ਕੈਨੇਡਾ ਨਿਵਾਸੀ ਸ. ਹਰਦੀਪ ਸਿੰਘ ਨਿੱਝਰ ਦੇ ਹੋਏ ਕਤਲ ਸੰਬੰਧੀ, ਸਾਡੇ ਵੱਲੋਂ ਸਮੇ-ਸਮੇ ਤੇ ਸੰਜ਼ੀਦਾ ਤੌਰ ਤੇ ਜਿੰਮੇਵਾਰੀ ਨਿਭਾਈ ਗਈ : ਮਾਨ
ਫ਼ਤਹਿਗੜ੍ਹ ਸਾਹਿਬ, 19 ਸਤੰਬਰ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) 18 ਜੂਨ ਜਦੋਂ ਤੋਂ ਸ. ਹਰਦੀਪ ਸਿੰਘ ਨਿੱਝਰ ਦਾ ਕੈਨੇਡਾ ਵਿਚ ਇੰਡੀਅਨ ਏਜੰਸੀਆ ਅਤੇ ਉਥੇ ਸਥਿਤ ਇੰਡੀਅਨ ਸਫਾਰਤਖਾਨੇ ਦੇ ਸਫੀਰਾਂ ਦੀ ਸਾਂਝੀ ਸਾਜਿਸ ਅਧੀਨ ਕਤਲ ਕੀਤਾ ਗਿਆ, ਅਸੀ ਉਦੋ ਤੋ ਹੀ ਇੰਡੀਆ ਵਿਚ ਅਤੇ ਕੌਮਾਂਤਰੀ ਪੱਧਰ ਤੇ ਇਸ ਆਵਾਜ ਨੂੰ ਉਠਾਉਦੇ ਆ ਰਹੇ ਹਾਂ ਕਿ ਇਹ ਕਤਲ ਇੰਡੀਆ ਵਿਚ ਕੌਮੀ ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ ਦੀ ਅਗਵਾਈ ਵਿਚ ਕੰਮ ਕਰ ਰਹੀਆ ਏਜੰਸੀਆ ਜਿਵੇ ਆਈ.ਬੀ, ਰਾਅ, ਐਨ.ਆਈ.ਏ. ਦੇ ਸਾਥ ਨਾਲ ਸਿਰਕੱਢ ਸਿੱਖਾਂ ਦੇ ਵਿਦੇਸ਼ਾਂ ਵਿਚ ਅਤੇ ਇੰਡੀਆ ਵਿਚ ਕਤਲ ਕਰਦੇ ਆ ਰਹੇ ਹਨ । ਜਿਸਦੀ ਕੌਮਾਂਤਰੀ ਪੱਧਰ ਤੇ ਜਾਂਚ ਹੋਣੀ ਚਾਹੀਦੀ ਹੈ । ਤਾਂ ਕਿ ਇਨ੍ਹਾਂ ਇੰਡੀਅਨ ਏਜੰਸੀਆ ਤੇ ਮਨੁੱਖਤਾ ਵਿਰੋਧੀ ਕਾਲੇ ਕਾਰਨਾਮਿਆ ਤੋ ਸਮੁੱਚੇ ਮੁਲਕਾਂ ਨੂੰ ਜਾਣਕਾਰੀ ਮਿਲ ਸਕੇ ਅਤੇ ਸਿੱਖਾਂ ਉਤੇ ਹੋ ਰਹੇ ਇਸ ਜ਼ਬਰ ਨੂੰ ਖਤਮ ਕਰਵਾਇਆ ਜਾਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੱਲ੍ਹ ਕੈਨੇਡਾ ਦੇ ਵਜੀਰ-ਏ-ਆਜਮ ਸ੍ਰੀ ਜਸਟਿਨ ਟਰੂਡੋ ਦੀ ਕੈਨੇਡਾ ਹਕੂਮਤ ਵੱਲੋ ਕੀਤੀ ਗਈ ਇਸ ਵਿਸੇ ਤੇ ਜਾਂਚ ਦੇ ਪਰਦੇ ਖੋਲਦੇ ਹੋਏ ਜੋ ਇੰਡੀਅਨ ਹੁਕਮਰਾਨਾਂ ਤੇ ਏਜੰਸੀਆ ਨੂੰ ਇਸ ਕਤਲ ਲਈ ਜਿੰਮੇਵਾਰ ਠਹਿਰਾਇਆ ਹੈ, ਉਸ ਨਾਲ ਸਾਡੇ ਵੱਲੋ 18 ਜੂਨ ਤੋ ਹੀ ਪ੍ਰਗਟਾਏ ਵਿਚਾਰਾਂ ਦਾ ਸੱਚ ਹੋਰ ਪ੍ਰਤੱਖ ਰੂਪ ਵਿਚ ਸਾਹਮਣੇ ਆਉਣ ਤੇ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਭਾਵੇਕਿ ਸਾਡੇ ਵੱਲੋ ਉਪਰੋਕਤ ਪ੍ਰਗਟਾਏ ਵਿਚਾਰਾਂ ਨੂੰ ਇੰਡੀਆ ਦੇ ਹੁਕਮਰਾਨ ਅਤੇ ਹੋਰ ਸ਼ੱਕ ਦੀ ਨਜ਼ਰ ਨਾਲ ਦੇਖਦੇ ਆਏ ਹਨ । ਪਰ ਅੱਜ ਇਹ ਸ਼ੱਕ ਅਮਲੀ ਰੂਪ ਵਿਚ ਸੱਚ ਬਣਕੇ ਸਾਹਮਣੇ ਆ ਚੁੱਕਾ ਹੈ । ਕਿਉਂਕਿ ਅਸੀ ਕੋਈ ਵੀ ਗੱਲ ਬਿਨ੍ਹਾਂ ਤੱਥਾਂ ਤੋ ਕਦੀ ਨਹੀ ਕਰਦੇ । ਕਿਉਂਕਿ ਸਾਡੇ ਸਾਧਨ ਕੇਵਲ ਇੰਡੀਆ ਵਿਚ ਹੀ ਨਹੀ ਬਾਹਰਲੇ ਮੁਲਕਾਂ ਵਿਚ ਵੀ ਹਨ । ਉਨ੍ਹਾਂ ਕਿਹਾ ਕਿ ਇਸ ਸੱਚ ਨੂੰ ਅਸੀ 08 ਅਗਸਤ 2023 ਨੂੰ ਜਦੋਂ ਦਿੱਲੀ ਵਿਖੇ ਇੰਡੀਅਨ ਪਾਰਲੀਮੈਟ ਦਾ ਮੌਨਸੂਨ ਸੈਸਨ ਚੱਲ ਰਿਹਾ ਸੀ, ਆਪਣੇ ਮਿਲੇ ਸਮੇ ਦੌਰਾਨ ਸਮੁੱਚੇ ਪਾਰਲੀਮੈਟ ਹਾਊਸ ਨੂੰ ਸ. ਹਰਦੀਪ ਸਿੰਘ ਨਿੱਝਰ ਦੇ ਹੋਏ ਸਾਜਸੀ ਕਤਲ ਸੰਬੰਧੀ ਹੀ ਨਹੀ ਸੀ ਬੋਲਿਆ, ਬਲਕਿ ਜੋ ਸਾਡੇ ਦੂਸਰੇ ਸਿੱਖ ਨੌਜਵਾਨ ਜਿਵੇ ਦੀਪ ਸਿੰਘ ਸਿੱਧੂ ਨੂੰ ਹਰਿਆਣੇ ਵਿਚ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਮਾਨਸਾ ਪੰਜਾਬ ਵਿਚ, ਰਿਪੁਦਮਨ ਸਿੰਘ ਮਲਿਕ ਨੂੰ ਕੈਨੇਡਾ ਵਿਚ, ਪਰਮਜੀਤ ਸਿੰਘ ਪੰਜਵੜ ਨੂੰ ਪਾਕਿਸਤਾਨ ਵਿਚ, ਅਵਤਾਰ ਸਿੰਘ ਖੰਡਾ ਨੂੰ ਬਰਤਾਨੀਆ ਵਿਚ ਅਤੇ ਇਕ ਜਰਨਲਿਸਟ ਸ੍ਰੀ ਧਰੇਨ ਭਗਤ ਦੇ ਕਤਲਾਂ ਸੰਬੰਧੀ ਬੋਲਦੇ ਹੋਏ ਨਿਰਪੱਖਤਾ ਨਾਲ ਜਾਂਚ ਦੀ ਮੰਗ ਕਰਦੇ ਰਹੇ ਹਾਂ । ਪਰ ਸਾਨੂੰ ਨਾ ਤਾਂ ਪਾਰਲੀਮੈਟ ਵਿਚ ਆਪਣੀ ਗੱਲ ਕਹਿਣ ਲਈ ਸਮਾਂ ਦਿੱਤਾ ਜਾਂਦਾ ਹੈ ਅਤੇ ਨਾ ਹੀ ਸਾਡੇ ਉਤੇ ਹੋ ਰਹੇ ਜ਼ਬਰ ਦੇ ਦੋਸ਼ੀਆਂ ਨੂੰ ਬਣਦੀਆਂ ਸਜਾਵਾਂ ਦੇਣ ਲਈ ਕੋਈ ਅਮਲ ਕੀਤਾ ਜਾਂਦਾ ਹੈ ।
ਉਨ੍ਹਾਂ ਇੰਡੀਆ ਦੇ ਸਾਥੀਆ ਅਮਰੀਕਾ, ਆਸਟ੍ਰੇਲੀਆ, ਨਿਊਜੀਲੈਡ ਅਤੇ ਬਰਤਾਨੀਆ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਜੋ ਵੱਡਾ ਅਪਰਾਧ ਇੰਡੀਆ ਨੇ ਕੀਤਾ ਹੈ, ਉਸ ਸੰਬੰਧੀ ਉਪਰੋਕਤ ਇਨ੍ਹਾਂ ਚਾਰਾਂ ਦੋਸਤ ਮੁਲਕਾਂ ਨੂੰ ਨਿਰਪੱਖਤਾ ਨਾਲ ਜਾਂਚ ਕਰਵਾਉਦੇ ਹੋਏ ਹੋਏ ਇਸ ਸੱਚ ਨੂੰ ਸਾਹਮਣੇ ਲਿਆਉਣ ਦੀ ਜਿੰਮੇਵਾਰੀ ਬਣਦੀ ਹੈ ।
ਇਸ ਉਪਰੰਤ ਜਦੋਂ ਨਵੀ ਬਣੀ ਪਾਰਲੀਮੈਟ ਇਮਾਰਤ ਵਿਚ ਮਿਤੀ 17 ਸਤੰਬਰ 2023 ਨੂੰ ਹੋਈ ਸਰਬ ਪਾਰਟੀ ਮੀਟਿੰਗ ਵਿਚ ਸ. ਮਾਨ ਨੇ ਵਿਚਾਰ ਪ੍ਰਗਟ ਕੀਤੇ ਤਾਂ ਉਥੇ ਵੀ ਸ. ਮਾਨ ਨੇ ਸਿੱਖ ਕੌਮ ਦੇ ਸਾਜਸੀ ਢੰਗ ਨਾਲ ਵੱਖ-ਵੱਖ ਮੁਲਕਾਂ ਤੇ ਇੰਡੀਆ ਵਿਚ ਹੋ ਰਹੇ ਕਤਲਾਂ ਦਾ ਗੰਭੀਰ ਮੁੱਦਾ ਉਠਾਇਆ । ਇਸ ਉਪਰੰਤ ਜਦੋ ਅੱਜ 19 ਸਤੰਬਰ ਨੂੰ ਸਮੁੱਚੇ ਪਾਰਲੀਮੈਟ ਮੈਬਰਾਂ ਦਾ ਫੋਟੋਗ੍ਰਾਂਫ ਸੈਂਸਨ ਹੋਇਆ ਤਾਂ ਸ. ਮਾਨ ਨੇ ਉਚੇਚੇ ਤੌਰ ਤੇ ਇੰਡੀਆ ਦੇ ਗ੍ਰਹਿ ਵਜ਼ੀਰ ਸ੍ਰੀ ਅਮਿਤ ਸ਼ਾਹ ਨਾਲ ਸਿੱਖਾਂ ਦੇ ਹੋਏ ਇਸ ਕਤਲ ਸੰਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਇਸ ਉਤੇ ਅਗਲੀ ਕਾਰਵਾਈ ਕਰਨ ਦੀ ਗੱਲ ਕੀਤੀ । ਇਸ ਉਪਰੰਤ ਸ. ਮਾਨ ਨੇ ਸੈਂਟਰ ਦੇ ਵਿਦੇਸ਼ ਵਜ਼ੀਰ ਸ੍ਰੀ ਜੈਸੰਕਰ ਨਾਲ ਗੱਲਬਾਤ ਕੀਤੀ ਲੇਕਿਨ ਉਹ ਇਸ ਗੰਭੀਰ ਵਿਸੇ ਤੇ ਆਪਣੇ ਆਪ ਨੂੰ ਬਚਾਉਦੇ ਅਤੇ ਟਾਲਦੇ ਨਜਰ ਆਏ । ਇਸ ਉਪਰੰਤ ਸ੍ਰੀ ਮੋਦੀ ਦੀ ਕੈਬਨਿਟ ਦੇ ਇਕੋ ਇਕ ਸਿੱਖ ਵਜੀਰ ਸ. ਹਰਦੀਪ ਸਿੰਘ ਪੁਰੀ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਇਸ ਉਤੇ ਗਹਿਰਾ ਅਫਸੋਸ ਜਾਹਰ ਕੀਤਾ । ਸ. ਮਾਨ ਨੇ ਕੁਝ ਕਾਂਗਰਸ ਆਗੂਆ ਨਾਲ ਵੀ ਇਸ ਅਤਿ ਸੰਜ਼ੀਦਾ ਵਿਸੇ ਤੇ ਜਦੋ ਗੱਲਬਾਤ ਕੀਤੀ ਤਾਂ ਉਨ੍ਹਾਂ ਵੱਲੋ ਵਿਦੇਸ਼ੀ ਮੁੱਦਾ ਕਹਿਕੇ ਇਸ ਵਿਸੇ ਤੇ ਕੁਝ ਵੀ ਬੋਲਣ ਤੋ ਇਨਕਾਰ ਕਰ ਦਿੱਤਾ ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਮਹਿਸੂਸ ਕਰਦਾ ਹੈ ਕਿ ਸਮੁੱਚੇ ਸਿੱਖ ਅਤੇ ਜੋ ਦੁਨੀਆ ਭਰ ਦੇ ਲੋਕ ਮਨੁੱਖੀ ਅਧਿਕਾਰਾਂ ਦੇ ਕਦਰਾਂ-ਕੀਮਤਾਂ ਦਾ ਸਤਿਕਾਰ ਕਰਦੇ ਹਨ, ਉਨ੍ਹਾਂ ਨੂੰ ਸਮੂਹਿਕ ਰੂਪ ਵਿਚ ਇਕੱਠੇ ਹੋ ਕੇ ਇਸ ਅਣਮਨੁੱਖੀ ਹੋਏ ਸਿੱਖਾਂ ਦੇ ਕਤਲ ਜੋ ਇੰਡੀਅਨ ਏਜੰਸੀਆ ਵੱਲੋ ਕੀਤੇ ਗਏ ਹਨ, ਉਨ੍ਹਾਂ ਦੀ ਕੇਵਲ ਨਿਖੇਧੀ ਹੀ ਨਹੀ ਕਰਨੀ ਚਾਹੀਦੀ, ਬਲਕਿ ਸਮੁੱਚੇ ਸਿੱਖ ਸੰਗਠਨਾਂ ਤੇ ਗਰੁੱਪਾਂ ਨੂੰ ਜਿੰਨੀ ਜਲਦੀ ਹੋ ਸਕੇ, ਆਪੋ ਆਪਣੀਆ ਪਾਰਟੀਆ, ਸੰਗਠਨਾਂ ਨੂੰ ਇਕ ਪਲੇਟਫਾਰਮ ਤੇ ਗਲੋਬਲ ਰੂਪ ਵਿਚ ਇਕੱਤਰ ਹੋ ਕੇ ਅੱਗੇ ਆਉਣਾ ਚਾਹੀਦਾ ਹੈ ਅਤੇ ਇਸ ਗੰਭੀਰ ਵਿਸੇ ਵਿਰੁੱਧ ਜਹਾਦ ਛੇੜਦੇ ਹੋਏ ਇੰਡੀਅਨ ਹੁਕਮਰਾਨਾਂ ਦੇ ਅਣਮਨੁੱਖੀ ਅਮਲਾਂ ਵਿਰੁੱਧ ਆਵਾਜ ਉਠਾਉਦੇ ਹੋਏ ਉਨ੍ਹਾਂ ਦੇ ਖੂੰਖਾਰ ਚੇਹਰੇ ਨੂੰ ਕੌਮਾਂਤਰੀ ਕਟਹਿਰੇ ਵਿਚ ਨੰਗਾਂ ਕਰਨ ਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ।