03 ਜੁਲਾਈ ਨੂੰ ਅਸੀਂ ਹਰ ਜਿ਼ਲ੍ਹਾ ਹੈੱਡਕੁਆਰਟਰ ਉਤੇ ਪੰਜਾਬ ਸਰਕਾਰ ਵੱਲੋ ਗੁਰੂਘਰਾਂ ਦੇ ਪ੍ਰਬੰਧ ਵਿਚ ਦਖਲ ਦੇਣ ਵਾਲੇ ਕਾਨੂੰਨ ਨੂੰ ਰੱਦ ਕਰਨ ਹਿੱਤ, ਯਾਦ ਪੱਤਰ ਦੇਵਾਂਗੇ : ਇਮਾਨ ਸਿੰਘ ਮਾਨ

ਫ਼ਤਹਿਗੜ੍ਹ ਸਾਹਿਬ, 27 ਜੂਨ ( ) “ਕਿਉਂਕਿ ਖ਼ਾਲਸਾ ਪੰਥ ਨੂੰ ਗੁਰੂ ਸਾਹਿਬਾਨ ਨੇ ਜਿਥੇ ਜਨਮ ਤੋਂ ਹਰ ਖੇਤਰ ਵਿਚ ਆਜਾਦ ਅਤੇ ਨਿਵੇਕਲਾ ਰੱਖਿਆ ਹੈ, ਉਥੇ ਆਪਣੇ ਸਰਬੱਤ ਦੇ ਭਲੇ ਦੀ ਵੱਡਮੁੱਲੀ ਸੋਚ ਰਾਹੀ ਸਮੁੱਚੀ ਮਨੁੱਖਤਾ ਦੀ ਬਿਨ੍ਹਾਂ ਕਿਸੇ ਤਰ੍ਹਾਂ ਦੇ ਭੇਦਭਾਵ ਤੋ ਬਿਹਤਰੀ ਕਰਦੇ ਰਹਿਣ ਦੇ ਆਦੇਸ਼ ਵੀ ਸਾਨੂੰ ਦਿੱਤੇ ਹਨ । ਇਸ ਲਈ ਅਸੀ ਵਿਸ਼ਾਲਤਾ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਜਿਥੇ ਸਮੁੱਚੀ ਮਨੁੱਖਤਾ ਦੀ ਬਿਹਤਰੀ ਕਰਨ ਵਿਚ ਵਿਸਵਾਸ ਰੱਖਦੇ ਹਾਂ ਅਤੇ ਅਸੀ ਕਿਸੇ ਵੀ ਦੂਸਰੇ ਧਰਮ ਵਿਚ ਕਿਸੇ ਤਰ੍ਹਾਂ ਦਾ ਦਖਲ ਦੇਣ ਦੇ ਹੱਕ ਵਿਚ ਨਹੀ ਹਾਂ, ਉਥੇ ਕਿਸੇ ਦੂਸਰੀ ਕੌਮ, ਧਰਮ ਜਾਂ ਸਰਕਾਰ ਨੂੰ ਆਪਣੇ ਸਿੱਖ ਧਰਮ ਵਿਚ ਦਖਲ ਦੇਣ ਦੀ ਅੱਜ ਤੱਕ ਕਤਈ ਇਜਾਜਤ ਨਹੀ ਦਿੱਤੀ । ਦੂਸਰਾ 11 ਅਪ੍ਰੈਲ 1959 ਨੂੰ ਉਸ ਸਮੇ ਦੇ ਸਾਡੀ ਸਿਰਮੌਰ ਸ੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਅਤੇ ਉਸ ਸਮੇ ਦੇ ਇੰਡੀਆ ਦੇ ਵਜੀਰ-ਏ-ਆਜਮ ਸ੍ਰੀ ਜਵਾਹਰ ਲਾਲ ਨਹਿਰੂ ਦਰਮਿਆਨ ਇਕ ਸਮਝੌਤਾ ਹੋਇਆ ਸੀ । ਜਿਸਨੂੰ ਮਾਸਟਰ ਤਾਰਾ ਸਿੰਘ-ਨਹਿਰੂ ਪੈਕਟ ਦਾ ਨਾਮ ਦਿੱਤਾ ਜਾਂਦਾ ਆ ਰਿਹਾ ਹੈ । ਉਸ ਅਨੁਸਾਰ ਕੋਈ ਵੀ ਸੈਟਰ ਜਾਂ ਸੂਬੇ ਦੀ ਸਰਕਾਰ ਸਿੱਖ ਕੌਮ ਦੀ ਐਸ.ਜੀ.ਪੀ.