ਧੂਰੀ ਸੂਗਰ ਮਿੱਲ ਨੂੰ ਬੰਦ ਕਰਨ ਵਾਲਿਆ ਨੇ ਗੰਨਾ ਕਾਸਤਕਾਰਾਂ ਦੀ ਮਾਲੀ ਹਾਲਤ ਨਾਲ ਖਿਲਵਾੜ ਕੀਤੀ ਹੈ, ਇਨ੍ਹਾਂ ਉਤੇ ਐਨ.ਐਸ.ਏ. ਲੱਗੇ : ਮਾਨ
ਸੰਗਰੂਰ, 19 ਜਨਵਰੀ ( ) “ਸੰਗਰੂਰ ਜਿ਼ਲ੍ਹੇ ਦੇ ਧੂਰੀ ਵਿਖੇ ਜੋ ਭਗਵਾਨਪੁਰਾ ਸੂਗਰ ਮਿੱਲ ਹੈ, ਉਨ੍ਹਾਂ ਦੀ ਪ੍ਰਾਈਵੇਟ ਨਿੱਜੀ ਮਾਲਕਾਂ ਅਤੇ ਪ੍ਰਬੰਧਕਾਂ ਦੀਆਂ ਗਲਤ ਨੀਤੀਆ ਦੀ ਬਦੌਲਤ ਬੀਤੇ ਕੁਝ ਸਮੇ ਤੋ ਇਸ ਇਲਾਕੇ ਦੇ ਗੰਨਾ ਕਾਸਤਕਾਰਾਂ ਨਾਲ ਹੋ ਰਹੇ ਜ਼ਬਰ ਦੀ ਬਦੌਲਤ ਬਹੁਤ ਵੱਡਾ ਰੋਹ ਉਤਪੰਨ ਹੋ ਚੁੱਕਿਆ ਹੈ । ਕਿਉਂਕਿ ਇਹ ਮਿੱਲ ਮਾਲਕ ਕਿਸਾਨਾਂ ਦੇ ਗੰਨੇ ਦੀ ਫਸਲ ਨੂੰ ਸਹੀ ਢੰਗ ਨਾਲ ਨਾ ਤਾਂ ਚੁੱਕ ਰਹੇ ਸਨ ਅਤੇ ਨਾ ਹੀ ਬੀਤੇ ਸਮੇ ਦੇ 6 ਕਰੋੜ ਦੇ ਬਕਾਏ ਦਾ ਭੁਗਤਾਨ ਕੀਤਾ ਜਾ ਰਿਹਾ ਸੀ । ਜਿਸ ਕਾਰਨ ਗੰਨਾ ਕਾਸਤਕਾਰਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਿਆ । ਪਰ ਦੁੱਖ ਅਤੇ ਅਫਸੋਸ ਹੈ ਕਿ ਮਿੱਲ ਮਾਲਕਾਂ ਅਤੇ ਸਰਕਾਰ ਵੱਲੋ ਇਸ ਗੰਨਾ ਕਾਸਤਕਾਰਾਂ ਦੀ ਵੱਡੀ ਮੁਸਕਿਲ ਨੂੰ ਸਹਿਜ ਢੰਗ ਨਾਲ ਹੱਲ ਕਰਨ ਦੀ ਬਜਾਇ ਮਿੱਲ ਮਾਲਕਾਂ ਨੇ ਸਰਕਾਰ ਨੂੰ ਆਪਣੀ ਮਿੱਲ ਬੰਦ ਕਰਨ ਲਈ ਕਹਿਕੇ ਇਹ ਕਾਰੋਬਾਰ ਬੰਦ ਕਰ ਦਿੱਤਾ ਹੈ । ਜਿਸ ਨਾਲ ਹਜਾਰਾਂ ਦੀ ਗਿਣਤੀ ਵਿਚ ਗੰਨਾ ਕਾਸਤਕਾਰ ਪਰਿਵਾਰਾਂ ਦੀ ਮਾਲੀ ਹਾਲਤ ਨੂੰ ਹੋਰ ਵੀ ਪੇਚੀਦਾ ਬਣਾ ਦਿੱਤਾ ਗਿਆ ਹੈ। ਜਿਸ ਲਈ ਇਹ ਮਿੱਲ ਮਾਲਕ ਅਤੇ ਪ੍ਰਬੰਧਕਾਂ ਦੀਆਂ ਦਿਸ਼ਾਹੀਣ ਨੀਤੀਆ ਜਿੰਮੇਵਾਰ ਹਨ । ਜਿਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਦੀ ਮਾਲੀ ਹਾਲਤ ਨਾਲ ਵੱਡਾ ਖਿਲਵਾੜ ਕੀਤਾ ਹੈ ਇਸ ਲਈ ਇਨ੍ਹਾਂ ਉਤੇ ਤੁਰੰਤ ਐਨ.ਐਸ.ਏ. ਲੱਗਣਾ ਚਾਹੀਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਗਵਾਨਪੁਰਾ ਸੂਗਰ ਮਿੱਲ ਧੂਰੀ ਦੇ ਮਾਲਕਾਂ ਤੇ ਪ੍ਰਬੰਧਕਾਂ ਵੱਲੋ ਗੰਨਾ ਕਾਸਤਕਾਰਾਂ ਨਾਲ ਕੀਤੀ ਗਈ ਖਿਲਵਾੜ ਲਈ ਇਨ੍ਹਾਂ ਮਿੱਲ ਮਾਲਕਾਂ ਨੂੰ ਜਿੰਮੇਵਾਰ ਠਹਿਰਾਉਦੇ ਹੋਏ ਅਤੇ ਇਨ੍ਹਾਂ ਉਤੇ ਐਨ.ਐਸ.ਏ. ਲਗਾਕੇ ਜਿੰਮੀਦਾਰਾਂ ਨਾਲ ਕੀਤੇ ਧੋਖੇ ਦਾ ਇਨਸਾਫ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ 50% ਗੰਨੇ ਦੀ ਫ਼ਸਲ ਅਜੇ ਕਿਸਾਨਾਂ ਦੇ ਖੇਤਾਂ ਵਿਚ ਖੜ੍ਹੀ ਹੈ । ਅਜਿਹੀ ਬੇਇਨਸਾਫ਼ੀ ਕਰਕੇ ਮਿੱਲ ਮਾਲਕ ਪੰਜਾਬ ਵਿਚ ਅਰਾਜਕਤਾ ਨੂੰ ਹੀ ਪ੍ਰਫੁੱਲਿਤ ਕਰ ਰਹੇ ਹਨ ਜਿਸਦੇ ਨਤੀਜੇ ਕਦਾਚਿੱਤ ਸਹੀ ਨਹੀ ਹੋਣਗੇ । ਉਨ੍ਹਾਂ ਕਿਹਾ ਕਿ ਇਕ ਪਾਸੇ ਜਿਨ੍ਹਾਂ ਸਿੱਖ ਨੌਜਵਾਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿਚ ਅੰਮ੍ਰਿਤ ਸੰਚਾਰ ਕਰਦੇ ਹੋਏ ਨਸ਼ੀਲੀਆ ਵਸਤਾਂ ਦੇ ਸੇਵਨ ਨੂੰ ਰੋਕਣ ਲਈ ਆਪਣੀਆ ਸਮਾਜਿਕ ਜਿੰਮੇਵਾਰੀਆ ਨੂੰ ਪੂਰਨ ਕਰਦੇ ਸਨ, ਜਿਨ੍ਹਾਂ ਉਤੇ ਕਿਸੇ ਤਰ੍ਹਾਂ ਦਾ ਕੋਈ ਦੋਸ ਹੀ ਨਹੀ ਸਾਬਤ ਹੋ ਸਕਦਾ ਉਨ੍ਹਾਂ ਨੂੰ ਤਾਂ ਹਜਾਰਾਂ ਕਿਲੋਮੀਟਰ ਦੂਰ ਅਸਾਮ ਦੀ ਜੇਲ੍ਹ ਡਿਬੜੂਗੜ੍ਹ ਵਿਚ ਗੈਰ ਕਾਨੂੰਨੀ ਢੰਗ ਨਾਲ ਐਨ.