ਸ. ਸੰਸਾਰ ਸਿੰਘ ਪ੍ਰਧਾਨ ਦਿੱਲੀ ਸਟੇਟ ਦੇ ਅਕਾਲ ਚਲਾਣੇ ਤੇ ਸ. ਮਾਨ ਤੇ ਪਾਰਟੀ ਵੱਲੋ ਗਹਿਰੇ ਦੁੱਖ ਦਾ ਪ੍ਰਗਟਾਵਾ
ਫ਼ਤਹਿਗੜ੍ਹ ਸਾਹਿਬ, 12 ਮਾਰਚ ( ) “ਸ. ਸੰਸਾਰ ਸਿੰਘ ਦਿੱਲੀ ਜੋ ਲੰਮੇ ਸਮੇ ਤੋ ਦ੍ਰਿੜਤਾ ਪੂਰਵਕ, ਨਿਰਸਵਾਰਥ ਹੋ ਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਦਿੱਲੀ ਇਕਾਈ ਦੀ ਮੁੱਖ ਸੇਵਾ ਨਿਭਾਉਦੇ ਆ ਰਹੇ ਸਨ, ਉਨ੍ਹਾਂ ਦੇ ਹੋਏ ਅਚਾਨਕ ਅਕਾਲ ਚਲਾਣੇ ਉਤੇ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਮੁੱਚੀ ਪਾਰਟੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸਮੂਹਿਕ ਰੂਪ ਵਿਚ ਅਰਦਾਸ ਵੀ ਕੀਤੀ ਗਈ । ਸ. ਸੰਸਾਰ ਸਿੰਘ ਉਹ ਨੇਕ, ਇਮਾਨਦਾਰ ਅਤੇ ਪੰਥਕ ਸੋਚ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੇ ਇਨਸਾਨ ਸਨ, ਜਿਨ੍ਹਾਂ ਨੇ ਕਦੀ ਵੀ ਔਖੀ ਤੋ ਔਖੀ ਘੜੀ ਵਿਚ ਵੀ ਆਪਣੀਆ ਜਿੰਮੇਵਾਰੀਆਂ ਨੂੰ ਪੂਰੀ ਸੰਜ਼ੀਦਗੀ ਅਤੇ ਇਮਾਨਦਾਰੀ ਨਾਲ ਨਿਭਾਉਦੇ ਰਹੇ ਹਨ । ਉਹ ਪਹਿਲੇ ਬੈਂਕ ਵਿਚ ਸੇਵਾ ਕਰਦੇ ਆ ਰਹੇ ਸਨ, ਲੇਕਿਨ ਖ਼ਾਲਸਾ ਪੰਥ ਨਾਲ ਹੁਕਮਰਾਨਾਂ ਵੱਲੋ ਕੀਤੀਆ ਜਾ ਰਹੀਆ ਜਿਆਦਤੀਆਂ ਦੀ ਪੀੜਾ ਨੂੰ ਨਾ ਸਹਾਰਦੇ ਹੋਏ ਉਨ੍ਹਾਂ ਨੇ ਬੈਂਕ ਦੀ ਨੌਕਰੀ ਤੋ ਅਸਤੀਫਾ ਦੇ ਕੇ ਖਾਲਸਾ ਪੰਥ ਦੀ ਸੇਵਾ ਵਿਚ ਆਪਣੇ ਆਪ ਨੂੰ ਹਾਜਰ ਕਰ ਲਿਆ ਐਤ ਨਿਰੰਤਰ 3 ਦਹਾਕਿਆ ਤੋ ਪਾਰਟੀ ਦੀ ਸੋਚ ਅਤੇ ਨੀਤੀਆ ਉਤੇ ਪਹਿਰਾ ਵੀ ਦਿੰਦੇ ਆ ਰਹੇ ਸਨ ਅਤੇ ਪਾਰਟੀ ਸੋਚ ਨੂੰ ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਂਨ ਵਿਚ ਵੀ ਪ੍ਰਚਾਰਦੇ ਆ ਰਹੇ ਸਨ ।”
ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਸ. ਸੰਸਾਰ ਸਿੰਘ ਨੇ ਲੰਮਾਂ ਸਮਾਂ ਸਿੱਖ ਸਟੂਡੈਟ ਫੈਡਰੇਸ਼ਨ ਦੀ ਜੁਝਾਰੂ ਜਥੇਬੰਦੀ ਵਿਚ ਵੀ ਡੂੰਘੀ ਸੇਵਾ ਕੀਤੀ । ਉਥੋ ਹੀ ਉਨ੍ਹਾਂ ਨੂੰ ਖਾਲਸਾ ਪੰਥ ਦੀ ਆਜਾਦੀ ਦੀ ਚੇਟਕ ਲੱਗੀ ਅਤੇ ਨਿਰੰਤਰ ਸਿੱਖ ਸਟੂਡੈਟ ਫੈਡਰੇਸ਼ਨ ਵਿਚ ਵੀ ਸੇਵਾ ਕਰਦੇ ਰਹੇ ਹਨ । ਉਨ੍ਹਾਂ ਦੇ ਅਚਾਨਕ ਇਸ ਤਰ੍ਹਾਂ ਚਲੇ ਜਾਣ ਨਾਲ ਕੇਵਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਹੀ ਨਹੀ ਬਲਕਿ ਸਮੁੱਚੇ ਖਾਲਸਾ ਪੰਥ ਅਤੇ ਸਿੱਖ ਨੌਜਵਾਨੀ ਜਿਨ੍ਹਾਂ ਵਿਚ ਉਹ ਹਰਮਨ ਪਿਆਰੇ ਸਨ ਉਨ੍ਹਾਂ ਨੂੰ ਵੀ ਇਕ ਅਸਹਿ ਤੇ ਅਕਹਿ ਘਾਟਾ ਪਿਆ ਹੈ । ਅਸੀ ਇਸ ਦੁੱਖ ਦੀ ਘੜੀ ਵਿਚ ਸੰਸਾਰ ਸਿੰਘ ਦੇ ਪਰਿਵਾਰਿਕ ਮੈਬਰਾਂ, ਦੋਸਤਾਂ, ਸੰਬੰਧੀਆਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਵਿਛੜੀ ਨੇਕ ਪਵਿੱਤਰ ਆਤਮਾ ਦੀ ਸ਼ਾਂਤੀ ਲਈ ਜਿਥੇ ਅਰਜੋਈ ਕਰਦੇ ਹਾਂ, ਉਥੇ ਪਰਿਵਾਰ ਦੇ ਮੈਬਰਾਂ ਤੇ ਸਭਨਾਂ ਨੂੰ ਇਸ ਔਖੀ ਘੜੀ ਵਿਚ ਵੀ ਗੁਰੂ ਦੇ ਹੁਕਮਾਂ ਵਿਚ ਵਿਚਰਣ ਦੀ ਸ਼ਕਤੀ ਬਖਸਿ਼ਸ਼ ਕਰਨ ਤੇ ਭਾਣੇ ਵਿਚ ਰਹਿਣ ਦੀ ਅਰਜੋਈ ਕਰਦੇ ਹਾਂ । ਇਸ ਦੁੱਖ ਪ੍ਰਗਟ ਕਰਨ ਵਾਲਿਆ ਵਿਚ ਸ. ਸਿਮਰਨਜੀਤ ਸਿੰਘ ਮਾਨ ਤੋ ਇਲਾਵਾ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਇਮਾਨ ਸਿੰਘ ਮਾਨ, ਗੋਬਿੰਦ ਸਿੰਘ ਸੰਧੂ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਅਵਤਾਰ ਸਿੰਘ ਖੱਖ, ਉਪਕਾਰ ਸਿੰਘ ਸੰਧੂ, ਅੰਮ੍ਰਿਤਪਾਲ ਸਿੰਘ ਛੰਦੜਾ, ਗੁਰਜੰਟ ਸਿੰਘ ਕੱਟੂ, ਸਰਬਜੀਤ ਸਿੰਘ ਭੁਟਾਨੀ ਦਿੱਲੀ ਆਦਿ ਆਗੂ ਹਾਜਰ ਸਨ ।