ਸੀ. ਦੀ ਗੁਰੂਘਰਾਂ ਦੇ ਪ੍ਰਬੰਧ ਨੂੰ ਦੇਖਣ ਵਾਲੀ ਸੰਸਥਾਂ ਤੇ ਪਾਰਲੀਮੈਂਟ ਦੇ ਪ੍ਰਬੰਧ ਵਿਚ ਕਿਸੇ ਤਰ੍ਹਾਂ ਦਾ ਦਖਲ ਨਹੀ ਦੇ ਸਕੇਗੀ । ਜੇਕਰ ਕਿਸੇ ਸਮੇ ਗੁਰਦੁਆਰਾ ਐਕਟ ਵਿਚ ਕਿਸੇ ਤਰ੍ਹਾਂ ਦੀ ਸਿੱਖ ਕੌਮ ਤਬਦੀਲੀ ਕਰਨ ਦੀ ਲੋੜ ਸਮਝੇ ਤਾਂ ਐਸ.ਜੀ.ਪੀ.ਸੀ ਦੇ ਹਾਊਂਸ ਦੀ ਪ੍ਰਵਾਨਗੀ ਨਾਲ ਹੀ ਅਜਿਹੀ ਕੋਈ ਸੋਧ ਜਾਂ ਤਬਦੀਲੀ ਹੋ ਸਕੇਗੀ । ਕੋਈ ਸਰਕਾਰ ਜਾਂ ਮੁੱਖ ਮੰਤਰੀ ਆਪਣੇ ਤੌਰ ਤੇ ਸਾਡੇ ਇਸ ਗੁਰਦੁਆਰਾ ਐਕਟ ਜਾਂ ਗੁਰੂਘਰਾਂ ਦੇ ਪ੍ਰਬੰਧ ਵਿਚ ਦਖਲ ਨਹੀ ਦੇ ਸਕੇਗਾ । ਪਰ ਮੌਜੂਦਾ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਵੱਲੋ ਇਕ ਮੰਦਭਾਵਨਾ ਅਧੀਨ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਵਾਲੀ ਗੁਰਦੁਆਰਾ ਐਕਟ ਦੀ ਧਾਰਾ 125ਏ ਰਾਹੀ ਸੋਧ ਕਰਨ ਦਾ ਵਿਧਾਨ ਵਿਚ ਕਾਨੂੰਨ ਪਾਸ ਕਰਕੇ ਇਹ ਸਾਡੇ ਗੁਰੂਘਰਾਂ ਦੇ ਪ੍ਰਬੰਧ ਵਿਚ ਦਖਲ ਦੇਣ ਦਾ ਰਾਹ ਲੱਭਿਆ ਜਾ ਰਿਹਾ ਹੈ । ਜਿਸਨੂੰ ਸਮੁੱਚੀ ਸਿੱਖ ਕੌਮ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਤਈ ਬਰਦਾਸਤ ਨਹੀ ਕਰੇਗਾ । ਇਸ ਬਣਾਏ ਗਏ ਸਿੱਖ ਵਿਰੋਧੀ ਜਾਬਰ ਕਾਨੂੰਨ ਨੂੰ ਰੱਦ ਕਰਵਾਉਣ ਹਿੱਤ 03 ਜੁਲਾਈ 2023 ਨੂੰ ਪੰਜਾਬ ਦੇ ਹਰ ਜਿ਼ਲ੍ਹਾ ਹੈੱਡਕੁਆਰਟਰ ਤੇ ਯਾਦ ਪੱਤਰ ਦਿੱਤੇ ਜਾਣਗੇ।”

ਇਹ ਵਿਚਾਰ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਦੇ ਮੁੱਖ ਦਫਤਰ ਤੋ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਆਪਣੀ ਸੰਜ਼ੀਦਾ ਤੌਰ ਤੇ ਜਿੰਮੇਵਾਰੀ ਨਿਭਾਉਣ ਦੀ ਅਪੀਲ ਕਰਦੇ ਹੋਏ ਅਤੇ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਇਸ ਗੰਭੀਰ ਵਿਸੇ ਤੇ ਅਤਿ ਵਿਸਫੋਟਕ ਸਥਿਤੀ ਪੈਦਾ ਨਾ ਕਰਨ ਹਿੱਤ ਇਸ ਕਾਨੂੰਨ ਨੂੰ ਫੋਰੀ ਰੱਦ ਕਰਨ ਦੀ ਜੋਰਦਾਰ ਗੁਜਾਰਿਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਤੋ ਇਲਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪੰਜਾਬ ਦੇ ਸਭ ਜਿ਼ਲ੍ਹਿਆਂ ਦੇ ਪ੍ਰਧਾਨ ਤੇ ਅਹੁਦੇਦਾਰ ਇਕੱਤਰ ਹੋ ਕੇ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਸਮੁੱਚੇ ਐਮ.ਐਲ.ਏਜ਼ ਦੇ ਦਫਤਰਾਂ ਜਾਂ ਘਰਾਂ ਨਾਲ ਸੰਪਰਕ ਕਰਦੇ ਹੋਏ ਉਨ੍ਹਾਂ ਨੂੰ ਪਾਰਟੀ ਅਤੇ ਕੌਮ ਦੇ ਬਿਨ੍ਹਾਂ ਤੇ ਪੱਤਰ ਸੌਪਣ ਦੀ ਜਿੰਮੇਵਾਰੀ ਨਿਭਾਉਣਗੇ । ਜਿਸ ਵਿਚ ਉਨ੍ਹਾਂ ਨੂੰ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋ ਸਿੱਖ ਕੌਮ ਦੀ ਭਾਵਨਾ ਦੇ ਵਿਰੁੱਧ ਪਾਸ ਕੀਤੇ ਗਏ ਧਾਰਾ 125ਏ ਕਾਨੂੰਨ ਨੂੰ ਰੱਦ ਕਰਨ ਦੀ ਅਪੀਲ ਕੀਤੀ ਜਾਵੇਗੀ । ਇਸ ਤੋ ਇਲਾਵਾ ਜੋ ਦੂਸਰੀਆਂ ਵਿਰੋਧੀ ਪਾਰਟੀਆ ਦੇ ਐਮ.ਐਲ.ਏਜ਼ ਹਨ, ਉਨ੍ਹਾਂ ਨੂੰ ਵੀ ਉਪਰੋਕਤ ਸਿੱਖ ਵਿਰੋਧੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਵੱਖਰੇ ਪੱਤਰ ਦਿੱਤੇ ਜਾਣਗੇ ਤਾਂ ਕਿ ਉਹ ਸਿੱਖ ਕੌਮ ਦੇ ਧਰਮ ਅਤੇ ਪ੍ਰਬੰਧ ਵਿਚ ਦਖਲ ਦੇਣ ਵਾਲੀਆ ਸਰਕਾਰੀ ਕਾਰਵਾਈਆ ਤੇ ਅਮਲਾਂ ਨੂੰ ਰੋਕਣ ਲਈ ਉਹ ਵੀ ਆਪਣੀਆ ਜਿੰਮੇਵਾਰੀਆ ਪੂਰੀਆ ਕਰ ਸਕਣ।

ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜੋ ਹਰ ਸਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇਕੱਤਰ ਹੋ ਕੇ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ ਦੀਆਂ ਬੀਤੇ 12 ਸਾਲਾਂ ਤੋਂ ਚੋਣਾਂ ਨਾ ਕਰਵਾਕੇ ਜੋ ਜਮਹੂਰੀਅਤ ਦਾ ਨਿਰੰਤਰ ਕਤਲ ਕੀਤਾ ਜਾਂਦਾ ਆ ਰਿਹਾ ਹੈ, ਉਸ ਵਿਰੁੱਧ ਆਵਾਜ ਉਠਾਉਦੇ ਹੋਏ ਤੇ ਆਪਣੀ ਸਿੱਖ ਪਾਰਲੀਮੈਂਟ ਦੀ ਚੋਣ, ਜਿਸ ਨੂੰ ਕਰਵਾਉਣ ਲਈ ਚੋਣ ਕਮਿਸਨਰ ਗੁਰਦੁਆਰਾ ਜਸਟਿਸ ਐਸ.