ਸਰਬੱਤ ਖ਼ਾਲਸਾ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋ ਪੰਜਾਬ ਸੂਬੇ ਅਤੇ ਖ਼ਾਲਸਾ ਪੰਥ ਦੀ ਬਿਹਤਰੀ ਲਈ ਪ੍ਰਗਟਾਏ ਵਿਚਾਰ ਸਵਾਗਤਯੋਗ : ਮਾਨ
ਫ਼ਤਹਿਗੜ੍ਹ ਸਾਹਿਬ, 25 ਅਪ੍ਰੈਲ ( ) “ਸਰਬੱਤ ਖ਼ਾਲਸਾ 2015 ਦੇ ਇਕੱਠ ਰਾਹੀ ਸਮੁੱਚੀਆਂ ਸਿੱਖ ਜਥੇਬੰਦੀਆਂ ਵੱਲੋਂ ਸਰਬਸੰਮਤੀ ਨਾਲ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਜੋ ਬੀਤੇ ਦਿਨੀਂ ਬਠਿੰਡਾ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਸਮੁੱਚੇ ਖ਼ਾਲਸਾ ਪੰਥ, ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦੀ ਮਜਬੂਤੀ ਅਤੇ ਬਿਹਤਰੀ ਲਈ ਸਮੁੱਚੀਆਂ ਸਰਬੱਤ ਖ਼ਾਲਸਾ ਇਕੱਠ ਵਿਚ ਸਾਮਿਲ ਹੋਣ ਵਾਲੀਆ ਸਿੱਖ ਜਥੇਬੰਦੀਆਂ ਅਤੇ ਪੰਥਦਰਦੀਆਂ ਨੂੰ ਜੋ ਅਪੀਲ ਕਰਦੇ ਹੋਏ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਪੰਜਾਬ ਸੂਬੇ ਦੇ ਸਭ ਵਰਗਾਂ ਦੇ ਨਿਵਾਸੀਆਂ ਨੇ ਕਾਂਗਰਸ, ਬਾਦਲ-ਬੀਜੇਪੀ, ਆਮ ਆਦਮੀ ਪਾਰਟੀ ਆਦਿ ਸਭਨਾਂ ਨੂੰ ਪੰਜਾਬ ਦੀ ਵਾਗਡੋਰ ਸੰਭਾਲਣ ਦਾ ਖੁੱਲ੍ਹਾ ਮੌਕਾ ਦਿੱਤਾ ਹੈ, ਪਰ ਇਨ੍ਹਾਂ ਵਿਚੋ ਕੋਈ ਵੀ ਪਾਰਟੀ ਪੰਜਾਬ ਸੂਬੇ, ਪੰਜਾਬੀਆਂ ਦੇ ਮਸਲਿਆ ਨੂੰ ਹੱਲ ਕਰਨ ਵਿਚ ਨਾ ਤਾਂ ਸੁਹਿਰਦਤਾ ਰੱਖਦੀ ਹੈ ਅਤੇ ਨਾ ਹੀ ਸਮਰੱਥਾਂ ਹੈ । ਬਲਕਿ ਇਨ੍ਹਾਂ ਗੰਭੀਰ ਮੁੱਦਿਆ ਨੂੰ ਖੜ੍ਹਾ ਰੱਖਕੇ ਪੰਜਾਬ ਵਰਗੇ ਸੂਬੇ ਨੂੰ ਹਰ ਖੇਤਰ ਵਿਚ ਪ੍ਰਯੋਗਸਾਲਾਂ ਬਣਾਕੇ ਆਪਣੇ ਸਿਆਸੀ ਸਵਾਰਥਾਂ ਦੀਆਂ ਪੂਰੀ ਕਰਦੀਆਂ ਰਹੀਆ ਹਨ ਅਤੇ ਉਪਰੋਕਤ ਸਭ ਜਮਾਤਾਂ ਨੂੰ ਪੰਜਾਬੀਆਂ ਤੇ ਸਿੱਖ ਕੌਮ ਨੇ ਜਦੋ ਕਈ-ਕਈ ਵਾਰ ਪ੍ਰਖਣ ਉਪਰੰਤ ਅਸਫਲਤਾ ਹੀ ਸਾਹਮਣੇ ਆਈ ਹੈ । ਤਾਂ ਹੁਣ ਸਮੁੱਚੇ ਪੰਜਾਬੀਆਂ ਨੂੰ ਪੂਰੀ ਇਮਾਨਦਾਰੀ ਨਾਲ ਇਹ ਚਾਹੀਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜੋ ਲੰਮੇ ਸਮੇ ਤੋ ਆਪਣੇ ਨਿਸ਼ਾਨੇ ਅਤੇ ਸਟੈਂਡ ਤੇ ਦ੍ਰਿੜਤਾ ਨਾਲ ਪਹਿਰਾ ਦਿੰਦਾ ਆ ਰਿਹਾ ਹੈ, ਜਿਸਦੀ ਅਗਵਾਈ ਸਿਮਰਨਜੀਤ ਸਿੰਘ ਮਾਨ ਕਰ ਰਹੇ ਹਨ, ਉਨ੍ਹਾਂ ਵੱਲੋਂ ਪਾਰਲੀਮੈਟ ਚੋਣਾਂ ਵਿਚ ਖੜ੍ਹੇ ਕੀਤੇ ਜਾਣ ਵਾਲੇ ਉਮੀਦਵਾਰ ਅਤੇ ਹੋਰ ਪੰਥਕ ਉਮੀਦਵਾਰਾਂ ਨੂੰ ਜਿਤਾਕੇ ਪਾਰਲੀਮੈਟ ਵਿਚ ਭੇਜਣ ਦਾ ਹੁਣ ਪਰਮ-ਧਰਮ ਫਰਜ ਬਣ ਜਾਂਦਾ ਹੈ । ਤਾਂ ਕਿ ਅਸੀਂ ਇਕ ਵਾਰੀ ਇਸ ਦ੍ਰਿੜਤਾ ਰੱਖਣ ਵਾਲੀ ਪਾਰਟੀ ਨੂੰ ਤਾਕਤ ਦੇ ਕੇ ਪੰਜਾਬ ਅਤੇ ਸਿੱਖ ਕੌਮ ਦੇ ਮਸਲਿਆ ਨੂੰ ਹੱਲ ਕਰਨ ਦਾ ਸਮੂਹਿਕ ਉੱਦਮ ਕਰ ਸਕੀਏ, ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਭਰਪੂਰ ਸਵਾਗਤ ਕਰਦਾ ਹੈ, ਉਥੇ ਭਾਈ ਧਿਆਨ ਸਿੰਘ ਮੰਡ ਐਕਟਿੰਗ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਪੰਜਾਬ ਸੂਬੇ ਤੇ ਖ਼ਾਲਸਾ ਪੰਥ ਦੇ ਹੱਕ ਵਿਚ ਇਨ੍ਹਾਂ ਚੋਣਾਂ ਦੌਰਾਨ ਚਲਾਈ ਗਈ ਮੁਹਿੰਮ ਨੂੰ ਹਰ ਤਰ੍ਹਾਂ ਸਹਿਯੋਗ ਕਰੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਰਬੱਤ ਖ਼ਾਲਸਾ ਵੱਲੋਂ ਸਰਬਸੰਮਤੀ ਨਾਲ ਚੁਣੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋ ਬਠਿੰਡਾ ਵਿਖੇ ਪੰਜਾਬ ਅਤੇ ਖ਼ਾਲਸਾ ਪੰਥ ਦੇ ਪੱਖ ਵਿਚ ਸੁਹਿਰਦਤਾ ਭਰੇ ਪ੍ਰਗਟਾਏ ਵਿਚਾਰਾਂ ਦਾ ਪੂਰਨ ਰੂਪ ਵਿਚ ਸਮਰੱਥਨ ਕਰਦੇ ਹੋਏ ਅਤੇ ਉਨ੍ਹਾਂ ਵੱਲੋ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਦੀ ਸਮੂਹਿਕ ਏਕਤਾ ਨੂੰ ਇਨ੍ਹਾਂ ਪਾਰਲੀੰਮੈਟ ਚੋਣਾਂ ਵਿਚ ਅਮਲੀ ਰੂਪ ਦੇਣ ਲਈ ਚਲਾਈ ਗਈ ਮੁਹਿੰਮ ਵਿਚ ਹਰ ਤਰ੍ਹਾਂ ਸਹਿਯੋਗ ਕਰਨ ਦੀ ਗੱਲ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਜਿਸ ਸਿੱਦਤ, ਦ੍ਰਿੜਤਾ ਅਤੇ ਖ਼ਾਲਸਾ ਪੰਥ ਦੇ ਵਡੇਰੇ ਹਿੱਤਾ ਨੂੰ ਮੁੱਖ ਰੱਖਕੇ ਭਾਈ ਧਿਆਨ ਸਿੰਘ ਮੰਡ ਐਕਟਿੰਗ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਬੀਤੇ ਕੱਲ੍ਹ ਬਠਿੰਡਾ ਵਿਖੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸੂਬੇ ਤੇ ਸਿੱਖ ਕੌਮ ਦੀ ਅਮਲੀ ਰੂਪ ਵਿਚ ਬਿਹਤਰੀ ਕਰਨ ਹਿੱਤ ਪ੍ਰੋਗਰਾਮ ਉਲੀਕਿਆ ਹੈ ਅਤੇ ਪੰਥ ਤੇ ਪੰਜਾਬ ਦੀ ਸੋਚ ਰੱਖਣ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਖੜ੍ਹੇ ਕੀਤੇ ਗਏ ਉਮੀਦਵਾਰ ਅਤੇ ਹੋਰਨਾਂ ਪੰਥਕ ਜਥੇਬੰਦੀਆਂ ਵੱਲੋ ਖੜ੍ਹੇ ਕੀਤੇ ਜਾਣ ਵਾਲੇ 13 ਲੋਕ ਸਭਾ ਹਲਕਿਆ ਦੇ ਉਮੀਦਵਾਰਾਂ ਨੂੰ ਪੂਰੀ ਸਾਨੋ ਸੌਂਕਤ ਨਾਲ ਜਿਤਾਉਣ ਦੀ ਅਪੀਲ ਕੀਤੀ ਹੈ । ਅਸੀ ਉਸ ਵਿਚ ਹੋਰ ਮਜਬੂਤੀ ਲਿਆਉਦੇ ਹੋਏ ਖਾਲਸਾ ਪੰਥ ਨਾਲ ਅਤੇ ਪੰਜਾਬ ਸੂਬੇ ਨਾਲ ਸੰਬੰਧਤ ਸਭ ਪੰਥਕ ਜਥੇਬੰਦੀਆਂ, ਸਭ ਟਕਸਾਲਾਂ, ਸਭ ਸਿੱਖ ਸਟੂਡੈਟ ਫੈਡਰੇਸ਼ਨਾਂ, ਸਿੰਘ ਸਭਾਵਾਂ, ਸੁਖਮਨੀ ਸਾਹਿਬ ਸੁਸਾਇਟੀਆਂ, ਵਿਦਿਆਰਥੀ ਜਥੇਬੰਦੀਆਂ, ਵਪਾਰੀ, ਖੇਤ-ਮਜਦੂਰ, ਟਰਾਸਪੋਰਟਰ, ਆੜਤੀਏ, ਕਿਸਾਨ ਜਥੇਬੰਦੀਆਂ ਅਤੇ ਮੁਲਾਜਮ ਜਥੇਬੰਦੀਆਂ ਆਦਿ ਸਭ ਵਰਗਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਬਿਨ੍ਹਾਂ ਤੇ ਇਹ ਸੰਜ਼ੀਦਾ ਅਪੀਲ ਕਰਦੇ ਹਾਂ ਕਿ ਭਾਈ ਧਿਆਨ ਸਿੰਘ ਮੰਡ ਦੀ ਪੰਜਾਬ ਪੱਖੀ ਤੇ ਖਾਲਸਾ ਪੰਥ ਪੱਖੀ ਮੁਹਿੰਮ ਨੂੰ ਹਰ ਤਰ੍ਹਾਂ ਸਹਿਯੋਗ ਕਰਕੇ 13 ਉਨ੍ਹਾਂ ਉਮੀਦਵਾਰਾਂ ਨੂੰ ਜਿਤਾਉਣ ਵਿਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ ਜਿਨ੍ਹਾਂ ਨੇ ਪੰਜਾਬ ਦੇ ਹੁਕਮਰਾਨਾਂ ਵੱਲੋ ਵਿਗਾੜੇ ਨਕਸੇ ਨੂੰ ਸਹੀ ਦਿਸ਼ਾ ਵੱਲ ਸਹੀ ਕਰਨਾ ਹੈ ਅਤੇ ਇਥੇ ਵੱਸਣ ਵਾਲੇ ਸਮੁੱਚੇ ਪੰਜਾਬੀਆਂ ਤੇ ਸਭ ਵਰਗਾਂ ਦੇ ਨਿਵਾਸੀਆਂ ਨੂੰ ਇਕ ਬਿਹਤਰੀਨ ਜਿੰਦਗੀ ਅਤੇ ਰਾਜ ਪ੍ਰਬੰਧ ਦੇਣਾ ਹੈ ।
ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਦੇ ਸਮੁੱਚੇ ਵਰਗਾਂ ਦੇ ਨਿਵਾਸੀ ਤੇ ਖਾਲਸਾ ਪੰਥ ਨਾਲ ਸੰਬੰਧਤ ਸਭ ਉਹ ਧਿਰਾਂ ਜਿਨ੍ਹਾਂ ਨੇ 2015 ਦੇ ਸਰਬੱਤ ਖ਼ਾਲਸਾ ਵਿਚ ਸਮੂਲੀਅਤ ਕੀਤੀ ਸੀ, ਉਹ ਸਮੂਹਿਕ ਰੂਪ ਵਿਚ ਇਸ ਮਿਸਨ ਨੂੰ ਕਾਮਯਾਬ ਕਰਨ ਵਿਚ ਯੋਗਦਾਨ ਵੀ ਪਾਉਣਗੇ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਦੂਸਰੀਆ ਸਹਿਯੋਗੀ ਪੰਥਕ ਜਥੇਬੰਦੀਆਂ ਵੱਲੋ ਖੜ੍ਹੇ ਕੀਤੇ ਜਾਣ ਵਾਲੇ 13 ਪਾਰਲੀਮੈਟ ਹਲਕੇ ਦੇ ਉਮੀਦਵਾਰਾਂ ਨੂੰ ਜਿਤਾਕੇ ਆਪਣੇ ਇਖਲਾਕੀ ਫਰਜ ਨੂੰ ਹਰ ਕੀਮਤ ਤੇ ਪੂਰਨ ਕਰਨਗੇ । ਸ. ਮਾਨ ਨੇ ਭਾਈ ਧਿਆਨ ਸਿੰਘ ਮੰਡ ਦਾ ਵਿਸੇਸ ਤੌਰ ਤੇ ਇਸ ਕੀਤੇ ਜਾਣ ਵਾਲੇ ਉਦਮ ਲਈ, ਸਮੁੱਚੀ ਪੰਥਕ ਏਕਤਾ ਵੱਲ ਵੱਧਣ ਵਾਲੇ ਅਮਲਾਂ ਲਈ ਧੰਨਵਾਦ ਕੀਤਾ ।