ਨਸਿ਼ਆਂ ਵਿਰੁੱਧ ਜਨਤਕ ਤੌਰ ਤੇ ਸਰਗਰਮ ਸ. ਪਰਮਿੰਦਰ ਸਿੰਘ ਝੌਟਾ ਨੂੰ ਗ੍ਰਿਫਤਾਰ ਕਰਕੇ ਕੀ ਪੰਜਾਬ ਸਰਕਾਰ ਨਸਿ਼ਆਂ ਦੇ ਸੌਦਾਗਰਾਂ ਦੀ ਪਿੱਠ ਨਹੀਂ ਪੂਰ ਰਹੀ ? : ਟਿਵਾਣਾ
ਫ਼ਤਹਿਗੜ੍ਹ ਸਾਹਿਬ, 17 ਜੁਲਾਈ ( ) “ਸਰਕਾਰ ਵੱਲੋ ਚਲਾਈ ਜਾਣ ਵਾਲੀ ਕੋਈ ਵੀ ਸਮਾਜ, ਕੌਮ ਅਤੇ ਮੁਲਕ ਦੇ ਹੱਕ ਵਿਚ ਮੁਹਿੰਮ ਉਸ ਸਮੇ ਤੱਕ ਕਾਮਯਾਬ ਨਹੀ ਹੋ ਸਕਦੀ, ਜਦੋ ਤੱਕ ਉਸ ਸਟੇਟ ਜਾਂ ਸੂਬੇ ਦੇ ਨਿਵਾਸੀ ਉਸ ਸਰਕਾਰੀ ਸੋਚ ਤੇ ਯੋਜਨਾ ਨੂੰ ਸਮਝਕੇ ਇਖਲਾਕੀ ਤੇ ਸਮਾਜਿਕ ਤੌਰ ਤੇ ਉਸ ਲਹਿਰ ਵਿਚ ਯੋਗਦਾਨ ਨਹੀ ਪਾਉਦੀ । ਅੱਜ ਜਦੋ ਪੰਜਾਬ ਦੀ ਹਰ ਮਾਂ, ਧੀ-ਭੈਣ, ਸੁਹਾਗਣ ਨੌਜਵਾਨਾਂ ਵਿਚ ਵੱਧਦੇ ਜਾ ਰਹੇ ਨਸਿਆ ਦੇ ਸੇਵਨ ਦੇ ਮੰਦਭਾਗੇ ਰੁਝਾਨ ਤੋ ਪੀੜ੍ਹਤ ਹੈ ਅਤੇ ਪੰਜਾਬ ਦੇ ਸਮਾਜ ਪੱਖੀ ਮਹਾਨ ਵਿਰਸੇ-ਵਿਰਾਸਤ ਉਤੇ ਅਜਿਹੀਆ ਤਾਕਤਾਂ ਹਮਲੇ ਕਰ ਰਹੀਆ ਹਨ । ਨਸੇ ਦੇ ਸੌਦਾਗਰ ਸਰਕਾਰੀ ਅਤੇ ਰਿਸਵਤਖੋਰ ਅਫਸਰਸਾਹੀ ਦੀ ਮਿਲੀਭੁਗਤ ਨਾਲ ਆਪਣੇ ਕਾਰੋਬਾਰਾਂ ਨੂੰ ਬਿਨ੍ਹਾਂ ਕਿਸੇ ਡਰ-ਭੈ ਤੋ ਵਧਾ ਰਹੇ ਹਨ ਤਾਂ ਫਿਰ ਭਾਈ ਅੰਮ੍ਰਿਤਪਾਲ ਸਿੰਘ ਵਰਗੀਆਂ ਸਖਸੀਅਤਾਂ ਜਾਂ ਪਰਮਿੰਦਰ ਸਿੰਘ ਝੌਟੇ ਵਰਗਾ ਪੰਜਾਬ ਸੂਬੇ ਤੇ ਪੰਜਾਬੀਆ ਦਾ ਦਰਦ ਰੱਖਣ ਵਾਲਾ ਕੋਈ ਨੌਜਵਾਨ ਨਸਿਆ ਦੇ ਸੇਵਨ ਵਿਰੁੱਧ ਬਾਦਲੀਲ ਢੰਗ ਨਾਲ ਪ੍ਰਚਾਰ ਕਰਦੇ ਹੋਏ ਲੋਕ ਲਹਿਰ ਨੂੰ ਮਜਬੂਤ ਕਰ ਰਿਹਾ ਹੋਵੇ, ਫਿਰ ਸਰਕਾਰ ਤੇ ਪੁਲਿਸ ਵੱਲੋ ਅਜਿਹੀ ਸ਼ਕਤੀ ਜਾਂ ਅਜਿਹੇ ਸਖਸ ਨੂੰ ਗ੍ਰਿਫਤਾਰ ਕਰਨ ਪਿੱਛੇ ਹੁਕਮਰਾਨਾਂ ਦਾ ਕੀ ਗੁੱਝਾ ਮਕਸਦ ਹੈ ? ਇਹ ਬਹੁਤ ਹੀ ਅਫਸੋਸਨਾਕ ਅਤੇ ਪੰਜਾਬ ਵਿਚ ਨਸਿਆ ਦੇ ਸੌਦਾਗਰਾਂ ਦੀ ਪਿੱਠ ਪੂਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ, ਪੰਜਾਬ ਸਰਕਾਰ, ਪੰਜਾਬ ਦੀ ਗੁਰੂਆਂ, ਪੀਰਾਂ, ਫਕੀਰਾਂ, ਦਰਵੇਸ਼ਾਂ ਦੀ ਪਵਿੱਤਰ ਧਰਤੀ ਉਤੇ ਅਜਿਹੇ ਦੁੱਖਦਾਇਕ ਅਮਲ ਕਰਕੇ ਕੀ ਸੰਦੇਸ਼ ਦੇਣਾ ਚਾਹੁੰਦੀ ਹੈ ? ਉਸਦਾ ਜਨਤਕ ਤੌਰ ਤੇ ਖੁਲਾਸਾ ਕੀਤਾ ਜਾਵੇ ਜਾਂ ਫਿਰ ਸ. ਪਰਮਿੰਦਰ ਸਿੰਘ ਝੌਟੇ ਵਰਗੇ ਸਮਾਜਿਕ ਬੁਰਾਈਆ ਵਿਰੁੱਧ ਆਪਣੀ ਜਾਨ ਨੂੰ ਜੌਖਮ ਵਿਚ ਪਾ ਕੇ ਲੜਨ ਵਾਲੇ ਨੂੰ ਬਿਨ੍ਹਾਂ ਸ਼ਰਤ ਰਿਹਾਅ ਕਰਕੇ ਨਸਿਆ ਵਿਰੁੱਧ ਚੱਲ ਰਹੀ ਮੁਹਿੰਮ ਨੂੰ ਮਜਬੂਤ ਕੀਤਾ ਜਾਵੇ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਪਰਮਿੰਦਰ ਸਿੰਘ ਝੋਟਾ ਦੇ ਸਮਾਜ ਪੱਖੀ ਮਕਸਦ ਲਈ ਕੀਤੇ ਜਾ ਰਹੇ ਸੰਘਰਸ਼ ਵਿਚ ਪੰਜਾਬ ਸਰਕਾਰ ਤੇ ਪੁਲਿਸ ਵੱਲੋ ਰੁਕਾਵਟ ਪਾਉਣ ਅਤੇ ਚੰਗੇ ਉਦਮ ਕਰਨ ਵਾਲੀਆ ਸਖਸ਼ੀਅਤਾਂ ਨੂੰ ਕਦੀ ਡਿਬਰੂਗੜ੍ਹ ਜੇਲ ਵਿਚ ਬੰਦੀ ਬਣਾਉਣ ਜਾਂ ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦੀ ਬਣਾਉਣ ਦੀਆਂ ਗੈਰ ਕਾਨੂੰਨੀ ਅਤੇ ਇਨਸਾਨੀਅਤ ਵਿਰੋਧੀ ਕਾਰਵਾਈਆ ਦੀ ਸਖਤ ਸਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਪੰਜਾਬ ਦੇ ਸਮੁੱਚੇ ਨਿਵਾਸੀਆ ਨੂੰ ਸੰਜੀਦਾ ਤੌਰ ਤੇ ਅਪੀਲ ਕਰਦੇ ਹੋਏ ਕਿਹਾ ਕਿ ਜਦੋ ਸੈਟਰ ਅਤੇ ਪੰਜਾਬ ਦੇ ਹੁਕਮਰਾਨ ਬੀਜੇਪੀ-ਆਰ.