ਜਨਾਬ ਆਸਿਫ ਅਲੀ ਜਰਦਾਰੀ ਪਾਕਿਸਤਾਨ ਮੁਲਕ ਦੇ ਪ੍ਰੈਜੀਡੈਟ ਨਿਯੁਕਤ ਹੋਣ ਤੇ ਮੁਬਾਰਕਬਾਦ : ਮਾਨ
ਫ਼ਤਹਿਗੜ੍ਹ ਸਾਹਿਬ, 10 ਮਾਰਚ ( ) “ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਪਾਰਟੀ ਜਨਾਬ ਆਸਿਫ ਅਲੀ ਜਰਦਾਰੀ ਵੱਲੋਂ ਪਾਕਿਸਤਾਨ ਦੇ ਪ੍ਰੈਜੀਡੈਟ ਬਣਨ ਉਤੇ ਜਿਥੇ ਸਮੁੱਚੀ ਸਿੱਖ ਕੌਮ ਦੇ ਬਿਨ੍ਹਾਂ ਤੇ ਮੁਬਾਰਕਬਾਦ ਭੇਜਦਾ ਹੈ, ਉਥੇ ਉਨ੍ਹਾਂ ਤੋਂ ਇਹ ਉਮੀਦ ਰੱਖਦੇ ਹਾਂ ਕਿ ਉਹ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਪੁਰਾਤਨ ਸਦਭਾਵਨਾ ਤੇ ਪਿਆਰ ਭਰੇ ਰਿਸਤੇ ਦੀਆਂ ਤੰਦਾਂ ਨੂੰ ਮਜਬੂਤ ਕਰਨਗੇ । ਜਿਸ ਨਾਲ ਦੋਵਾਂ ਮੁਲਕਾਂ ਦੀਆਂ ਸਰਹੱਦਾਂ ਖੁੱਲ੍ਹਣ ਦਾ ਪ੍ਰਬੰਧ ਹੋ ਸਕੇ ਅਤੇ ਦੋਵਾਂ ਮੁਲਕਾਂ ਦੇ ਕਿਸਾਨ, ਵਪਾਰੀ, ਟਰਾਸਪੋਰਟਰ ਆਵਾਜਾਈ ਰਾਹੀ ਸਮੁੱਚੀਆਂ ਕਿਸਾਨੀ ਵਪਾਰੀ ਵਸਤਾਂ ਦਾ ਖੁੱਲ੍ਹੇਆਮ ਅਦਾਨ-ਪ੍ਰਦਾਨ ਕਰਦੇ ਹੋਏ ਦੋਨਾਂ ਮੁਲਕਾਂ ਦੀ ਮਾਲੀ ਹਾਲਤ ਨੂੰ ਮਜਬੂਤ ਕਰਨ ਵਿਚ ਯੋਗਦਾਨ ਪਾਉਣਗੇ । ਜਨਾਬ ਜਰਦਾਰੀ ਅਜਿਹਾ ਪ੍ਰਬੰਧ ਕਰਨਗੇ ਜਿਸ ਨਾਲ ਕੇਵਲ ਵਪਾਰ ਹੀ ਨਾ ਵੱਧੇ, ਬਲਕਿ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਸਮਾਜਿਕ, ਇਖਲਾਕੀ, ਧਾਰਮਿਕ, ਵਪਾਰਿਕ ਸਭ ਤਰ੍ਹਾਂ ਦੇ ਸੰਬੰਧਾਂ ਵਿਚ ਵੱਡੀ ਪ੍ਰਗਤੀ ਆਵੇ ਅਤੇ ਦੋਵਾਂ ਮੁਲਕਾਂ ਵਿਚ ਬੇਰੁਜਗਾਰੀ ਤੇ ਭੁੱਖਮਰੀ ਦੀਆਂ ਸਮੱਸਿਆਵਾਂ ਇਕ ਦੂਸਰੇ ਦੇ ਸਹਿਯੋਗ ਨਾਲ ਹੱਲ ਹੋ ਸਕਣ । ਅਸੀ ਵਿਸੇਸ ਤੌਰ ਤੇ ਸ੍ਰੀ ਜਰਦਾਰੀ ਨੂੰ ਅਪੀਲ ਕਰਨੀ ਚਾਹਵਾਂਗੇ ਕਿ ਜੋ ਵੱਡੀ ਗਿਣਤੀ ਵਿਚ ਸਿੱਖ ਕੌਮ ਦੇ ਜੋ ਇਤਿਹਾਸਿਕ ਸਥਾਂਨ ਲਹਿੰਦੇ ਪੰਜਾਬ ਵਿਚ ਹਨ, ਜਿਨ੍ਹਾਂ ਵਿਚੋਂ ਕੁਝ ਗੁਰੂਘਰਾਂ ਦੀਆਂ ਇਮਾਰਤਾਂ ਦੀ ਹਾਲਤ ਖਸਤਾਂ ਹੈ, ਉਹ ਉਸ ਵੱਲ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀ ਕਾਰ ਸੇਵਾ ਕਰਵਾਕੇ ਉਨ੍ਹਾਂ ਇਮਾਰਤਾਂ ਦੀ ਦਿੱਖ ਖੂਬਸੂਰਤੀ ਨੂੰ ਵਧਾਉਣ ਵਿਚ ਯੋਗਦਾਨ ਪਾਉਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਜਾਹਰ ਕਰਦੇ ਹੋਏ ਉਨ੍ਹਾਂ ਵੱਲੋਂ ਪਾਕਿਸਤਾਨ ਦੇ ਪ੍ਰੈਜੀਡੈਟ ਬਣਨ ਉਤੇ ਹਾਰਦਿਕ ਮੁਬਾਰਕਬਾਦ ਭੇਜਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਸ੍ਰੀ ਜਰਦਾਰੀ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਨਿਵਾਸੀਆਂ ਦੀਆਂ ਅੰਤਰੀਵ ਭਾਵਨਾਵਾ ਨੂੰ ਮੱਦੇਨਜਰ ਰੱਖਦੇ ਹੋਏ ਇੰਡੀਆਂ ਦੇ ਹੁਕਮਰਾਨਾਂ ਨਾਲ ਗੱਲ ਕਰਕੇ ਵਪਾਰ ਤੇ ਹੋਰ ਸਾਰੇ ਉੱਦਮਾਂ ਲਈ ਸਰਹੱਦਾਂ ਖੁੱਲਵਾਉਣ ਵਿਚ ਮੁੱਖ ਭੂਮਿਕਾ ਨਿਭਾਅ ਸਕਣ ਤਾਂ ਉਨ੍ਹਾਂ ਦਾ ਇਹ ਉੱਦਮ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਨਿਵਾਸੀਆਂ ਦੀ ਪੁਰਾਤਨ ਨਿੱਘੀ ਤੇ ਮਿੱਠੀ ਯਾਦ ਨੂੰ ਕੇਵਲ ਤਾਜ਼ਾ ਹੀ ਨਹੀ ਕਰ ਦੇਵੇਗਾ, ਬਲਕਿ ਦੋਵਾਂ ਮੁਲਕਾਂ ਦੀਆਂ ਆਉਣ ਵਾਲੀਆਂ ਨਸਲਾਂ ਤੇ ਪੀੜ੍ਹੀਆਂ ਵਿਚ ਹੋਰ ਵਧੇਰੇ ਪਿਆਰ, ਮੁਹੱਬਤ, ਸਮਾਜਿਕ, ਧਾਰਮਿਕ ਸਾਂਝ ਪ੍ਰਫੁੱਲਿਤ ਹੋਵੇਗੀ । ਜਿਸ ਨਾਲ ਦੋਵਾਂ ਦੇ ਨਿਵਾਸੀਆਂ ਦੀ ਮਾਲੀ ਤੇ ਸਮਾਜਿਕ ਤਾਕਤ ਹੋਰ ਵਧੇਰੇ ਪ੍ਰਫੁੱਲਿਤ ਹੋ ਸਕੇਗੀ ।