ਸ੍ਰੀ ਮੋਦੀ ਦੀ ਫ਼ਰਾਂਸ ਯਾਤਰਾ ਸਮੇਂ ਅਸੀ ਉਥੇ ਦਸਤਾਰ ਉਤੇ ਲਗਾਈ ਪਾਬੰਦੀ ਨੂੰ ਖਤਮ ਕਰਵਾਉਣ ਦੀ ਬੇਨਤੀ ਕੀਤੀ ਸੀ, ਪਰ ਕੋਈ ਵੀ ਗੱਲ ਨਾ ਕਰਨਾ ਅਤਿ ਅਫਸੋਸਨਾਕ : ਮਾਨ

ਫ਼ਤਹਿਗੜ੍ਹ ਸਾਹਿਬ, 15 ਜੁਲਾਈ ( ) “ਦਸਤਾਰ ਸਿੱਖ ਕੌਮ ਦੀ ਉਹ ਆਨ-ਸਾਨ ਦੀ ਪ੍ਰਤੀਕ ਹੈ ਜਿਸਨੂੰ ਗੁਰੂ ਸਾਹਿਬਾਨ ਨੇ ਕੌਮ ਨੂੰ ਰਹਿਤ-ਮਰਿਯਾਦਾ ਅਨੁਸਾਰ ਬਖਸਿ਼ਸ਼ ਕੀਤੀ ਹੈ । ਲੇਕਿਨ ਫ਼ਰਾਂਸ ਸਰਕਾਰ ਨੇ ਫ਼ਰਾਂਸ ਵਿਚ ਵੱਸਣ ਵਾਲੇ ਸਿੱਖਾਂ ਨੂੰ ਆਪਣੀ ਇਸ ਆਨ-ਸਾਨ ਦੀ ਪ੍ਰਤੀਕ ਦਸਤਾਰ ਪਹਿਨਣ ਉਤੇ ਲੰਮੇ ਸਮੇ ਤੋਂ ਕਾਨੂੰਨੀ ਪਾਬੰਦੀ ਲਗਾਈ ਹੋਈ ਹੈ । ਜਿਸਨੂੰ ਸਿੱਖ ਕੌਮ ਉਸੇ ਸਮੇ ਤੋ ਖਤਮ ਕਰਵਾਉਣ ਲਈ ਹਰ ਪੱਧਰ ਤੇ ਯਤਨਸ਼ੀਲ ਹੈ । ਇਸੇ ਆਸੇ ਨੂੰ ਮੁੱਖ ਰੱਖਕੇ ਸ੍ਰੀ ਮੋਦੀ ਦੀ ਫ਼ਰਾਂਸ ਯਾਤਰਾ ਸਮੇਂ ਅਸੀ ਸਮੁੱਚੀ ਸਿੱਖ ਕੌਮ ਦੇ ਬਿਨ੍ਹਾਂ ਤੇ ਸ੍ਰੀ ਮੋਦੀ ਨੂੰ ਆਪਣੀ ਯਾਤਰਾ ਦੌਰਾਨ ਫ਼ਰਾਂਸ ਦੇ ਪ੍ਰੈਜੀਡੈਟ ਇਮੈਨੁਅਲ ਮੈਕਰੋਨ ਨਾਲ ਗੱਲਬਾਤ ਕਰਕੇ ਇਸ ਪਾਬੰਦੀ ਨੂੰ ਹਟਾਉਣ ਦੀ ਅਤਿ ਗੰਭੀਰ ਬੇਨਤੀ ਕੀਤੀ ਸੀ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਸ੍ਰੀ ਮੋਦੀ ਨੇ ਇੰਡੀਆਂ ਦੇ ਫ਼ਰਾਂਸ ਨਾਲ ਵਪਾਰਕ, ਫ਼ੌਜੀ ਅਤੇ ਹੋਰ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਤਾਂ ਗੱਲ ਕੀਤੀ ਹੈ, ਜੋ ਚੰਗੀ ਗੱਲ ਹੈ ਪਰ ਸਿੱਖ ਕੌਮ ਦੇ ਸਤਿਕਾਰ-ਮਾਣ ਨਾਲ ਸੰਬੰਧਤ ਦਸਤਾਰ ਦੇ ਮੁੱਦੇ ਦੀ ਇਸ ਮੁਲਾਕਾਤ ਦੌਰਾਨ ਕੋਈ ਗੱਲ ਨਾ ਕਰਨਾ ਪ੍ਰਤੱਖ ਕਰਦਾ ਹੈ ਕਿ ਮੋਦੀ ਹਕੂਮਤ ਸਿੱਖ ਕੌਮ ਅਤੇ ਪੰਜਾਬ ਸੂਬੇ ਪ੍ਰਤੀ ਕਿਹੋ ਜਿਹਾ ਦ੍ਰਿਸਟੀਕੋਣ ਰੱਖਦੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਸ ਦਿਸ਼ਾ ਵੱਲ ਕੀ ਅਮਲ ਕਰਨਗੇ ਉਹ ਸਾਫ਼ ਜਾਹਰ ਹੋ ਰਿਹਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਵੱਲੋਂ ਆਪਣੀ ਫ਼ਰਾਂਸ ਯਾਤਰਾ ਦੌਰਾਨ ਸਿੱਖ ਕੌਮ ਦੇ ਅਤਿ ਗੰਭੀਰ ਮੁੱਦੇ ਦਸਤਾਰ ਉਤੇ ਉਥੇ ਲੱਗੀ ਕਾਨੂੰਨੀ ਪਾਬੰਦੀ ਨੂੰ ਖਤਮ ਕਰਵਾਉਣ ਦੀ ਕੀਤੀ ਗਈ ਬੇਨਤੀ ਉਤੇ ਕਿਸੇ ਤਰ੍ਹਾਂ ਦਾ ਸੰਜ਼ੀਦਾ ਅਮਲ ਨਾ ਕਰਨ ਨੂੰ ਅਤਿ ਮੰਦਭਾਗਾ ਅਤੇ ਹੁਕਮਰਾਨਾਂ ਦੀ ਸਿੱਖ ਕੌਮ ਤੇ ਪੰਜਾਬ ਸੂਬੇ ਪ੍ਰਤੀ ਈਰਖਾਲੂ ਸੋਚ ਦੀ ਜੋਰਦਾਰ ਨਿੰਦਾ ਕਰਦੇ ਹੋਏ ਅਤੇ ਪੰਜਾਬ ਸੰਬੰਧੀ ਸੈਂਟਰ ਵੱਲੋ ਅਪਣਾਈ ਗਈ ਨੀਤੀ ‘ਤੇ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਸੀਂ ਡਾ. ਮਨਮੋਹਨ ਸਿੰਘ ਵਜ਼ੀਰ-ਏ-ਆਜਮ ਇੰਡੀਆ ਦੇ ਸਮੇ ਵੀ ਉਨ੍ਹਾਂ ਨੂੰ ਇਹ ਅਪੀਲ ਕੀਤੀ ਸੀ ਕਿ ਸਾਡੇ ਯੂਰਪ ਦੇ ਪ੍ਰਧਾਨ ਸ. ਚੈਨ ਸਿੰਘ ਸ. ਮਨਮੋਹਨ ਸਿੰਘ ਦੀ ਫ਼ਰਾਂਸ ਯਾਤਰਾ ਸਮੇ ਉਨ੍ਹਾਂ ਨੂੰ ਮਿਲਕੇ ਇਸ ਵਿਸੇ ਤੇ ਗੱਲ ਕਰਨਾ ਚਾਹੁੰਦੇ ਹਨ, ਲੇਕਿਨ ਡਾ. ਮਨਮੋਹਨ ਸਿੰਘ ਨੇ ਕੇਵਲ ਇਕ ਸਿੱਖ ਕੌਮ ਦੇ ਮੁੱਦੇ ਦੀ ਗੱਲ ਕਰਕੇ ਉਸ ਸਮੇ ਦੇ ਫ਼ਰਾਂਸ ਦੇ ਪ੍ਰੈਜੀਡੈਟ ਕੋਲ ਇਹ ਗੱਲ ਨਾ ਰੱਖੀ ਬਲਕਿ ਆਪਣੇ ਸੁਰੱਖਿਆ ਸਲਾਹਕਾਰ ਨਾਲ ਮਿਲਣ ਦੀ ਗੱਲ ਕਰਕੇ ਟਾਲਮਟੋਲ ਦੀ ਨੀਤੀ ਹੀ ਅਪਣਾਈ ਜੋ ਕਿ ਇੰਡੀਅਨ ਹੁਕਮਰਾਨਾਂ ਦਾ ਸਿੱਖ ਕੌਮ ਪ੍ਰਤੀ ਅਤਿ ਦੁੱਖਦਾਇਕ ਵਰਤਾਰਾ ਹੈ । ਹੁਣ ਤੱਕ ਦੀਆਂ ਸੈਟਰ ਦੀਆਂ ਸਰਕਾਰਾਂ ਪੰਜਾਬ ਸੂਬੇ ਤੇ ਸਿੱਖ ਕੌਮ ਨਾਲ ਵੱਡੇ ਵਿਤਕਰੇ, ਬੇਇਨਸਾਫ਼ੀਆਂ ਅਤੇ ਜ਼ਬਰ-ਜੁਲਮ ਹੀ ਕਰਦੀਆ ਆ ਰਹੀਆ ਹਨ । ਜੇਕਰ ਸਿੱਖ ਕੌਮ ਨਾਲ ਹੋ ਰਹੀਆ ਬੇਇਨਸਾਫ਼ੀਆਂ ਪ੍ਰਤੀ ਹੁਕਮਰਾਨ ਗੱਲ ਨਹੀ ਕਰ ਸਕਣਗੇ, ਫਿਰ ਇਨ੍ਹਾਂ ਮਸਲਿਆ ਦਾ ਹੱਲ ਹੋਰ ਕੌਣ ਕਰੇਗਾ ? ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਸ੍ਰੀ ਮੋਦੀ ਦੀ ਇਹ ਯਾਤਰਾ ਬੈਸਟਿਲ ਡੇਅ ਪ੍ਰੋਗਰਾਮ ਮੌਕੇ ਗਏ ਸਨ । ਜੋ ਕਿ ਫ਼ਰਾਂਸ ਦੀ 1789 ਵਿਚ ਬੈਸਟਿਲ ਜੇਲ੍ਹ ‘ਚ ਬਣਾਏ ਗਏ ਬੰਦੀਆਂ ਨੂੰ ਅੱਜ ਦੇ ਦਿਨ ਫਰਾਖ-ਦਿਲੀ ਨਾਲ ਰਿਹਾਅ ਕੀਤਾ ਗਿਆ ਸੀ । ਸ੍ਰੀ ਮੋਦੀ ਨੂੰ ਫ਼ਰਾਂਸ ਜਾਣ ਤੋਂ ਪਹਿਲੇ ਇਹ ਚਾਹੀਦਾ ਸੀ ਕਿ ਉਹ ਜਿਸ ਮਕਸਦ ਅਤੇ ਵੱਡੇ ਪ੍ਰੋਗਰਾਮ ਵਿਚ ਜਾ ਰਹੇ ਹਨ ਉਸਦੇ ਮਹੱਤਵ ਨੂੰ ਵਧਾਉਦੇ ਹੋਏ ਜਾਣ ਤੋਂ ਪਹਿਲੇ ਪੰਜਾਬ ਅਤੇ ਇੰਡੀਆਂ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੀਤੇ 32-32 ਸਾਲਾਂ ਤੋਂ ਗੈਰ ਕਾਨੂੰਨੀ ਢੰਗ ਨਾਲ ਬਣਾਏ ਗਏ ਸਿੱਖ ਬੰਦੀਆਂ ਨੂੰ ਰਿਹਾਅ ਕਰਨ ਦੇ ਹੁਕਮ ਕਰਕੇ ਇਸ ਯਾਤਰਾ ਤੇ ਜਾਂਦੇ । ਪਰ ਦੁੱਖ ਅਤੇ ਅਫ਼ੋਸਸ ਹੈ ਕਿ ਕਾਨੂੰਨੀ ਰਿਹਾਈਆ ਤਾਂ ਨਹੀ ਕੀਤੀਆ ਜਾ ਰਹੀਆ, ਬਲਕਿ ਜਮਹੂਰੀਅਤ ਦਾ ਕੌਮਾਂਤਰੀ ਪੱਧਰ ਤੇ ਢੰਡੋਰਾ ਪਿੱਟਣ ਵਾਲੀ ਮੋਦੀ ਹਕੂਮਤ ਵੱਲੋ ਸਾਡੀ ਸਿੱਖ ਪਾਰਲੀਮੈਂਟ ਐਸ.ਜੀ.ਪੀ.ਸੀ ਦੀਆਂ ਬੀਤੇ 12 ਸਾਲਾਂ ਤੋਂ ਜਰਨਲ ਚੋਣਾਂ ਨਾ ਕਰਵਾਕੇ ਜਮਹੂਰੀਅਤ ਦਾ ਕਤਲ ਕੀਤਾ ਜਾਂਦਾ ਆ ਰਿਹਾ ਹੈ । ਇਥੋ ਤੱਕ ਕਿ ਸਿੱਖ ਕੌਮ ਦੇ ਸਤਿਕਾਰ-ਮਾਣ ਨੂੰ ਕਾਇਮ ਰੱਖਦੇ ਹੋਏ ਜੋ ਸੈਂਟਰ ਦੇ ਰੱਖਿਆ, ਵਿਦੇਸ਼ੀ, ਵਿੱਤ ਅਤੇ ਗ੍ਰਹਿ ਵਿਜਾਰਤਾਂ ਹਨ, ਉਨ੍ਹਾਂ ਵਿਚੋ ਇਕ ਵਿਜਾਰਤ ਵਿਚ ਕਿਸੇ ਸਿੱਖ ਵਜ਼ੀਰ ਨੂੰ ਦਿੰਦੇ ਹੋਏ ਸਿੱਖਾਂ ਦੇ ਮਾਣ-ਸਨਮਾਨ ਨੂੰ ਕਾਇਮ ਰੱਖਿਆ ਜਾਂਦਾ ਸੀ। ਪਰ ਮੋਦੀ ਹਕੂਮਤ ਨੇ ਉਸ ਪੁਰਾਤਨ ਚੱਲਦੀ ਆ ਰਹੀ ਰਵਾਇਤ ਨੂੰ ਵੀ ਖਤਮ ਕਰ ਦਿੱਤਾ ਹੈ । ਸਿੱਖ ਕੌਮ ਨਾਲ ਤਾਂ ਉਸ ਤਰ੍ਹਾਂ ਕੀਤਾ ਜਾ ਰਿਹਾ ਹੈ ਜਿਵੇਂ ਅਸੀਂ ਇਕ ਮੈਚ ਦੇਖਣ ਵਾਲੇ ਹੋਈਏ, ਨਾ ਕਿ ਖੇਡਣ ਦੀ ਮੁਹਾਰਤ ਰੱਖਣ ਵਾਲੇ ਖਿਡਾਰੀ । ਜਦੋਂਕਿ ਇਸ ਧਰਤੀ ਤੇ ਸਾਡਾ ਇਤਿਹਾਸ ਪ੍ਰਤੱਖ ਕਰਦਾ ਹੈ ਕਿ ਅਸੀਂ ਹਰ ਖੇਤਰ ਵਿਚ ਖੇਡਣ ਵਾਲੀਆ ਟੀਮਾਂ ਦੇ ਹਿੱਸੇ ਰਹੇ ਹਾਂ ਜਿਨ੍ਹਾਂ ਨੇ ਹਰ ਮੈਦਾਨ ਫ਼ਤਹਿ ਕੀਤਾ ਹੈ ਅਤੇ ਚੜ੍ਹਦੀ ਕਲਾਂ ਵਿਚ ਵਿਚਰਦੇ ਰਹੇ ਹਾਂ । 

Leave a Reply

Your email address will not be published. Required fields are marked *