16 ਫਰਵਰੀ ਨੂੰ ਕਿਸਾਨੀ ਮੰਗਾਂ ਦੀ ਪੂਰਤੀ ਲਈ ਕੀਤੇ ਜਾ ਰਹੇ ‘ਭਾਰਤ ਬੰਦ’ ਵਿਚ ਸਮੂਹ ਸੰਗਠਨ ਤੇ ਪਾਰਟੀਆਂ ਸਹਿਯੋਗ ਕਰਨ : ਮਾਨ
ਫ਼ਤਹਿਗੜ੍ਹ ਸਾਹਿਬ, 15 ਫਰਵਰੀ () “ਇਕ ਤਾਂ ਹੁਕਮਰਾਨ ਮੁਲਕ ਨਿਵਾਸੀਆਂ ਦਾ ਢਿੱਡ ਭਰਨ ਵਾਲੇ ਕਿਸਾਨ ਵਰਗ ਵੱਲੋ ਪੈਦਾ ਕੀਤੀਆ ਜਾਣ ਵਾਲੀਆ ਫਸਲਾਂ, ਅਨਾਜ, ਦਾਲਾ, ਸਬਜੀਆਂ, ਗੰਨਾਂ ਆਦਿ ਦੀ ਐਮ.ਐਸ.ਪੀ. ਨਾ ਦੇ ਕੇ ਉਨ੍ਹਾਂ ਨਾਲ ਵੱਡੀ ਬੇਇਨਸਾਫ਼ੀ ਕਰਦੇ ਆ ਰਹੇ ਹਨ । ਦੂਸਰਾ ਸੁਆਮੀਨਾਥਨ ਰਿਪੋਰਟ ਜਿਸ ਨਾਲ ਕਿਸਾਨਾਂ ਦਾ ਚਹੁਪੱਖੀ ਵਿਕਾਸ ਅਤੇ ਤਰੱਕੀ ਹੋਵੇਗੀ, ਉਸਨੂੰ ਲਾਗੂ ਨਹੀਂ ਕੀਤਾ ਜਾ ਰਿਹਾ । ਤੀਸਰਾ ਉਨ੍ਹਾਂ ਉਤੇ ਹਕੂਮਤੀ ਗਲਤ ਨੀਤੀਆ ਦੀ ਬਦੌਲਤ ਚੜ੍ਹੇ ਕਰਜਿਆ ਦੇ ਬੋਝ ਦੇ ਗੰਭੀਰ ਮਸਲੇ ਨੂੰ ਹੱਲ ਕਰਨ ਲਈ ਸਰਕਾਰ ਕਰਜਿਆ ਨੂੰ ਖ਼ਤਮ ਕਰਨ ਦਾ ਐਲਾਨ ਨਹੀਂ ਕਰ ਰਹੀ । ਜਦੋ ਕਿਸਾਨ ਵਰਗ ਆਪਣੀਆ ਉਪਰੋਕਤ ਜਾਇਜ ਮੰਗਾਂ ਦੀ ਪੂਰਤੀ ਲਈ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਰੋਸ਼ ਧਰਨੇ, ਮਾਰਚ ਜਾਂ ਮੋਰਚੇ ਲਗਾਉਦੇ ਹਨ ਤਾਂ ਸਰਕਾਰਾਂ ਆਪਣੀਆਂ ਫ਼ੌਜਾਂ, ਪੁਲਿਸ, ਅਰਧ ਸੈਨਿਕ ਬਲਾਂ, ਇਥੋ ਤੱਕ ਉਨ੍ਹਾਂ ਉਤੇ ਰਬੜ ਦੀਆਂ ਗੋਲੀਆਂ, ਅੱਥਰੂ ਗੈਸ ਅਤੇ ਪਾਣੀ ਦੀਆਂ ਬੁਛਾੜਾਂ ਦੇ ਹਮਲੇ ਕਰਕੇ ਜਖ਼ਮੀ ਕਰਨ ਦੇ ਅਣਮਨੁੱਖੀ ਤਸੱਦਦ ਢਾਹੁੰਦੀਆਂ ਹਨ । ਜਿਸਦੀ ਅਸੀ ਕੌਮਾਂਤਰੀ ਕਾਨੂੰਨਾਂ ਅਧੀਨ ਉਪਰੋਕਤ ਮੰਗਾਂ ਪੂਰਨ ਕਰਨ ਅਤੇ ਸਰਕਾਰੀ ਦਹਿਸਤ ਦੀ ਨਿਖੇਧੀ ਕਰਦੇ ਹਾਂ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 16 ਫਰਵਰੀ ਨੂੰ ਸਮੁੱਚੇ ਕਿਸਾਨ ਵਰਗ ਵੱਲੋ ਆਪਣੀਆਂ ਮੰਗਾਂ ਦੇ ਹੱਕ ਵਿਚ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਦੀ ਪੂਰਨ ਹਮਾਇਤ ਕਰਦੇ ਹੋਏ ਅਤੇ ਸਮੁੱਚੀਆਂ ਕਾਂਗਰਸ, ਕਾਮਰੇਡ, ਬੀ.ਐਸ.ਪੀ, ਅਕਾਲੀ ਦਲ ਬਾਦਲ ਆਦਿ ਸਭ ਪਾਰਟੀਆਂ ਤੇ ਸੰਗਠਨਾਂ ਨੂੰ ਕਿਸਾਨਾਂ ਦੀ ਇਨਸਾਨੀ ਕਦਰਾਂ ਕੀਮਤਾਂ ਦੇ ਬਿਨ੍ਹਾਂ ਤੇ ਸਹਿਯੋਗ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੈਬਰਾਂ ਤੇ ਸਮਰੱਥਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਬੰਦ ਨੂੰ ਕਾਮਯਾਬ ਕਰਨ ਅਤੇ ਥਾਂ-ਥਾਂ ਤੇ ਦਿੱਤੇ ਜਾਣ ਵਾਲੇ ਰੋਸ ਧਰਨਿਆ ਵਿਚ ਸਾਮਿਲ ਹੋ ਕੇ ਆਵਾਜ਼ ਬੁਲੰਦ ਕਰਨ ਦੀ ਵੀ ਜੋਰਦਾਰ ਅਪੀਲ ਕੀਤੀ । ਇਸਦੇ ਨਾਲ ਹੀ ਸੰਭੂ-ਖਨੌਰੀ ਤੇ ਹੋਰ ਪੰਜਾਬ ਦੀਆਂ ਸਰਹੱਦਾਂ ਉਤੇ ਹਰਿਆਣਾ ਦੀ ਖੱਟਰ ਸਰਕਾਰ ਅਤੇ ਸੈਂਟਰ ਦੀ ਮੋਦੀ ਸਰਕਾਰ ਵੱਲੋ ਗੈਰ ਵਿਧਾਨਿਕ ਢੰਗ ਨਾਲ ਦੁਸ਼ਮਣ ਮੁਲਕ ਦੀ ਜੰਗ ਦੀ ਤਰ੍ਹਾਂ ਲਗਾਈਆ ਗਈਆ ਰੋਕਾਂ ਅਤੇ ਕੀਤੇ ਜਾਣ ਵਾਲੇ ਅਣਮਨੁੱਖੀ ਹਮਲਿਆ ਦੀ ਜੋਰਦਾਰ ਨਿੰਦਾ ਕਰਦੇ ਹੋਏ ਇਸ ਨੂੰ ਤੁਰੰਤ ਬੰਦ ਕਰਨ ਅਤੇ ਕਿਸਾਨਾਂ ਨੂੰ ਜਮਹੂਰੀਅਤ ਢੰਗ ਨਾਲ ਆਪਣੀ ਮੰਜਿਲ ਤੇ ਪਹੁੰਚਕੇ ਰੋਸ ਜਾਹਰ ਕਰਨ ਦੀ ਇਜਾਜਤ ਦੇਣ ਦੀ ਗੱਲ ਕੀਤੀ ਤਾਂ ਕਿ ਕਿਸਾਨ ਵਰਗ ਹੁਕਮਰਾਨਾਂ ਉਤੇ ਦਬਾਅ ਪਾ ਕੇ ਆਪਣੀਆ ਜਾਇਜ ਮੰਗਾਂ ਨੂੰ ਪੂਰਨ ਕਰਵਾ ਸਕਣ ਅਤੇ ਉਹ ਵੀ ਇਸ ਮੁਲਕ ਵਿਚ ਅਣਖ਼ ਤੇ ਗੈਰਤ ਦੀ ਜਿੰਦਗੀ ਜੀਦੇ ਹੋਏ ਆਪੋ ਆਪਣੇ ਪਰਿਵਾਰਾਂ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਵਿਚ ਯੋਗਦਾਨ ਪਾ ਸਕਣ ।