ਮੁੱਖ ਚੋਣ ਕਮਿਸਨਰ ਸ੍ਰੀ ਗੋਇਲ ਦਾ ਅਸਤੀਫਾ, ਬੀਜੇਪੀ ਦੀ ਹੋਣ ਜਾ ਰਹੀ ਹਾਰ ਨੂੰ ਸਪੱਸਟ ਕਰਦਾ ਹੈ: ਟਿਵਾਣਾ
ਫ਼ਤਹਿਗੜ੍ਹ ਸਾਹਿਬ, 11 ਮਾਰਚ ( ) “ਜਿਵੇ ਬੀਜੇਪੀ-ਆਰ.ਐਸ.ਐਸ ਦੇ ਕੱਟੜਵਾਦੀ ਹੁਕਮਰਾਨਾਂ ਤੇ ਸਿਆਸਤਦਾਨਾਂ ਦੇ ਅਮਲਾਂ ਅਧੀਨ ਮੁਲਕ ਤਾਨਾਸਾਹੀ ਗੈਰ ਵਿਧਾਨਿਕ ਸੋਚ ਵੱਲ ਵੱਧ ਰਿਹਾ ਹੈ ਉਸ ਤੋ ਸਪੱਸਟ ਹੈ ਕਿ ਇਥੇ ਜਮਹੂਰੀਅਤ ਕਦਰਾਂ ਕੀਮਤਾਂ ਖਤਮ ਹੋਣ ਦੇ ਕਿਨਾਰੇ ਤੱਕ ਪਹੁੰਚ ਚੁੱਕੀਆਂ ਹਨ । ਜਿਹੜੀ ਅਫਸਰਸਾਹੀ ਹੁਕਮਰਾਨਾਂ ਦੇ ਗੈਰ ਕਾਨੂੰਨੀ ਆਦੇਸ਼ਾਂ ਨੂੰ ਪ੍ਰਵਾਨ ਨਹੀ ਕਰਦੀ, ਉਨ੍ਹਾਂ ਨੂੰ ਆਪਣੇ ਅਹੁਦਿਆ ਤੋ ਅਸਤੀਫੇ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਜਾਂ ਫਿਰ ਆਪਣੀ ਜਮੀਰ ਨੂੰ ਮਾਰਕੇ ਹੁਕਮਰਾਨਾਂ ਦੀਆਂ ਇਛਾਵਾ ਅਨੁਸਾਰ ਕੰਮ ਕਰਨਾ ਪੈ ਰਿਹਾ ਹੈ । ਦੋਵੇ ਸਥਿਤੀਆਂ ਜਮਹੂਰੀਅਤ ਦਾ ਘਾਣ ਕਰਨ ਵਾਲੀਆ ਅਤੇ ਤਾਨਾਸਾਹੀ ਅਮਲਾਂ ਨੂੰ ਮਜਬੂਤ ਕਰਨ ਵਾਲੀਆ ਹਨ । ਤੀਸਰਾ ਈ.ਡੀ, ਸੀ.ਬੀ.ਆਈ ਵਰਗੀਆਂ ਆਜਾਦ ਸੰਸਥਾਵਾਂ ਦੀ ਹੁਕਮਰਾਨ ਜਿਵੇ ਆਪਣੇ ਵਿਰੋਧੀਆਂ ਨੂੰ ਦਬਾਉਣ ਲਈ ਦੁਰਵਰਤੋ ਕਰਦਾ ਨਜਰ ਆ ਰਿਹਾ ਹੈ, ਇਹ ਵਰਤਾਰਾ ਵੀ ਅੱਛੇ ਸਮਾਜ ਦੀ ਸਿਰਜਣਾ ਵਿਚ ਵੱਡੀ ਰੁਕਾਵਟ ਬਣਕੇ ਉੱਭਰ ਰਿਹਾ ਹੈ । ਅਜਿਹੀ ਗੁੰਝਲਦਾਰ ਸਥਿਤੀ ਵਿਚੋ ਮੁਲਕ ਨਿਵਾਸੀਆ ਨੂੰ ਕੱਢਣ ਲਈ ਇਕੋ ਇਕ ਸਹੀ ਅਮਲ ਹੈ ਕਿ ਚੋਣ ਕਮਿਸਨ ਦ੍ਰਿੜਤਾ ਨਾਲ ਆਜਾਦ ਤੇ ਨਿਰਪੱਖ ਚੋਣਾਂ ਕਰਵਾਉਣ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਈ.ਵੀ.ਐਮ ਮਸੀਨਾਂ ਦੀ ਵੱਡੇ ਪੱਧਰ ਤੇ ਹੋ ਰਹੀ ਦੁਰਵਰਤੋ ਨੂੰ ਸਖਤੀ ਨਾਲ ਰੋਕੇ । ਪਰ ਦੁੱਖ ਅਤੇ ਅਫਸੋਸ ਹੈ ਕਿ ਸ੍ਰੀ ਅਰੂਣ ਗੋਇਲ ਵਰਗਾਂ ਨਿਰਪੱਖ ਤੇ ਆਜਾਦ ਚੋਣਾਂ ਕਰਵਾਉਣ ਲਈ ਚੋਣ ਕਮਿਸਨਰ ਮਿਲਿਆ ਸੀ । ਲੇਕਿਨ ਉਨ੍ਹਾਂ ਨੂੰ ਵੀ ਇਸ ਅਹੁਦੇ ਤੋ ਅਸਤੀਫਾ ਦੇਣਾ ਪਿਆ । ਫਿਰ ਅਜਿਹੇ ਹਾਲਾਤਾਂ ਵਿਚ ਨਿਰਪੱਖ ਤੇ ਆਜਾਦ ਚੋਣਾਂ ਦੀ ਉਮੀਦ ਕਿਵੇ ਰੱਖੀ ਜਾ ਸਕਦੀ ਹੈ ? ਫਿਰ ਲੋਕਾਂ ਦੇ ਸਹੀ ਫਤਵੇ ਦੇ ਨਤੀਜੇ ਕਿਵੇ ਕੱਢੇ ਜਾ ਸਕਣਗੇ ?”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੁਲਕ ਵਿਚ ਜਮਹੂਰੀਅਤ ਦਾ ਹਰ ਖੇਤਰ ਵਿਚ ਹੋ ਰਹੇ ਘਾਣ, ਇਥੋ ਤੱਕ ਨਿਰਪੱਖ ਚੋਣਾਂ ਕਰਵਾਉਣ ਉਤੇ ਲੱਗਦੇ ਜਾ ਰਹੇ ਵੱਡੇ ਪ੍ਰਸ਼ਨ ਚਿੰਨ੍ਹ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਅਤੇ ਸ੍ਰੀ ਅਰੂਣ ਗੋਇਲ ਵਰਗੇ ਇਮਾਨਦਾਰ ਅਫਸਰ ਨੂੰ ਅਸਤੀਫਾ ਦੇਣ ਲਈ ਮਜਬੂਰ ਕਰਨ ਸੰਬੰਧੀ ਵਿਚਾਰ ਪ੍ਰਗਟ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਇਸ ਸਮੇ ਅਜਿਹੀ ਸਥਿਤੀ ਵਿਚ ਸੁਪਰੀਮ ਕੋਰਟ ਦੇ ਮੁੱਖ ਜੱਜ ਸ੍ਰੀ ਚੰਦਰਚੂਹੜ ਹੀ ਇਸ ਘੁੱਪ ਹਨ੍ਹੇਰੇ ਵਿਚ ਇਕ ਕਿਰਨ ਨਜਰ ਆ ਰਹੇ ਹਨ ਜੋ ਇਸ ਦਿਸ਼ਾ ਵੱਲ ਜਮਹੂਰੀਅਤ ਅਤੇ ਵਿਧਾਨ ਦੀ ਰਾਖੀ ਕਰਨ ਲਈ ਸੁਹਿਰਦ ਉੱਦਮ ਕਰ ਸਕਦੇ ਹਨ । ਇਸ ਲਈ ਉਨ੍ਹਾਂ ਨੂੰ ਅਤੇ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੂੰ ਇਕ ਰੂਪ ਵਿਚ ਵਿਧਾਨ ਦੀ ਰੱਖਿਆ ਕਰਨ ਲਈ ਅਤੇ ਲੋਕਤੰਤਰ ਨੂੰ ਬਚਾਉਣ ਲਈ ਸਮੂਹਿਕ ਉੱਦਮ ਕਰਨਾ ਪਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸੂਬੇ ਦੀ ਸਿਆਸੀ ਸਥਿਤੀ ਵਿਚ ਲੋਕ ਸਭਾ ਚੋਣ ਦੇ ਮੱਦੇਨਜਰ ਜੋ ਵੱਡੇ ਪੱਧਰ ਤੇ ਗੈਰ ਸਿਧਾਤਿਕ ਉੱਥਲ-ਪੁੱਥਲ ਹੋ ਰਹੀ ਹੈ, ਉਹ ਪੰਜਾਬ ਦੇ ਅਮੀਰ ਵਿਰਸੇ, ਵਿਰਾਸਤ ਨਾਲ ਬਿਲਕੁਲ ਮੇਲ ਨਹੀ ਖਾਂਦੀ । ਕਿਉਂਕਿ ਜਿਨ੍ਹਾਂ ਗੈਰ ਸਿਧਾਤਿਕ ਸ. ਸੁਖਦੇਵ ਸਿੰਘ ਢੀਂਡਸਾ ਵਰਗੇ ਆਗੂ ਨੇ ਆਪਣੇ ਨਿੱਜੀ, ਪਰਿਵਾਰਿਕ ਮੁਫਾਦਾਂ ਦੀ ਪੂਰਤੀ ਲਈ ਪਹਿਲੇ ਬਾਦਲ ਦਲ ਨੂੰ ਅਲਵਿਦਾ ਕਹਿਕੇ ਆਪਣਾ ਅਕਾਲੀ ਦਲ ਬਣਾ ਲਿਆ ਸੀ । ਜਦੋ ਉਸ ਅਕਾਲੀ ਦਲ ਦੀ ਫੂਕ ਨਿਕਲ ਗਈ ਅੱਜ ਫਿਰ ਪੰਜਾਬ ਤੇ ਪੰਥ ਵਿਰੋਧੀ ਸੋਚ ਦੇ ਇਹ ਮਾਲਕ ਆਪਣੇ ਆਪ ਨੂੰ ਬਾਦਲ ਦਲ ਵਿਚ ਫਿਰ ਸਾਮਿਲ ਕਰਕੇ ਪ੍ਰਚਾਰ ਕਰ ਰਹੇ ਹਨ ਕਿ ਪੰਥਕ ਏਕਤਾ ਬਹੁਤ ਜਰੂਰੀ ਸੀ । ਜਦੋਕਿ ਅੱਜ ਵੀ ਨਿੱਜੀ ਮੁਫਾਦਾਂ ਦੇ ਗੁਲਾਮ ਬਣਕੇ ਬਾਦਲ ਦਲ, ਬੀਜੇਪੀ ਨਾਲ ਸਿਆਸੀ ਸਮਝੌਤੇ ਕਰਕੇ, ਪੰਜਾਬੀਆਂ ਤੇ ਸਿੱਖ ਕੌਮ ਵਿਚ ਆਪਣੀ ਖਤਮ ਹੋਈ ਸਾਖ ਨੂੰ ਪ੍ਰਾਪਤ ਕਰਨ ਲਈ ਅਸਫਲ ਕੋਸਿ਼ਸ਼ ਕਰ ਰਹੇ ਹਨ । ਜੋ ਬੀਜੇਪੀ-ਆਰ.ਐਸ.