ.ਜੀ ਦੇ ਡਾਈਰੈਕਟਰ ਭਾਰਤ ਵੀਰ ਵਾਚੂ ਵੀ ਸਾਮਿਲ ਹਨ ਜਿਨ੍ਹਾਂ ਦੀ ਕੋਈ ਵੀ ਜਾਂਚ ਨਹੀ ਕੀਤੀ ਗਈ ਅਤੇ ਨਾ ਹੀ ਇਨ੍ਹਾਂ ਸੰਬੰਧੀ ਕੋਈ ਚਲਾਣ ਪੇਸ਼ ਹੋਇਆ ਹੈ । ਦਿੱਲੀ ਹਾਈਕੋਰਟ ਨੂੰ ਚਾਹੀਦਾ ਹੈ ਕਿ ਇਸ ਵੱਡੇ ਘਪਲੇ ਦੇ ਲਈ ਉਹ ਇਨ੍ਹਾਂ ਦੇ ਚਲਾਣ ਪੇਸ ਕਰਨ ਦੇ ਹੁਕਮ ਕਰੇ ।
ਉਨ੍ਹਾਂ ਕਿਹਾ ਕਿ ਹੁਕਮਰਾਨਾਂ ਨੇ ਫ਼ੌਜ ਦੇ ਅਤਿ ਜਰੂਰੀ ਹਥਿਆਰਾਂ ਦੇ ਘਪਲੇ ਨਾਲ ਸੰਬੰਧਤ ਸ੍ਰੀ ਅਰਵਿੰਦ ਖੰਨਾ ਦੀ ਕੋਈ ਜਾਂਚ ਨਹੀ ਕੀਤੀ । ਬਲਕਿ ਉਸ ਨੂੰ ਆਪਣੀ ਪਾਰਟੀ ਵਿਚ ਸਾਮਿਲ ਕਰ ਲਿਆ ਗਿਆ । ਜੋ ਕਿ ਇਸ ਮੁਲਕ ਲਈ ਹੋਰ ਵੀ ਵੱਡਾ ਖਤਰਾ ਹੈ । ਕਿਉਂਕਿ ਉਸ ਨੂੰ ਮੁਲਕ ਦਾ ਹਮਦਰਦ ਆਖਿਆ ਜਾ ਰਿਹਾ ਹੈ । ਸਾਡੀ ਪਾਰਟੀ ਤੇਜਸ ਜਹਾਜ ਵਿਚ ਹੋਏ ਅਪਰਾਧ ਦੀ ਜਾਂਚ ਦੀ ਮੰਗ ਕਰਦੀ ਹੈ । ਕਿਉਂਕਿ ਜੇਕਰ ਇਸ ਵਿਸੇ ਉਤੇ ਕੋਈ ਅਮਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇ ਵਿਚ ਹਵਾਈ ਸੈਨਾ ਤੇ ਸਾਡੇ ਇਲਾਕਿਆ ਦੀ ਸੁਰੱਖਿਆ ਲਈ ਹੋਰ ਵੀ ਵੱਡਾ ਖਤਰਾ ਖੜ੍ਹਾ ਹੋ ਸਕਦਾ ਹੈ । ਇਸ ਲਈ ਇਨ੍ਹਾਂ ਸਭ ਰਿਸਵਤ ਅਤੇ ਘਪਲਿਆ ਦੀ ਨਿਰਪੱਖਤਾ ਨਾਲ ਅਵੱਸ ਜਾਂਚ ਹੋਵੇ । ਉਨ੍ਹਾਂ ਕਿਹਾ ਕਿ ਜਨਤਾ ਨੂੰ ਚਾਹੀਦਾ ਹੈ ਕਿ ਜੋ ਲੋਕ ਮੌਕਾਪ੍ਰਸਤੀ ਦੀ ਸੋਚ ਅਧੀਨ ਆਪਣੇ ਪਰਿਵਾਰਿਕ ਅਤੇ ਮਾਲੀ ਮੁਫਾਦਾਂ ਦੇ ਗੁਲਾਮ ਬਣਕੇ ਆਪਣੀਆ ਪਿਤਰੀ ਪਾਰਟੀਆ ਨੂੰ ਛੱਡਕੇ ਹਕੂਮਤ ਕਰ ਰਹੀ ਬੀਜੇਪੀ ਵਿਚ ਸਾਮਿਲ ਹੋ ਰਹੇ ਹਨ, ਅਸਲੀਅਤ ਵਿਚ ਇਹ ਸਮਾਜ ਅਤੇ ਮੁਲਕ ਦਾ ਉਹ ਨਾਂਹਵਾਚਕ ਹਿੱਸਾ ਹਨ ਜਿਸ ਨਾਲ ਸਮਾਜ ਵਿਚ ਬਦਬੂ ਫੈਲਦੀ ਹੈ ਅਤੇ ਸਿਆਸਤ ਦਾ ਮਾਹੌਲ ਗੰਧਲਾ ਹੋ ਰਿਹਾ ਹੈ । ਅਜਿਹਾ ਮਾਹੌਲ ਸਮਾਜ ਦੇ ਵਰਤਾਰੇ ਨੂੰ ਪ੍ਰਭਾਵਿਤ ਕਰੇ ਬਿਨ੍ਹਾਂ ਨਹੀ ਰਹਿ ਸਕਦਾ । ਇਥੋ ਦੇ ਨਿਵਾਸੀਆ ਨੂੰ ਚਾਹੀਦਾ ਹੈ ਕਿ ਇਸ ਬਦਨਾਮਨੁਮਾ ਵਸਤੂ ਨੂੰ ਡੂੰਘੇ ਟੋਇਆ ਵਿਚ ਦਫਨਾ ਦੇਣ ਤਾਂ ਕਿ ਹਕੂਮਤੀ ਅਤੇ ਸਮਾਜਿਕ ਪ੍ਰਬੰਧ ਵਿਚ ਬੁਰਾਈਆ ਜਨਮ ਹੀ ਨਾ ਲੈ ਸਕਣ । ਪਰ ਬੀਜੇਪੀ ਇਸ ਨੂੰ ਆਪਣੇ ਵਿਚ ਸਾਮਿਲ ਕਰਕੇ ਆਪਣੀ ਪਾਰਟੀ ਦੇ ਇਖਲਾਕ ਨੂੰ ਪਹਿਲੇ ਨਾਲੋ ਵੀ ਹੋਰ ਦਾਗੀ ਕਰ ਰਹੀ ਹੈ । ਇਸ ਲਈ ਜਨਤਾ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਬੀਜੇਪੀ ਵਿਚ ਮੌਕਾਪ੍ਰਸਤੀ ਦੀ ਸੋਚ ਅਧੀਨ ਸਾਮਿਲ ਹੋਣ ਵਾਲੇ ਲੋਕਾਂ ਅਤੇ ਬੀਜੇਪੀ ਪਾਰਟੀ ਨੂੰ ਆਉਣ ਵਾਲੀਆ 2024 ਦੀਆਂ ਪਾਰਲੀਮੈਟ ਚੋਣਾਂ ਵਿਚ ਕਰਾਰੀ ਹਾਰ ਦੇਕੇ ਆਪਣੇ ਫਰਜਾਂ ਨੂੰ ਸਮਝਦੇ ਹੋਏ ਅੱਛੇ ਕਿਰਦਾਰ ਵਾਲੇ ਆਗੂਆਂ ਨੂੰ ਅੱਗੇ ਲਿਆਉਣ ਦੀ ਭੂਮਿਕਾ ਨਿਭਾਉਣ ਤਾਂ ਕਿ ਸਮਾਜ ਵਿਚ ਉਤਪੰਨ ਹੋ ਰਹੀ ਬੁਰਾਈਆ ਦਾ ਖਾਤਮਾ ਕਰਕੇ ਇਥੇ ਸਹੀ ਮਾਇਨਿਆ ਵਿਚ ਹਲੀਮੀ ਰਾਜ ਦੀ ਸਥਾਪਨਾ ਹੋ ਸਕੇ ।