ਬੇਰੁਜਗਾਰੀ ਦੀ ਗੰਭੀਰ ਸਮੱਸਿਆ ਹੀ ਨੌਜਵਾਨੀ ਨੂੰ ਰੂਸ-ਯੂਕਰੇਨ ਦੀ ਜੰਗ ਵਿਚ ਜਾ ਕੇ ਭਰਤੀ ਹੋਣ ਲਈ ਮਜਬੂਰ ਕਰ ਰਹੀ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 08 ਮਾਰਚ ( ) “ਇਸ ਮੁਲਕ ਦੀਆਂ ਵਿਤਕਰੇ ਤੇ ਜਾਲਮਨਾਂ ਕਾਰਵਾਈਆ ਦੀ ਬਦੌਲਤ ਹੀ ਅੱਜ ਵੱਡੇ ਪੱਧਰ ਤੇ ਬੇਰੁਜਗਾਰੀ, ਭੁੱਖਮਰੀ, ਜਖੀਰੇਬਾਜੀ, ਨਸ਼ੀਲੀਆਂ ਵਸਤਾਂ ਦੇ ਵਪਾਰ ਅਤੇ ਗੈਰ ਕਾਨੂੰਨੀ ਕਾਰਵਾਈਆ ਵਿਚ ਵਾਧਾ ਹੋ ਰਿਹਾ ਹੈ । ਜੇਕਰ ਹੁਕਮਰਾਨ ਆਪਣੀ ਵਿਧਾਨਿਕ ਤੇ ਇਖਲਾਕੀ ਜਿੰਮੇਵਾਰੀ ਨੂੰ ਸੰਜ਼ੀਦਗੀ ਨਾਲ ਲੈਦੇ ਹੋਏ ਪੜ੍ਹੇ-ਲਿਖੇ ਅਤੇ ਕਾਰੋਬਾਰੀ ਨੌਜਵਾਨਾਂ ਨੂੰ ਸਹੀ ਸਮੇ ਤੇ ਰੁਜਗਾਰ ਦੇਣ ਜਾਂ ਉਨ੍ਹਾਂ ਦੇ ਜੀਵਨ ਨੂੰ ਸਹੀ ਕਰਨ ਲਈ ਚੰਗੀ ਲਾਇਨ ਦੇਣ ਦੀਆਂ ਨੀਤੀਆ ਉਤੇ ਅਮਲ ਕਰਦੇ ਤਾਂ ਇਸ ਮੁਲਕ ਵਿਚ ਸਭ ਤਰ੍ਹਾਂ ਦੀਆਂ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਪ੍ਰਫੁੱਲਿਤ ਹੋ ਰਹੀਆ ਕਾਰਵਾਈਆ ਨੂੰ ਕੋਈ ਬਲ ਨਾ ਮਿਲਦਾ । ਇਹ ਤਾਂ ਇਨ੍ਹਾਂ ਦੀਆਂ ਰਾਜਨੀਤਿਕ ਤੇ ਦਿਸ਼ਾਹੀਣ ਨੀਤੀਆ ਦੀ ਬਦੌਲਤ ਸਮੁੱਚੇ ਮੁਲਕ ਵਿਚ ਬੇਰੁਜਗਾਰੀ ਅਤੇ ਭੁੱਖਮਰੀ ਦੀ ਸਮੱਸਿਆ ਮੂੰਹ ਅੱਡੀ ਖੜ੍ਹੀ ਹੈ । ਇਹੀ ਵਜਹ ਹੈ ਕਿ ਇਥੋ ਦੀ ਨੌਜਵਾਨੀ ਨੂੰ ਆਪਣੇ ਆਪ ਨੂੰ ਜੋਖਮ ਵਿਚ ਪਾ ਕੇ ਯੂਕਰਨੇ ਅਤੇ ਰੂਸ ਦੀ ਲੱਗੀ ਜੰਗ ਵਿਚ ਭਰਤੀ ਹੋਣ ਲਈ ਮਜਦੂਰ ਹੋਣਾ ਪੈ ਰਿਹਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹੁਕਮਰਾਨਾਂ ਵੱਲੋ ਆਪਣੇ ਪਰਿਵਾਰਿਕ ਮੁਫਾਦਾਂ ਨੂੰ ਮੁੱਖ ਰੱਖਕੇ ਜਾਂ ਆਪਣੇ ਆਰਥਿਕ ਲਾਲਸਾਵਾ ਅਧੀਨ ਕੀਤੇ ਜਾ ਰਹੇ ਅਮਲਾਂ ਦੀ ਬਦੌਲਤ ਵੱਧਦੀ ਬੇਰੁਜਗਾਰੀ ਅਤੇ ਭੁੱਖਮਰੀ ਦੇ ਸੰਜੀਦਾ ਮੁੱਦਿਆ ਉਤੇ ਸਮੁੱਚੇ ਮੁਲਕ ਨਿਵਾਸੀਆ ਤੇ ਹੁਕਮਰਾਨਾਂ ਦਾ ਧਿਆਨ ਕੇਦਰਿਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਫਲ ਸਰਕਾਰਾਂ ਦੀ ਇਹ ਕਸੋਟੀ ਹੁੰਦੀ ਹੈ ਕਿ ਉਹ ਆਪਣੇ ਨਾਗਰਿਕਾਂ ਵਿਸੇਸ ਤੌਰ ਤੇ ਹੇਠਲੇ ਦਰਜੇ ਦਾ ਜੀਵਨ ਜੀ ਰਹੇ ਮਜਦੂਰ, ਮਿਹਨਤਕਸ ਨਾਲ ਸੰਬੰਧਤ ਲੱਖਾਂ ਹੀ ਪਰਿਵਾਰਾਂ ਨੂੰ ਉਨ੍ਹਾਂ ਦੇ ਚੁੱਲੇ ਦੀ ਅੱਗ ਆਟਾ, ਦਾਲਾ ਅਤੇ ਹੋਰ ਰੋਜਾਨਾ ਜੀਵਨ ਨਿਰਵਾਹ ਵਿਚ ਵਰਤੋ ਵਿਚ ਆਉਣ ਵਾਲੀਆ ਵਸਤਾਂ ਪਹਿਲ ਦੇ ਆਧਾਰ ਤੇ ਉਪਲੱਬਧ ਕਰਵਾਏ । ਦੂਸਰਾ ਹਰ ਲੋੜਵੰਦ ਨਾਗਰਿਕ ਅਤੇ ਨੌਜਵਾਨਾਂ ਨੂੰ ਰੁਜਗਾਰ ਦੇ ਮੌਕੇ ਪ੍ਰਦਾਨ ਕਰਕੇ ਉਨ੍ਹਾਂ ਦੀ ਰੋਜੀ ਰੋਟੀ ਅਤੇ ਜੀਵਨ ਨਿਰਵਾਹ ਕਰਨ ਦਾ ਉਚੇਚੇ ਤੌਰ ਤੇ ਪ੍ਰਬੰਧ ਕਰੇ । ਜੋ ਪੰਜਾਬੀਆਂ ਤੇ ਸਿੱਖ ਕੌਮ ਨੂੰ ਸਰਕਾਰਾਂ ਆਟਾ-ਦਾਲ ਵਿਚ ਉਲਝਾਕੇ ਨਿਕੰਮੇ ਬਣਾ ਰਹੀ ਹੈ, ਪੰਜਾਬੀ ਤੇ ਸਿੱਖ ਕੌਮ ਦੇ ਖੂਨ ਵਿਚ ਕਦੀ ਵੀ ਕਿਸੇ ਤਰ੍ਹਾਂ ਦੀ ਖੈਰਾਤ ਮੰਗਣ ਜਾਂ ਵਿਹਲੇ ਰਹਿਕੇ ਜਿੰਦਗੀ ਬਸਰ ਕਰਨ ਵਾਲਾ ਖੂਨ ਨਹੀ ਹੈ । ਕਿਉਂਕਿ ਉਹ ਆਪਣਾ ਜੀਵਨ ਨਿਰਵਾਹ ਕਰਨ ਲਈ ਮਿਹਨਤ ਕਰਕੇ ਆਪਣੇ ਪਰਿਵਾਰਾਂ ਨੂੰ ਪਾਲਣ ਦੀ ਸਮਰੱਥਾਂ ਰੱਖਦੇ ਹਨ । ਲੇਕਿਨ ਉਨ੍ਹਾਂ ਨੂੰ ਜੀਵਨ ਵਿਚ ਅੱਗੇ ਵੱਧਣ ਕਾਰੋਬਾਰ ਤੇ ਨੌਕਰੀਆਂ ਦੇ ਮੌਕੇ ਪ੍ਰਦਾਨ ਕਰਨਾ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ । ਜਿਸ ਨੂੰ ਪੂਰਨ ਕਰਨਾ ਸਰਕਾਰ ਦਾ ਫਰਜ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬੀਆਂ ਤੇ ਸਿੱਖਾਂ ਨੂੰ ਛੋਟੇ-ਛੋਟੇ ਦਨਿਆਵੀ ਲਾਲਚ ਤੇ ਲਾਲਸਾਵਾ ਦੇ ਗੁਲਾਮ ਨਾ ਬਣਾਕੇ ਸਰਕਾਰਾਂ ਆਪਣੇ ਫਰਜਾਂ ਦੀ ਪੂਰਤੀ ਕਰਦੀ ਹੋਈ ਉਨ੍ਹਾਂ ਨੂੰ ਕਾਰੋਬਾਰਾਂ ਵਿਚ ਵਾਧਾ ਕਰਨ ਅਤੇ ਬੇਰੁਜਗਾਰੀ ਵਰਗੀ ਵੱਡੀ ਸਮੱਸਿਆ ਨੂੰ ਖਤਮ ਕਰਨ ਵਿਚ ਉਦਮ ਕਰੇਗੀ ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ ਦੀਆਂ ਦਿਸਾਹੀਣ ਨੀਤੀਆ ਦੀ ਬਦੌਲਤ ਪੰਜਾਬੀਆਂ ਤੇ ਸਿੱਖਾਂ ਨੂੰ ਪੰਜਾਬ ਸੂਬੇ ਜਾਂ ਇੰਡੀਆ ਦੇ ਹੋਰ ਸੂਬਿਆਂ ਵਿਚ ਵਿਸੇਸ ਤੌਰ ਤੇ ਰੁਜਗਾਰ ਦੇ ਮੌਕੇ ਪ੍ਰਦਾਨ ਕਰਨ ਤੋ ਪਿੱਠ ਮੋੜੀ ਜਾ ਰਹੀ ਹੈ, ਸਰਕਾਰੀ ਵਿਭਾਗਾਂ ਅਤੇ ਫ਼ੌਜ ਵਿਚ ਪੰਜਾਬੀਆਂ ਤੇ ਸਿੱਖਾਂ ਦੀ ਭਰਤੀ ਕੋਟੇ ਨੂੰ ਮੰਦਭਾਵਨਾ ਅਧੀਨ 33% ਤੋ ਘਟਾਕੇ 2% ਕਰ ਦਿੱਤਾ ਗਿਆ ਹੈ, ਤਦ ਹੀ ਪੰਜਾਬੀਆਂ ਤੇ ਸਿੱਖਾਂ ਨੂੰ ਆਪਣੇ ਘਰਬਾਰ ਅਤੇ ਪਰਿਵਾਰ ਨੂੰ ਛੱਡਕੇ ਦੂਜੇ ਮੁਲਕਾਂ ਵਿਚ ਜਾ ਕੇ ਰੁਜਗਾਰ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ । ਜਦੋਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਆਪਣੀ ਨੇਕ ਕਮਾਈ ਵਿਚੋ ਦਸਵੰਧ ਕੱਢਣ, ਕਿਰਤ ਕਰਨ, ਵੰਡ ਛਕਣ ਦੇ ਮਨੁੱਖਤਾ ਪੱਖੀ ਮਿਸਨ ਦਿੱਤੇ ਹਨ । ਕਿਉਂਕਿ ਇਹ ਮਿਹਨਤ ਕਰਕੇ ਆਪਣੇ ਆਪ ਨੂੰ ਜੀਵਨ ਵਿਚ ਅੱਗੇ ਵਧਾਉਣ ਵਿਚ ਵਿਸਵਾਸ ਰੱਖਦੇ ਹਨ ਨਾ ਕਿ ਨਾਂਹਵਾਚਕ ਕਾਰਵਾਈਆ ਰਾਹੀ ਆਪਣੇ ਮਾਲੀ ਹਾਲਾਤਾਂ ਨੂੰ ਬਿਹਤਰ ਬਣਾਉਣ ਵਿਚ ਯਕੀਨ ਰੱਖਦੇ ਹਨ ।