ਐਸ. ਗੋਦੀ ਮੀਡੀਏ ਰਾਹੀ 400 ਲੋਕ ਸਭਾ ਸੀਟਾਂ ਜਿੱਤਣ ਦਾ ਗੁੰਮਰਾਹਕੁੰਨ ਪ੍ਰਚਾਰ ਕਰ ਰਹੀ ਹੈ । ਸ੍ਰੀ ਜਾਖੜ ਤੇ ਬਾਦਲ ਦਲੀਏ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਖੋਖਲੇ ਦਾਅਵੇ ਕਰਦੇ ਆ ਰਹੇ ਹਨ । ਇਹ ਸਭ ਗੈਰ ਸਿਧਾਤਿਕ ਪਾਰਟੀਆਂ ਤੇ ਆਗੂਆਂ ਦੀ ਸਾਂਝੀ ਰਣਨੀਤੀ ਦੇ ਪ੍ਰਚਾਰ ਦਾ ਹਿੱਸਾ ਹੈ ਕਿ ਇਕ ਝੂਠ ਨੂੰ 100 ਵਾਰ ਬੋਲੋ ਤੇ ਸੱਚ ਕਰ ਲਵੋ । ਲੇਕਿਨ ਅੱਜ ਜਦੋ ਸੋਸਲ ਮੀਡੀਏ ਦਾ ਜਮਾਨਾ ਹੈ, ਇਹ ਨਿੱਜੀ ਮੁਫਾਦਾਂ ਦੇ ਗੁਲਾਮ ਬਣੇ ਲੋਕ ਤੇ ਪਾਰਟੀਆਂ ਪੰਜਾਬੀਆਂ, ਸਿੱਖਾਂ, ਇੰਡੀਆ ਨਿਵਾਸੀਆ ਨੂੰ ਗੁੰਮਰਾਹ ਨਹੀ ਕਰ ਸਕਣਗੇ । ਇਨ੍ਹਾਂ ਦਾ ਗੁੰਮਰਾਹਕੁੰਨ ਪ੍ਰਚਾਰ 200 ਦਾ ਅੰਕੜਾ ਵੀ ਪਾਰ ਨਹੀ ਕਰ ਸਕੇਗਾ । ਕਿਉਂਕਿ ਸਭ ਕਿਸਾਨ, ਖੇਤ ਮਜਦੂਰ, ਮੁਲਾਜਮ ਮੋਦੀ ਹਕੂਮਤ ਦੀਆਂ ਮਨੁੱਖਤਾ ਵਿਰੋਧੀ ਕਾਰਵਾਈਆਂ ਤੋ ਖਫਾ ਹਨ । ਇਸ ਲਈ ਸਮੁੱਚੇ ਮੁਲਕ ਨਿਵਾਸੀਆਂ ਅਤੇ ਪੰਜਾਬ ਨਿਵਾਸੀਆ ਨੂੰ ਵੀ ਚਾਹੀਦਾ ਹੈ ਕਿ ਉਹ ਬੀਜੇਪੀ-ਆਰ.ਐਸ.ਐਸ, ਬਾਦਲ ਦਲੀਆ ਅਤੇ ਮੌਕਾਪ੍ਰਸਤ ਆਗੂਆਂ ਤੇ ਪਾਰਟੀਆਂ ਦੇ ਸਾਂਝੇ ਝੁੰਡ ਵਿਚ ਫਸਣ ਦੀ ਬਜਾਇ ਨਿਰਪੱਖਤਾ ਤੇ ਆਜਾਦ ਹੋ ਕੇ ਆਉਣ ਵਾਲੇ ਸਮੇ ਵਿਚ ਇਨ੍ਹਾਂ ਜਾਬਰ ਪਾਰਟੀਆਂ ਵਿਰੁੱਧ ਆਪਣਾ ਫਤਵਾ ਦੇਣ ਅਤੇ ਇਥੇ ਸਦਾ ਲਈ ਜਮਹੂਰੀਅਤ ਪਸੰਦ ਰਾਜ ਪ੍ਰਬੰਧ ਕਾਇਮ ਕਰਨ ਲਈ ਰਾਹ ਪੱਧਰਾਂ ਕਰਨ । ਇਸੇ ਵਿਚ ਮੁਲਕ ਨਿਵਾਸੀਆਂ ਤੇ ਪੰਜਾਬੀਆਂ ਦੀ ਸਮੂਹਿਕ ਬਿਹਤਰੀ ਹੋਵੇਗੀ ।