ਮਨੁੱਖੀ ਅਧਿਕਾਰਾਂ, ਧਾਰਮਿਕ ਆਜ਼ਾਦੀ ਅਤੇ ਘੱਟ ਗਿਣਤੀ ਕੌਮਾਂ ਦੇ ਹੱਕਾਂ ਨੂੰ ਕੁੱਚਲਣ ਦੇ ਮੁੱਦੇ ਉਤੇ ਅਮਰੀਕਾ ਕਦੀ ਵੀ ਕੋਈ ਸਮਝੋਤਾ ਨਹੀ ਕਰੇਗਾ : ਮਾਨ

ਫ਼ਤਹਿਗੜ੍ਹ ਸਾਹਿਬ, 29 ਜੂਨ ( ) “ਭਾਵੇ ਮੋਦੀ ਦੀ ਅਮਰੀਕਾ ਯਾਤਰਾ ਦੌਰਾਨ ਅਮਰੀਕਾ ਤੇ ਇੰਡੀਆ ਵਿਚਕਾਰ ਕਈ ਖੇਤਰਾਂ ਵਿਚ ਵਪਾਰਿਕ ਸਮਝੋਤੇ ਹੋਏ ਹਨ, ਜਿਸ ਅਧੀਨ ਇਹ ਵਪਾਰ ਦੋਨਾਂ ਮੁਲਕਾਂ ਵਿਚ ਬੇਸੱਕ ਵੱਧੇਗਾ ਪਰ ਅਮਰੀਕਾ ਜੋ ਜਮਹੂਰੀਅਤ ਪਸ਼ੰਦ ਮੁਲਕ ਹੈ, ਉਹ ਕਦੀ ਵੀ ਇੰਡੀਆ ਵਿਚ ਵੱਡੇ ਪੱਧਰ ਤੇ ਹੋ ਰਹੇ ਮਨੁੱਖੀ ਅਧਿਕਾਰਾਂ, ਧਾਰਮਿਕ ਆਜਾਦੀ ਅਤੇ ਘੱਟ ਗਿਣਤੀ ਕੌਮਾਂ, ਕਬੀਲਿਆ ਦੇ ਹੋ ਰਹੇ ਹੱਕ ਹਕੂਕਾਂ ਦੇ ਉਲੰਘਣ ਸੰਬੰਧੀ ਕੋਈ ਵੀ ਸਮਝੋਤਾ ਨਹੀ ਕਰੇਗਾ । ਅਸੀ ਇਹ ਗੱਲ ਇਸ ਲਈ ਦਾਅਵੇ ਨਾਲ ਕਹਿ ਸਕਦੇ ਹਾਂ ਕਿਉਂਕਿ ਅਮਰੀਕਾ ਨੇ ਹਮੇਸ਼ਾਂ ਮਨੁੱਖੀ ਅਧਿਕਾਰਾਂ ਤੇ ਧਾਰਮਿਕ ਆਜਾਦੀ ਦੇ ਹੱਕਾਂ ਦੀ ਪੈਰਵੀ ਕੀਤੀ ਹੈ । ਉਹ ਕਦੀ ਵੀ ਮਨੁੱਖੀ ਹੱਕਾਂ ਤੇ ਧਾਰਮਿਕ ਆਜਾਦੀ ਨੂੰ ਕੁੱਚਲਣ ਵਾਲੀ ਮੋਦੀ ਹਕੂਮਤ ਵੱਲੋ ਹਿੰਦੂਤਵ ਰਾਸਟਰ ਕਾਇਮ ਕਰਨ ਵਾਲੇ ਅਮਲਾਂ ਨੂੰ ਪ੍ਰਵਾਨ ਨਹੀ ਕਰੇਗਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਦੀ ਅਮਰੀਕੀ ਯਾਤਰਾ ਉਤੇ ਕੌਮਾਂਤਰੀ ਪੱਧਰ ਅਤੇ ਇੰਡੀਆ ਵਿਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਅਤੇ ਧਾਰਮਿਕ ਆਜਾਦੀ ਨੂੰ ਕੁੱਚਲਣ ਦੀਆਂ ਕਾਰਵਾਈਆ ਦੀ ਛਿੜੀ ਬਹਿਸ ਉਤੇ ਆਪਣੇ ਵਿਚਾਰ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪਾਕਿਸਤਾਨ-ਚੀਨ ਜਿਨ੍ਹਾਂ ਦੀਆਂ ਸਰਹੱਦਾਂ ਪੰਜਾਬ, ਕਸਮੀਰ, ਹਿਮਾਚਲ, ਉਤਰਾਚਲ, ਅਸਾਮ, ਮਨੀਪੁਰ, ਮਿਜੋਰਮ ਆਦਿ ਵਰਗੇ ਸੂਬਿਆਂ ਅਤੇ ਨੇਪਾਲ ਤੇ ਭੁਟਾਨ ਵਰਗੇ ਮੁਲਕਾਂ ਨਾਲ ਲੱਗਦੀਆਂ ਹਨ । ਇਨ੍ਹਾਂ ਸੂਬਿਆਂ ਅਤੇ ਮੁਲਕਾਂ ਦੀ ਹਿੰਦੂਤਵ ਹੁਕਮਰਾਨਾਂ ਨਾਲ ਬਿਲਕੁਲ ਪੈਂਠ ਨਹੀ ਬਣਦੀ । ਜਿਥੇ ਸ੍ਰੀ ਮੋਦੀ ਹਕੂਮਤ ਦੀਆਂ ਅਣਮਨੁੱਖੀ ਕਾਰਵਾਈਆ ਦੀ ਬਦੌਲਤ ਪਹਿਲੋ ਹੀ ਸਥਿਤੀ ਗੰਭੀਰ ਬਣੀ ਹੋਈ ਹੈ, ਉਥੇ ਇੰਡੀਆ ਵਿਚ ਹੁਕਮਰਾਨਾਂ ਵੱਲੋ ਯੂਨੀਵਰਸਲ ਕੋਡ ਬਿਲ ਰਾਹੀ ਇਥੇ ਹਿੰਦੂਰਾਸਟਰ ਕਾਇਮ ਕਰਨ ਦੀ ਜੋ ਤਿਆਰੀ ਕੀਤੀ ਜਾ ਰਹੀ ਹੈ ਉਸ ਕਰਕੇ ਮਾਹੌਲ ਹੋਰ ਵੀ ਵਿਸਫੋਟਕ ਬਣਦੇ ਜਾ ਰਹੇ ਹਨ । ਜਦੋਕਿ ਸੰਬੰਧਤ ਉਪਰੋਕਤ ਸੂਬੇ ਤੇ ਮੁਲਕਾਂ ਦੇ ਨਿਵਾਸੀ ਕੱਟੜਵਾਦੀ ਹਿੰਦੂ ਸੋਚ ਦੇ ਪਹਿਲੋ ਹੀ ਵਿਰੁੱਧ ਹਨ । ਅਜਿਹੇ ਹਾਲਾਤਾਂ ਵਿਚ ਇੰਡੀਆ, ਪਾਕਿਸਤਾਨ ਤੇ ਚੀਨ ਨਾਲ ਕਤਈ ਵੀ ਕਿਸੇ ਤਰ੍ਹਾਂ ਦੀ ਜੰਗ ਨਹੀ ਲੜ ਸਕਦਾ । 

ਦੂਸਰਾ ਇੰਡੀਆ ਦੇ ਕੌਮੀ ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ ਅਤੇ ਸਰਕਾਰ ਦੀ ਸਾਂਝੀ ਮਨੁੱਖਤਾ ਵਿਰੋਧੀ ਨੀਤੀ ਅਧੀਨ ਜੋ ਹੁਕਮਰਾਨਾਂ ਨੇ ਸਿਰਕੱਢ ਸੂਝਵਾਨ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਉਨ੍ਹਾਂ ਨੂੰ ਸਰੀਰਕ ਤੌਰ ਤੇ ਖਤਮ ਕਰਨ ਦੀ ਮਨੁੱਖਤਾ ਵਿਰੋਧੀ ਯੋਜਨਾ ਉਤੇ ਅਮਲ ਕੀਤਾ ਜਾ ਰਿਹਾ ਹੈ ਜਿਸ ਅਧੀਨ ਸਾਡੇ 6 ਸਿੱਖ ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਮਾਨਸਾ, ਸ. ਰਿਪੁਦਮਨ ਸਿੰਘ ਮਲਿਕ ਸਰੀ ਕੈਨੇਡਾ, ਪਰਮਜੀਤ ਸਿੰਘ ਪੰਜਵੜ ਲਾਹੌਰ ਪਾਕਿਸਤਾਨ, ਸ. ਅਵਤਾਰ ਸਿੰਘ ਖੰਡਾ ਬਰਮਿੰਘਮ ਯੂ.ਕੇ ਅਤੇ ਹੁਣੇ ਹੀ ਸ. ਹਰਦੀਪ ਸਿੰਘ ਨਿੱਝਰ ਸਰੀ ਕੈਨੇਡਾ ਵਿਖੇ ਇਸੇ ਸਾਜਿਸ ਅਧੀਨ ਸ਼ਹੀਦ ਕੀਤੇ ਗਏ ਹਨ । ਇਨ੍ਹਾਂ ਹੋਏ ਮਨੁੱਖਤਾ ਵਿਰੋਧੀ ਅਮਲਾਂ ਦੇ ਮੁੱਦੇ ਨੂੰ ਲੈਕੇ 1 ਜੁਲਾਈ ਨੂੰ ਦਲ ਖ਼ਾਲਸਾ ਅਤੇ ਪੰਥਕ ਜਥੇਬੰਦੀਆ ਵੱਲੋ ਅੰਮ੍ਰਿਤਸਰ ਦੇ ਰਾਅ ਦੇ ਦਫਤਰ ਦੇ ਬਾਹਰ ਸ੍ਰੀ ਅਕਾਲ ਤਖਤ ਸਾਹਿਬ ਤੋ ਲੈਕੇ ਦਫਤਰ ਤੱਕ ਪ੍ਰੋਟੈਸਟ ਮਾਰਚ ਕੀਤਾ ਜਾ ਰਿਹਾ ਹੈ । ਜਿਸ ਰਾਹੀ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਦੀ ਸਾਜਸੀ ਢੰਗ ਨਾਲ ਕੀਤਾ ਜਾ ਰਿਹਾ ਕਤਲੇਆਮ ਦੀ ਆਵਾਜ ਨੂੰ ਉਠਾਉਦੇ ਹੋਏ ਇੰਡੀਆ ਦੇ ਹੁਕਮਰਾਨਾਂ ਵਿਰੁੱਧ ਕੌਮਾਂਤਰੀ ਲਹਿਰ ਬਣਾਈ ਜਾਵੇਗੀ । ਇਸ ਪ੍ਰੋਟੈਸਟ ਵਿਚ ਸਮੂਹ ਖ਼ਾਲਸਾ ਪੰਥ ਨੂੰ ਸਮੂਲੀਅਤ ਕਰਦੇ ਹੋਏ ਆਪਣੀ ਜਿੰਮੇਵਾਰੀ ਪੂਰਨ ਕਰਨੀ ਬਣਦੀ ਹੈ । ਇੰਡੀਆ ਦੀਆਂ ਸਰਹੱਦਾਂ ਦੇ ਨਾਲ ਲੱਗਦੇ ਮੁਲਕਾਂ ਤੇ ਇੰਡੀਆ ਦੇ ਸੂਬਿਆ ਦੇ ਨਿਵਾਸੀਆ ਵਿਚ ਵੱਧਦੀ ਜਾ ਰਹੀ ਬੈਗਾਨਗੀ ਅਤੇ ਰੋਹ ਦੇ ਨਤੀਜੇ ਕਦੀ ਵੀ ਹੁਕਮਰਾਨਾਂ ਲਈ ਅਤੇ ਇਥੋ ਦੇ ਅਮਨ ਚੈਨ ਲਈ ਲਾਹੇਵੰਦ ਸਾਬਤ ਨਹੀ ਹੋ ਸਕਣਗੇ । ਬਲਕਿ ਅਜਿਹੇ ਅਮਲਾਂ ਦੀ ਬਦੌਲਤ ਅਤਿ ਖ਼ਤਰਨਾਕ ਨਤੀਜੇ ਹੋਣਗੇ ਜੋ ਹੁਕਮਰਾਨਾਂ ਦੇ ਖਿਲਾਫ ਹੀ ਜਾਵੇਗੀ ।

ਤੀਸਰੀ ਗੱਲ ਇਹ ਹੈ ਕਿ ਜੇਕਰ ਇੰਡੀਆ ਦੀ ਚੀਨ ਜਾਂ ਪਾਕਿਸਤਾਨ ਨਾਲ ਮੁਕਾਬਲਾ ਕਰਨਾ ਹੈ ਤਾਂ ਪੁਰਾਤਨ ਤਕਨੀਕ ਵਾਲੇ ਮਿਰਾਜ, ਜੈਗੂਅਰ ਮਿੱਗ ਸੀਰੀਜ ਦੇ ਲੜਾਕੂ ਜਹਾਜ ਚੀਨ ਅਤੇ ਪਾਕਿਸਤਾਨ ਦਾ ਮੁਕਾਬਲਾ ਨਹੀ ਕਰ ਸਕਦੇ । ਜਦੋਕਿ ਚੀਨ ਕੋਲ ਐਸਯੂ-35, ਐਸਯੂ-57 ਆਧੁਨਿਕ ਲੜਾਕੂ ਜਹਾਜ ਹਨ । ਅਮਰੀਕਾ ਨੇ ਫਿਰ ਇੰਡੀਆ ਨੂੰ ਸਟੈਲਥ ਵੀ ਨਹੀ ਦਿੱਤੇ । ਫਿਰ ਜਦੋ ਇੰਡੀਆ ਕੋਲ ਚੀਨ ਦੇ ਮੁਕਾਬਲੇ ਦੇ ਹਥਿਆਰ ਤੇ ਲੜਾਕੂ ਜਹਾਜ ਹੀ ਨਹੀ ਹਨ ਫਿਰ ਮੁਕਾਬਲਾ ਕਿਵੇ ਹੋ ਸਕੇਗਾ ? ਜਦੋ ਹਾਲਾਤ ਸਭ ਸੂਬਿਆਂ ਅਤੇ ਗੁਆਂਢੀ ਮੁਲਕਾਂ ਵਿਚ ਇੰਡੀਆ ਦੇ ਜ਼ਬਰ ਜੁਲਮਾਂ ਵਿਰੁੱਧ ਬਗਾਵਤੀ ਰੋਹ ਹੈ ਫਿਰ ਯੂਨੀਵਰਸਲ ਸਿਵਲ ਕੋਡ ਜਬਰੀ ਠੋਸਣ ਦੇ ਅਮਲ ਤਾਂ ਹਿੰਦੂਤਵ ਰਾਸਟਰ ਨੂੰ ਕਾਇਮ ਕਰਨ ਦੀ ਸਾਜਿਸ ਹੈ । ਜਿਸ ਨਾਲ ਸਥਿਤੀ ਹੋਰ ਵੀ ਵਿਸਫੋਟਕ ਬਣ ਜਾਵੇਗੀ ।

ਉਨ੍ਹਾਂ ਕਿਹਾ ਕਿ ਜੋ ਕਸਮੀਰ ਵਿਚ 05 ਅਗਸਤ 2019 ਨੂੰ ਹੁਕਮਰਾਨਾਂ ਨੇ ਉਥੋ ਦੀ ਖੁਦਮੁਖਤਿਆਰੀ ਨੂੰ ਪ੍ਰਗਟਾਉਦੀ ਹੋਈ ਧਾਰਾ 370 ਅਤੇ 35ਏ ਰੱਦ ਕਰਕੇ ਕਸਮੀਰ, ਜੰਮੂ ਅਤੇ ਲਦਾਖ ਨੂੰ ਯੂ.ਟੀ ਬਣਾਇਆ ਹੈ, ਇਹ ਕਸਮੀਰੀਆਂ ਦੀ ਆਜਾਦੀ ਨੂੰ ਕੁੱਚਲਿਆ ਗਿਆ ਹੈ । 05 ਅਗਸਤ 2019 ਤੋ ਪਹਿਲੇ ਫੌ਼ਜਾਂ, ਅਰਧ ਸੈਨਿਕ ਬਲ ਕਸਮੀਰੀ ਆਗੂਆ ਨੂੰ ਨਜਰ ਬੰਦ ਕਰਕੇ ਤਸੱਦਦ ਢਾਹੁੰਦੇ ਸੀ । ਪਰ ਉਸ ਤੋ ਬਾਅਦ ਹੁਕਮਰਾਨਾਂ ਨੇ ਕਸਮੀਰੀਆ ਨੂੰ ਸਿੱਧੇ ਤੌਰ ਤੇ ਮਾਰਨਾ ਸੁਰੂ ਕਰ ਦਿੱਤਾ ਹੈ । ਬੇਸੱਕ ਇਸ ਨਾਲ ਉਪਰੋਕਤ ਠੰਡ ਪੈਦੀ ਦਿਸਦੀ ਹੈ ਪਰ ਸੱਚਾਈ ਇਹ ਹੈ ਕਿ ਕਸਮੀਰੀਆ ਵਿਚ ਉੱਠੇ ਰੋਹ ਦੀ ਬਦੌਲਤ ਉਥੋ ਦੀ ਸਥਿਤੀ ਕਿਸੇ ਸਮੇ ਵੀ ਵੱਡਾ ਵਿਸਫੋਟ ਬਣਕੇ ਖ਼ਤਰਨਾਕ ਨਤੀਜੇ ਨੂੰ ਜਨਮ ਦੇ ਸਕਦੀ ਹੈ । ਉਨ੍ਹਾਂ ਕਿਹਾ ਜੋ ਸ੍ਰੀ ਮੋਦੀ ਵੱਲੋ ਅਮਰੀਕਾ ਜਾ ਕੇ ਉਥੋ ਦੇ ਮੀਡੀਏ ਤੇ ਪ੍ਰੈਸ ਅੱਗੇ ਬੋਲ ਹੀ ਨਹੀ ਸਕੇ, ਵਸਿੰਗਟਨ ਡੀਸੀ ਦੇ ਹੈੱਡਕੁਆਰਟਰ ਦੇ ਬਾਹਰ ਵੱਡੀ ਗਿਣਤੀ ਵਿਚ ਮੁਸਲਿਮ, ਨਾਗਿਆ, ਮਿਜੋਆ, ਆਦਿਵਾਸੀਆ, ਕਬੀਲਿਆ, ਇਸਾਈਆ ਅਤੇ ਵੱਡੀ ਗਿਣਤੀ ਵਿਚ ਸਿੱਖਾਂ ਨੇ ਰੋਸ ਵਿਖਾਵਾ ਕਰਕੇ ਇੰਡੀਆ ਦੇ ਮਨੁੱਖਤਾ ਵਿਰੋਧੀ ਚੇਹਰੇ ਨੂੰ ਨੰਗਾਂ ਕੀਤਾ ਹੈ, ਉਸਦੀ ਬਦੌਲਤ ਹੀ ਵੱਡੀ ਗਿਣਤੀ ਵਿਚ ਅਮਰੀਕਨ ਸੈਨੇਟਰਜ ਨੇ ਵਸਿੰਗਟਨ ਡੀਸੀ ਵਿਖੇ ਹੋਣ ਵਾਲੀ ਜੁਆਇਟ ਮੀਟਿੰਗ ਦਾ ਬਾਈਕਾਟ ਕਰਕੇ ਬਾਹਰ ਆ ਗਏ ਸਨ । ਇਹ ਦਿਖਾਈ ਦੇਣ ਵਾਲੀ ਸਾਤੀ ਉਸੇ ਤਰ੍ਹਾਂ ਦੀ ਹੈ ਜੋ ਵੱਡਾ ਤੂਫਾਨ ਆਉਣ ਤੋ ਪਹਿਲੇ ਹੁੰਦੀ ਹੈ । ਇਸ ਲਈ ਮੋਦੀ ਹਕੂਮਤ ਅਤੇ ਉਨ੍ਹਾਂ ਦੇ ਸੁਰੱਖਿਆ ਸਲਾਹਕਾਰ ਅਤੇ ਮੁਤੱਸਵੀ ਸੋਚ ਵਾਲੇ ਆਗੂਆਂ ਵੱਲੋ ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਨੂੰ ਨਿਸ਼ਾਨਾਂ ਬਣਾਕੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਕਰਦੇ ਹੋਏ ਕੀਤਾ ਜਾ ਰਿਹਾ ਕਤਲੇਆਮ ਹੁਕਮਰਾਨਾਂ ਲਈ ਵੱਡਾ ਖਤਰਨਾਕ ਸਾਬਤ ਹੋਵੇਗਾ । ਇਸ ਲਈ ਬਿਹਤਰ ਹੋਵੇਗਾ ਕਿ ਸ੍ਰੀ ਮੋਦੀ, ਗ੍ਰਹਿ ਵਿਭਾਗ ਅਤੇ ਸ੍ਰੀ ਡੋਵਾਲ ਆਪਣੀ ਅਣਮਨੁੱਖੀ ਨੀਤੀ ਤੇ ਕੀਤੇ ਜਾਣ ਵਾਲੇ ਅਮਲਾਂ ਤੋ ਤੋਬਾ ਕਰਨ ਅਤੇ ਸਿੱਖ ਕੌਮ ਵਿਰੁੱਧ ਕਤਲੇਆਮ ਕਰਨ ਦੀ ਬਣਾਈ ਗਈ ਸਾਜਿਸ ਨੂੰ ਆਪਣੀ ਵੱਡੀ ਗਲਤੀ ਮੰਨਕੇ ਸਿੱਖਾਂ ਦਾ ਕਤਲੇਆਮ ਕਰਨਾ ਬੰਦ ਕਰਨ ।

Leave a Reply

Your email address will not be published. Required fields are marked *