ਭਾਈ ਅੰਮ੍ਰਿਤਪਾਲ ਸਿੰਘ ਬੰਦੀ ਡਿਬਰੂਗੜ੍ਹ ਜੇਲ੍ਹ ਦੇ ਸਪਤਨੀ ਬੀਬੀ ਕਿਰਨਦੀਪ ਕੌਰ ਨੂੰ ਆਪਣੀ ਜਨਮ ਭੂਮੀ ਬਰਤਾਨੀਆ ਜਾਣ ਤੋ ਤੀਜੀ ਵਾਰ ਰੋਕਣਾ ਗੈਰ ਇਨਸਾਨੀਅਤ ਤੇ ਗੈਰ ਕਾਨੂੰਨੀ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 20 ਜੁਲਾਈ ( ) “ਜਿਸ ਸਿੱਖ ਕੌਮ ਨੇ ਬੀਤੇ ਸਮੇ ਵਿਚ ਆਪਣੀਆ ਜਾਨਾਂ ਤੇ ਖੇਡਕੇ ਹਰ ਖਤਰੇ ਦਾ ਸਾਹਮਣਾ ਕਰਦੇ ਹੋਏ ਮੁਗਲਾਂ ਤੋਂ ਹਿੰਦੂਤਵ ਧੀਆਂ-ਭੈਣਾਂ ਜਿਨ੍ਹਾਂ ਨੂੰ ਉਹ ਇਥੋ ਜ਼ਬਰੀ ਚੁੱਕ ਕੇ ਲੈ ਜਾਂਦੇ ਸਨ ਅਤੇ ਗਜਨੀ ਦੇ ਬਜਾਰ ਵਿਚ ਵੇਚ ਦਿੰਦੇ ਸਨ, ਉਨ੍ਹਾਂ ਬੀਬੀਆਂ ਨੂੰ ਮੁਗਲਾਂ ਕੋਲੋ ਛੁਡਵਾਕੇ ਬਾਇੱਜ਼ਤ ਉਨ੍ਹਾਂ ਦੇ ਘਰੋ-ਘਰੀ ਪਹੁੰਚਾਉਦੇ ਰਹੇ ਹਨ । ਅੱਜ ਉਹ ਹੁਕਮਰਾਨ ਸਾਡੀਆਂ ਬੀਬੀਆਂ ਨਾਲ ਕਿਸ ਤਰ੍ਹਾਂ ਸਮਾਜਿਕ, ਇਖਲਾਕੀ ਤੌਰ ਤੇ ਤਸੱਦਦ-ਜੁਲਮ ਕਰਦੇ ਹਨ । ਉਸਦੀ ਪ੍ਰਤੱਖ ਮਿਸਾਲ ਇਹ ਹੈ ਕਿ ਜਿਸ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਸੇ ਤਰ੍ਹਾਂ ਦਾ ਕੋਈ ਕਾਨੂੰਨ ਨਹੀ ਤੋੜਿਆ, ਕਿਸੇ ਕੌਮ, ਧਰਮ, ਫਿਰਕੇ, ਕਬੀਲੇ ਆਦਿ ਵਿਰੁੱਧ ਕੋਈ ਨਫਰਤ ਪੈਦਾ ਨਹੀ ਕੀਤੀ । ਬਲਕਿ ਪੰਜਾਬੀਆਂ ਤੇ ਸਿੱਖ ਕੌਮ ਨੂੰ ਨਸ਼ੀਲੀਆਂ ਵਸਤਾਂ ਦੇ ਸੇਵਨ ਤੋ ਦੂਰ ਰੱਖਣ ਤੇ ਸਿੱਖ ਧਰਮ ਦੇ ਮਨੁੱਖਤਾ ਪੱਖੀ ਅਸੂਲਾਂ ਤੇ ਅਮਲਾਂ ਨਾਲ ਜੋੜਨ ਲਈ ਬਾਦਲੀਲ ਢੰਗ ਨਾਲ ਗੁਰਬਾਣੀ ਤੇ ਅਧਾਰਿਤ ਪ੍ਰਚਾਰ ਕਰਦੇ ਸਨ, ਪਹਿਲੇ ਉਨ੍ਹਾਂ ਨੂੰ ਝੂਠੇ ਕੇਸਾਂ ਵਿਚ ਫਸਾਕੇ ਅਤੇ ਵੱਡੀ ਗਿਣਤੀ ਵਿਚ ਪੰਜਾਬ ਪੁਲਿਸ ਤੇ ਅਰਧ ਸੈਨਿਕ ਬਲਾਂ ਨੂੰ ਉਨ੍ਹਾਂ ਦੇ ਮਗਰ ਗ੍ਰਿਫਤਾਰ ਕਰਨ ਲਈ ਵੱਡਾ ਹਊਆ ਬਣਾਕੇ ਐਨ.