ਮਿਸਟਰ ਗੈਬਰੀਅਲ ਅਟਲ ਵੱਲੋ ਫ਼ਰਾਂਸ ਦੇ ਵਜੀਰ ਏ ਆਜਮ ਨਿਯੁਕਤ ਹੋਣ ਉਤੇ ਮੁਬਾਰਕਬਾਦ : ਮਾਨ

ਫ਼ਤਹਿਗੜ੍ਹ ਸਾਹਿਬ, 10 ਜਨਵਰੀ ( ) “ਬਹੁਤ ਹੀ ਛੋਟੀ ਉਮਰ ਵਿਚ ਫ਼ਰਾਂਸ ਵਰਗੇ ਵੱਡੇ ਮੁਲਕ ਦੇ ਵਜੀਰ ਏ ਆਜਮ ਦੇ ਮੁੱਖ ਅਹੁਦੇ ਉਤੇ ਮਿਸਟਰ ਗੈਬਰੀਅਲ ਅਟਲ ਵੱਲੋ ਬਿਰਾਜਮਾਨ ਹੋਣ ਉਤੇ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੀ ਸਿੱਖ ਕੌਮ ਅਤੇ ਪੰਜਾਬੀਆਂ ਦੇ ਬਿਨ੍ਹਾਂ ਤੇ ਮਿਸਟਰ ਗੈਬਰੀਅਲ ਨੂੰ ਅਤੇ ਫ਼ਰਾਂਸ ਨਿਵਾਸੀਆ ਨੂੰ ਹਾਰਦਿਕ ਮੁਬਾਰਕਬਾਦ ਭੇਜਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਜੋਈ ਵੀ ਕੀਤੀ ਕਿ ਉਹ ਮਿਸਟਰ ਗੈਬਰੀਅਲ ਨੂੰ ਪਹਿਲੇ ਨਾਲੋ ਵੀ ਵਧੇਰੇ ਬਲ, ਬੁੱਧੀ, ਦ੍ਰਿੜਤਾ ਤੇ ਦੂਰ ਅੰਦੇਸ਼ੀ ਦੀ ਬਖਸਿ਼ਸ਼ ਕਰਨ ਤਾਂ ਕਿ ਉਹ ਆਪਣੇ ਫ਼ਰਾਂਸ ਨਿਵਾਸੀਆ ਦੀ ਸਿੱਦਤ ਨਾਲ ਸੇਵਾ ਕਰਦੇ ਹੋਏ ਚਹੁਪੱਖੀ ਵਿਕਾਸ ਕਰ ਸਕਣ ਅਤੇ ਸੰਸਾਰ ਪੱਧਰ ਦੀਆਂ ਮਨੁੱਖਤਾ ਪੱਖੀ ਜਿੰਮੇਵਾਰੀਆ ਨੂੰ ਵੀ ਬਾਖੂਬੀ ਨਿਭਾਅ ਸਕਣ।”