ਐਸ. ਸਾਰੋ ਵਿਸੇਸ ਤੌਰ ਤੇ ਜਿ਼ਲ੍ਹਿਆਂ ਦੇ ਡਿਪਟੀ ਕਮਿਸਨਰਾਂ ਅਤੇ ਸਬ-ਡਿਵੀਜਨਾਂ ਦੇ ਐਸ.ਡੀ.ਐਮਜ਼ ਨੂੰ ਗੁਰੂਘਰਾਂ ਦੀਆਂ ਵੋਟਰ ਸੂਚੀਆਂ ਬਣਾਉਣ ਲਈ ਲਿਖਤੀ ਹਦਾਇਤਾ ਜਾਰੀ ਹੋ ਚੁੱਕੀਆ ਹਨ । ਉਸਦੇ ਬਾਵਜੂਦ ਵੀ ਅਜੇ ਜਿ਼ਲ੍ਹਿਆਂ ਦੇ ਡਿਪਟੀ ਕਮਿਸਨਰਾਂ ਅਤੇ ਸੰਬੰਧਤ ਅਧਿਕਾਰੀਆਂ ਵੱਲੋ ਇਸ ਦਿਸ਼ਾ ਵੱਲ ਕੋਈ ਅਮਲ ਨਾ ਕਰਨ ਵਿਰੁੱਧ ਅਤੇ ਸਿੱਖ ਕੌਮ ਦੀ ਜਮਹੂਰੀਅਤ ਬਹਾਲ ਕਰਵਾਉਣ ਹਿੱਤ ਗੁਰੂਘਰਾਂ ਦੀਆਂ ਵੋਟਾਂ ਦੀ ਤਰੀਕ ਦਾ ਐਲਾਨ ਕਰਵਾਉਣ ਦੇ ਮਕਸਦ ਨੂੰ ਲੈਕੇ 15 ਜੁਲਾਈ ਨੂੰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਅਮਨਮਈ ਤੇ ਜਮਹੂਰੀਅਤ ਢੰਗ ਨਾਲ ਜਮਹੂਰੀਅਤ ਦਿਹਾੜਾ ਮਨਾਇਆ ਜਾਵੇਗਾ । ਦੋਵਾਂ ਸੈਟਰ ਅਤੇ ਪੰਜਾਬ ਦੀਆਂ ਸਰਕਾਰਾਂ ਤੇ ਜਿ਼ਲ੍ਹਿਆਂ ਦੇ ਡਿਪਟੀ ਕਮਿਸਨਰਾਂ ਦੀ ਇਸ ਵਿਸੇ ਤੇ ਹੋ ਰਹੀ ਅਣਗਹਿਲੀ ਨੂੰ ਉਜਾਗਰ ਕਰਨ ਲਈ ਜੋਰਦਾਰ ਆਵਾਜ ਉਠਾਈ ਜਾਵੇਗੀ ਤਾਂ ਕਿ ਸਾਡੀ ਕੌਮੀ ਸਿੱਖ ਪਾਰਲੀਮੈਟ ਦੀ ਜਮਹੂਰੀਅਤ ਬਹਾਲ ਹੋ ਸਕੇ ਅਤੇ ਗੁਰੂਘਰਾਂ ਦੇ ਪ੍ਰਬੰਧ ਵਿਚ ਕੋਈ ਵੀ ਸਰਕਾਰ ਦਖਲ ਦੇਣ ਦੀ ਜੁਰਅਤ ਨਾ ਕਰ ਸਕੇ । ਸ. ਇਮਾਨ ਸਿੰਘ ਮਾਨ ਨੇ ਸਮੁੱਚੇ ਪਾਰਟੀ ਅਹੁਦੇਦਾਰਾਂ ਤੇ ਸਿੱਖ ਕੌਮ ਨੂੰ ਉਪਰੋਕਤ ਤਿੰਨੇ ਕੌਮੀ ਪ੍ਰੋਗਰਾਮਾਂ ਨੂੰ ਸੰਜੀਦਗੀ ਨਾਲ ਪੂਰਨ ਕਰਨ ਅਤੇ ਆਪਣੀਆ ਜਿੰਮੇਵਾਰੀਆ ਨਿਭਾਉਣ ਦੀ ਅਪੀਲ ਵੀ ਕੀਤੀ ।

Leave a Reply

Your email address will not be published. Required fields are marked *