ਐਸ.ਏ. ਵਰਗਾਂ ਜਾਲਮ ਕਾਨੂੰਨ ਲਾਗੂ ਕਰਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦੀ ਬਣਾ ਦਿੱਤਾ ਗਿਆ । ਹੁਣ ਉਨ੍ਹਾਂ ਦੀ ਧਰਮ ਸਪਤਨੀ ਬੀਬੀ ਕਿਰਨਦੀਪ ਕੌਰ ਜੋ ਬਰਤਾਨੀਆ ਦੇ ਜੰਮਪਲ੍ਹ ਹਨ ਅਤੇ ਬਹੁਤ ਹੀ ਅੱਛੇ ਮਾਹੌਲ ਤੇ ਸਲੀਕੇ ਵਿਚ ਪਲੇ ਹਨ । ਜਿਨ੍ਹਾਂ ਨੇ ਬਰਤਾਨੀਆ ਦੀ ਧਰਤੀ ਤੇ ਜਨਮ ਲੈਕੇ ਵੀ ਭਾਈ ਅੰਮ੍ਰਿਤਪਾਲ ਸਿੰਘ ਵਰਗੀ ਸਿੱਖ ਸਖਸ਼ੀਅਤ ਨੂੰ ਅਪਣਾਇਆ ਉਨ੍ਹਾਂ ਵੱਲੋ ਹੁਣ ਜਦੋ ਤੀਜੀ ਵਾਰ ਫਿਰ ਆਪਣੇ ਪੇਕੇ ਘਰ ਜਾਣ ਦੀ ਡੂੰਘੀ ਇੱਛਾ ਪ੍ਰਗਟਾਉਦੇ ਹੋਏ ਜਾਣਾ ਚਾਹਿਆ ਤਾਂ ਇਸ ਹਿੰਦੂਤਵ ਮੁਤੱਸਵੀ ਹੁਕਮਰਾਨਾਂ ਨੇ ਉਨ੍ਹਾਂ ਨੂੰ ਜ਼ਬਰੀ ਰੋਕ ਕੇ ਇੰਡੀਅਨ ਵਿਧਾਨ ਅਤੇ ਸਾਡੀਆ ਧਾਰਮਿਕ ਰਹੁ ਰੀਤੀਆ ਦਾ ਘਾਣ ਕੀਤਾ ਹੈ । ਜੋ ਅਤਿ ਸ਼ਰਮਨਾਕ ਅਤੇ ਮਨੁੱਖਤਾ ਵਿਰੋਧੀ ਕਾਰਾ ਹੈ ।”
ਇਹ ਵਿਚਾਰ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਈ ਅੰਮ੍ਰਿਤਪਾਲ ਸਿੰਘ ਮੁੱਖੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਧਰਮ ਸਪਤਨੀ ਬੀਬੀ ਕਿਰਨਦੀਪ ਕੌਰ ਨੂੰ ਪਹਿਲੇ 2 ਵਾਰ ਅਤੇ ਹੁਣ ਤੀਜੀ ਵਾਰ ਫਿਰ ਆਪਣੀ ਜਨਮ ਭੂਮੀ ਬਰਤਾਨੀਆ ਜਾਣ ਤੋ ਰੋਕਣ ਦੇ ਅਮਲਾਂ ਨੂੰ ਸਿੱਖ ਕੌਮ ਪ੍ਰਤੀ ਵੱਡੀ ਨਫਰਤ ਕਰਾਰ ਦਿੰਦੇ ਹੋਏ ਅਤੇ ਬੀਬੀਆਂ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ‘ਸੋ ਕਿਉ ਮੰਦਾ ਆਖਿਐ, ਜਿਤੁ ਜੰਮੈ ਰਾਜਾਨ’ ਦੇ ਮਹਾਨ ਸ਼ਬਦਾਂ ਰਾਹੀ ਮਰਦ ਤੋ ਵੀ ਉਪਰ ਸਤਿਕਾਰ ਦਿੱਤਾ ਹੈ ਅਤੇ ਜਿਨ੍ਹਾਂ ਨੂੰ ਵੱਡੇ-ਵੱਡੇ ਸੂਰਵੀਰ, ਯੋਧੇ, ਮਹਾਬਲੀਆ ਨੂੰ ਜਨਮ ਦਿੱਤਾ ਹੈ, ਉਸ ਔਰਤ ਵਰਗ ਦਾ ਅਪਮਾਨ ਕਰਨ ਅਤੇ ਜ਼ਲੀਲ ਕਰਨ ਦੀਆਂ ਕਾਰਵਾਈਆ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਬੇਸੱਕ ਆਪਣੇ ਕੌਮੀ ਦੁਸਮਣਾਂ ਨਾਲ ਸਿੰਝਦਾ ਆਇਆ ਹੈ ਅਤੇ ਸਿੰਝਦਾ ਰਹੇਗਾ । ਲੇਕਿਨ ਬੀਤੇ ਸਮੇ ਦਾ ਸਿੱਖ ਇਤਿਹਾਸ ਇਸ ਗੱਲ ਨੂੰ ਪ੍ਰਤੱਖ ਕਰਦਾ ਹੈ ਕਿ ਕਦੀ ਵੀ ਕਿਸੇ ਵੀ ਸਿੱਖ ਜਰਨੈਲ ਜਾਂ ਸਿੱਖ ਨੇ ਕਿਸੇ ਦੂਸਰੇ ਧਰਮ ਜਾਂ ਦੁਸਮਣ ਵਰਗ ਦੇ ਔਰਤ ਨਾਲ ਨਾ ਤਾਂ ਕਦੇ ਬਦਸਲੂਕੀ ਕੀਤੀ ਹੈ ਅਤੇ ਨਾ ਹੀ ਕਦੀ ਉਸਦਾ ਅਪਮਾਨ ਕੀਤਾ ਹੈ । ਬਲਕਿ ਉਸਦੀ ਵੀ ਆਪਣੀਆ ਧਾਰਮਿਕ ਲੀਹਾਂ ਉਤੇ ਰੱਖਿਆ ਕਰਨ ਤੇ ਇੱਜਤ ਦੇਣ ਨੂੰ ਆਪਣਾ ਫਰਜ ਸਮਝਦਾ ਆ ਰਿਹਾ ਹੈ । ਪਰ ਇੰਡੀਆ ਦੇ ਹੁਕਮਰਾਨ ਗੈਰ ਇਨਸਾਨੀ ਅਤੇ ਗੈਰ ਧਾਰਮਿਕ ਅਮਲ ਕਰਕੇ ਬੀਬੀ ਕਿਰਨਦੀਪ ਕੌਰ ਨੂੰ ਵਾਰ-ਵਾਰ ਬਰਤਾਨੀਆ ਜਾਣ ਤੋ ਰੋਕ ਕੇ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਪ੍ਰਤੀ ਨਫਰਤ, ਈਰਖਾ ਦਵੈਤ ਨੂੰ ਹੀ ਪ੍ਰਤੱਖ ਕਰ ਰਹੇ ਹਨ । ਜਿਸ ਨਾਲ ਕੌਮਾਂਤਰੀ ਪੱਧਰ ਤੇ ਇੰਡੀਅਨ ਹੁਕਮਰਾਨਾਂ ਦਾ ਚੇਹਰਾ ਪਹਿਲੇ ਨਾਲੋ ਵੀ ਵੱਡਾ ਦਾਗੋ ਦਾਗ ਹੋ ਰਿਹਾ ਹੈ । ਉਨ੍ਹਾਂ ਮੰਗ ਕੀਤੀ ਕਿ ਬੀਬੀ ਕਿਰਨਦੀਪ ਕੌਰ ਨੂੰ ਆਪਣੀ ਜਨਮ ਭੂਮੀ ਬਰਤਾਨੀਆ ਜਾਣ ਦੀ ਫੌਰੀ ਇਜਾਜਤ ਦਿੱਤੀ ਜਾਵੇ । ਸਿੱਖ ਕੌਮ ਨਾਲ ਇਹ ਨਵੀ ਭਾਜੀ ਨਾ ਪਾਈ ਜਾਵੇ ।