ਚੰਡੀਗੜ੍ਹ ਜੋ ਪੰਜਾਬ ਸੂਬੇ ਦੀ ਮਲਕੀਅਤ ਹੈ, ਸੈਂਟਰ ਦੇ ਹੁਕਮਰਾਨ ਉਸ ਵਿਚ ਹਰਿਆਣੇ ਨੂੰ ਥਾਂ ਦੇਣ ਦਾ ਮਾਰੂ ਰੇੜਕਾ ਨਾ ਪਾਉਣ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 15 ਜੁਲਾਈ ( ) “ਚੰਡੀਗੜ੍ਹ ਦੀ ਰਾਜਧਾਨੀ ਪੰਜਾਬੀਆਂ ਨੂੰ ਉਜਾੜਕੇ ਬਣਾਈ ਗਈ ਸੀ, ਜਿਸ ਉਤੇ ਪਹਿਲੇ ਵੀ ਅਤੇ ਅੱਜ ਵੀ ਕਾਨੂੰਨੀ ਮਲਕੀਅਤ ਦਾ ਹੱਕ ਪੰਜਾਬ ਸੂਬੇ ਦਾ ਹੈ । ਜੋ ਸੈਟਰ ਦੇ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਹੁਕਮਰਾਨ ਚੰਡੀਗੜ੍ਹ ਦੀ ਧਰਤੀ ਵਿਚੋ 10 ਏਕੜ ਸਥਾਂਨ ਹਰਿਆਣੇ ਨੂੰ ਦੇ ਕੇ ਉਥੇ ਹਰਿਆਣੇ ਦੀ ਅਸੈਬਲੀ ਬਣਾਉਣ ਦੀ ਬਜਰ ਗੁਸਤਾਖੀ ਕਰਨ ਦੀ ਕੋਸਿ਼ਸ਼ ਕਰ ਰਹੇ ਹਨ, ਉਨ੍ਹਾਂ ਨੂੰ ਐਸ.ਵਾਈ.ਐਲ. ਨਹਿਰ ਨੂੰ ਜ਼ਬਰੀ ਕੱਢਣ ਦੇ ਬੀਤੇ ਸਮੇ ਦੇ ਲਹੂ-ਲੁਹਾਣ ਵਹਾਉਣ ਵਾਲੇ ਮਾਰੂ ਨਤੀਜਿਆ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਦੇ ਸੋਮਿਆ ਨੂੰ ਜ਼ਬਰੀ ਦੂਜੇ ਸੂਬਿਆਂ ਨੂੰ ਦੇਣ ਦੇ ਅਮਲਾਂ ਨੇ ਹੀ ਢਾਈ ਦਹਾਕੇ ਤੱਕ ਪੰਜਾਬ ਤੇ ਇੰਡੀਆਂ ਦੇ ਮਾਹੌਲ ਨੂੰ ਅਤਿ ਵਿਸਫੋਟਕ ਬਣਾਇਆ ਸੀ । ਜਿਸ ਵਿਚ ਸੈਟਰ ਦੇ ਹੁਕਮਰਾਨਾਂ ਦੀ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਸੋਚ ਜਿੰਮੇਵਾਰ ਸੀ । ਇਸ ਲਈ ਜੇਕਰ ਸੈਟਰ ਦੇ ਮੌਜੂਦਾ ਹੁਕਮਰਾਨ ਬੀਤੇ ਸਮੇ ਦੀਆਂ ਸੈਟਰ ਵੱਲੋ ਕੀਤੀਆ ਗੁਸਤਾਖੀਆ ਅਤੇ ਗੈਰ ਵਿਧਾਨਿਕ ਕਾਰਵਾਈਆ ਜਿਨ੍ਹਾਂ ਦੀ ਬਦੌਲਤ ਇਥੋ ਦੀ ਜਮਹੂਰੀਅਤ ਅਤੇ ਅਮਨ ਭੰਗ ਕੀਤਾ ਗਿਆ ਸੀ, ਉਸਨੂੰ ਮੁੱਖ ਰੱਖਕੇ ਫਿਰ ਤੋ ਅਜਿਹੀ ਗੁਸਤਾਖੀ ਨਾ ਕਰਨ ਤਾਂ ਕਿ ਸਮੁੱਚੇ ਇੰਡੀਆ ਅਤੇ ਇਥੇ ਵੱਸਣ ਵਾਲੇ ਨਿਵਾਸੀਆ ਦੇ ਅਮਨ ਚੈਨ ਨੂੰ ਕਾਇਮ ਰੱਖਣ ਲਈ ਬਿਹਤਰ ਹੋਵੇਗਾ ਵਰਨਾ ਇਸਦੇ ਭਿਆਨਕ ਨਤੀਜਿਆ ਲਈ ਬੀਤੇ ਸਮੇ ਦੇ ਸੈਟਰ ਦੇ ਕਾਂਗਰਸ ਦੇ ਹੁਕਮਰਾਨਾਂ ਦੀ ਤਰ੍ਹਾਂ ਮੌਜੂਦਾ ਬੀਜੇਪੀ-ਆਰ.