ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦਾ ਐਡਮਿਨਸਟੇਟਰ ਉਥੋ ਦੇ ਇਕ ਹਿੰਦੂ ਡਿਪਟੀ ਕਮਿਸਨਰ ਨੂੰ ਲਗਾ ਦੇਣਾ ਅਸਹਿ, ਸਿੱਖ ਕੌਮ ਬਰਦਾਸਤ ਨਹੀਂ ਕਰੇਗੀ : ਮਾਨ

ਫ਼ਤਹਿਗੜ੍ਹ ਸਾਹਿਬ, 07 ਅਗਸਤ ( ) “ਸਿੱਖ ਕੌਮ ਅਤੇ ਉਨ੍ਹਾਂ ਦੀਆਂ ਸਮੁੱਚੀਆਂ ਧਾਰਮਿਕ ਸੰਸਥਾਵਾਂ ਪੂਰਨ ਰੂਪ ਵਿਚ ਆਜ਼ਾਦ ਹਨ । ਇਹ ਅਧਿਕਾਰ ਸਿੱਖ ਕੌਮ ਨੂੰ ਜਨਮ ਤੋਂ ਹੀ ਪ੍ਰਾਪਤ ਹੈ । ਸਿੱਖ ਕੌਮ ਨੇ ਕਦੇ ਵੀ ਕਿਸੇ ਵੀ ਬਾਦਸ਼ਾਹ, ਹੁਕਮਰਾਨ ਜਾਂ ਤਾਕਤ ਦੀ ਗੁਲਾਮੀਅਤ ਨੂੰ ਪ੍ਰਵਾਨ ਹੀ ਨਹੀ ਕੀਤਾ ਅਤੇ ਉਨ੍ਹਾਂ ਦੀਆਂ ਧਾਰਮਿਕ ਸੰਸਥਾਵਾਂ ਦੇ ਪ੍ਰਬੰਧ ਲਈ ਬਹੁਤ ਲੰਮੇ ਸਮੇ ਤੋ ਵਿਸ਼ੇਸ਼ ਮਰਿਯਾਦਾਵਾਂ, ਨਿਯਮਾਵਾਲੀ ਤਹਿ ਹੈ ਜਿਸ ਅਨੁਸਾਰ ਸਿੱਖ ਆਪਣੀ ਜਿੰਦਗੀ ਵਿਚ ਵਿਚਰਦੇ ਵੀ ਹਨ ਅਤੇ ਆਪਣੀਆ ਸੰਸਥਾਵਾਂ ਗੁਰੂ ਸਾਹਿਬਾਨ ਜਾਂ ਕਾਨੂੰਨ ਰਾਹੀ ਬਣੇ ਨਿਯਮਾਂ ਅਨੁਸਾਰ ਆਜ਼ਾਦ ਤੌਰ ਤੇ ਆਪਣੇ ਗੁਰੂਘਰਾਂ, ਤਖ਼ਤਾਂ, ਧਾਰਮਿਕ ਸੰਸਥਾਵਾਂ ਦਾ ਪ੍ਰਬੰਧ ਖੁਦ ਕਰਦੇ ਹਨ । ਕਿਸੇ ਵੀ ਤਾਕਤ ਦੀ ਦਖਲ ਅੰਦਾਜੀ ਨੂੰ ਨਾ ਕਦੀ ਬਰਦਾਸਤ ਕੀਤਾ ਹੈ ਨਾ ਹੀ ਸਿੱਖ ਕੌਮ ਕਦੇ ਅਜਿਹਾ ਕਰਨ ਦੀ ਇਜਾਜਤ ਦੇਵੇਗੀ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਜੋ ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਹਨ, ਜਿਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ ਸਨ । ਇਸ ਤਖਤ ਨਾਲ ਦੇਸ਼-ਵਿਦੇਸ਼ਾਂ ਵਿਚ ਬੈਠੇ ਤੇ ਵਿਚਰ ਰਹੇ ਹਰ ਸਿੱਖ ਦੀ ਅਥਾਂਹ ਸਰਧਾ, ਸਤਿਕਾਰ ਤੇ ਆਸਥਾ ਜੁੜੀ ਹੋਈ ਹੈ । ਇਸ ਮੁਲਕ ਦੇ ਹਿੰਦੂਤਵ ਹੁਕਮਰਾਨਾਂ ਦੀ 1947 ਦੇ ਸਮੇ ਤੋ ਹੀ ਇਹ ਮੰਦਭਾਵਨਾ ਅਤੇ ਮਨਸੂਬੇ ਰਹੇ ਹਨ ਕਿ ਸਿੱਖ ਕੌਮ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਜਾਂ ਸੰਸਥਾਵਾਂ ਉਤੇ ਕੰਟੋਰਲ ਇਹ ਮੁਕਾਰਤਾ ਨਾਲ ਭਰੇ ਹੋਏ ਹਿੰਦੂਤਵ ਹੁਕਮਰਾਨ ਹੀ ਕਰਨ । ਇਸ ਸਾਜਿਸ ਨੂੰ ਸਮੇ-ਸਮੇ ਤੇ ਇਹ ਹਿੰਦੂਤਵ ਹੁਕਮਰਾਨ ਅਮਲੀ ਰੂਪ ਦਿੰਦੇ ਰਹੇ ਹਨ । ਇਸੇ ਸੋਚ ਅਧੀਨ ਇਨ੍ਹਾਂ ਨੇ ਪਹਿਲੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਸੰਭਾਲਣ ਵਾਲੇ ਸਿੱਖਾਂ ਵਿਚ ਪਾੜਾ ਪਾ ਕੇ ਆਪਣੀ ਸੋਚ ਉਤੇ ਚੱਲਣ ਵਾਲੇ ਸਿੱਖਾਂ ਦੇ ਹੱਥ ਪ੍ਰਬੰਧ ਸੌਪ ਕੇ ਕੀਤਾ । ਫਿਰ ਇਨ੍ਹਾਂ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਬਣਾਕੇ ਕੀਤਾ ਅਤੇ ਹੁਣ ਇਹ ਸਾਡੇ ਮਹਾਨ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ (ਮਹਾਰਾਸਟਰਾਂ) ਦੇ ਪ੍ਰਬੰਧ ਨੂੰ ਲੰਮੇ ਸਮੇ ਤੋ ਚਲਾਉਦੇ ਆ ਰਹੇ ਸ. ਪੀ.ਐਸ. ਪਸਰੀਚਾ ਤੋ ਇਹ ਪ੍ਰਬੰਧ ਸਾਜਸੀ ਢੰਗਾਂ ਰਾਹੀ ਖੋਹ ਕੇ ਉਥੋ ਦੇ ਹਿੰਦੂ ਡਿਪਟੀ ਕਮਿਸਨਰ ਅਬੀਜੀਤ ਰਾਏ ਨੂੰ ਐਡਮਿਨਸਟੇਟਰ ਲਗਾ ਦਿੱਤਾ ਹੈ । ਜਿਸ ਤੋ ਸੈਟਰ ਦੀ ਬੀਜੇਪੀ-ਆਰ.ਐਸ.ਐਸ ਦੀ ਹਕੂਮਤ ਅਤੇ ਮਹਾਰਾਸਟਰਾਂ ਵਿਚ ਇਨ੍ਹਾਂ ਫਿਰਕੂਆਂ ਦੀ ਸ੍ਰੀ ਏਕਨਾਥ ਸਿੰਘ ਸਿੰਦੇ ਦੀ ਹਕੂਮਤ ਨੇ ਆਪਣੇ ਮੰਦਭਾਵਨਾ ਭਰੇ ਮਨਸੂਬਿਆ ਨੂੰ ਪੂਰਨ ਕਰਨ ਲਈ ਸਿੱਖ ਕੌਮ ਦੇ ਇਸ ਤਖ਼ਤ ਦੇ ਪ੍ਰਬੰਧ ਵਿਚ ਸਾਡੀਆਂ ਕੌਮੀ ਅਤੇ ਧਾਰਮਿਕ ਰਵਾਇਤਾ ਨੂੰ ਤੋੜਕੇ ਇਕ ਨਾਸਤਿਕ ਹਿੰਦੂ ਦੇ ਹਵਾਲੇ ਇਹ ਤਖ਼ਤ ਕਰ ਦਿੱਤਾ ਹੈ ਜੋ ਕਿ ਸਾਡੇ ਸਿੱਖ ਧਰਮ ਵਿਚ ਹੁਕਮਰਾਨਾਂ ਦੀ ਸਿੱਧੀ ਦਖਲਅੰਦਾਜੀ ਹੈ । ਜਿਸ ਨੂੰ ਸਿੱਖ ਕੌਮ ਕਤਈ ਬਰਦਾਸਤ ਨਹੀ ਕਰੇਗੀ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੁਕਮਰਾਨਾਂ ਦੇ ਇਸ ਅਮਲ ਦੀ ਜੋਰਦਾਰ ਨਿਖੇਧੀ ਕਰਦੇ ਹੋਏ ਜਿਥੇ ਹੁਕਮਰਾਨਾਂ ਨੂੰ ਖਬਰਦਾਰ ਕਰਦਾ ਹੈ, ਉਥੇ ਸਿੱਖ ਕੌਮ ਨੂੰ ਇੰਡੀਆ ਪੱਧਰ ਉਤੇ ਚੁਣੋਤੀਪੂਰਨ ਪ੍ਰੋਗਰਾਮ ਉਲੀਕਣ ਲਈ ਅਤੇ ਹੁਕਮਰਾਨਾਂ ਦੇ ਇਸ ਅਮਲ ਵਿਰੁੱਧ ਇਕਜੁੱਟ ਹੋਣ ਲਈ ਅਪੀਲ ਕਰਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਹਾਰਾਸਟਰਾਂ ਦੀ ਸ੍ਰੀ ਸਿੰਦੇ ਸਰਕਾਰ ਵੱਲੋ ਸੈਂਟਰ ਦੀ ਬੀਜੇਪੀ-ਆਰ.ਐਸ.ਐਸ. ਦੇ ਸਿੱਖ ਕੌਮ ਵਿਰੋਧੀ ਮੰਦਭਾਵਨਾ ਭਰੇ ਮਨਸੂਬਿਆ ਨੂੰ ਪੂਰਨ ਕਰਨ ਹਿੱਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਵਿਚੋ ਸ. ਪਸਰੀਚਾ ਦੀ ਅਗਵਾਈ ਨੂੰ ਜ਼ਬਰੀ ਖਤਮ ਕਰਕੇ ਇਕ ਹਿੰਦੂ ਡਿਪਟੀ ਕਮਿਨਸਰ ਨੂੰ ਉਥੇ ਐਡਮਨਿਸਟੇਟਰ ਲਗਾਉਣ ਦੀ ਕਾਰਵਾਈ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਹੁਕਮਰਾਨਾਂ ਨੂੰ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਅੱਜ ਤੱਕ ਕਿਸੇ ਵੀ ਇੰਡੀਆ ਦੇ ਮੰਦਰ ਵਿਚ ਕੋਈ ਸਿੱਖ ਜਾਂ ਮੁਸਲਮਾਨ ਪ੍ਰਧਾਨ ਜਾਂ ਪ੍ਰਬੰਧਕ ਨਹੀ ਹੈ, ਨਾ ਹੀ ਕਿਸੇ ਮਸਜਿਦ ਜਾਂ ਚਰਚ ਵਿਚ ਕੋਈ ਸਿੱਖ ਪ੍ਰਬੰਧਕ ਹੈ, ਜੋ ਅਸੂਲਨ ਨਹੀ ਹੋ ਸਕਦਾ । ਫਿਰ ਸਾਡੀਆ ਸਿੱਖ ਕੌਮ ਦੀਆਂ ਸਦੀਆ ਤੋ ਚੱਲਦੀਆਂ ਆ ਰਹੀਆ ਮਰਿਯਾਦਾਵਾਂ, ਨਿਯਮਾਂ, ਅਸੂਲਾਂ ਨੂੰ ਤੋੜਕੇ ਸ੍ਰੀ ਸਿੰਦੇ ਦੀ ਮਹਾਰਾਸਟਰ ਸਰਕਾਰ ਨੂੰ ਕਿਸਨੇ ਹੱਕ ਦਿੱਤਾ ਹੈ ਕਿ ਉਹ ਸਾਡੇ ਸਤਿਕਾਰਯੋਗ ਸ. ਪੀ.ਐਸ. ਪਸਰੀਚਾ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ ਬੋਰਡ ਦੀ ਮੁੱਖ ਸੇਵਾ ਤੋ ਉਤਾਰਕੇ ਉਥੇ ਇਕ ਹਿੰਦੂ ਗੈਰ-ਸਿੱਖ ਨੂੰ ਐਡਮਨਿਸਟੇਟਰ ਲਗਾ ਦੇਵੇ ? ਇਹ ਤਾਂ ਸਿੱਧਾ ਸਿੱਖ ਧਰਮ ਦੇ ਧਾਰਮਿਕ ਪ੍ਰਬੰਧਾਂ ਅਤੇ ਸੰਸਥਾਵਾਂ ਵਿਚ ਹਿੰਦੂਤਵ ਮੁਤੱਸਵੀ ਹੁਕਮਰਾਨਾਂ ਦੀ ਸਿੱਧੀ ਦਖਲ ਅੰਦਾਜੀ ਅਤੇ ਉਨ੍ਹਾਂ ਦੇ ਭੈੜੇ ਮਨਸੂਬਿਆ ਨੂੰ ਪ੍ਰਤੱਖ ਕਰਦੀ ਹੈ । ਅਜਿਹਾ ਕਦਾਚਿਤ ਨਹੀ ਹੋ ਸਕਦਾ ਕਿ ਸਾਡੀ ਸਿੱਖ ਸੰਸਥਾਂ ਉਤੇ ਕੋਈ ਹਿੰਦੂ, ਮੁਸਲਿਮ ਜਾਂ ਇਸਾਈ ਮੁੱਖ ਰੂਪ ਵਿਚ ਪ੍ਰਬੰਧ ਕਰੇ ਅਤੇ ਜ਼ਬਰੀ ਸਾਡੀਆ ਸੰਸਥਾਵਾਂ ਵਿਚ ਦਖਲ ਦੇਵੇ । ਉਨ੍ਹਾਂ ਕਿਹਾ ਕਿ ਹਜ਼ੂਰ ਸਾਹਿਬ ਵਿਖੇ ਲੰਮੇ ਸਮੇ ਤੋ ਸੇਵਾ ਕਰਦੇ ਆ ਰਹੇ, ਭਾਈ ਕੁਲਵੰਤ ਸਿੰਘ, ਬਾਬਾ ਬਲਵਿੰਦਰ ਸਿੰਘ, ਬਾਬਾ ਨਰਿੰਦਰ ਸਿੰਘ ਅਤੇ ਹੋਰ ਸਿਰਕੱਢ ਸਿੱਖਾਂ ਦਾ ਸਲਾਹ-ਮਸਵਰਾਂ ਲਏ ਬਿਨ੍ਹਾਂ ਸ. ਪਸਰੀਚਾ ਨੂੰ ਪਾਸੇ ਕਰ ਦੇਣਾ ਅਤੇ ਇਕ ਹਿੰਦੂ ਗੈਰ-ਸਿੱਖ ਨੂੰ ਉਸਦਾ ਪ੍ਰਬੰਧਕ ਲਗਾ ਦੇਣ ਦੇ ਅਮਲਾਂ ਤੋ ਪ੍ਰਤੱਖ ਹੈ ਕਿ ਮਹਾਰਾਸਟਰਾਂ ਦੀ ਸਿੰਦੇ ਸਰਕਾਰ ਅਤੇ ਸੈਂਟਰ ਸਰਕਾਰ ਦੇ ਸਾਡੇ ਇਸ ਤਖਤ ਪ੍ਰਤੀ ਕੀ ਮਨਸੂਬੇ ਹਨ ? ਜਿਨ੍ਹਾਂ ਨੂੰ ਸਿੱਖ ਕੌਮ ਕਤਈ ਕਾਮਯਾਬ ਨਹੀ ਹੋਣ ਦੇਵੇਗੀ । ਸਿੱਖ ਕੌਮ ਨੂੰ ਇਸ ਗੰਭੀਰ ਵਿਸੇ ਉਤੇ ਕੋਈ ਪ੍ਰਭਾਵਸਾਲੀ ਐਕਸਨ ਉਲੀਕਣ ਲਈ ਮਜਬੂਰ ਹੋਣਾ ਪਵੇ, ਉਸ ਤੋ ਪਹਿਲੇ ਸਿੰਦੇ ਅਤੇ ਸੈਟਰ ਸਰਕਾਰ ਜੇਕਰ ਆਪਣੇ ਵੱਲੋ ਕੀਤੀ ਗੁਸਤਾਖੀ ਨੂੰ ਪ੍ਰਵਾਨ ਕਰਕੇ ਲਗਾਏ ਗਏ ਗੈਰ ਸਿੱਖ ਪ੍ਰਬੰਧਕ ਦੇ ਹੁਕਮਰਾਨਾਂ ਨੂੰ ਫੌਰੀ ਰੱਦ ਕਰਕੇ ਮਹਾਰਾਸਟਰਾਂ ਦੇ ਸਿੱਖ, ਸਾਡੀ ਐਸ.