ਐਸ.ਏ ਲਗਾਕੇ ਬੰਦੀ ਬਣਾ ਦਿੱਤਾ ਹੈ ਅਤੇ ਜੋ ਵਪਾਰੀ ਸੋਚ ਦੇ ਮਾਲਕ ਗੰਨਾ ਕਾਸਤਕਾਰਾਂ ਨਾਲ ਵੱਡਾ ਧੋਖਾ ਕਰਕੇ ਉਨ੍ਹਾਂ ਨੂੰ ਮਾਲੀ ਤੌਰ ਤੇ ਨੁਕਸਾਨ ਪਹੁੰਚਾ ਰਹੇ ਹਨ, ਹੁਣ ਉਨ੍ਹਾਂ ਵਿਰੁੱਧ ਸਰਕਾਰ ਐਨ.ਐਸ.ਏ ਲਗਾਕੇ ਅਤੇ ਕਿਸਾਨਾਂ ਨੂੰ ਇਨਸਾਫ ਦੇਣ ਦੀ ਜਿੰਮੇਵਾਰੀ ਕਿਉਂ ਨਹੀਂ ਨਿਭਾਅ ਰਹੀ ? ਜੇਕਰ ਮਾਲਕਾਂ ਵੱਲੋ ਅੱਧ ਵਿਚਾਲੇ ਇਸ ਮਿੱਲ ਨੂੰ ਚਲਾਉਦੇ ਹੋਏ ਬੰਦ ਕਰਨ ਦਾ ਫੈਸਲਾ ਕਰ ਦਿੱਤਾ ਹੈ ਤਾਂ ਸਰਕਾਰ ਨੂੰ ਇਸ ਮਿੱਲ ਨੂੰ ਆਪਣੇ ਹੱਥਾਂ ਵਿਚ ਲੈਕੇ ਇਲਾਕੇ ਦੇ ਕਿਸਾਨਾਂ, ਗੰਨਾ ਕਾਸਤਕਾਰਾਂ ਦੀ ਮਾਲੀ ਹਾਲਤ ਦੇ ਹੋਣ ਵਾਲੇ ਵੱਡੇ ਨੁਕਸਾਨ ਤੋ ਬਚਾਉਣ ਦੀ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ । ਇਸ ਵਿਚ ਵੀ ਕੋਈ ਸੱਕ ਬਾਕੀ ਨਹੀ ਕਿ ਇਸ ਮਿੱਲ ਤੋ ਕੀਤੀ ਕਰੋੜਾਂ ਅਰਬਾਂ ਦੀ ਕਮਾਈ ਨੂੰ ਮਿੱਲ ਮਾਲਕਾਂ ਵੱਲੋ ਇਸ ਮਿੱਲ ਨੂੰ ਸਫਲਤਾਪੂਰਵਕ ਚਲਾਉਣ ਦੀ ਥਾਂ ਤੇ ਇਸ ਵੱਡੇ ਪੈਸੇ ਨੂੰ ਕਿਸੇ ਹੋਰ ਸੂਬੇ ਜਾਂ ਕਿਸੇ ਹੋਰ ਕਾਰੋਬਾਰ ਵਿਚ ਲਗਾ ਦਿੱਤਾ ਹੈ ਅਤੇ ਬਹਾਨਾ ਮਿੱਲ ਦੇ ਅਸਫਲ ਹੋਣ ਦਾ ਬਣਾਕੇ ਬੰਦ ਕਰਨ ਵੱਲ ਵੱਧ ਰਹੇ ਹਨ । ਜਿਸ ਲਈ ਮਿੱਲ ਮਾਲਕ ਸਿੱਧੇ ਤੌਰ ਤੇ ਜਿੰਮੇਵਾਰ ਹਨ ।