ਐਸ.ਐਸ ਦੇ ਹੁਕਮਰਾਨ ਵੀ ਇਤਿਹਾਸ ਦੀਆਂ ਕਿਤਾਬਾਂ ਵਿਚ ਅਤੇ ਸਿੱਖ ਕੌਮ ਦੀ ਨਜਰ ਵਿਚ ਕਾਲੇ ਧੱਬਿਆਂ ਦੇ ਨਾਲ-ਨਾਲ ਦੋਸ਼ੀ ਠਹਿਰਾਏ ਜਾਣਗੇ । ਜਿਨ੍ਹਾਂ ਨੂੰ ਪੰਜਾਬੀ ਅਤੇ ਸਿੱਖ ਕੌਮ ਕਤਈ ਮੁਆਫ਼ ਨਹੀ ਕਰ ਸਕੇਗੀ । ਕਿਉਂਕਿ ਸਿੱਖ ਕੌਮ ਨਾ ਤਾਂ ਆਪਣੇ ਦੁਸ਼ਮਣਾਂ ਨੂੰ ਮੁਆਫ਼ ਕਰਦੀ ਹੈ ਅਤੇ ਨਾ ਹੀ ਕਦੇ ਭੁੱਲਦੀ ਹੈ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵੱਡੀ ਹੱਦ ਤੱਕ ਹੁਣ ਹੱਸਦੇ-ਵੱਸਦੇ ਪੰਜਾਬ ਸੂਬੇ ਅਤੇ ਉਨ੍ਹਾਂ ਦੇ ਨਿਵਾਸੀਆਂ ਦੀਆਂ ਜਿੰਦਗਾਨੀਆਂ ਨੂੰ ਫਿਰ ਤੋ ਖਤਰੇ ਵਿਚ ਪਾਉਣ, ਪੰਜਾਬ ਦੀ ਮਲਕੀਅਤ ਚੰਡੀਗੜ੍ਹ ਵਿਚੋ 10 ਏਕੜ ਦੀ ਜਮੀਨ ਜ਼ਬਰੀ ਮਰਹੂਮ ਇੰਦਰਾ ਗਾਂਧੀ ਦੀ ਤਰ੍ਹਾਂ ਪਾਣੀਆਂ ਅਤੇ ਪੰਜਾਬੀ ਬੋਲਦੇ ਇਲਾਕਿਆ ਨੂੰ ਖੋਹਣ ਦੀ ਤਰ੍ਹਾਂ ਕੀਤੀ ਜਾ ਰਹੀ ਗੈਰ ਵਿਧਾਨਿਕ ਤੇ ਪੰਜਾਬੀਆਂ ਦੀ ਅਣਖ ਨੂੰ ਵੰਗਾਰਣ ਵਾਲੀ ਹਕੂਮਤੀ ਕਾਰਵਾਈ ਤੋਂ ਸੈਂਟਰ ਦੇ ਹੁਕਮਰਾਨਾਂ ਨੂੰ ਅਤੇ ਪੰਜਾਬ ਵਿਚ ਅਮਨ ਚੈਨ ਨੂੰ ਸਥਾਈ ਤੌਰ ਤੇ ਕਾਇਮ ਰੱਖਣ ਦੀ ਚਾਹਨਾ ਰੱਖਣ ਵਾਲੀਆ ਸਖਸ਼ੀਅਤਾਂ ਨੂੰ ਇਸ ਹੋਣ ਜਾ ਰਹੇ ਅਤਿ ਵਿਸਫੋਟਕ ਅਮਲ ਤੋ ਸੁਚੇਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਤੋ ਇੰਡੀਆ ਅੰਗਰੇਜ਼ਾਂ ਤੋ ਆਜਾਦ ਹੋਇਆ ਹੈ ਅਤੇ ਜਿਸ ਆਜਾਦੀ ਨੂੰ ਪ੍ਰਾਪਤ ਕਰਨ ਲਈ ਪੰਜਾਬੀਆਂ ਤੇ ਸਿੱਖਾਂ ਨੇ ਹਰ ਖੇਤਰ ਵਿਚ 90% ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆ ਹਨ ਤਾਂ ਇੰਡੀਆ ਦੇ ਰਾਜ ਭਾਗ ਉਤੇ ਪ੍ਰਬੰਧ ਕਰਨ ਵਾਲੀਆ ਹੁਣ ਤੱਕ ਦੀਆਂ ਹਿੰਦੂਤਵ ਜਮਾਤਾਂ ਨੇ ਪੰਜਾਬ, ਪੰਜਾਬੀਆਂ, ਪੰਜਾਬ ਸੂਬੇ ਤੇ ਸਿੱਖ ਕੌਮ ਨਾਲ ਹਰ ਖੇਤਰ ਵਿਚ ਧ੍ਰੋਹ ਕਮਾਇਆ ਹੈ ਅਤੇ ਜ਼ਬਰ ਜੁਲਮ ਕਰਦੇ ਆ ਰਹੇ ਹਨ । ਜਿਸਦਾ ਵੱਡਾ ਰੋਹ ਪਹਿਲੋ ਹੀ ਪੰਜਾਬੀਆਂ ਤੇ ਸਿੱਖ ਕੌਮ ਦੇ ਮਨਾਂ ਵਿਚ ਹੈ । ਕਿਉਂਕਿ ਰੀਪੇਰੀਅਨ ਕਾਨੂੰਨ ਅਨੁਸਾਰ ਦਰਿਆਵਾ, ਨਹਿਰਾਂ ਦੇ ਪਾਣੀਆਂ, ਬੋਲੀ ਦੇ ਆਧਾਰ ਤੇ ਪੰਜਾਬ ਦੇ ਇਲਾਕਿਆ, ਬਿਜਲੀ ਪੈਦਾ ਕਰਨ ਵਾਲੇ ਪੰਜਾਬ ਦੇ ਹੈੱਡਵਰਕਸ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜਿਨ੍ਹਾਂ ਉਤੇ ਕਾਨੂੰਨਣ ਅਤੇ ਮਲਕੀਅਤ ਤੌਰ ਤੇ ਪੂਰਨ ਰੂਪ ਵਿਚ ਪੰਜਾਬ ਦਾ ਕੰਟਰੋਲ ਹੋਣਾ ਚਾਹੀਦਾ ਹੈ, ਹੁਕਮਰਾਨਾਂ ਨੇ ਇਨ੍ਹਾਂ ਨੂੰ ਜ਼ਬਰੀ ਆਪਣੇ ਅਧੀਨ ਰੱਖਕੇ ਅਤੇ ਬੇਇਨਸਾਫ਼ੀਆਂ ਕਰਕੇ ਪੰਜਾਬੀਆਂ ਤੇ ਸਿੱਖ ਕੌਮ ਦੇ ਰੋਹ ਨੂੰ ਪ੍ਰਚੰਡ ਕਰਨ ਦੀ ਗੁਸਤਾਖੀ ਕੀਤੀ ਹੈ । ਜੇਕਰ ਹੁਣ ਫਿਰ ਚੰਡੀਗੜ੍ਹ ਦੀ ਮਲਕੀਅਤ ਜਮੀਨ ਨੂੰ ਜ਼ਬਰੀ ਖੋਹਣ ਦੀ ਕੋਸਿ਼ਸ਼ ਕੀਤੀ ਗਈ, ਪੰਜਾਬੀਆਂ ਤੇ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਨਜਰ ਅੰਦਾਜ ਕੀਤਾ ਗਿਆ ਤਾਂ ਇਸਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਮੌਜੂਦਾ ਸੈਟਰ ਦੀ ਮੋਦੀ ਮੁਤੱਸਵੀ ਹਕੂਮਤ ਅਤੇ ਉਹ ਫਿਰਕੂ ਜਮਾਤਾਂ ਤੇ ਸਿਆਸਤਦਾਨ ਹੋਣਗੇ ਜੋ ਆਪਣੇ ਮਾਲੀ, ਪਰਿਵਾਰਿਕ, ਰਾਜਨੀਤਿਕ ਸਵਾਰਥਾਂ ਦੀ ਪੂਰਤੀ ਲਈ ਵਾਰ-ਵਾਰ ਪੰਜਾਬ ਨੂੰ ਅਜਿਹੀਆ ਖਤਰਨਾਕ ਖੇਡਾਂ ਦੀ ਪ੍ਰਯੋਗਸਾਲਾਂ ਬਣਾਕੇ ਕੇਵਲ ਪੰਜਾਬ ਦੇ ਅਮਨਮਈ ਮਾਹੌਲ ਨੂੰ ਹੀ ਅੱਗ ਨਹੀ ਲਗਾ ਰਹੇ ਬਲਕਿ ਸਮੁੱਚੇ ਮੁਲਕ ਦੇ ਅਮਨ ਚੈਨ ਤੇ ਜਮਹੂਰੀਅਤ ਨੂੰ ਭਾਂਬੜ ਬਣਾਉਣ ਦੀ ਗੁਸਤਾਖੀ ਕਰਨਗੇ । ਇਸ ਲਈ ਹੁਕਮਰਾਨਾਂ ਲਈ ਇਹ ਬਿਹਤਰ ਹੋਵੇਗਾ ਕਿ ਉਹ ਚੰਡੀਗੜ੍ਹ ਵਿਚੋ ਹਰਿਆਣੇ ਨੂੰ ਜ਼ਬਰੀ ਤਾਕਤ ਦੇ ਜੋਰ ਨਾਲ ਥਾਂ ਦੇਣ ਦੀ ਬਿਲਕੁਲ ਵੀ ਗਲਤੀ ਨਾ ਕਰਨ ਬਲਕਿ ਸਮੁੱਚੇ ਇੰਡੀਅਨ ਨਿਵਾਸੀਆ ਦੇ ਅਮਨ ਚੈਨ ਤੇ ਜਮਹੂਰੀਅਤ ਨੂੰ ਕਾਇਮ ਰੱਖਣ ਵਿਚ ਯੋਗਦਾਨ ਪਾਉਣ ।