ਉਨ੍ਹਾਂ ਮਿਸਟਰ ਗੈਬਰੀਅਲ ਨਾਲ ਇਸ ਵਧਾਈ ਵਾਲੇ ਪ੍ਰੈਸ ਰੀਲੀਜ ਵਿਚ ਵਿਚਾਰ ਤੇ ਭਾਵਨਾਵਾ ਨੂੰ ਸਾਂਝੇ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਅਤੇ ਫ਼ਰਾਂਸੀਸੀਆਂ ਦਾ ਇਕ ਬਹੁਤ ਹੀ ਪੁਰਾਣਾ ਡੂੰਘਾਂ ਇਤਿਹਾਸਿਕ ਸੰਬੰਧ ਹੈ ਕਿ ਫ਼ਰਾਂਸ ਦੇ ਬਾਦਸਾਹ ਲੂਇਸ ਫਲਿਪ ਨੇ ਲਾਹੌਰ ਖ਼ਾਲਸਾ ਰਾਜ ਦਰਬਾਰ ਦੇ ਪਹਿਲੇ ਬਾਨੀ ਬਾਦਸਾਹ ਮਹਾਰਾਜਾ ਰਣਜੀਤ ਸਿੰਘ ਨਾਲ 1833 ਵਿਚ ਸੰਧੀ ਕੀਤੀ ਸੀ । ਜੋ ਸਿੱਖ ਕੌਮ ਤੇ ਫ਼ਰਾਂਸ ਦੇ ਡੂੰਘੇ ਸੰਬੰਧਾਂ ਨੂੰ ਪ੍ਰਤੱਖ ਕਰਦੀ ਹੈ । ਫਿਰ ਪਹਿਲੀ ਤੇ ਦੂਜੀ ਸੰਸਾਰ ਜੰਗ ਸਮੇ ਸਿੱਖ ਫੌਜੀਆਂ ਨੇ ਪੂਰਨ ਬਹਾਦਰੀ ਨਾਲ ਜਰਮਨ ਨਾਲ ਲੜਾਈ ਲੜਦੇ ਹੋਏ ਫ਼ਰਾਂਸ ਦੀ ਕੇਵਲ ਰੱਖਿਆ ਹੀ ਨਹੀ ਕੀਤੀ ਬਲਕਿ ਵੱਡੀ ਗਿਣਤੀ ਵਿਚ ਆਪਣੀਆ ਕੁਰਬਾਨੀਆਂ ਤੇ ਅਹੁਤੀਆ ਵੀ ਦਿੱਤੀਆ ਸਨ । ਜਿਨ੍ਹਾਂ ਦੀ ਪ੍ਰਤੱਖ ਮਿਸਾਲ ਫ਼ਰਾਂਸ ਵਿਚ ਸਿੱਖਾਂ ਦੀਆਂ ਦਫਨਗਾਹਾ ਵਿਚ ਕਾਇਮ ਯਾਦਗਰਾਂ ਖੁਦ ਦਰਸਾਉਦੀਆਂ ਹਨ । ਸ. ਮਾਨ ਨੇ ਇਸ ਗੱਲ ਤੇ ਗਹਿਰਾ ਦੁੱਖ ਜਾਹਰ ਕੀਤਾ ਕਿ ਐਨੇ ਚੰਗੇ ਫ਼ਰਾਂਸ ਨਾਲ ਸਿੱਖ ਕੌਮ ਦੇ ਸੰਬੰਧ ਹੋਣ ਦੇ ਬਾਵਜੂਦ ਵੀ ਸਿੱਖ ਕੌਮ ਦੀ ਆਨ ਸਾਨ ਦੀ ਪ੍ਰਤੀਕ ਦਸਤਾਰ ਨੂੰ ਸਕੂਲੀ ਬੱਚਿਆਂ ਅਤੇ ਸਰਕਾਰੀ ਦਫਤਰਾਂ ਵਿਚ ਕੰਮ ਕਰਨ ਵਾਲੇ ਸਿੱਖਾਂ ਨੂੰ ਪਹਿਨਣ ਉਤੇ ਕਾਨੂੰਨੀ ਪਾਬੰਦੀ ਲਗਾਈ ਹੋਈ ਹੈ । ਜੋ ਅਤਿ ਦੁੱਖਦਾਇਕ ਵਰਤਾਰਾ ਹੈ । ਮਿਸਟਰ ਗੈਬਰੀਅਲ ਨੂੰ ਇਸ ਨਵੀ ਨਿਯੁਕਤੀ ਅਤੇ ਸਿੱਖ ਕੌਮ ਵੱਲੋ ਭੇਜੀ ਜਾਣ ਵਾਲੀ ਮੁਬਾਰਕਬਾਦ ਦੇ ਮੌਕੇ ਉਤੇ ਪਹਿਲ ਦੇ ਆਧਾਰ ਤੇ ਚਾਹੀਦਾ ਹੈ ਕਿ ਉਹ ਫ਼ਰਾਂਸ ਵਿਚ ਸਿੱਖਾਂ ਦੀ ਦਸਤਾਰ ਤੇ ਲਗਾਈ ਕਾਨੂੰਨੀ ਪਾਬੰਦੀ ਨੂੰ ਖਤਮ ਕਰਕੇ ਸਿੱਖ ਕੌਮ ਨਾਲ ਫ਼ਰਾਂਸ ਦੇ ਪੁਰਾਤਨ ਸੰਬੰਧਾਂ ਨੂੰ ਹੋਰ ਮਜਬੂਤ ਕਰਨ ਅਤੇ ਸਾਡੀ ਦਸਤਾਰ ਦੀ ਸਾਨ ਨੂੰ ਸੰਸਾਰ ਪੱਧਰ ਤੇ ਉਜਾਗਰ ਕਰਨ ਵਿਚ ਯੋਗਦਾਨ ਪਾਉਣ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਮਿਸਟਰ ਗੈਬਰੀਅਲ ਜਿਥੇ ਸਿੱਖ ਕੌਮ ਅਤੇ ਫ਼ਰਾਂਸੀਸੀਆਂ ਦੇ ਸੰਬੰਧਾਂ ਨੂੰ ਹੋਰ ਮਜਬੂਤ ਬਣਾਉਣਗੇ, ਉਥੇ ਫ਼ਰਾਂਸ ਵਿਚ ਵੱਸਣ ਵਾਲੇ ਸਿੱਖਾਂ ਦੀਆਂ ਕੌਮੀ ਅਤੇ ਸਮਾਜਿਕ ਮੁਸਕਿਲਾਂ ਦਾ ਹੱਲ ਵੀ ਸੰਜੀਦਗੀ ਨਾਲ ਕਰਦੇ ਰਹਿਣਗੇ ।

Leave a Reply

Your email address will not be published. Required fields are marked *