ਜੀ.ਪੀ.ਸੀ ਅਤੇ ਸਿੱਖੀ ਸੰਸਥਾਵਾਂ ਦੀ ਰਾਏ ਨਾਲ ਅਗਲਾ ਪ੍ਰਬੰਧ ਕਰਨ ਦਾ ਅਮਲ ਕਰੇ ਤਾਂ ਬਿਹਤਰ ਹੋਵੇਗਾ, ਵਰਨਾ ਇਸਦੇ ਨਿਕਲਣ ਵਾਲੇ ਮਾਰੂ ਨਤੀਜਿਆ ਲਈ ਸੈਟਰ ਤੇ ਮਹਾਰਾਸਟਰਾਂ ਦੀਆਂ ਦੋਵੇ ਬੀਜੇਪੀ-ਆਰ.ਐਸ.ਐਸ ਸਰਕਾਰਾਂ ਜਿੰਮੇਵਾਰ ਹੋਣਗੀਆ । ਉਨ੍ਹਾਂ ਇਸ ਗੱਲ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਾਡੀ ਸਿੱਖ ਪਾਰਲੀਮੈਟ ਐਸ.ਜੀ.ਪੀ.ਸੀ ਦੀ ਸੰਸਥਾਂ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਇਸ ਗੰਭੀਰ ਵਿਸੇ ਤੇ ਅਜੇ ਤੱਕ ਚੁੱਪ ਕਿਉਂ ਹਨ ? ਉਹ ਆਪਣਾ ਦੋਵੇ ਸਰਕਾਰਾਂ ਕੋਲ ਰੋਸ ਦਰਜ ਕਿਉਂ ਨਹੀ ਕਰਵਾ ਰਹੇ ? ਇਸ ਮਸਲੇ ਉਤੇ ਸ. ਮਾਨ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਸਭ ਸਿੱਖ ਕੌਮ ਨਾਲ ਸੰਬੰਧਤ ਵੱਖ-ਵੱਖ ਸਿਆਸੀ ਸੰਗਠਨਾਂ, ਧਾਰਮਿਕ, ਸਮਾਜਿਕ ਸੰਸਥਾਵਾਂ, ਰਾਜਨੀਤਿਕ ਪਾਰਟੀਆ ਅਤੇ ਸਿੱਖ ਕੌਮ ਨੂੰ ਇਕਦਮ ਇਸ ਵਿਸੇ ਉਤੇ ਆਪਣੇ ਵਿਚਾਰਿਕ ਵਖਰੇਵਿਆ ਨੂੰ ਪਾਸੇ ਰੱਖਕੇ ਇਕੱਤਰ ਹੋਣ ਅਤੇ ਸੈਟਰ-ਮਹਾਰਾਸਟਰਾਂ ਸਰਕਾਰ ਦੇ ਇਸ ਦੁੱਖਦਾਇਕ ਅਮਲ ਵਿਰੁੱਧ ਇਕੱਤਰ ਹੋ ਕੇ ਅਗਲੇ ਸੰਘਰਸ਼ ਲਈ ਤਿਆਰ ਰਹਿਣ ਦੀ ਅਪੀਲ ਵੀ ਕੀਤੀ ।

Leave a Reply

Your email address will not be published. Required fields are marked *