ਸਿੰਘ ਅਤੇ ਕੌਰ ਦੇ ਸੰਬੰਧ ਵਿਚ ਜੰਮੂ-ਕਸਮੀਰ ਹਾਈਕੋਰਟ ਦੇ ਜੱਜ ਵੱਲੋ ਕੀਤੇ ਗਏ ਫੈਸਲੇ ਨੂੰ ਰੱਦ ਕਰਨ ਸੰਬੰਧੀ ਸ. ਮਾਨ ਨੇ ਪੱਤਰ ਲਿਖਿਆ 

ਫ਼ਤਹਿਗੜ੍ਹ ਸਾਹਿਬ, 19 ਜਨਵਰੀ ( ) “ਕਿਉਂਕਿ ਸਿੰਘ ਅਤੇ ਕੌਰ ਸਿੱਖ ਮਰਦਾਂ-ਔਰਤਾਂ ਨੂੰ ਸਤਿਕਾਰਿਤ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਸਾਜਦੇ ਹੋਏ ਅੰਮ੍ਰਿਤ ਦੀ ਦਾਤ ਬਖਸਣ ਉਪਰੰਤ ਦਿੱਤੇ ਸਨ। ਇਸ ਕੌਰ ਅਤੇ ਸਿੰਘ ਦੇ ਨਾਮ ਦਾ ਬਹੁਤ ਵੱਡਾ ਇਤਿਹਾਸਿਕ, ਮਨੁੱਖਤਾ ਪੱਖੀ ਅਤੇ ਸਮਾਜ ਪੱਖੀ ਮਹੱਤਵ ਵੀ ਹੈ ਅਤੇ ਇਹ ਵਰਤਾਰਾ ਸਿੱਖ ਕੌਮ ਦੀਆਂ ਮਹਾਨ ਰਵਾਇਤਾ ਨਾਲ ਸਿੱਖ ਕੌਮ ਦੇ ਜਨਮ ਤੋ ਹੀ ਪ੍ਰਚੱਲਿਤ ਹੈ । ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਸਾਡੇ ਇਨ੍ਹਾਂ ਇਤਿਹਾਸਿਕ ਸਿੰਘ ਅਤੇ ਕੌਰ ਦੇ ਸ਼ਬਦਾਂ ਦੇ ਮਹੱਤਵ ਨੂੰ ਘਟਾਉਣ ਦੇ ਮਕਸਦ ਨਾਲ ਜਾਂ ਸਿੱਖ ਕੌਮ ਬਾਰੇ ਪੂਰੀ ਜਾਣਕਾਰੀ ਨਾ ਹੋਣ ਦੀ ਬਦੌਲਤ ਜੰਮੂ ਕਸਮੀਰ ਹਾਈਕੋਰਟ ਦੇ ਜਸਟਿਸ ਵਸੀਮ ਸਾਦਿਕ ਨਰਗਲ ਵੱਲੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸੰਬੰਧੀ ਫੈਸਲਾ ਕਰਦੇ ਹੋਏ ਸਿੱਖ ਮਰਦ ਅਤੇ ਔਰਤਾਂ ਦੇ ਨਾਮ ਨਾਲ ਸਿੰਘ ਅਤੇ ਕੌਰ ਲਿਖਣਾ ਜਰੂਰੀ ਨਹੀ, ਦਾ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਸੰਬੰਧਤ ਜੰਮੂ-ਕਸਮੀਰ ਦੇ ਉਪਰੋਕਤ ਜਸਟਿਸ ਨੂੰ ਇਸ ਕੀਤੇ ਗਏ ਫੈਸਲੇ ਨੂੰ ਤੁਰੰਤ ਰੱਦ ਕਰਨ ਹਿੱਤ ਇਕ ਉਚੇਚੇ ਤੌਰ ਤੇ ਲਿਖੇ ਗਏ ਪੱਤਰ ਵਿਚ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰਗਟ ਕੀਤੇ ।”

ਉਨ੍ਹਾਂ ਕਿਹਾ ਕਿ ਸਿੱਖ ਧਰਮ ਕਿਸੇ ਦੂਸਰੇ ਧਰਮ ਵਿਚ ਨਾ ਤਾਂ ਕਿਸੇ ਤਰ੍ਹਾਂ ਦੀ ਦਖਲ ਅੰਦਾਜੀ ਕਰਦਾ ਹੈ ਅਤੇ ਨਾ ਹੀ ਸਿੱਖ ਧਰਮ ਵਿਚ ਕਿਸੇ ਹੋਰ ਧਰਮ ਅਤੇ ਕੌਮ ਨੂੰ ਦਖਲ ਦੇਣ ਦੀ ਇਜਾਜਤ ਦਿੰਦਾ ਹੈ । ਕਿਉਂਕਿ ਉਪਰੋਕਤ ਸਿੰਘ ਅਤੇ ਕੌਰ ਦਾ ਸੰਬੰਧ ਸਾਡੀਆ ਮਹਾਨ ਰਵਾਇਤਾ ਨਾਲ ਸੰਬੰਧਤ ਹੈ । ਜਸਟਿਸ ਵਸੀਮ ਨੇ ਅਜਿਹਾ ਕਰਕੇ ਸਮੁੱਚੇ ਸੰਸਾਰ ਵਿਚ ਵਿਚਰ ਰਹੀਆ ਸਿੱਖ ਸੰਗਤਾਂ ਦੇ ਮਨਾਂ ਤੇ ਆਤਮਾਵਾ ਨੂੰ ਡੂੰਘੀ ਠੇਸ ਪਹੁੰਚਾਈ ਹੈ । ਜਿਸ ਲਈ ਜਸਟਿਸ ਵਸੀਮ ਨੂੰ ਨਿਮਰਤਾ ਸਹਿਤ ਅਪੀਲ ਕਰਦੇ ਹੋਏ ਕਿਹਾ ਕਿ ਇਸ ਹੋਏ ਗੈਰ ਦਲੀਲ ਢੰਗ ਵਾਲੇ ਫੈਸਲੇ ਨੂੰ ਫੌਰੀ ਰੱਦ ਕਰਕੇ ਸਿੱਖ ਕੌਮ ਦੇ ਮਨ ਆਤਮਾਵਾ ਨੂੰ ਪਹੁੰਚੀ ਠੇਸ ਕਾਰਨ ਉਠੇ ਵੱਡੇ ਰੋਹ ਨੂੰ ਸ਼ਾਂਤ ਕੀਤਾ ਜਾਵੇ ਅਤੇ ਸਿੱਖ ਰਵਾਇਤਾ ਨਾਲ ਸੰਬੰਧਤ ਕੋਈ ਵੀ ਅਦਾਲਤ ਜਾਂ ਹੁਕਮਰਾਨ ਇਸ ਤਰ੍ਹਾਂ ਆਦੇਸ ਜਾਰੀ ਕਰਨ ਦੀ ਗੁਸਤਾਖੀ ਨਾ ਕਰਨ ਤਾਂ ਇਹ ਮੁਲਕ ਦੇ ਅਮਨ ਚੈਨ ਤੇ ਜਮਹੂਰੀਅਤ ਕਦਰਾਂ ਕੀਮਤਾਂ ਲਈ ਹੋਰ ਵੀ ਬਿਹਤਰ ਹੋਵੇਗਾ । 

Leave a Reply

Your email address will not be published. Required fields are marked *