ਐਸ.ਐਸ, ਉਸਦੀ ਬੀ-ਟੀਮ ਤੌਰ ਤੇ ਵਿਚਰ ਰਹੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਸਮਾਜਿਕ ਉਦਮ ਕਰਨ ਵਾਲੀਆ ਨਿੱਡਰ ਸਖਸੀਅਤਾਂ ਨੂੰ ਸਲਾਖਾਂ ਪਿੱਛੇ ਜ਼ਬਰੀ ਬੰਦ ਕਰਕੇ, ਉਨ੍ਹਾਂ ਸਮੱਗਲਰਾਂ, ਨਸਿਆ ਦੇ ਵਪਾਰੀਆ, ਚੋਰਬਜਾਰਾਂ ਜਾਂ ਹੋਰ ਗੈਰ ਸਮਾਜਿਕ ਕਾਰਵਾਈਆ ਕਰਨ ਵਾਲਿਆ ਦੀ ਸਰਪ੍ਰਸਤੀ ਕਰ ਰਹੀਆ ਹਨ, ਤਾਂ ਹਰ ਪੰਜਾਬ ਦੇ ਨਿਵਾਸੀ ਨੂੰ ਚਾਹੀਦਾ ਹੈ ਕਿ ਉਹ ਆਪਣੀ ਇਖਲਾਕੀ ਆਵਾਜ ਨੂੰ ਬੁਲੰਦ ਕਰਦੇ ਹੋਏ ਭਾਈ ਅੰਮ੍ਰਿਤਪਾਲ ਸਿੰਘ ਅਤੇ ਪਰਮਿੰਦਰ ਸਿੰਘ ਝੌਟੇ ਵਰਗੀਆ ਆਤਮਾਵਾ ਅਤੇ ਸੰਗਠਨਾਂ ਦਾ ਬਿਨ੍ਹਾਂ ਕਿਸੇ ਡਰ-ਭੈ ਤੋ ਸਾਥ ਦੇ ਕੇ ਪੰਜਾਬ ਦੇ ਮਹਾਨ ਵਿਰਸੇ ਵਿਰਾਸਤ ਨੂੰ ਕਾਇਮ ਰੱਖਣ ਵਿਚ ਯੋਗਦਾਨ ਪਾਉਣ । ਤਾਂ ਕਿ ਜੋ ਹੁਕਮਰਾਨ ਅਤੇ ਪੰਥ ਤੇ ਪੰਜਾਬ ਵਿਰੋਧੀ ਜਮਾਤਾਂ ਪੰਜਾਬ ਨੂੰ ਫਿਰ ਤੋ ਲਹੂ ਲੁਹਾਣ ਕਰਨ ਅਤੇ ਇਥੋ ਦੀ ਨੌਜਵਾਨੀ ਨੂੰ ਨਸਿਆ ਤੇ ਹੋਰ ਸਮਾਜਿਕ ਬੁਰਾਈਆ ਵਿਚ ਗਲਤਾਨ ਕਰਨ ਵਿਚ ਮਸਰੂਫ ਹਨ, ਉਨ੍ਹਾਂ ਨੂੰ ਆਪਣੇ ਮਨੁੱਖਤਾ ਪੱਖੀ ਅਤੇ ਸਰਬੱਤ ਦੇ ਭਲੇ ਪੱਖੀ ਮਿਸਨ ਰਾਹੀ ਸੰਦੇਸ਼ ਦਿੱਤਾ ਜਾ ਸਕੇ ਕਿ ਕੋਈ ਵੀ ਵੱਡੀ ਤੋ ਵੱਡੀ ਤਾਕਤ ਪੰਜਾਬੀਆਂ ਤੇ ਸਿੱਖ ਕੌਮ ਨੂੰ ਮਨੁੱਖਤਾ ਪੱਖੀ ਨੇਕ ਉਦਮਾਂ ਦੇ ਰਾਹ ਵਿਚ ਰੋੜਾ ਨਹੀ ਬਣ ਸਕਦੀ ਅਤੇ ਅਸੀ ਹਰ ਕੀਮਤ ਤੇ ਪੰਜਾਬ ਦੇ ਮਹਾਨ ਵਿਰਸੇ ਅਤੇ ਵਿਰਾਸਤ ਨੂੰ ਕਾਇਮ ਰੱਖਾਂਗੇ ।